Fact Check: ਵੀਡੀਓ ਵਿਚ ਦਿਸ ਰਹੇ ਮੁੰਡਿਆਂ ਤੋਂ ਜਬਰਨ ਮਨਜੂਰ ਕਰਵਾਇਆ ਸੀ ਬੱਚਾ ਚੋਰੀ ਦਾ ਕਾਰਾ, ਵਾਇਰਲ ਵੀਡੀਓ ਦਾ ਦਾਅਵਾ ਫਰਜ਼ੀ

ਨਵੀਂ ਦਿੱਲੀ (ਵਿਸ਼ਵਾਸ ਟੀਮ)। ਹਾਲ ਦੇ ਦਿਨਾਂ ਵਿਚ ਬੱਚਾ ਚੋਰੀ ਨੂੰ ਲੈ ਕੇ ਬੜੀਆਂ ਖਬਰਾਂ ਸੁਣਨ ਤੇ ਵੇਖਣ ਨੂੰ ਮਿਲ ਰਹੀਆਂ ਹਨ। ਗੋਰ ਕਰਨ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਖਬਰਾਂ ਵਿਚ ਅਫਵਾਹਾਂ ਦਾ ਰੂਪ ਅੰਤ ਵਿਚ ਮਿਲਦਾ ਹੈ। ਇਸੇ ਤਰਜ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਕੁਝ ਨੌਜਵਾਨ ਮੁੰਡੇ ਬੰਦੀ ਬਣਾਏ ਦਿਸ ਰਹੇ ਹਨ। ਇਨ੍ਹਾਂ ਦੇ ਹੱਥਾਂ ਨੂੰ ਰੱਸੀ ਨਾਲ ਬੰਨਿਆ ਵੀ ਹੋਇਆ ਹੈ। ਇਸ ਵੀਡੀਓ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਇੱਕ ਬੱਚਾ ਚੋਰ ਗਿਰੋਹ ਫੜ੍ਹਿਆ ਗਿਆ ਹੈ ਜਿਹੜਾ ਕਬੂਲ ਕਰ ਰਿਹਾ ਹੈ ਕਿ ਬੱਚਿਆਂ ਨੂੰ ਚੁਰਾ ਕੇ ਉਹ ਲੋਕ 1-1 ਲੱਖ ਵਿਚ ਵੇਚ ਦਿੰਦੇ ਹਨ। ਵਿਸ਼ਵਾਸ ਟੀਮ ਦੀ ਪੜਤਾਲ ਵਿਚ ਇਹ ਵਾਇਰਲ ਹੋ ਰਿਹਾ ਦਾਅਵਾ ਫਰਜੀ ਸਾਬਤ ਹੋਇਆ। ਅਸਲ ਵਿਚ ਇਨ੍ਹਾਂ ਮੁੰਡਿਆਂ ਤੋਂ ਜਬਰਨ ਬੰਦੂਕ ਦੀ ਨੋਕ ‘ਤੇ ਬੱਚਾ ਚੋਰੀ ਦਾ ਕਾਰਾ ਕਬੂਲ ਕਰਵਾਇਆ ਗਿਆ ਸੀ। ਇਹ ਮਾਮਲਾ ਪੰਜਾਬ ਦੇ ਫਾਜ਼ਿਲਕਾ ਜਿਲ੍ਹੇ ਦੇ ਇੱਕ ਪਿੰਡ ਵਿਚ ਵਾਪਰਿਆ ਸੀ ਜਦੋਂ ਰਾਤ ਨੂੰ 8 ਵਜੇ ਦੇ ਕਰੀਬ ਪੀੜਤ ਵਿੱਕੀ ਆਪਣੀ ਮੰਗੇਤਰ ਨਾਲ ਆਪਣੇ ਪਿੰਡ ਵੱਲ ਨੂੰ ਜਾ ਰਿਹਾ ਸੀ।

ਕੀ ਹੋ ਰਿਹਾ ਹੈ ਵਾਇਰਲ?

