Fact Check : ਪਾਉਂਟਾ ਸਾਹਿਬ ਦੇ ਨਾਂ ‘ਤੇ ਵਾਇਰਲ ਹੋ ਰਿਹਾ ਕੁੜੀਆਂ ਦੀ ਲੜਾਈ ਦਾ ਇਹ ਵੀਡੀਓ ਝਾਰਖੰਡ ਦਾ ਹੈ

ਪਾਉਂਟਾ ਸਾਹਿਬ ‘ਚ ਕੁੜੀਆਂ ਦੀ ਲੜਾਈ ਦੇ ਨਾਂ ‘ਤੇ ਵਾਇਰਲ ਹੋ ਰਿਹਾ ਦਾਅਵਾ ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਗੁੰਮਰਾਹਕੁੰਨ ਨਿਕਲਿਆ। ਇਹ ਘਟਨਾ ਝਾਰਖੰਡ ਦੇ ਪਲਾਮੂ ਦੇ ਡਿਜ਼ਨੀਲੈਂਡ ਮੇਲੇ ਦੌਰਾਨ ਵਾਪਰੀ ਸੀ, ਜਿਸ ਨੂੰ ਹੁਣ ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਦੇ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਦੇ ਹੋਲਾ-ਮੁਹੱਲੇ ਦਾ ਦੱਸਦੇ ਹੋਏ ਸਾਂਝਾ ਕੀਤਾ ਜਾ ਰਿਹਾ ਹੈ।

ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਦੇ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਵਿਖੇ 339ਵਾਂ ਹੋਲਾ-ਮੁਹੱਲਾ ਵੱਡੇ ਪੱਧਰ ‘ਤੇ ਮਨਾਇਆ ਗਿਆ। ਹੁਣ ਇਸ ਨਾਲ ਜੋੜਦੇ ਹੋਏ ਸੋਸ਼ਲ ਮੀਡੀਆ ‘ਤੇ 51 ਸੈਕਿੰਡ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ‘ਚ ਕੁਝ ਕੁੜੀਆਂ ਨੂੰ ਆਪਸ ‘ਚ ਲੜਦੇ ਦੇਖਿਆ ਜਾ ਸਕਦਾ ਹੈ। ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਪਾਉਂਟਾ ਸਾਹਿਬ ਦੇ ਹੋਲੇ-ਮੁਹੱਲੇ ‘ਚ ਕੁੜੀਆਂ ਆਪਸ ‘ਚ ਭਿੜ ਗਈਆਂ ਅਤੇ ਉਨ੍ਹਾਂ ਵਿਚਕਾਰ ਖੂਬ ਧੱਕਾ-ਮੁੱਕੀ ਹੋਈ।

ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਜਾਂਚ ਕੀਤੀ ਅਤੇ ਦਾਅਵਾ ਗੁੰਮਰਾਹਕੁੰਨ ਪਾਇਆ। ਸਾਡੀ ਜਾਂਚ ਤੋਂ ਪਤਾ ਲੱਗਾ ਕਿ ਵੀਡੀਓ ਝਾਰਖੰਡ ਵਿੱਚ ਇੱਕ ਮੇਲੇ ਦੌਰਾਨ ਵਾਪਰੀ ਘਟਨਾ ਦਾ ਹੈ , ਜਿਸ ਨੂੰ ਹੁਣ ਗ਼ਲਤ ਦਾਅਵੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ।

ਕੀ ਹੈ ਵਾਇਰਲ ਪੋਸਟ ਵਿੱਚ ?

ਫੇਸਬੁੱਕ ਪੇਜ Gk Newse Channel Live ਨੇ 10 ਮਾਰਚ ਨੂੰ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਦਾਅਵਾ ਕੀਤਾ ਹੈ: “ਬੀਤੀ ਸ਼ਾਮ ਪਾਉਂਟਾ ਸਾਹਿਬ ਹੋਲਾ ਮੁਹੱਲੇ ਵਿੱਚ ਅੱਧੀ ਦਰਜਨ ਤੋਂ ਵੱਧ ਕੁੜੀਆਂ ਇੱਕ-ਦੂਜੇ ਨਾਲ ਭਿੜ ਗਈਆਂ, ਇਸ ਦੌਰਾਨ ਉਨ੍ਹਾਂ ਨੇ ਇੱਕ-ਦੂਜੇ ਦੇ ਵਾਲ ਖਿੱਚ ਲਏ।”

ਵਾਇਰਲ ਪੋਸਟ ਨੂੰ ਸੱਚ ਮੰਨ ਕੇ ਦੂਜੇ ਯੂਜ਼ਰਸ ਵੀ ਇਸ ਨੂੰ ਵਾਇਰਲ ਕਰ ਰਹੇ ਹਨ। ਪੋਸਟ ਦੇ ਆਰਕਾਈਵ ਲਿੰਕ ਨੂੰ ਇੱਥੇ ਦੇਖਿਆ ਜਾ ਸਕਦਾ ਹੈ।

