ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਸਕੂਲੀ ਬੱਚਿਆਂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਯੂਜ਼ਰ ਦਾਅਵਾ ਕਰ ਰਹੇ ਹਨ ਕਿ ਮੱਧ ਪ੍ਰਦੇਸ਼ ਦੇ ਮੰਦਸੌਰ ਵਿਚ ਅੰਜੁਮਨ ਸਕੂਲ ਦੇ ਬੱਚਿਆਂ ਨੇ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਏ। ਵਿਸ਼ਵਾਸ ਟੀਮ ਦੀ ਪੜਤਾਲ ਵਿਚ ਇਹ ਦਾਅਵਾ ਫਰਜ਼ੀ ਸਾਬਤ ਹੋਇਆ। ਵਾਇਰਲ ਵੀਡੀਓ ਵਿਚ ਬੱਚੇ ਪਾਕਿਸਤਾਨ ਜ਼ਿੰਦਾਬਾਦ ਦੇ ਨਹੀਂ, ਬਲਕਿ ਸਾਬਰ ਸਾਹਬ ਜ਼ਿੰਦਾਬਾਦ ਦੇ ਨਾਅਰੇ ਲਾ ਰਹੇ ਸਨ।
ਫੇਸਬੁੱਕ ‘ਤੇ ਕਾਜਲ ਯਾਦਵ ਨਾਂ ਦੀ ਇੱਕ ਯੂਜ਼ਰ ਨੇ 16 ਜੁਲਾਈ ਨੂੰ ਇੱਕ ਵੀਡੀਓ ਅਪਲੋਡ ਕਰਦੇ ਹੋਏ ਦਾਅਵਾ ਕੀਤਾ : “ਮੰਦਸੌਰ ਵਿਚ ਅੰਜੁਮਨ ਸਕੂਲ ਤੋਂ ਨਿਕਲਦੇ ਹੀ ਬੱਚਿਆਂ ਨੇ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਏ। ਫੇਰ ਇਹ ਡਰੇ ਹੋਏ ਕਹਿੰਦੇ ਹਨ ਕਿ ਅਸੀਂ ਕੀ ਕੀਤਾ ਹੈ।”
16 ਜੁਲਾਈ ਦੀ ਸ਼ਾਮ ਨੂੰ ਅਪਲੋਡ ਕੀਤੇ ਗਏ ਇਸ ਵੀਡੀਓ ਨੂੰ ਹੁਣ ਤੱਕ 1300 ਲੋਕਾਂ ਨੇ ਆਪਣੀ ਵਾਲ ‘ਤੇ ਸ਼ੇਅਰ ਕੀਤਾ ਹੈ। ਫੇਸਬੁੱਕ ਦੇ ਅਲਾਵਾ ਇਹ ਵੀਡੀਓ ਯੂ-ਟਿਊਬ, ਵਹਟਸਐਪ ਅਤੇ ਟਵਿੱਟਰ ‘ਤੇ ਵੀ ਵਾਇਰਲ ਹੋ ਰਿਹਾ ਹੈ।
ਵਿਸ਼ਵਾਸ ਟੀਮ ਨੇ ਸਬਤੋਂ ਪਹਿਲਾਂ ਵਾਇਰਲ ਹੋ ਰਹੇ ਵੀਡੀਓ ਨੂੰ ਧਿਆਨ ਨਾਲ ਸੁਣਿਆ। ਇਸਦੇ ਬਾਅਦ ਵਾਇਰਲ ਹੋ ਰਹੇ ਵੀਡੀਓ ਨੂੰ ਅਸੀਂ ਯੂ-ਟਿਊਬ ‘ਤੇ ਸਰਚ ਕੀਤਾ। ਯੂ-ਟਿਊਬ ‘ਤੇ ਮੌਜੂਦ ਇਸ ਵੀਡੀਓ ਨੂੰ ਅਸੀਂ ਸਪੀਡ ਘੱਟ ਕਰਕੇ ਸੁਣਿਆ ਤਾਂ ਸਾਨੂੰ ਕੀਤੇ ਵੀ ਇਹ ਸਕੂਲੀ ਬੱਚੇ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਉਂਦੇ ਨਹੀਂ ਦਿੱਸੇ। ਬੱਚੇ ਸਾਬਰ ਸਾਹਬ ਜ਼ਿੰਦਾਬਾਦ ਦੇ ਨਾਅਰੇ ਲਾ ਰਹੇ ਸਨ।
ਆਪਣੀ ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਮੱਧ ਪ੍ਰਦੇਸ਼ ਵਿਚ ਪ੍ਰਕਾਸ਼ਿਤ ਨਵੀਂ ਦੁਨੀਆਂ ਦੇ ਸੰਸਕਰਣ ਨੂੰ ਖੰਗਾਲਣਾ ਸ਼ੁਰੂ ਕੀਤਾ। 16 ਜੁਲਾਈ ਨੂੰ ਪ੍ਰਕਾਸ਼ਿਤ ਇੱਕ ਖਬਰ ਵਿਚ ਇਸ ਘਟਨਾ ਬਾਰੇ ਵਿਸਤਾਰ ਨਾਲ ਦੱਸਿਆ ਗਿਆ ਸੀ। ਖਬਰ ਵਿਚ ਦੱਸਿਆ ਗਿਆ ਸੀ ਕਿ ਮੰਦਸੌਰ ਦੇ ਖਾਨਪੁਰ ਅੰਦਰ ਪੈਂਦੇ ਅੰਜੁਮਨ-ਏ-ਇਸਲਾਮ ਕਮੇਟੀ ਦੁਆਰਾ ਚਲਾਇਆ ਜਾਂਦਾ ਉੱਚ ਸਕੈਂਡਰੀ ਸਕੂਲ ਦੇ ਪ੍ਰਿੰਸੀਪਲ ਮੋ. ਸਾਬਰ ਹੁਸੈਨ ਅਤੇ ਕਮੇਟੀ ਪ੍ਰਮੁੱਖ ਮੋ. ਹੁਸੈਨ ਰਿਸਾਲਦਾਰ ਵਿਚਕਾਰ ਵਿਵਾਦ ਤੇਜ਼ ਹੋਣ ਬਾਅਦ ਪ੍ਰਿੰਸੀਪਲ ‘ਤੇ ਡੇਢ ਕਰੋੜ ਦੇ ਘੋਟਾਲੇ ਦਾ ਆਰੋਪ ਲਾਉਂਦੇ ਹੋਏ ਸੋਮਵਾਰ ਨੂੰ ਸਕੂਲ ਤੋਂ ਬਾਹਰ ਜਾਣ ਲਈ ਬੋਲ ਦਿੱਤਾ ਗਿਆ। ਇਸਨੂੰ ਲੈ ਕੇ ਬਵਾਲ ਹੋ ਗਿਆ ਅਤੇ ਬੱਚਿਆਂ ਨੇ ਜੰਮਕੇ ਨਾਅਰੇਬਾਜ਼ੀ ਕੀਤੀ। ਘਟਨਾ 15 ਜੁਲਾਈ 2019 ਦੀ ਹੈ।
ਪੜਤਾਲ ਦੌਰਾਨ ਸਾਨੂੰ NDTV ਦੀ ਇੱਕ ਖਬਰ ਮਿਲੀ। ਇਸ ਵਿਚ ਦੱਸਿਆ ਗਿਆ, “ਮੰਦਸੌਰ (ਮੱਧ ਪ੍ਰਦੇਸ਼) ਵਿਚ ਮਦਰਸੇ ਦੇ ਪ੍ਰਿੰਸੀਪਲ ਦੇ ਹੱਕ ਵਿਚ ਲੱਗੇ ਨਾਅਰਿਆਂ ਦੇ ਵੀਡੀਓ ਨਾਲ ਛੇੜਛਾੜ ਕਰ ਸੋਸ਼ਲ ਮੀਡੀਆ ‘ਤੇ ਵਾਇਰਲ ਕੀਤਾ ਗਿਆ। ਇਸ ਵੀਡੀਓ ਵਿਚ ਸਾਬਰ ਸਾਹਬ ਜ਼ਿੰਦਾਬਾਦ ਦੇ ਨਾਅਰਿਆਂ ਨੂੰ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰਿਆਂ ਵਿਚ ਬਦਲ ਦਿੱਤਾ ਗਿਆ। ਫੋਰੈਂਸਿਕ ਜਾਂਚ ਵਿਚ ਇਸਦੀ ਅਸਲੀਅਤ ਸਾਹਮਣੇ ਆਈ।”
NDTV ਦੀ ਵੈੱਬਸਾਈਟ ‘ਤੇ ਇਹ ਖਬਰ 17 ਜੁਲਾਈ ਨੂੰ ਸਵੇਰੇ 8:46 ਵਜੇ ਅਪਲੋਡ ਕੀਤੀ ਗਈ ਸੀ। ਪੂਰੀ ਖਬਰ ਤੁਸੀਂ ਹੇਠਾਂ ਪੜ੍ਹ ਸਕਦੇ ਹੋ।
ਇਲਾਕੇ ਦੇ DSP ਨਰੇਂਦਰ ਸਿੰਘ ਸੋਲੰਕੀ ਕਹਿੰਦੇ ਹਨ, “ਇਹ ਮੰਦਸੌਰ ਵਿਚ ਮਦਰਸੇ ਦਾ ਵਿਵਾਦ ਸੀ। ਬੱਚਿਆਂ ਨੂੰ ਲੱਗਿਆ ਕਿ ਉਨ੍ਹਾਂ ਦੇ ਟੀਚਰ ਨੂੰ ਸਕੂਲ ਤੋਂ ਵੱਖ ਕਰ ਰਹੇ ਹਨ। ਇਸਲਈ ਬੱਚਿਆਂ ਨੇ ਸਾਬਰ ਸਾਹਬ ਜ਼ਿੰਦਾਬਾਦ ਦੇ ਨਾਅਰੇ ਲਾਣੇ ਸ਼ੁਰੂ ਕਰ ਦਿੱਤੇ। ਆਪਣੀ ਜਾਂਚ ਵਿਚ ਸਾਨੂੰ ਪਤਾ ਚੱਲਿਆ ਕਿ ਵੀਡੀਓ ਵਿਚ ਬੱਚੇ ਪਾਕਿਸਤਾਨ ਜ਼ਿੰਦਾਬਾਦ ਦੇ ਨਹੀਂ, ਸਾਬਰ ਸਾਹਬ ਜ਼ਿੰਦਾਬਾਦ ਦੇ ਨਾਅਰੇ ਲਾ ਰਹੇ ਸਨ।”
ਅੰਤ ਵਿਚ ਅਸੀਂ ਗਲਤ ਵੀਡੀਓ ਨੂੰ ਵਾਇਰਲ ਕਰਨ ਵਾਲੇ ਫੇਸਬੁੱਕ ਯੂਜ਼ਰ ਕਾਜਲ ਯਾਦਵ ਦੇ ਅਕਾਊਂਟ ਦੀ ਸੋਸ਼ਲ ਸਕੈਨਿੰਗ ਕੀਤੀ। ਸਾਨੂੰ ਪਤਾ ਲੱਗਿਆ ਕਿ ਕਾਜਲ ਯਾਦਵ (@kajalhindusatni) ਨਾਂ ਤੋਂ ਬਣੇ ਇਸ ਫੇਸਬੁੱਕ ਪੇਜ ਨੂੰ 8 ਹਜ਼ਾਰ ਤੋਂ ਵੀ ਵੱਧ ਲੋਕ ਫਾਲੋ ਕਰਦੇ ਹਨ। ਇਹ ਪੇਜ 21 ਅਗਸਤ 2018 ਨੂੰ ਬਣਾਇਆ ਗਿਆ ਸੀ।
ਨਤੀਜਾ: ਵਿਸ਼ਵਾਸ ਟੀਮ ਦੀ ਪੜਤਾਲ ਵਿਚ ਪਤਾ ਚਲਿਆ ਕਿ ਪਾਕਿਸਤਾਨ ਜ਼ਿੰਦਾਬਾਦ ਦੇ ਨਾਂ ਤੋਂ ਵਾਇਰਲ ਹੋ ਰਹੇ ਮੰਦਸੌਰ ਦੇ ਵੀਡੀਓ ਵਿਚ ਬੱਚੇ ਸਾਬਰ ਸਾਹਬ ਜ਼ਿੰਦਾਬਾਦ ਦੇ ਨਾਅਰੇ ਲਾ ਰਹੇ ਸਨ। ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੂੰ ਗਲਤ ਦਾਅਵੇ ਨਾਲ ਵਾਇਰਲ ਕੀਤਾ ਹੈ ਰਿਹਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।