ਸੋਸ਼ਲ ਮੀਡੀਆ ਦੇ ਫੇਸਬੁੱਕ ਪਲੇਟਫਾਰਮ ‘ਤੇ “MUSLIM WORLD UNITY” ਨਾਂ ਦਾ ਪੇਜ ਇੱਕ ਵੀਡੀਓ ਸ਼ੇਅਰ ਕਰਦਾ ਹੈ। ਇਸ ਵੀਡੀਓ ਵਿਚ ਕੁਝ ਨੌਜਵਾਨ ਮੁੰਡੇ ਬੰਦੀ ਬਣਾਏ ਦਿਸ ਰਹੇ ਹਨ। ਇਨ੍ਹਾਂ ਦੇ ਹੱਥਾਂ ਨੂੰ ਰੱਸੀ ਨਾਲ ਬੰਨਿਆ ਵੀ ਹੋਇਆ ਹੈ। ਇਸ ਵੀਡੀਓ ਨਾਲ ਡਿਸਕ੍ਰਿਪਸ਼ਨ ਲਿਖਿਆ ਗਿਆ ਹੈ: “एक लाख रुपये का बिकता है एक बच्चा दिल्ली में बिकता है सुन लो जी आपने कानों से viral video. इनसे अपने बच्चो को बचाये”

ਡਿਸਕ੍ਰਿਪਸ਼ਨ ਦਾ ਪੰਜਾਬੀ ਅਨੁਵਾਦ ਹੁੰਦਾ ਹੈ: ਇੱਕ ਲੱਖ ਰੁਪਏ ਦਾ ਵਿਕਦਾ ਹੈ ਇੱਕ ਬੱਚਾ। ਦਿੱਲੀ ਵਿਚ ਵਿਕਦਾ ਹੈ। ਸੁਣ ਲਵੋ ਆਪਣੇ ਕੰਨਾਂ ਨਾਲ। ਇਨ੍ਹਾਂ ਤੋਂ ਆਪਣੇ ਬੱਚਿਆਂ ਨੂੰ ਬਚਾਓ

ਪੜਤਾਲ

ਪੜਤਾਲ ਨੂੰ ਸ਼ੁਰੂ ਕਰਨ ਲਈ ਸਬਤੋਂ ਪਹਿਲਾਂ ਅਸੀਂ ਇਸ ਵੀਡੀਓ ਨੂੰ InVID ਟੂਲ ਵਿਚ ਅਪਲੋਡ ਕੀਤਾ ਅਤੇ ਇਸ ਵੀਡੀਓ ਦੇ ਕੀ-ਫ਼੍ਰੇਮਸ ਕੱਢੇ। ਇਸਤੋਂ ਬਾਅਦ ਅਸੀਂ ਇਨ੍ਹਾਂ ਕੀ-ਫ਼੍ਰੇਮਸ ਨੂੰ ਗੂਗਲ ਰਿਵਰਸ ਇਮੇਜ ਸਰਚ ਕੀਤਾ। ਸਰਚ ਦੇ ਨਤੀਜਿਆਂ ਵਿਚ ਸਾਨੂੰ Youtube ‘ਤੇ ਇੱਕ ਵੀਡੀਓ ਮਿਲਿਆ। ਇਸ ਵੀਡੀਓ ਵਿਚ ਇਸੇ ਵਾਇਰਲ ਵੀਡੀਓ ਦਾ ਇਸਤੇਮਾਲ ਕੀਤਾ ਗਿਆ ਸੀ। ਇਹ ਵੀਡੀਓ D5 Channel Punjabi ਨਾਂ ਦੇ ਅਕਾਊਂਟ ਤੋਂ ਅਪਲੋਡ ਕੀਤਾ ਗਿਆ ਸੀ। ਇਸ ਵੀਡੀਓ ਨਾਲ ਹੈਡਿੰਗ ਲਿਖੀ ਗਈ ਸੀ: ਦਰਿੰਦਿਆਂ ਨੇ ਲੱਖ-ਲੱਖ ਰੁਪਏ ‘ਚ ਵੇਚ ਦਿੱਤੇ ਬੱਚੇ, ਵੀਡੀਓ ਦੇਖ ਮਾਪਿਆਂ ਦੀ ਨਿਕਲੀਆਂ ਧਾਹਾਂ

ਇਸ ਵੀਡੀਓ ਵਿਚ ਇਸ ਵਾਇਰਲ ਹੋ ਰਹੇ ਦਾਅਵੇ ਦੀ ਸਚਾਈ ਨੂੰ ਦੱਸਿਆ ਗਿਆ ਸੀ। ਇਸ ਵੀਡੀਓ ਨੂੰ ਪੂਰਾ ਸੁਣਨ ‘ਤੇ ਇਹ ਸਾਫ ਹੋ ਗਿਆ ਕਿ ਜਿਹੜੇ ਮੁੰਡੇ ਵੀਡੀਓ ਵਿਚ ਨਜ਼ਰ ਆ ਰਹੇ ਹਨ ਉਨ੍ਹਾਂ ਦਾ ਬੱਚਾ ਚੋਰੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ।

ਸਾਨੂੰ ਇਸ ਸਰਚ ਵਿਚ ਇਸੇ ਮਾਮਲੇ ਨੂੰ ਲੈ ਕੇ ਅਮਰ ਉਜਾਲਾ ਦੀ ਇੱਕ ਖਬਰ ਮਿਲੀ। ਇਸ ਖਬਰ ਦੀ ਹੇਡਲਾਈਨ ਸੀ: सोशल मीडिया पर वायरल हुए बच्चा चोर गिरोह का हुआ पर्दाफाश

ਇਸ ਖਬਰ ਦੇ ਅਨੁਸਾਰ: ਸਦਰ ਥਾਣਾ ਫਾਜ਼ਿਲਕਾ ਪੁਲਿਸ ਨੇ ਪਿਛਲੇ ਦੋ ਦਿਨਾਂ ਤੋਂ ਨਿਊਜ਼ ਚੈਨਲ ਸਣੇ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਬੱਚੇ ਚੋਰ ਗਿਰੋਹ ਦੇ ਅਗਵਾ ਹੋਣ ਦੀ ਵੀਡੀਓ ਦਾ ਪਰਦਾਫਾਸ਼ ਕਰਦਿਆਂ 6 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਫੜੇ ਗਏ ਲੋਕ ਅਜਿਹੀਆਂ ਕਹਾਣੀਆਂ ਦੀ ਜਬਰਦਸਤੀ ਵੀਡੀਓ ਬਣਾਇਆ ਕਰਦੇ ਸੀ ਅਤੇ ਸੋਸ਼ਲ ਮੀਡੀਆ ‘ਤੇ ਵਾਇਰਲ ਕਰਦੇ ਸੀ। ਵੀਡੀਓ ਵਿਚ ਦਿਖਾਇਆ ਗਿਆ ਨੌਜਵਾਨ ਪੁਲਿਸ ਅੱਗੇ ਪੇਸ਼ ਹੋਇਆ ਹੈ ਅਤੇ ਇਨਸਾਫ ਦੀ ਅਪੀਲ ਕੀਤੀ ਹੈ। ਇਹ ਖਬਰ 1 ਅਗਸਤ 2019 ਨੂੰ ਪ੍ਰਕਾਸ਼ਿਤ ਕੀਤੀ ਗਈ ਸੀ।

ਇਸੇ ਮਾਮਲੇ ਨੂੰ ਲੈ ਕੇ ਸਾਨੂੰ ਪੰਜਾਬੀ ਜਾਗਰਣ ਦੀ ਵੈੱਬਸਾਈਟ ‘ਤੇ ਇੱਕ ਖਬਰ ਮਿਲੀ। ਖਬਰ ਦੀ ਹੇਡਲਾਈਨ ਸੀ:ਬੱਚੇ ਚੁੱਕਣ ਦੀ ਵਾਇਰਲ ਵੀਡੀਓ ਮਾਮਲਾ : ਸਾਬਕਾ ਸਰਪੰਚ ਹੋਮਗਾਰਡ ਜਵਾਨ ਦੀ ਕੁੱਟਮਾਰ ਕਰਕੇ ਹੋਇਆ ਫਰਾਰ

ਇਸ ਖਬਰ ਦੇ ਅਨੁਸਾਰ: ਪਿਛਲੇ ਦਿਨੀ ਫਾਜ਼ਿਲਕਾ ਦੇ ਇਕ ਪਿੰਡ ਵਿਚ ਬੱਚਾ ਚੋਰੀ ਕਰ ਕੇ ਦਿੱਲੀ ਵਿਚ ਵੇਚਣ ਨਾਲ ਸਬੰਧਤ ਵਾਇਰਲ ਵੀਡੀਓ ਦੇ ਮਾਮਲੇ ਵਿਚ ਬੁੱਧਵਾਰ ਨੂੰ ਨਵਾਂ ਮੋੜ ਆ ਗਿਆ ਹੈ। ਪੁਲਿਸ ਨੇ ਵੀਡੀਓ ਵਿਚ ਨਜ਼ਰ ਆ ਰਹੇ ਨੌਜਵਾਨਾਂ ਨੂੰ ਜਦੋਂ ਹਿਰਾਸਤ ਵਿਚ ਲਿਆ ਤਾਂ ਮਾਮਲਾ ਹੋਰ ਨਿਕਲਿਆ। ਪੁਲਿਸ ਨੇ ਵੀਡੀਓ ਬਣਾਉਣ ਵਾਲਿਆਂ ‘ਤੇ ਮਾਮਲਾ ਦਰਜ ਕਰ ਕੇ ਪਿੰਡ ਦੇ ਸਾਬਕਾ ਸਰਪੰਚ ਚਰਨਜੀਤ ਨੂੰ ਗ੍ਰਿਫਤਾਰ ਕਰ ਲਿਆ ਸੀ ਅਤੇ ਚਰਨਜੀਤ ਸਿੰਘ ਥਾਣਾ ਸਦਰ ਦੀ ਹਿਰਾਸਤ ਵਿਚ ਸੀ, ਪਰ 2 ਅਗਸਤ ਨੂੰ ਸਾਬਕਾ ਸਰਪੰਚ ਚਰਨਜੀਤ ਸਿੰਘ ਥਾਣਾ ਸਦਰ ਦੇ ਹੋਮਗਾਰਡ ਦੇ ਜਵਾਨ ਨੂੰ ਫੱਟੜ ਕਰ ਕੇ ਫ਼ਰਾਰ ਹੋ ਗਿਆ। ਇਸ ਖਬਰ ਨੂੰ ਤੁਸੀਂ ਇਥੇ ਕਲਿੱਕ ਕਰ ਪੜ੍ਹ ਸਕਦੇ ਹੋ। ਇਹ ਖਬਰ 2 ਅਗਸਤ 2019 ਨੂੰ ਪ੍ਰਕਾਸ਼ਿਤ ਕੀਤੀ ਗਈ ਸੀ।

ਇਸ ਮਾਮਲੇ ‘ਤੇ ਵੱਧ ਪੁਸ਼ਟੀ ਕਰਨ ਲਈ ਅਸੀਂ ਪੰਜਾਬੀ ਜਾਗਰਣ ਦੇ ਫਾਜ਼ਿਲਕਾ ਜਿਲ੍ਹਾ ਇੰਚਾਰਜ ਸੁਖਵਿੰਦਰ ਥਿੰਦ ਨਾਲ ਗੱਲ ਕੀਤੀ। ਉਨ੍ਹਾਂ ਨੇ ਸਾਨੂੰ ਦੱਸਿਆ, “ਇਹ ਖਬਰ ਪੂਰੀ ਤਰ੍ਹਾਂ ਫਰਜ਼ੀ ਹੈ। ਅਸਲ ਵਿਚ ਇਕ ਮੁੰਡਾ ਆਪਣੀ ਮੰਗੇਤਰ ਨਾਲ ਫਾਜ਼ਿਲਕਾ ਦੇ ਇੱਕ ਪਿੰਡ ਵਿਚੋਂ ਦੀ ਲੰਘ ਰਿਹਾ ਸੀ ਅਤੇ ਉਸਨੂੰ ਰਸਤੇ ਵਿਚ ਪਿੰਡ ਵਾਲਿਆਂ ਨੇ ਫੜ ਲਿਆ। ਫੜਨ ਤੋਂ ਬਾਅਦ ਉਨ੍ਹਾਂ ਨੂੰ ਜਬਰਨ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਫੇਰ ਬੰਦੂਕ ਕੱਢ ਕੇ ਉਨ੍ਹਾਂ ਨੂੰ ਕਿਹਾ ਕਿ ਉਹ ਇਸ ਗੱਲ ਨੂੰ ਸਵੀਕਾਰ ਕਰਨ ਕੇ ਉਹ ਲੋਕ ਬੱਚਾ ਚੁੱਕਦੇ ਨੇ ਅਤੇ ਦਿੱਲੀ ਵਿਚ 1 ਲੱਖ ਵਿਚ ਬੱਚਿਆਂ ਨੂੰ ਵੇਚਦੇ ਹਨ। ਇਸ ਮਾਮਲੇ ‘ਤੇ ਫਾਜ਼ਿਲਕਾ ਸਦਰ ਥਾਣੇ ਅੰਦਰ FIR ਵੀ ਦਰਜ ਹੋਈ ਸੀ ਅਤੇ 1 ਬੰਦੇ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਸੀ। ਗ੍ਰਿਫਤਾਰ ਕੀਤਾ ਗਿਆ ਸ਼ਕਸ ਪਿੰਡ ਦਾ ਸਾਬਕਾ ਸਰਪੰਚ ਸੀ ਜਿਹੜਾ ਬਾਅਦ ਵਿਚ ਥਾਣੇ ਦੇ ਹੋਮਗਾਰਡ ਨੂੰ ਜਖਮੀ ਕਰਕੇ ਫਰਾਰ ਹੋ ਗਿਆ ਸੀ। ਪੁਲਿਸ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇ ਮਾਰੀ ਕਰ ਰਹੀ ਹੈ ਅਤੇ ਪੁਲਿਸ ਨੇ ਧਾਰਾ 343,186,332 ਦੇ ਤਹਿਤ ਮਾਮਲਾ ਦਰਜ਼ ਕਰ ਲਿਆ ਹੈ।”

ਇਸ ਸੰਬਧੀ ਜਦੋਂ ਪੰਜਾਬੀ ਜਾਗਰਣ ਦੇ ਫਾਜ਼ਿਲਕਾ ਜਿਲ੍ਹਾ ਇੰਚਾਰਜ ਨੇ ਫਾਜ਼ਿਲਕਾ ਸਦਰ ਥਾਣੇ ਦੇ ਪੁਲਿਸ ਮੁਖੀ ਜਸਵੰਤ ਭੱਟੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ, “ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਵੀਡੀਓ ਝੂਠੀ ਹੈ, ਇਸ ਸੰਬਧੀ ਸਾਬਕਾ ਸਰਪੰਚ ‘ਤੇ ਕੇਸ ਦਰਜ ਕਰ ਉਸਨੂੰ ਗਿਰਫ਼ਤਾਰ ਵੀ ਕਰ ਲਿਆ ਗਿਆ ਸੀ ਪਰ ਗ੍ਰਿਫਤਾਰੀ ਦੇ ਅਗਲੇ ਦਿਨ ਉਹ ਥਾਣਾ ਸਦਰ ‘ਚ ਪੰਜਾਬ ਹੋਮਗਾਰਡ ਦੇ ਜਵਾਨ ਨੂੰ ਮਾਰਕੁੱਟ ਕੇ ਫ਼ਰਾਰ ਹੋ ਗਿਆ ਸੀ।”

ਅੰਤ ਵਿਚ ਅਸੀਂ ਇਸ ਪੋਸਟ ਨੂੰ ਸ਼ੇਅਰ ਕਰਨ ਵਾਲੇ ਪੇਜ “MUSLIM WORLD UNITY” ਦੀ ਸੋਸ਼ਲ ਸਕੈਨਿੰਗ ਕਰਨ ਦਾ ਫੈਸਲਾ ਕੀਤਾ। ਇਸ ਪੇਜ ਨੂੰ 370,161 ਲੋਕ ਫਾਲੋ ਕਰਦੇ ਹਨ ਅਤੇ ਇਹ ਪੇਜ ਇੱਕ ਖਾਸ ਸਮੁਦਾਏ ਨਾਲ ਜੁੜੀਆਂ ਖਬਰਾਂ ਨੂੰ ਹੀ ਪੋਸਟ ਕਰਦਾ ਹੈ।

ਨਤੀਜਾ: ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਇਹ ਵਾਇਰਲ ਹੋ ਰਿਹਾ ਪੋਸਟ ਫਰਜੀ ਸਾਬਤ ਕੀਤਾ।ਅਸਲ ਵਿਚ ਇਨ੍ਹਾਂ ਮੁੰਡਿਆਂ ਤੋਂ ਜਬਰਨ ਬੰਦੂਕ ਦੀ ਨੋਕ ‘ਤੇ ਬੱਚਾ ਚੋਰੀ ਦਾ ਕਾਰਾ ਕਬੂਲ ਕਰਵਾਇਆ ਗਿਆ ਸੀ। ਇਹ ਮਾਮਲਾ ਪੰਜਾਬ ਦੇ ਫਾਜ਼ਿਲਕਾ ਜਿਲ੍ਹੇ ਦੇ ਇੱਕ ਪਿੰਡ ਵਿਚ ਵਾਪਰਿਆ ਸੀ ਜਦੋਂ ਰਾਤ ਨੂੰ 8 ਵਜੇ ਦੇ ਕਰੀਬ ਪੀੜਤ ਵਿੱਕੀ ਆਪਣੀ ਮੰਗੇਤਰ ਨਾਲ ਆਪਣੇ ਪਿੰਡ ਵੱਲ ਨੂੰ ਜਾ ਰਿਹਾ ਸੀ।

ਪੂਰਾ ਸੱਚ ਜਾਣੋ. . .

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

False
Symbols that define nature of fake news
Related Posts
Recent Posts