Fact Check: ਨੋਇਡਾ ਵਿੱਚ ਟਵਿਨ ਟਾਵਰਾਂ ਦੇ ਢਾਹੇ ਜਾਣ ਦਾ ਵੀਡੀਓ ਸੀਰੀਆ ਦੇ ਭੂਚਾਲ ਦਾ ਦੱਸ ਕੇ ਹੋ ਰਿਹਾ ਵਾਇਰਲ

ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਪਤਾ ਲੱਗਾ ਕਿ ਸੀਰੀਆ ‘ਚ ਆਏ ਭਿਆਨਕ ਭੂਚਾਲ ਤੋਂ ਬਾਅਦ ਵਾਇਰਲ ਕੀਤਾ ਗਿਆ ਇੱਕ ਵੀਡੀਓ ਨੋਇਡਾ ਦਾ ਹੈ। ਇਸ ਦਾ ਭੂਚਾਲ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।

ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਤੁਰਕੀ ਅਤੇ ਸੀਰੀਆ ਵਿੱਚ ਆਏ ਭਿਆਨਕ ਭੂਚਾਲ ਦੇ ਬਾਅਦ ਸੋਸ਼ਲ ਮੀਡਿਆ ਦੇ ਵੱਖ-ਵੱਖ ਪਲੇਟਫਾਰਮਾਂ ਉੱਤੇ ਫਰਜ਼ੀ ਪੋਸਟਾਂ ਵਾਇਰਲ ਹੋ ਰਹੀਆਂ ਹਨ। ਪੁਰਾਣੀਆਂ ਤਸਵੀਰਾਂ ਅਤੇ ਵੀਡੀਓਜ਼ ਦੀ ਵਰਤੋਂ ਕਰ ਕੇ ਭਰਮ ਫੈਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੁਣ ਦੋ ਇਮਾਰਤਾਂ ਦੇ ਢਾਹੇ ਜਾਣ ਦੇ ਵੀਡੀਓ ਨੂੰ ਸੀਰੀਆ ਦੇ ਭੂਚਾਲ ਨਾਲ ਜੋੜਦੇ ਹੋਏ ਵਾਇਰਲ ਕੀਤਾ ਜਾ ਰਿਹਾ ਹੈ। ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਜਾਂਚ ਕੀਤੀ ਅਤੇ ਇਹ ਗੁੰਮਰਾਹਕੁੰਨ ਸਾਬਿਤ ਹੋਈ। ਵੀਡੀਓ ਯੂਪੀ ਦੇ ਨੋਇਡਾ ਦਾ ਨਿਕਲਿਆ, ਜਿੱਥੇ ਸੂਪਰਟੈਕ ਕੰਪਨੀ ਦੇ ਟਵਿਨ ਟਾਵਰਜ਼ ਨੂੰ 28 ਅਗਸਤ 2022 ਨੂੰ ਸੁਪਰੀਮ ਕੋਰਟ ਦੇ ਹੁਕਮਾਂ ਤਹਿਤ ਢਾਹ ਦਿੱਤਾ ਗਿਆ ਸੀ। ਇਸ ਦਾ ਸੀਰੀਆ ‘ਚ ਆਏ ਭੂਚਾਲ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।

ਕੀ ਹੋ ਰਿਹਾ ਹੈ ਵਾਇਰਲ

ਫੇਸਬੁੱਕ ਪੇਜ ‘ਦਿ ਅਪਨਾ ਇੰਡੀਆ‘ ਨੇ 7 ਫਰਵਰੀ ਨੂੰ ਇੱਕ ਵੀਡੀਓ ਅਪਲੋਡ ਕਰਦੇ ਹੋਏ ਦਾਅਵਾ ਕੀਤਾ, “Building collapse in Syria after Earthquake.”

ਕਈ ਹੋਰ ਲੋਕਾਂ ਨੇ ਮਿਲਦੇ-ਜੁਲਦੇ ਦਾਅਵਿਆਂ ਨਾਲ ਇਸ ਵੀਡੀਓ ਨੂੰ ਸਾਂਝਾ ਕੀਤਾ ਹੈ।

ਪੜਤਾਲ

ਵਿਸ਼ਵਾਸ ਨਿਊਜ਼ ਨੇ ਸੀਰੀਆ ਦੇ ਨਾਂ ਤੋਂ ਵਾਇਰਲ ਹੋ ਰਹੇ ਵੀਡੀਓ ਬਾਰੇ ਜਦੋਂ ਪਤਾ ਲਗਾਉਣਾ ਸ਼ੁਰੂ ਕੀਤਾ ਤਾਂ ਜਾਣਿਆ ਕਿ ਇਹ ਨੋਇਡਾ ਦਾ ਪੁਰਾਣਾ ਵੀਡੀਓ ਹੈ।ਪੜਤਾਲ ਦੀ ਸ਼ੁਰੂਆਤ ਇਨਵਿਡ ਟੂਲ ਨਾਲ ਕੀਤੀ। ਸਭ ਤੋਂ ਪਹਿਲਾਂ ਇਸ ਟੂਲ ਦੀ ਮਦਦ ਨਾਲ ਵਾਇਰਲ ਵੀਡੀਓ ਦੇ ਕਈ ਕੀ-ਫ੍ਰੇਮ ਕੱਢੇ ਗਏ। ਫਿਰ ਇਨ੍ਹਾਂ ਤਸਵੀਰਾਂ ਨੂੰ ਗੂਗਲ ਲੈਂਸ ਰਾਹੀਂ ਸਰਚ ਕੀਤਾ ਗਿਆ।ਇਸੇ ਵਾਇਰਲ ਵੀਡੀਓ ਨਾਲ ਜੁੜੇ ਕਈ ਵੀਡੀਓ ਸਾਨੂੰ ਯੂਟਿਊਬ ਚੈਨਲਾਂ ਅਤੇ ਵੈੱਬਸਾਈਟਾਂ ਉੱਪਰ ਮਿਲੇ। 28 ਅਗਸਤ 2022 ਨੂੰ ਗਾਰਜੀਅਨ ਨਿਊਜ਼ ਦੇ ਯੂਟਿਊਬ ਚੈਨਲ ਉੱਤੇ ਵੀਡੀਓ ਅਪਲੋਡ ਕਰਦੇ ਹੋਏ ਦੱਸਿਆ ਗਿਆ ਕਿ ਯੂਪੀ ‘ਚ 32 ਮੰਜ਼ਿਲਾਂ ਦੇ ਦੋ ਟਾਵਰ ਢਾਹ ਦਿੱਤੇ ਗਏ।

ਵਾਇਰਲ ਵੀਡੀਓ ਗੈਟੀ ਨਾਮ ਦੀ ਮਸ਼ਹੂਰ ਵੈੱਬਸਾਈਟ ‘ਤੇ ਵੀ ਮਿਲਿਆ ਜਿਥੇ ਦੁਨੀਆਂ ਭਰ ਦੀਆਂ ਜ਼ਰੂਰੀ ਖਬਰਾਂ ਨਾਲ ਜੁੜੀਆਂ ਤਸਵੀਰਾਂ ਅਤੇ ਵੀਡੀਓ ਮਿਲਦੇ ਹਨ। ਇਸ ਵਿੱਚ ਦੱਸਿਆ ਗਿਆ ਕਿ ਨੋਇਡਾ ਵਿੱਚ ਦੋ ਉੱਚੇ ਟਾਵਰਾਂ ਨੂੰ ਢਾਹੁਣ ਤੋਂ ਬਾਅਦ ਚਾਰੇ ਪਾਸੇ ਧੂੜ ਦਾ ਗੁਬਾਰ ਉੱਡਣ ਲੱਗਾ।

ਜਾਂਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਦੈਨਿਕ ਜਾਗਰਣ, ਨੋਇਡਾ, ਦੇ ਡਿਪਟੀ ਚੀਫ ਰਿਪੋਰਟਰ ਕੁੰਦਨ ਤਿਵਾਰੀ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਦੱਸਿਆ ਕਿ ਵਾਇਰਲ ਵੀਡੀਓ ਅਗਸਤ 2022 ਦਾ ਹੈ। ਟਵਿਨ ਟਾਵਰ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਢਾਹ ਦਿੱਤੇ ਗਏ ਸਨ। ਵੀਡੀਓ ਉਸ ਸਮੇਂ ਦਾ ਹੈ।

ਪੜਤਾਲ ਦੇ ਅੰਤ ‘ਚ ਫਰਜ਼ੀ ਪੋਸਟ ਕਰਨ ਵਾਲੇ ਯੂਜ਼ਰ ਦੀ ਜਾਂਚ ਕੀਤੀ ਗਈ। ਫੇਸਬੁੱਕ ਪੇਜ ‘ਦਿ ਅਪਨਾ ਇੰਡੀਆ’ ਜੰਮੂ-ਕਸ਼ਮੀਰ ਤੋਂ ਚੱਲਦਾ ਹੈ। ਇਸ ਨੂੰ ਫੌਲੋ ਕਰਨ ਵਾਲਿਆਂ ਦੀ ਗਿਣਤੀ 12 ਹਜ਼ਾਰ ਤੋਂ ਵੱਧ ਹੈ।

ਨਤੀਜਾ: ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਪਤਾ ਲੱਗਾ ਕਿ ਸੀਰੀਆ ‘ਚ ਆਏ ਭਿਆਨਕ ਭੂਚਾਲ ਤੋਂ ਬਾਅਦ ਵਾਇਰਲ ਕੀਤਾ ਗਿਆ ਇੱਕ ਵੀਡੀਓ ਨੋਇਡਾ ਦਾ ਹੈ। ਇਸ ਦਾ ਭੂਚਾਲ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts