ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਇੱਕ ਔਰਤ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਮਹਿਲਾ ਉੱਤੇ ਕੁੱਝ ਲੋਕ ਪਾਣੀ ਅਤੇ ਸਫੇਦ ਰੰਗ ਦਾ ਪਾਊਡਰ ਵਰਗਾ ਪਦਾਰਥ ਸੁੱਟਦੇ ਨਜ਼ਰ ਆ ਰਹੇ ਹਨ। ਵੀਡੀਓ ਨੂੰ ਫੇਸਬੁੱਕ ‘ਤੇ ਅਪਲੋਡ ਕਰਕੇ ਇਸਨੂੰ ਪੂਰੇ ਦੇਸ਼ ਵਿਚ ਫੈਲਾਉਣ ਅਤੇ ਨਰੇਂਦ੍ਰ ਮੋਦੀ ਤੱਕ ਪਹੁੰਚਾਉਣ ਦਾ ਮੈਸਜ ਦਿੱਤਾ ਜਾ ਰਿਹਾ ਹੈ। ਵਿਸ਼ਵਾਸ ਟੀਮ ਦੀ ਪੜਤਾਲ ਵਿਚ ਪਤਾ ਚਲਿਆ ਕਿ ਵਾਇਰਲ ਵੀਡੀਓ ਦਾ ਭਾਰਤ ਨਾਲ ਕੋਈ ਸਬੰਧ ਨਹੀਂ ਹੈ। ਮੋਰੱਕੋ ਵਿਚ ਇੱਕ ਔਰਤ ਨਾਲ ਕੁੱਝ ਮੁੰਡਿਆਂ ਨੇ ਬਦਸਲੂਕੀ ਕੀਤੀ ਸੀ। ਘਟਨਾ 2015 ਦੀ ਹੈ।
ਫੇਸਬੁੱਕ ਯੂਜ਼ਰ ਮੋਹੰਮਦ ਸ਼ਫ਼ੀ ਨੇ 3 ਜੁਲਾਈ ਨੂੰ ਇੱਕ ਵੀਡੀਓ ਅਪਲੋਡ ਕਰਦੇ ਹੋਏ ਲਿਖਿਆ, ”ਫੈਲਾ ਦਵੋ ਪੂਰੇ ਦੇਸ਼ ਵਿਚ ਇਹ ਵੀਡੀਓ। ਮੋਦੀ ਜੀ ਤੱਕ ਜਾਣੀ ਚਾਹੀਦੀ ਹੈ। ਸਾਰੇ ਗਰੁੱਪ ਵਿਚ ਭੇਜੋ। 125 ਕਰੋੜ ਦੇਸ਼ ਵਾਸੀ ਮੇਰੇ ਦੇਸ਼ ਦੇ ਜਾਗੋ, ਜੇ ਹੁਣ ਨਹੀਂ ਜੱਗੇ ਤਾਂ ਕਦੇ ਨਹੀਂ ਜਾਗ ਪਾਓਗੇ, ਧੰਨਵਾਦ।”
ਇਸ ਵੀਡੀਓ ਨੂੰ ਹੁਣ ਤੱਕ 55 ਹਜਾਰ ਵਾਰ ਵੇਖਿਆ ਜਾ ਚੁਕਿਆ ਹੈ, ਜਦਕਿ ਇਸਨੂੰ ਸ਼ੇਅਰ ਕਰਣ ਵਾਲਿਆਂ ਦੀ ਗਿਣਤੀ ਵੀ ਘੱਟ ਨਹੀਂ ਹੈ। ਹੁਣ ਤੱਕ ਇਸ ਵੀਡੀਓ ਨੂੰ 4500 ਲੋਕ ਸ਼ੇਅਰ ਕਰ ਚੁਕੇ ਹਨ।
ਵਿਸ਼ਵਾਸ ਟੀਮ ਨੇ ਸਬਤੋਂ ਪਹਿਲਾਂ ਵਾਇਰਲ ਹੋ ਰਹੇ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਸੁਣਿਆ। ਇਸ ਵੀਡੀਓ ਵਿਚ ਸਾਨੂੰ ਅਜਿਹਾ ਕੁੱਝ ਵੀ ਨਹੀਂ ਦਿਸਿਆ, ਜਿਹੜਾ ਇਸ ਵੀਡੀਓ ਦੇ ਭਾਰਤ ਦਾ ਹੋਣ ਦੀ ਪੁਸ਼ਟੀ ਕਰੇ। ਵੀਡੀਓ ਵਿਚ ਰਹੇ ਲੋਕ ਭਾਰਤੀ ਨਹੀਂ ਦਿਸ ਰਹੇ ਸਨ। ਇਸਦੇ ਅਲਾਵਾ ਇਨ੍ਹਾਂ ਦੀ ਬੋਲੀ ਵੀ ਭਾਰਤੀ ਨਹੀਂ ਜਾਪੀ। ਇਸਦੇ ਬਾਅਦ ਅਸੀਂ ਵਾਇਰਲ ਵੀਡੀਓ ਨੂੰ InVID ਟੂਲ ਵਿਚ ਅਪਲੋਡ ਕਰਕੇ ਇਸਦੇ ਕਈ ਕੀ-ਫ਼੍ਰੇਮਸ ਕੱਢੇ। ਫੇਰ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਵਿਚ ਸਰਚ ਕੀਤਾ।
