ਵਿਸ਼ਵਾਸ ਨਿਊਜ ਨੇ ਪੜਤਾਲ ਵਿਚ ਪਾਇਆ ਕਿ ਸੋਸ਼ਲ ਮੀਡਿਆ ‘ਤੇ ਵਾਇਰਲ ਹੋ ਰਿਹਾ ਵੀਡੀਓ ਦਰਬਾਰ ਸਾਹਿਬ ਸਾਹਮਣੇ ਲਾਏ ਕਿਸੇ ਧਰਨੇ ਦਾ ਨਹੀਂ ਹੈ, ਸੰਗੋ ਇਹ ਵੀਡੀਓ ਬ੍ਰਹਮਕੁਮਾਰੀ ਸੰਸਥਾ ਦੇ ਲੋਕਾਂ ਦਾ ਹੈ ਜਿਨ੍ਹਾਂ ਨੇ ਨਸ਼ਿਆਂ ਖਿਲਾਫ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਦੁਰਗਿਆਣਾ ਮੰਦਿਰ ਤੱਕ ਜਾਗਰੂਕਤਾ ਰੈਲੀ ਕੱਢੀ ਸੀ। ਵੀਡੀਓ ਨੂੰ ਗ਼ਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਕੀਤਾ ਜਾ ਰਿਹਾ ਹੈ, ਜਿਸ ਵਿੱਚ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਬਾਹਰਲੇ ਪਰਿਸਰ ‘ਚ ਚਿੱਟੀ ਸਾੜੀਆਂ ਵਿੱਚ ਕੁਝ ਔਰਤਾਂ ਨੂੰ ਹੱਥ ਵਿੱਚ ਨਸ਼ਿਆਂ ਖਿਲਾਫ ਬੈਨਰ ਫੜੇ ਹੋਏ ਦੇਖਿਆ ਜਾ ਸਕਦਾ ਹੈ। ਹੁਣ ਕੁਝ ਸੋਸ਼ਲ ਮੀਡਿਆ ਯੂਜ਼ਰਸ ਇਸ ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕਰ ਰਹੇ ਹਨ ਕਿ ਇਹ ਵੀਡੀਓ ਦਰਬਾਰ ਸਾਹਿਬ ਵਿਖੇ ਲੋਕਾਂ ਵਲੋਂ ਨਸ਼ਿਆਂ ਖਿਲਾਫ ਦਿੱਤੇ ਗਏ ਧਰਨੇ ਦਾ ਹੈ।
ਵਿਸ਼ਵਾਸ ਨਿਊਜ ਦੀ ਜਾਂਚ ਵਿੱਚ ਵਾਇਰਲ ਦਾਅਵਾ ਗ਼ਲਤ ਨਿਕਲਿਆ। ਜਾਂਚ ਵਿੱਚ ਪਾਇਆ ਗਿਆ ਕਿ ਸੋਸ਼ਲ ਮੀਡਿਆ ‘ਤੇ ਵਾਇਰਲ ਹੋ ਰਿਹਾ ਵੀਡੀਓ ਦਰਬਾਰ ਸਾਹਿਬ ਸਾਹਮਣੇ ਲਾਏ ਧਰਨੇ ਦਾ ਨਹੀਂ ਹੈ, ਸੰਗੋ ਬ੍ਰਹਮਕੁਮਾਰੀ ਸੰਸਥਾ ਦੇ ਲੋਕਾਂ ਦਾ ਹੈ ਜਿਨ੍ਹਾਂ ਨੇ ਨਸ਼ਿਆਂ ਖਿਲਾਫ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਦੁਰਗਿਆਣਾ ਮੰਦਿਰ ਤੱਕ ਜਾਗਰੂਕਤਾ ਰੈਲੀ ਕੱਢੀ ਸੀ। ਵੀਡੀਓ ਨੂੰ ਹੁਣ ਗ਼ਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਫੇਸਬੁੱਕ ਪੇਜ ‘Dhan Baba Budha Ji Group’ ਨੇ 1 ਜੂਨ ਨੂੰ ਤਸਵੀਰ ਨੂੰ ਸਾਂਝਾ ਕਰਦਿਆਂ ਲਿਖਿਆ ਹੈ, “ਸਿੱਖਾਂ ਦੇ ਵਿਰੁੱਧ ਸੋਚੀ ਸਮਝੀ ਸਾਜਿਸ਼ ,
ਕੁੱਝ ਨਹੀ ਪਤਾ ਆਖਿਰ ਇਹ ਕਿਹੜੀ ਸੰਸਥਾ ਨਾਲ ਸੰਬੰਧਤ ਹਨ ?
ਸਿੱਖਾਂ ਦੇ ਖ਼ਿਲਾਫ਼ ਇਹ ਬਿਰਤਾਂਤ ਕੌਣ ਤੇ ਕਿਉਂ ਰੱਚਿਆ ਜਾ ਰਿਹਾ?
