ਵਿਸ਼ਵਾਸ ਨਿਊਜ਼ ਨੇ ਵਿਰਾਟ ਕੋਹਲੀ ਦੇ ਵਾਇਰਲ ਵੀਡੀਓ ਦੀ ਜਾਂਚ ਕੀਤੀ ਅਤੇ ਪਾਇਆ ਕਿ ਇਹ ਵੀਡੀਓ ਹਾਲ – ਫਿਲਹਾਲ ਦਾ ਨਹੀਂ , ਸਗੋ ਸਾਲ 2018 ਦਾ ਹੈ। ਜਿਸ ਨੂੰ ਲੋਕ ਹੁਣ ਟੀ-20 ਵਿਸ਼ਵ ਕੱਪ 2022 ਨਾਲ ਜੋੜ ਕੇ ਗਲਤ ਦਾਅਵੇ ਨਾਲ ਸ਼ੇਅਰ ਕਰ ਰਹੇ ਹਨ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਟੀ-20 ਕ੍ਰਿਕਟ ਵਿਸ਼ਵ ਕੱਪ ਦੇ ਸੈਮੀਫਾਈਨਲ ‘ਚ ਭਾਰਤ ਦੀ ਹਾਰ ਤੋਂ ਬਾਅਦ ਭਾਰਤੀ ਕ੍ਰਿਕਟਰ ਵਿਰਾਟ ਕੋਹਲੀ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। 27 ਸੈਕਿੰਡ ਦੇ ਇਸ ਵੀਡੀਓ ਬਾਰੇ ਕੁਝ ਸੋਸ਼ਲ ਮੀਡੀਆ ਯੂਜ਼ਰਸ ਦਾਅਵਾ ਕਰ ਰਹੇ ਹਨ ਕਿ ਟੀ-20 ਵਿਸ਼ਵ ਕੱਪ ‘ਚ ਮਿਲੀ ਹਾਰ ਤੋਂ ਬਾਅਦ ਵਿਰਾਟ ਕੋਹਲੀ ਨੇ ਆਪਣੇ ਪ੍ਰਸ਼ੰਸਕਾਂ ਨਾਲ ਇੱਕ ਭਾਵੁਕ ਸੰਦੇਸ਼ ਸ਼ੇਅਰ ਕੀਤਾ ਹੈ। ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਇਹ ਦਾਅਵਾ ਗੁੰਮਰਾਹਕੁੰਨ ਨਿਕਲਿਆ। ਵਿਰਾਟ ਕੋਹਲੀ ਦਾ ਇਹ ਵੀਡੀਓ ਪੁਰਾਣਾ ਹੈ। ਦਰਅਸਲ, ਵਿਰਾਟ ਕੋਹਲੀ ਨੇ 2018 ਵਿੱਚ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਤੋਂ ਬਾਹਰ ਹੋਣ ਤੋਂ ਬਾਅਦ ਰਾਇਲ ਚੈਲੇਂਜਰਜ਼ ਬੈਂਗਲੁਰੂ (ਆਰਸੀਬੀ) ਦੇ ਪ੍ਰਸ਼ੰਸਕਾਂ ਲਈ ਇਹ ਵੀਡੀਓ ਸਾਂਝਾ ਕੀਤਾ ਸੀ, ਜਿਸ ਨੂੰ ਟੀ-20 ਵਿਸ਼ਵ ਕੱਪ 2022 ਨਾਲ ਜੋੜ ਕੇ ਗ਼ਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
ਕੀ ਹੈ ਵਾਇਰਲ ਪੋਸਟ ਵਿੱਚ ?
