ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਵਿੱਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਪੁਰਾਣਾ ਹੈ। ਪੁਰਾਣੇ ਵੀਡੀਓ ਨੂੰ ਪੰਜਾਬ ਦਾ ਹਾਲੀਆ ਮਾਮਲਾ ਦੱਸਦੇ ਹੋਏ ਗੁੰਮਰਾਹਕੁੰਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੋਸ਼ਲ ਮੀਡੀਆ ‘ਤੇ ਆਨੰਦ ਕਾਰਜ ਦਾ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਵਿਖਾਈ ਦੇ ਰਿਹਾ ਹੈ ਕਿ ਰਾਗੀ ਸਿੰਘ ਕੀਰਤਨ ਕਰਦੇ ਹਨ ਅਤੇ ਜੋੜੀ ਉਸ ਸਮੇਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਲਾਵਾਂ ਲੈਣ ਤੋਂ ਬਾਅਦ ਜ਼ਮੀਨ ‘ਤੇ ਬੈਠਣ ਦੀ ਬਜਾਏ ਕੁਰਸੀ ‘ਤੇ ਬੈਠ ਜਾਂਦੇ ਹਨ। ਹੁਣ ਇਸ ਵੀਡੀਓ ਨੂੰ ਹਾਲੀਆ ਦੱਸਦੇ ਹੋਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਪੰਜਾਬ ਦਾ ਵੀਡੀਓ ਹੈ।
ਵਿਸ਼ਵਾਸ ਨਿਊਜ਼ ਨੇ ਵਾਇਰਲ ਵੀਡੀਓ ਦੀ ਪੜਤਾਲ ਕੀਤੀ ਅਤੇ ਪਾਇਆ ਕਿ ਇਹ ਵੀਡੀਓ ਹਾਲ ਦਾ ਨਹੀਂ, ਬਲਕਿ ਸਾਲ 2019 ਦਾ ਕੈਨੇਡਾ ਦਾ ਹੈ। ਇਸ ਵੀਡੀਓ ਨੂੰ ਹੁਣ ਗੁੰਮਰਾਹਕੁੰਨ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
ਫੇਸਬੁੱਕ ਪੇਜ ” Punjab 21 Tv ” ਨੇ 1 ਜਨਵਰੀ ਨੂੰ ਵਾਇਰਲ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਹੈ ,”ਪੰਜਾਬ ਚ ਚੱਲਿਆ ਨਵਾਂ ਰਿਵਾਜ ਕੁਰਸੀਆਂ ਤੇ ਬੈਠ ਹੋਣ ਲੱਗੀਆਂ ਲਾਵਾਂ । #punjab21tv #punjab #interview #marriage#amritpalsingh
ਸੋਸ਼ਲ ਮੀਡਿਆ ‘ਤੇ ਕਈ ਯੂਜ਼ਰਸ ਨੇ ਇਸ ਵੀਡੀਓ ਨੂੰ ਮਿਲਦੇ – ਜੁਲਦੇ ਦਾਅਵਿਆਂ ਨਾਲ ਸ਼ੇਅਰ ਕੀਤਾ ਹੈ। ਪੋਸਟ ਦਾ ਆਰਕਾਈਵ ਲਿੰਕ ਇੱਥੇ ਦੇਖਿਆ ਜਾ ਸਕਦਾ ਹੈ।
ਵਾਇਰਲ ਵੀਡੀਓ ਦੀ ਜਾਂਚ ਕਰਨ ਲਈ, ਵਿਸ਼ਵਾਸ ਨਿਊਜ਼ ਨੇ ਗੂਗਲ ‘ਤੇ ਸੰਬੰਧਿਤ ਕੀਵਰਡਸ ਨਾਲ ਖੋਜ ਕੀਤੀ। ਸਾਨੂੰ ਇਹ ਵੀਡੀਓ ਕਈ ਥਾਵਾਂ ‘ਤੇ ਸਾਲ 2019 ਨੂੰ ਅਪਲੋਡ ਮਿਲਿਆ। sikhsiyasat.net ਦੀ ਵੈਬਸਾਈਟ ‘ਤੇ 8 ਜੁਲਾਈ 2019 ਨੂੰ ਪ੍ਰਕਾਸ਼ਿਤ ਖਬਰ ਵਿੱਚ ਵਾਇਰਲ ਵੀਡੀਓ ਦੇ ਸਕ੍ਰੀਨਸ਼ੋਟ ਦੀ ਵਰਤੋਂ ਕੀਤੀ ਗਈ ਸੀ। ਦਿੱਤੀ ਗਈ ਜਾਣਕਾਰੀ ਮੁਤਾਬਕ ,’ਓਨਟਾਰੀਓ ਗੁਰਦੁਆਰਾ ਕਮੇਟੀ (OGC) ਨੇ ਹਾਲਟਨ ਸਿੱਖ ਕਲਚਰਲ ਐਸੋਸੀਏਸ਼ਨ ਵਿਖੇ 4 ਜੁਲਾਈ, 2019 ਨੂੰ ਆਨੰਦ ਕਾਰਜ ਦੌਰਾਨ ਹੋਈ ਬੇਅਦਬੀ ਦੀ ਸਖ਼ਤ ਨਿੰਦਾ ਕੀਤੀ ਹੈ। ‘
ਮਾਮਲੇ ਨੂੰ ਲੈ ਕੇ Babushahi ਦੀ ਵੈਬਸਾਈਟ ‘ਤੇ ਵੀ ਇੱਕ ਖਬਰ ਮਿਲੀ। 6 ਜੁਲਾਈ 2019 ਨੂੰ ਪ੍ਰਕਾਸ਼ਿਤ ਖਬਰ ਵਿਚ ਵੀਡੀਓ ਦਾ ਸਕ੍ਰੀਨਸ਼ੋਟ ਸਾਂਝਾ ਕੀਤਾ ਗਿਆ ਸੀ। ਖਬਰ ਦਾ ਸਿਰਲੇਖ ਸੀ, “ਕੈਨੇਡਾ ਦੇ ਗੁਰਦੁਆਰੇ ‘ਚ ਹੋਏ ਵਿਆਹ ਦੇ ਤਰੀਕੇ ਦੀ ਹੋਈ ਨਿੰਦਾ -ਗੁਰਦਵਾਰਾ ਕਮੇਟੀ ਨੇ ਮੰਗੀ ਮਾਫ਼ੀ।”
ਸਰਚ ਦੌਰਾਨ ਫੇਸਬੁੱਕ ‘ਤੇ ਵੀ ਕਈ ਯੂਜ਼ਰਸ ਨੇ ਇਸ ਵੀਡੀਓ ਨੂੰ ਸਾਲ 2019 ਵਿੱਚ ਸ਼ੇਅਰ ਕੀਤਾ ਸੀ। ਫੇਸਬੁੱਕ ਪੇਜ Malaysian Sikh Sangat ਵਿੱਚ 6 ਜੁਲਾਈ 2019 ਨੂੰ ਮਾਮਲੇ ਨਾਲ ਜੁੜਿਆ ਇੱਕ ਪੋਸਟ ਸ਼ੇਅਰ ਕੀਤਾ ਮਿਲਿਆ ਜਿਸ ਵਿੱਚ ਵੀਡੀਓ ਦੇ ਸਕ੍ਰੀਨਸ਼ੋਟ ਨਾਲ ਹਾਲਟਨ ਸਿੱਖ ਕਲਚਰਲ ਐਸੋਸੀਏਸ਼ਨ ਵਲੋਂ ਜਾਰੀ ਇੱਕ ਲੈੱਟਰ ਸੀ।
ਕਈ ਨਿਊਜ਼ ਰਿਪੋਰਟਾਂ ਵਿੱਚ ਸਾਨੂੰ ਇਸ ਮਾਮਲੇ ਨੂੰ ਲੈ ਕੇ ਅਕਾਲ ਤਖਤ ਸਾਹਿਬ ਵੱਲੋਂ ਜਾਰੀ ਕੀਤਾ ਗਿਆ ਵਾਰੰਟ ਵੀ ਮਿਲਿਆ ਜਿਸਨੂੰ ਹੇਠਾਂ ਵੇਖਿਆ ਜਾ ਸਕਦਾ ਹੈ।
ਵੱਧ ਜਾਣਕਾਰੀ ਲਈ ਅਸੀਂ ਅਕਾਲ ਤਖਤ ਸਾਹਿਬ ਦੇ ਅਧਿਕਾਰਿਕ ਅਫਸਰਾਂ ਨਾਲ ਗੱਲ ਕੀਤੀ। ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਵੀਡੀਓ ਪੰਜਾਬ ਦਾ ਨਹੀਂ ਹੈ ਅਤੇ ਕੈਨੇਡਾ ਦਾ ਪੁਰਾਣਾ ਵੀਡੀਓ ਹੈ।
ਹੁਣ ਵਾਰੀ ਸੀ ਗੁੰਮਰਾਹਕੁੰਨ ਪੋਸਟ ਵਾਇਰਲ ਕਰਨ ਵਾਲੇ ਪੇਜ ਦੀ ਜਾਂਚ ਕਰਨ ਦੀ। ਫੇਸਬੁੱਕ ਪੇਜ Punjab 21 Tv ਦੀ ਸੋਸ਼ਲ ਸਕੈਨਿੰਗ ਤੋਂ ਪਤਾ ਲੱਗਾ ਹੈ ਕਿ ਪੇਜ ਨੂੰ 36 ਹਾਜ਼ਰ ਲੋਕ ਫੋਲੋ ਕਰਦੇ ਹਨ ਅਤੇ ਇਸ ਪੇਜ ਨੂੰ 16 ਮਈ 2021 ਨੂੰ ਬਣਾਇਆ ਗਿਆ ਹੈ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਵਿੱਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਪੁਰਾਣਾ ਹੈ। ਪੁਰਾਣੇ ਵੀਡੀਓ ਨੂੰ ਪੰਜਾਬ ਦਾ ਹਾਲੀਆ ਮਾਮਲਾ ਦੱਸਦੇ ਹੋਏ ਗੁੰਮਰਾਹਕੁੰਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।