ਸਾਨੂੰ ਵਾਇਰਲ ਹੋ ਰਿਹਾ ਅਸਲੀ ਵੀਡੀਓ ਕਈ ਥਾਂਵਾਂ ‘ਤੇ ਮਿਲਿਆ। ਸਬਤੋਂ ਪੁਰਾਣਾ ਵੀਡੀਓ ਸਾਨੂੰ 28 ਅਕਤੂਬਰ 2015 ਦਾ ਮਿਲਿਆ। ਮੋਰੱਕੋ ਵਰਲਡ ਨਿਊਜ਼ (moroccoworldnews.com) ਦੀ ਵੈੱਬਸਾਈਟ ‘ਤੇ ਅਪਲੋਡ ਇੱਕ ਖਬਰ ਵਿਚ ਦੱਸਿਆ ਗਿਆ ਕਿ ਮੋਰੱਕੋ ਦੇ ਕਾਸਾਬਲੰਕਾ ਵਿਚ ਮੁੰਡਿਆਂ ਦੇ ਗਰੁੱਪ ਨੇ ਇੱਕ ਔਰਤ ਉੱਤੇ ਪਾਣੀ, ਅੰਡੇ ਅਤੇ ਆਟੇ ਨਾਲ ਹਮਲਾ ਕਰ ਦਿੱਤਾ। ਇਸ ਵੀਡੀਓ ਦੇ ਵਾਇਰਲ ਹੋਣ ਬਾਅਦ ਪੂਰੇ ਮੋਰੱਕੋ ਅੰਦਰ ਲੋਕਾਂ ਦਾ ਗੁੱਸਾ ਫੁੱਟ ਪਿਆ। ਖਬਰ ਵਿਚ ਅੱਗੇ ਦੱਸਿਆ ਗਿਆ ਹੈ ਕਿ ਇਹ ਘਟਨਾ ਅਸ਼ੁਰਾ ਡੇ ਸੇਲੀਬ੍ਰੇਸ਼ਨ ਦੇ ਮੌਕੇ ‘ਤੇ ਹੋਈ। ਮੁਹੱਰਮ ਦੇ ਦਸਵੇਂ ਦਿਨ ਅਸ਼ੁਰਾ ਡੇ ਮਨਾਇਆ ਜਾਂਦਾ ਹੈ।
ਅੰਤ ਵਿਚ ਵਿਸ਼ਵਾਸ ਟੀਮ ਨੇ ਵਾਇਰਲ ਵੀਡੀਓ ਨੂੰ ਅਪਲੋਡ ਕਰਨ ਵਾਲੇ ਫੇਸਬੁੱਕ ਯੂਜ਼ਰ ਮੋਹੰਮਦ ਸ਼ਫ਼ੀ ਦੇ ਅਕਾਊਂਟ ਨੂੰ ਖੰਗਾਲਣਾ ਸ਼ੁਰੂ ਕੀਤਾ। ਸਾਨੂੰ ਪਤਾ ਚਲਿਆ ਕਿ ਇਸ ਅਕਾਊਂਟ ਨੂੰ ਨਵੀਂ ਦਿੱਲੀ ਤੋਂ ਚਲਾਇਆ ਜਾਂਦਾ ਹੈ। ਮੋਹੰਮਦ ਸ਼ਫ਼ੀ ਨਾਂ ਦੇ ਇਸ ਅਕਾਊਂਟ ਨੂੰ 2012 ਵਿਚ ਬਣਾਇਆ ਗਿਆ ਸੀ। ਇਸ ਅਕਾਊਂਟ ਨਾਲ 4982 ਲੋਕ ਜੁੜੇ ਹੋਏ ਹਨ।
ਨਤੀਜਾ: ਵਿਸ਼ਵਾਸ ਟੀਮ ਦੀ ਪੜਤਾਲ ਵਿਚ ਪਤਾ ਚਲਿਆ ਕਿ ਵਾਇਰਲ ਵੀਡੀਓ ਦਾ ਭਾਰਤ ਨਾਲ ਕੋਈ ਸਬੰਧ ਨਹੀਂ ਹੈ। ਮੋਰੱਕੋ ਵਿਚ ਇੱਕ ਔਰਤ ਨਾਲ ਕੁੱਝ ਮੁੰਡਿਆਂ ਨੇ ਬਦਸਲੂਕੀ ਕੀਤੀ ਸੀ। ਵਾਇਰਲ ਵੀਡੀਓ 2015 ਦਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।