ਪੜਤਾਲ

ਵਾਇਰਲ ਵੀਡੀਓ ਦੀ ਸੱਚਾਈ ਦਾ ਪਤਾ ਲਗਾਉਣ ਲਈ ਅਸੀਂ ਇਨਵਿਡ ਟੂਲ ਦੀ ਵਰਤੋਂ ਕਰਕੇ ਕਈ ਕੀ -ਫਰੇਮ ਕੱਢੇ। ਇਸ ਤੋਂ ਬਾਅਦ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਰਾਹੀਂ ਸਰਚ ਕੀਤਾ। ਇਸ ਦੌਰਾਨ ਸਾਨੂੰ hindi.asianetnews.com ਦੀ ਵੈੱਬਸਾਈਟ ‘ਤੇ ਵਾਇਰਲ ਵੀਡੀਓ ਨਾਲ ਜੁੜੀ ਖਬਰ ਪ੍ਰਕਾਸ਼ਿਤ ਮਿਲੀ। 31 ਜੁਲਾਈ 2022 ਨੂੰ ਪ੍ਰਕਾਸ਼ਿਤ ਖਬਰ ਵਿੱਚ ਵੀਡੀਓ ਦੇ ਸਕਰੀਨ ਸ਼ਾਟ ਦੀ ਵਰਤੋਂ ਕਰਦੇ ਹੋਏ ਹਿੰਦੀ ਚ ਦੱਸਿਆ ਗਿਆ ,”ਝਾਰਖੰਡ ਦੇ ਪਲਾਮੂ ਜ਼ਿਲੇ ‘ਚ ਕੁੜੀਆਂ ਦੇ ਵਿੱਚ ਹੋ ਰਹੀ ਕੁੱਟਮਾਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਵੀਡੀਓ ‘ਚ ਕਈ ਕੁੜੀਆਂ ਇੱਕ – ਦੂੱਜੇ ਦੇ ਨਾਲ ਕੁੱਟਮਾਰ ਕਰਦਿਆਂ ਨਜ਼ਰ ਆ ਰਹੀਆਂ ਹਨ। ਉੱਥੇ ਮੌਜੂਦ ਲੋਕ ਕੁੜੀਆਂ ਨੂੰ ਛਡਾਉਣ ਦੀ ਹਿੰਮਤ ਤੱਕ ਨਹੀਂ ਜੁਟਾ ਪਾ ਰਹੇ ਹਨ। ਹਾਲਾਂਕਿ, “ਬਾਅਦ ਵਿੱਚ ਪੁਲਿਸ ਦੇ ਪਹੁੰਚਣ ਤੋਂ ਬਾਅਦ ਮਾਮਲਾ ਸ਼ਾਂਤ ਹੋ ਗਿਆ। ਪੁਲਿਸ ਨੇ ਸਾਰੀਆਂ ਕੁੜੀਆਂ ਨੂੰ ਸਮਝਾ ਕੇ ਉਨ੍ਹਾਂ ਦੇ ਘਰ ਵਾਪਸ ਭੇਜ ਦਿੱਤਾ। ਵੀਡੀਓ ਜ਼ਿਲ੍ਹੇ ਦੇ ਡਾਲਟਨਗੰਜ ਸ਼ਹਿਰ ਵਿੱਚ ਸਥਿਤ ਸ਼ਿਵਾਜੀ ਮੈਦਾਨ ਵਿੱਚ ਹੋਣ ਵਾਲੇ ਡਿਜ਼ਨੀਲੈਂਡ ਮੇਲੇ ਦਾ ਹੈ।”

ਸਰਚ ਦੌਰਾਨ ਸਾਨੂੰ ETV Bharat.com ਦੀ ਵੈੱਬਸਾਈਟ ‘ਤੇ ਵੀ ਵਾਇਰਲ ਵੀਡੀਓ ਨਾਲ ਸਬੰਧਤ ਹਿੰਦੀ ਖ਼ਬਰ ਮਿਲੀ। 31 ਜੁਲਾਈ 2022 ਨੂੰ ਪ੍ਰਕਾਸ਼ਿਤ ਖਬਰ ਵਿੱਚ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ, “ਮੇਲੇ ਵਿੱਚ ਚਿੱਕੜ ਨੂੰ ਲੈ ਕੇ ਮਹਾਂਸੰਗ੍ਰਾਮ , ਆਪਸ ‘ਚ ਭਿੜੀਆਂ ਦੋ ਕੁੜੀਆਂ ਅਤੇ ਉਨ੍ਹਾਂ ਦੀਆਂ ਸਹੇਲੀਆਂ, ਖੂਬ ਚੱਲੇ ਲੱਤਾਂ ਅਤੇ ਘਸੁੰਨ। ਚਿੱਕੜ ਨੂੰ ਲੈ ਕੇ ਪਲਾਮੂ ਦੇ ਡਿਜ਼ਨੀਲੈਂਡ ਮੇਲੇ ‘ਚ ਬਹੁਤ ਕੁੱਟਮਾਰ ਹੋਈ।ਦੋ ਕੁੜੀਆਂ ਅਤੇ ਉਨ੍ਹਾਂ ਦੀਆਂ ਸਹੇਲੀਆਂ ਆਪਸ ‘ਚ ਭਿੜ ਗਈਆਂ। ਕੁੱਟਮਾਰ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।”

ਇਸ ਤੋਂ ਪਹਿਲਾਂ ਵੀ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਸੀ। ਉਦੋਂ ਇਹ ਦਿੱਲੀ ਦਾ ਦੱਸਿਆ ਜਾ ਰਿਹਾ ਸੀ, ਉਸ ਸਮੇਂ ਵਿਸ਼ਵਾਸ ਨਿਊਜ਼ ਨੇ ਇਸ ਦੀ ਜਾਂਚ ਕੀਤੀ ਸੀ। ਤੁਸੀਂ ਇੱਥੇ ਸਾਡੀ ਫ਼ੈਕਟ ਚੈੱਕ ਸਟੋਰੀ ਪੜ੍ਹ ਸਕਦੇ ਹੋ।

ਵਧੇਰੀ ਜਾਣਕਾਰੀ ਲਈ ਅਸੀਂ ਦੈਨਿਕ ਜਾਗਰਣ ਹਿਮਾਚਲ ਪ੍ਰਦੇਸ਼ ਦੇ ਸਟੇਟ ਐਡੀਟਰ ਨਵਨੀਤ ਸ਼ਰਮਾ ਨਾਲ ਸੰਪਰਕ ਕੀਤਾ। ਉਨ੍ਹਾਂ ਨਾਲ ਵਾਇਰਲ ਪੋਸਟ ਨੂੰ ਸਾਂਝਾ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ, “ਵੀਡੀਓ ਪਾਉਂਟਾ ਸਾਹਿਬ ਦਾ ਨਹੀਂ ਹੈ। ਪਾਉਂਟਾ ਸਾਹਿਬ ਦੇ ਨਾਂ ‘ਤੇ ਇਹ ਵੀਡੀਓ ਕਈ ਮਹੀਨਿਆਂ ਤੋਂ ਵਾਇਰਲ ਹੋ ਰਿਹਾ ਹੈ, ਜੋ ਕਿ ਬਿਲਕੁਲ ਗਲਤ ਹੈ।”

ਜਾਂਚ ਦੇ ਅੰਤ ਵਿੱਚ ਅਸੀਂ ਝਾਰਖੰਡ ਦੇ ਵੀਡੀਓ ਨੂੰ ਹਿਮਾਚਲ ਦੇ ਗੁਰਦੁਆਰਾ ਸ਼੍ਰੀ ਪਾਉਂਟਾ ਸਾਹਿਬ ਦਾ ਦੱਸਦੇ ਹੋਏ ਸ਼ੇਅਰ ਕਰਨ ਵਾਲੇ ਪੇਜ ਦੀ ਸੋਸ਼ਲ ਸਕੈਨਿੰਗ ਕੀਤੀ। ਸਾਨੂੰ ਪਤਾ ਲੱਗਾ ਕਿ ਇਸ ਪੇਜ ਨੂੰ 5 ਹਜ਼ਾਰ ਤੋਂ ਵੱਧ ਲੋਕ ਫੋਲੋ ਕਰਦੇ ਹਨ। ਇਹ ਪੇਜ 10 ਦਸੰਬਰ 2021 ਨੂੰ ਬਣਾਇਆ ਗਿਆ ਸੀ।

ਨਤੀਜਾ: ਪਾਉਂਟਾ ਸਾਹਿਬ ‘ਚ ਕੁੜੀਆਂ ਦੀ ਲੜਾਈ ਦੇ ਨਾਂ ‘ਤੇ ਵਾਇਰਲ ਹੋ ਰਿਹਾ ਦਾਅਵਾ ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਗੁੰਮਰਾਹਕੁੰਨ ਨਿਕਲਿਆ। ਇਹ ਘਟਨਾ ਝਾਰਖੰਡ ਦੇ ਪਲਾਮੂ ਦੇ ਡਿਜ਼ਨੀਲੈਂਡ ਮੇਲੇ ਦੌਰਾਨ ਵਾਪਰੀ ਸੀ, ਜਿਸ ਨੂੰ ਹੁਣ ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਦੇ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਦੇ ਹੋਲਾ-ਮੁਹੱਲੇ ਦਾ ਦੱਸਦੇ ਹੋਏ ਸਾਂਝਾ ਕੀਤਾ ਜਾ ਰਿਹਾ ਹੈ।

Misleading
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts