ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਸੀਐਮ ਭਗਵੰਤ ਮਾਨ ਦੀ ਪ੍ਰੈਸ ਕਾਨਫਰੰਸ ਵਿੱਚ ਰਾਘਵ ਚੱਢਾ ਅਤੇ ਆਮ ਆਦਮੀ ਪਾਰਟੀ ਦੇ ਖਿਲਾਫ ਨਾਅਰੇਬਾਜ਼ੀ ਦਾ ਇਹ ਵੀਡੀਓ ਗੁੰਮਰਾਹਕੁੰਨ ਨਿਕਲਿਆ। ਵਾਇਰਲ ਵੀਡੀਓ ਭਗਵੰਤ ਮਾਨ ਦੇ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਦਾ ਹੈ ਅਤੇ ਵੀਡੀਓ ‘ਚ ਵਿਰੋਧ ਕਰਦੇ ਦਿੱਖ ਰਹੇ ਇਹ ਸਾਰੇ ਪੱਤਰਕਾਰ ਹਨ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੀਐਮ ਭਗਵੰਤ ਮਾਨ ਨਾਲ ਜੁੜੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। 19 ਸੈਕਿੰਡ ਦੀ ਇਸ ਵੀਡੀਓ ਵਿੱਚ ਲੋਕਾਂ ਨੂੰ ਆਮ ਆਦਮੀ ਪਾਰਟੀ, ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਅਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਖਿਲਾਫ ਨਾਅਰੇਬਾਜ਼ੀ ਕਰਦੇ ਦੇਖਿਆ ਜਾ ਸਕਦਾ ਹੈ। ਵੀਡੀਓ ਸ਼ੇਅਰ ਕਰਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਵਿਰੋਧ ਦਾ ਇਹ ਵੀਡੀਓ ਹਾਲ ਹੀ ਦਾ ਹੈ। ਵਿਸ਼ਵਾਸ ਨਿਊਜ਼ ਨੇ ਜਾਂਚ ਵਿੱਚ ਪਾਇਆ ਕਿ ਰਾਘਵ ਚੱਢਾ ਅਤੇ ਆਪ ਪਾਰਟੀ ਦੇ ਵਿਰੋਧ ਦਾ ਇਹ ਵੀਡੀਓ ਪੁਰਾਣਾ ਹੈ। ਵੀਡੀਓ ਭਗਵੰਤ ਮਾਨ ਦੇ ਸੀਐਮ ਬਣਨ ਤੋਂ ਪਹਿਲਾਂ ਦਾ ਹੈ ਅਤੇ ਵਿਰੋਧ ਕਰ ਰਹੇ ਇਹ ਸਭ ਪੱਤਰਕਾਰ ਹਨ।
ਕੀ ਹੈ ਵਾਇਰਲ ਪੋਸਟ ਵਿੱਚ
ਫੇਸਬੁੱਕ ਪੇਜ “ਫੈਨ ਨਵਜੋਤ ਕੌਰ ਲੰਬੀ ਦੇ” ਨੇ 24 ਜੂਨ ਨੂੰ ਇਹ ਵੀਡੀਓ ਸ਼ੇਅਰ ਕੀਤਾ ਹੈ ਅਤੇ ਲਿਖਿਆ ਹੈ ,” ਚੰਗੀ ਇੱਜਤ ਕਮਾ ਲਈ ਜਾਪਦੀ 3 ਮਹੀਨਿਆਂ ਚ😆😆😂 ਨਗਦੋ ਨਗਦ ਬੇਇੱਜ਼ਤੀ”