ਫੇਸਬੁੱਕ ਯੂਜ਼ਰ Muzamil Sports ਨੇ 12 ਨਵੰਬਰ ਨੂੰ ਵਾਇਰਲ ਵੀਡੀਓ ਪੋਸਟ ਕੀਤੀ ਸੀ। ਇਸ ਪੋਸਟ ਵਿੱਚ ਲਿਖਿਆ ਹੈ, ‘Virat Kohli Emotional Message for fans after India knocked out of T20 World Cup 2022′ ਪੰਜਾਬੀ ਅਨੁਵਾਦ: ਭਾਰਤ ਦੇ ਟੀ-20 ਵਿਸ਼ਵ ਕੱਪ 2022 ਤੋਂ ਬਾਹਰ ਹੋਣ ਤੋਂ ਬਾਅਦ ਪ੍ਰਸ਼ੰਸਕਾਂ ਲਈ ਵਿਰਾਟ ਕੋਹਲੀ ਦਾ ਭਾਵੁਕ ਸੰਦੇਸ਼।
ਫੇਸਬੁੱਕ ‘ਤੇ ਕਈ ਯੂਜ਼ਰਸ ਇਸ ਪੋਸਟ ਨੂੰ ਮਿਲਦੇ – ਜੁਲਦੇ ਦਾਅਵੇ ਨਾਮ ਵਾਇਰਲ ਕਰ ਰਹੇ ਹਨ। ਪੋਸਟ ਦਾ ਆਰਕਾਈਵ ਲਿੰਕ ਇੱਥੇ ਦੇਖਿਆ ਜਾ ਸਕਦਾ ਹੈ।
ਪੜਤਾਲ
ਵਾਇਰਲ ਵੀਡੀਓ ਦੇ ਕੀਫਰੇਮਾਂ ਨੂੰ ਗੂਗਲ ਰਿਵਰਸ ‘ਤੇ ਸਰਚ ਕਰਨ ‘ਤੇ ਵਨ ਇੰਡੀਆ ਹਿੰਦੀ ਦੇ ਅਧਿਕਾਰਿਤ ਯੂਟਿਊਬ ਚੈਨਲ ‘ਤੇ ਲਗਭਗ ਚਾਰ ਸਾਲ ਪੁਰਾਣਾ ਅਪਲੋਡ ਕੀਤਾ ਹੋਇਆ ਵੀਡੀਓ ਮਿਲਿਆ, ਜੋ ਵਾਇਰਲ ਵੀਡੀਓ ਨਾਲ ਮੇਲ ਖਾਂਦਾ ਹੈ। 24 ਮਈ 2018 ਨੂੰ ਅਪਲੋਡ ਕੀਤੇ ਗਏ ਵੀਡੀਓ ਦੇ ਨਾਲ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ, ਵਿਰਾਟ ਕੋਹਲੀ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ 11ਵੇਂ ਸੀਜ਼ਨ ਵਿੱਚ ਟੀਮ ਦੇ ਖਰਾਬ ਪ੍ਰਦਰਸ਼ਨ ਤੋਂ ਬਾਅਦ ਰਾਇਲ ਚੈਲੇਂਜਰਜ਼ ਬੈਂਗਲੁਰੂ ਦੇ ਪ੍ਰਸ਼ੰਸਕਾਂ ਤੋਂ ਮੁਆਫੀ ਮੰਗੀ ਹੈ। ਵੀਡੀਓ ਨੂੰ ਇੱਥੇ ਦੇਖਿਆ ਜਾ ਸਕਦਾ ਹੈ।