ਫੇਸਬੁੱਕ ਦੇ ਕੰਟੇੰਟ ਨੂੰ ਇੱਥੇ ਜਿਉਂ ਦਾ ਤਿਉਂ ਲਿਖਿਆ ਗਿਆ ਹੈ। ਫੇਸਬੁੱਕ ਪੋਸਟ ਦੇ ਆਰਕਾਈਵ ਵਰਜਨ ਨੂੰ ਇੱਥੇ ਵੇਖਿਆ ਜਾ ਸਕਦਾ ਹੈ।
ਪੜਤਾਲ
ਵਾਇਰਲ ਦਾਅਵੇ ਦੀ ਸੱਚਾਈ ਜਾਣਨ ਲਈ ਅਸੀਂ ਗੂਗਲ ਤੇ ਕੀਵਰਡਸ ਦੀ ਮਦਦ ਨਾਲ ਅਸਲੀ ਵੀਡੀਓ ਨੂੰ ਸਰਚ ਕਰਨਾ ਸ਼ੁਰੂ ਕੀਤਾ। ਇਸ ਦੌਰਾਨ ਸਾਨੂੰ ਕਈ ਥਾਵਾਂ ਤੇ ਵਾਇਰਲ ਵੀਡੀਓ ਅਪਲੋਡ ਮਿਲੀਆਂ। “Encounter News ” ਨਾਮ ਦੇ ਯੂ-ਟਿਊਬ ਚੈਨਲ ਤੇ ਇਸ ਪ੍ਰੈੱਸ ਕਾਨਫਰੰਸ ਦਾ ਪੂਰਾ ਵੀਡੀਓ ਮਿਲਿਆ। ਵੀਡੀਓ ਨੂੰ 24 ਜਨਵਰੀ 2022 ਨੂੰ ਅਪਲੋਡ ਕੀਤਾ ਗਿਆ ਸੀ। ਅਸਲ ਵੀਡੀਓ ‘ਚ ਵਾਇਰਲ ਵੀਡੀਓ ਵਿੱਚ ਦਿੱਖ ਰਹੇ ਦ੍ਰਿਸ਼ ਨੂੰ ਸ਼ੁਰੂ ਤੋਂ ਦੇਖਿਆ ਜਾ ਸਕਦਾ ਹੈ। ਵੀਡੀਓ ਵਿੱਚ ਦਿੱਤੀ ਗਈ ਜਾਣਕਾਰੀ ਮੁਤਾਬਿਕ , ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਚਿਹਰਾ ਭਗਵੰਤ ਮਾਨ ਦਾ ਖ਼ੂਬ ਵਿਰੋਧ ਹੋਇਆ। ਭਗਵੰਤ ਮਾਨ ਦੀ ਪ੍ਰੈੱਸ ਕਾਨਫਰੰਸ ‘ਚ ਗਾਲੀ – ਗਲੋਚ ਦੀ ਨੌਬਤ ਆ ਗਈ। ਇਸ ਦੌਰਾਨ ਆਮ ਆਦਮੀ ਪਾਰਟੀ, ਰਾਘਵ ਚੱਢਾ ਅਤੇ ਅਰਵਿੰਦ ਕੇਜਰੀਵਾਲ ਖ਼ਿਲਾਫ਼ ਖ਼ੂਬ ਨਾਅਰੇਬਾਜ਼ੀ ਹੋਈ। ਮਾਮਲਾ ਵੱਧਦਾ ਦੇਖ ਭਗਵੰਤ ਮਾਨ ਨੇ ਮੁਆਫੀ ਮੰਗ ਕੇ ਆਪਣੀ ਜਾਣ ਛੁਡਾਈ। ਇੱਥੇ ਪੂਰੀ ਵੀਡੀਓ ਦੇਖੋ।
“webkhabristan.com” ਦੀ ਵੈੱਬਸਾਈਟ ਤੇ ਵੀ ਵਾਇਰਲ ਵੀਡੀਓ ਨਾਲ ਜੁੜੀ ਖਬਰ ਪ੍ਰਕਾਸ਼ਿਤ ਮਿਲੀ। 24 ਜਨਵਰੀ 2022 ਨੂੰ ਪ੍ਰਕਾਸ਼ਿਤ ਖਬਰ ਵਿੱਚ ਪ੍ਰੈਸ ਕਾਨਫਰੰਸ ਦੇ ਸਕਰੀਨ ਸ਼ਾਟ ਦੀ ਵਰਤੋਂ ਕੀਤੀ ਗਈ। ਖ਼ਬਰ ਅਨੁਸਾਰ, “ਦਰਅਸਲ ਪਿਛਲੀ ਦਿਨਾਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਸਹਿ-ਇੰਚਾਰਜ ਰਾਘਵ ਚੱਢਾ ਨੇ ਪੰਜਾਬ ਪ੍ਰੈੱਸ ਕਲੱਬ ਵਿੱਚ ਕਾਂਗਰਸੀ ਆਗੂ ਦਿਨੇਸ਼ ਢੱਲ ਨੂੰ ‘ਆਪ’ ਵਿੱਚ ਸ਼ਾਮਲ ਕਰਵਾਇਆ ਸੀ। ਇਸ ਦੌਰਾਨ ‘ਆਪ’ ਆਗੂ ਇਕਬਾਲ ਸਿੰਘ ਢੀਂਡਸਾ ਅਤੇ ਡਾਕਟਰ ਸ਼ਿਵਦਿਆਲ ਮਾਲੀ ਉੱਥੇ ਵਿਰੋਧ ਕਰਨ ਪੁੱਜੇ ਸਨ, ਜਿਸ ਕਾਰਨ ਕੁਝ ਲੋਕਾਂ ਨੇ ਪ੍ਰੈਸ ਕਲੱਬ ਵਿੱਚ ਹੰਗਾਮਾ ਸ਼ੁਰੂ ਕਰ ਦਿੱਤਾ। ਇੱਥੋਂ ਤੱਕ ਕਿ ਪ੍ਰੈੱਸ ਕਲੱਬ ਦੀ ਜਾਇਦਾਦ ਨੂੰ ਵੀ ਨੁਕਸਾਨ ਪਹੁੰਚਾਇਆ। ਇਸ ਕਾਰਵਾਈ ਕਾਰਨ ਪੱਤਰਕਾਰਾਂ ਵਿੱਚ ਆਮ ਆਦਮੀ ਪਾਰਟੀ ਪ੍ਰਤੀ ਬਹੁਤ ਗੁੱਸਾ ਸੀ। ਅੱਜ ਜਦੋਂ ਭਗਵੰਤ ਮਾਨ ਇੱਕ ਹੋਟਲ ਵਿੱਚ ਪੱਤਰਕਾਰ ਵਾਰਤਾ ਕਰਨ ਲਈ ਪਹੁੰਚੇ ਤਾਂ ਪੱਤਰਕਾਰਾਂ ਨੇ ਖ਼ੂਬ ਨਾਅਰੇਬਾਜ਼ੀ ਕੀਤੀ।”
ਇਹ ਵੀਡੀਓ 24 ਜਨਵਰੀ 2022 ਨੂੰ ਪੰਜਾਬ ਕਾਂਗਰਸ ਦੇ ਅਧਿਕਾਰਿਤ ਫੇਸਬੁੱਕ ਪੇਜ ਤੇ ਵੀ ਅਪਲੋਡ ਕੀਤਾ ਗਿਆ ਸੀ। ਵੀਡੀਓ ‘ਚ ਲਿਖਿਆ ਹੈ, ”ਜਲੰਧਰ ‘ਚ ਭਗਵੰਤ ਮਾਨ ਦੀ ਪ੍ਰੈੱਸ ਕਾਨਫਰੰਸ ‘ਚ ਪੱਤਰਕਾਰਾਂ ਨੇ ਆਮ ਆਦਮੀ ਪਾਰਟੀ ਖਿਲਾਫ਼ ਨਾਅਰੇ ਲਗਾਏ। ਪੰਜਾਬ ਭਰ ਵਿੱਚ ਪੱਤਰਕਾਰ ਆਮ ਆਦਮੀ ਪਾਰਟੀ ਦਾ ਵਿਰੋਧ ਕਰ ਰਹੇ ਹਨ।”
ਇੱਥੇ ਗੌਰ ਕਰਨ ਵਾਲੀ ਗੱਲ ਇਹ ਹੈ ਕਿ ਵੀਡੀਓ ‘ਚ ਸੀਐੱਮ ਭਗਵੰਤ ਮਾਨ ਦੇ ਨਾਲ-ਨਾਲ ਸਾਰਿਆਂ ਨੇ ਗਰਮ ਕੱਪੜੇ ਪਾਏ ਹੋਏ ਹਨ। ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਇਹ ਵੀਡੀਓ ਪੁਰਾਣੀ ਹੈ।
ਵਾਇਰਲ ਵੀਡੀਓ ਬਾਰੇ ਹੋਰ ਜਾਣਕਾਰੀ ਲਈ ਅਸੀਂ ਦੈਨਿਕ ਜਾਗਰਣ ਦੇ ਜਲੰਧਰ ਦੇ ਸੀਨੀਅਰ ਚੀਫ ਰਿਪੋਰਟਰ ਮਨੋਜ ਤ੍ਰਿਪਾਠੀ ਨਾਲ ਸੰਪਰਕ ਕੀਤਾ। ਉਨ੍ਹਾਂ ਦੇ ਨਾਲ ਵਾਇਰਲ ਪੋਸਟ ਦਾ ਲਿੰਕ ਸਾਂਝਾ ਕੀਤਾ ਹੈ। ਮਨੋਜ ਤ੍ਰਿਪਾਠੀ ਨੇ ਸਾਨੂੰ ਦੱਸਿਆ, “ਇਹ ਵੀਡੀਓ ਪੁਰਾਣਾ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਹ ਜਲੰਧਰ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੀਤੀ ਭਗਵੰਤ ਮਾਨ ਦੀ ਪ੍ਰੈੱਸ ਕਾਨਫਰੰਸ ਦਾ ਵੀਡੀਓ ਹੈ। ਵੀਡੀਓ ਨੂੰ ਗ਼ਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਵੀਡੀਓ ‘ਚ ਵਿਰੋਧ ਕਰਦੇ ਦਿੱਖ ਰਹੇ ਇਹ ਸਾਰੇ ਪੱਤਰਕਾਰ ਹਨ।
ਜਾਂਚ ਦੇ ਅੰਤ ਵਿੱਚ ਅਸੀਂ ਪੁਰਾਣੇ ਵੀਡੀਓ ਨੂੰ ਹੁਣ ਦਾ ਦੱਸਦੇ ਹੋਏ ਸਾਂਝਾ ਕਰਨ ਵਾਲੇ ਪੇਜ ਦੀ ਸੋਸ਼ਲ ਸਕੈਨਿੰਗ ਕੀਤੀ। ਸਕੈਨਿੰਗ ਤੋਂ ਪਤਾ ਲੱਗਾ ਕਿ ਇਸ ਪੇਜ ਨੂੰ 291K ਲੋਕ ਫੋਲੋ ਕਰਦੇ ਹਨ ਅਤੇ ਇਹ ਪੇਜ 10 ਅਪ੍ਰੈਲ 2018 ਨੂੰ ਫੇਸਬੁੱਕ ਤੇ ਬਣਾਇਆ ਗਿਆ ਸੀ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਸੀਐਮ ਭਗਵੰਤ ਮਾਨ ਦੀ ਪ੍ਰੈਸ ਕਾਨਫਰੰਸ ਵਿੱਚ ਰਾਘਵ ਚੱਢਾ ਅਤੇ ਆਮ ਆਦਮੀ ਪਾਰਟੀ ਦੇ ਖਿਲਾਫ ਨਾਅਰੇਬਾਜ਼ੀ ਦਾ ਇਹ ਵੀਡੀਓ ਗੁੰਮਰਾਹਕੁੰਨ ਨਿਕਲਿਆ। ਵਾਇਰਲ ਵੀਡੀਓ ਭਗਵੰਤ ਮਾਨ ਦੇ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਦਾ ਹੈ ਅਤੇ ਵੀਡੀਓ ‘ਚ ਵਿਰੋਧ ਕਰਦੇ ਦਿੱਖ ਰਹੇ ਇਹ ਸਾਰੇ ਪੱਤਰਕਾਰ ਹਨ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।