ਬਾਲੀਵੁੱਡ ਨਾਓ ਨੇ ਵੀ 24 ਮਈ 2018 ਨੂੰ ਵੀਡੀਓ ਅਪਲੋਡ ਕਰਦਿਆਂ ਇਸਨੂੰ ਪੁਰਾਣਾ ਦੱਸਿਆ ਹੈ। ਸਰਚ ਦੌਰਾਨ ਸਾਨੂੰ indiatvnews.com ਦੀ ਵੈੱਬਸਾਈਟ ‘ਤੇ ਵੀ ਵਾਇਰਲ ਦਾਅਵੇ ਨਾਲ ਜੁੜੀ ਖ਼ਬਰ ਪ੍ਰਕਾਸ਼ਿਤ ਮਿਲੀ। ਖਬਰ ਮੁਤਾਬਿਕ, ‘ਇੰਡੀਅਨ ਪ੍ਰੀਮੀਅਰ ਲੀਗ ਦੇ 11ਵੇਂ ਸੀਜ਼ਨ ‘ਚ ਟੀਮ ਦੇ ਖਰਾਬ ਪ੍ਰਦਰਸ਼ਨ ਤੋਂ ਬਾਅਦ ਵਿਰਾਟ ਕੋਹਲੀ ਨੇ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਪ੍ਰਸ਼ੰਸਕਾਂ ਤੋਂ ਮੁਆਫੀ ਮੰਗੀ ਹੈ। ਕੋਹਲੀ ਦੁਆਰਾ ਇੰਸਟਾਗ੍ਰਾਮ ‘ਤੇ ਪੋਸਟ ਕੀਤੀ ਇੱਕ ਭਾਵਨਾਤਮਕ ਵੀਡੀਓ ਵਿੱਚ, ਕੋਹਲੀ ਨੇ ਕਿਹਾ ਕਿ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਪ੍ਰਸ਼ੰਸਕਾਂ ਦੀਆਂ ਉਮੀਦਾਂ ‘ਤੇ ਖਰੇ ਨਾ ਉਤਰਨ ਲਈ “ਬਹੁਤ ਅਫਸੋਸ” ਹੈ।
ਜਾਂਚ ਨੂੰ ਵਧਾਉਂਦੇ ਹੋਏ ਅਸੀਂ ਵਿਰਾਟ ਕੋਹਲੀ ਦੇ ਅਧਿਕਾਰਿਤ ਸੋਸ਼ਲ ਮੀਡੀਆ ਹੈਂਡਲ ਜਿਵੇਂ ਕਿ ਟਵਿੱਟਰ, ਫੇਸਬੁੱਕ ਅਤੇ ਇੰਸਟਾਗ੍ਰਾਮ ਅਕਾਊਂਟਸ ਨੂੰ ਖੰਗਾਲਿਆ। ਸਾਨੂੰ ਕੋਹਲੀ ਦੇ ਅਧਿਕਾਰਿਤ ਟਵਿੱਟਰ ਹੈਂਡਲ ਤੋਂ 24 ਮਈ 2018 ਨੂੰ ਵੀਡੀਓ ਸ਼ੇਅਰ ਮਿਲਿਆ। ਇੱਥੇ ਇਹ ਵੀਡੀਓ ਆਈ.ਪੀ.ਐਲ 2018 ਦਾ ਦੱਸਿਆ ਗਿਆ ਹੈ। ਵੀਡੀਓ ਨੂੰ ਵਿਰਾਟ ਕੋਹਲੀ ਦੇ ਇੰਸਟਾਗ੍ਰਾਮ ਹੈਂਡਲ ‘ਤੇ ਵੀ ਦੇਖਿਆ ਜਾ ਸਕਦਾ ਹੈ।
ਜਾਂਚ ਦੌਰਾਨ ਸਾਨੂੰ ਟੀ-20 ਵਿਸ਼ਵ ਕੱਪ ਤੋਂ ਟੀਮ ਇੰਡੀਆ ਦੇ ਬਾਹਰ ਹੋਣ ਤੋਂ ਬਾਅਦ ਵਿਰਾਟ ਕੋਹਲੀ ਵੱਲੋਂ ਕੀਤੀ ਗਈ ਇੱਕ ਭਾਵਨਾਤਮਕ ਪੋਸਟ ਮਿਲੀ। 11 ਨਵੰਬਰ ਨੂੰ ਕੀਤੇ ਗਏ ਟਵੀਟ ਵਿੱਚ ਉਨ੍ਹਾਂ ਨੇ ਇੱਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ, ‘ਅਸੀਂ ਆਪਣੇ ਸੁਪਨੇ ਨੂੰ ਹਾਸਿਲ ਕੀਤੇ ਬਿਨਾਂ ਆਸਟਰੇਲੀਆ ਤੋਂ ਅਲਵਿਦਾ ਲੈਂਦੇ ਹਾਂ। ਸਾਡਾ ਦਿਲ ਉਦਾਸ ਹੈ, ਪਰ ਅਸੀਂ ਇੱਕ ਟੀਮ ਦੇ ਰੂਪ ਵਿੱਚ ਕਈ ਯਾਦਗਾਰ ਪਲਾਂ ਨੂੰ ਵਾਪਸ ਲੈ ਰਹੇ ਹਾਂ। ਇੱਥੋਂ ਬਿਹਤਰ ਹੋਣ ਦਾ ਟੀਚਾ ਰੱਖਦੇ ਹਾਂ। ਸਾਡੇ ਸਾਰੇ ਪ੍ਰਸ਼ੰਸਕਾਂ ਦਾ ਧੰਨਵਾਦ, ਜੋ ਸਟੇਡੀਅਮ ਵਿੱਚ ਸਾਡਾ ਸਮਰਥਨ ਕਰਨ ਲਈ ਵੱਡੀ ਗਿਣਤੀ ਵਿੱਚ ਆਏ। ਇਸ ਜਰਸੀ ਨੂੰ ਪਹਿਨ ਕੇ ਅਤੇ ਆਪਣੇ ਦੇਸ਼ ਦੀ ਪ੍ਰਤਿਨਿਧਿਤਵ ਕਰਨ ਵਿੱਚ ਗਰਵ ਮਹਿਸੂਸ ਹੁੰਦਾ ਹੈ।”
ਵਾਇਰਲ ਵੀਡੀਓ ਬਾਰੇ ਵਧੇਰੇ ਜਾਣਕਾਰੀ ਲਈ ਅਸੀਂ ਖੇਡ ਦੇ ਵਰਿਸ਼ਠ ਪੱਤਰਕਾਰ ਬਿਪਲਬ ਕੁਮਾਰ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਦੱਸਿਆ ਕਿ ਵੀਡੀਓ ਪੁਰਾਣੀ ਹੈ। IPL ਦੇ 11ਵੇਂ ਸੀਜ਼ਨ ‘ਚ ਰਾਇਲ ਚੈਲੰਜਰਜ਼ ਬੈਂਗਲੁਰੂ (RCB) ਦੇ ਖਰਾਬ ਪ੍ਰਦਰਸ਼ਨ ਤੋਂ ਬਾਅਦ ਵਿਰਾਟ ਕੋਹਲੀ ਨੇ ਪ੍ਰਸ਼ੰਸਕਾਂ ਲਈ ਇਹ ਵੀਡੀਓ ਸ਼ੇਅਰ ਕੀਤੀ ਸੀ। ਇਹ ਵੀਡੀਓ ਹਾਲੀਆ ਨਹੀਂ ਹੈ।
ਪੜਤਾਲ ਦੇ ਅੰਤ ਵਿੱਚ ਅਸੀਂ ਦਾਅਵੇ ਨੂੰ ਸ਼ੇਅਰ ਕਰਨ ਵਾਲੇ ਫੇਸਬੁੱਕ ਪੇਜ Muzamil Sports ਦੇ ਅਕਾਊਂਟ ਨੂੰ ਸਕੈਨ ਕੀਤਾ। ਸਕੈਨਿੰਗ ਤੋਂ ਸਾਨੂੰ ਪਤਾ ਲੱਗਾ ਕਿ ਇਸ ਪੇਜ ਨੂੰ ਫੇਸਬੁੱਕ ‘ਤੇ 8 ਲੋਕ ਫੋਲੋ ਕਰਦੇ ਹਨ ਅਤੇ ਇਹ ਪੇਜ 17 ਸਤੰਬਰ ਨੂੰ ਬਣਾਇਆ ਗਿਆ ਸੀ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਵਿਰਾਟ ਕੋਹਲੀ ਦੇ ਵਾਇਰਲ ਵੀਡੀਓ ਦੀ ਜਾਂਚ ਕੀਤੀ ਅਤੇ ਪਾਇਆ ਕਿ ਇਹ ਵੀਡੀਓ ਹਾਲ – ਫਿਲਹਾਲ ਦਾ ਨਹੀਂ , ਸਗੋ ਸਾਲ 2018 ਦਾ ਹੈ। ਜਿਸ ਨੂੰ ਲੋਕ ਹੁਣ ਟੀ-20 ਵਿਸ਼ਵ ਕੱਪ 2022 ਨਾਲ ਜੋੜ ਕੇ ਗਲਤ ਦਾਅਵੇ ਨਾਲ ਸ਼ੇਅਰ ਕਰ ਰਹੇ ਹਨ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।