ਸਰਕਾਰਾਂ ਨੇ ਕੁੱਝ ਨਹੀ ਕਰਨਾ ਸਾਨੂੰ ਆਪ ਨੂੰ ਹੀ ਹੱਥ-ਪੱਲਾ ਮਾਰਨਾ ਪੈਣਾ।
ਦਰਬਾਰ ਸਾਹਿਬ ਵਿੱਚ ਸ਼ਹੀਦੀ ਦਿਨ ਚੱਲ ਰਹੇ ਹੈ ਤੇ ਇਹ ਲੋਕ ਸਾਜ਼ਿਸ਼ਾਂ ਕਰਨ ਤੋਂ ਨਹੀ ਹਟਦੇ।”
ਵੀਡੀਓ ਵਿੱਚ ਲਿਖਿਆ ਹੈ: ਆਹ ਦੇਖਲੋ , ਅੱਜ ਦੀ ਕਰਤੂਤ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਬਾਹਰ ਪ੍ਰੋਟੈਸਟ ਕਰਨ ਆਏ ਸੀ , ਕਿ ਪੰਜਾਬ ਵਿੱਚ ਨਸ਼ੇ ਬੰਦ ਕਰੋ ਇਹਨਾਂ ਵਿੱਚ ਸਿਖਾਂ ਖਿਲਾਫ ਐਵੇਂ ਪਰਚਾਰਿਆ ਜਾ ਰਿਹਾ ਹੈ ਕਿ ਸਿੱਖ ਨਸ਼ਾ ਵੇਚਦੇ ਹਨ। ਸਭ ਸਰਕਾਰਾਂ ਕਰਵਾ ਰਹੀਆਂ ਸ਼ਹੀਦੀ ਦਿਹਾੜੇ ਚੱਲ ਰਹੇ ਨੇ 1984 ਵਿੱਚ ਇਹਨਾਂ ਵਿੱਚ ਇੰਨੀ ਜਿਆਦਾ ਫੋਰਸ ਲਗਾਈ ਗਈ ਸੀ ਤੇ ਅੱਜ ਫੇਰ ਉਹੀ ਕੁਝ ਵਾਪਰਨ ਕੰਡੇ ਹੈ।”
ਪੋਸਟ ਦੇ ਆਰਕਾਈਵ ਲਿੰਕ ਨੂੰ ਇੱਥੇ ਵੇਖਿਆ ਜਾ ਸਕਦਾ ਹੈ।
ਵਾਇਰਲ ਵੀਡੀਓ ਦੀ ਪੜਤਾਲ ਲਈ ਅਸੀਂ ਸੰਬੰਧਿਤ ਕੀਵਰਡ ਨਾਲ ਗੂਗਲ ‘ਤੇ ਸਰਚ ਕੀਤਾ। ਸਰਚ ਦੌਰਾਨ ਸਾਨੂੰ ਵਾਇਰਲ ਵੀਡੀਓ ਨਾਲ ਜੁੜੀ ਰਿਪੋਰਟ ‘ਮਧੂਬਨ ਨਿਊਜ’ ਨਾਮ ਦੇ ਵੇਰੀਫਾਈਡ ਯੂਟਿਊਬ ਚੈਨਲ ‘ਤੇ 4 ਜੂਨ 2023 ਨੂੰ ਅਪਲੋਡ ਮਿਲੀ। ਵੀਡੀਓ ਵਿੱਚ ਵਾਇਰਲ ਵੀਡੀਓ ਨਾਲ ਮਿਲਦੇ-ਜੁਲਦੇ ਦ੍ਰਿਸ਼ ਨੂੰ ਦੇਖਿਆ ਜਾ ਸਕਦਾ ਹੈ। ਦਿੱਤੀ ਜਾਣਕਾਰੀ ਮੁਤਾਬਿਕ, “ਨਸ਼ਾ ਮੁਕਤ ਅਭਿਆਨ ਦੀ ਪੰਜਾਬ ਵਿੱਚ ਸ਼ੁਰੂਆਤ ਹੋਈ। ਸ਼ਹਿਰ ਦੇ ਡੀਸੀ ਅਮਿਤ ਤਲਵਾਰ ਨੇ ਝੰਡੀ ਦਿਖਾ ਕੇ ਅਭਿਆਨ ਦੀ ਸ਼ੁਰੂਆਤ ਕੀਤੀ। ਨਸ਼ੇ ਦੇ ਖਿਲਾਫ ਲੋਕਾਂ ਨੂੰ ਜਾਗਰੂਕ ਕਰਨ ਲਈ ਕੱਢੀ ਗਈ ਇਹ ਯਾਤਰਾ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ੁਰੂ ਹੋ ਕੇ ਦੁਰਗਿਆਣਾ ਮੰਦਿਰ ‘ਤੇ ਖਤਮ ਹੋਈ।” ਸਾਨੂੰ ਖਬਰ ਵਿੱਚ ਕੀਤੇ ਵੀ ਪ੍ਰੋਟੇਸਟ ਕਰਨ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਮਿਲੀ। ਪੂਰੀ ਵੀਡੀਓ ਨੂੰ ਇੱਥੇ ਦੇਖਿਆ ਜਾ ਸਕਦਾ ਹੈ।
ਵਾਇਰਲ ਵੀਡੀਓ ਨਾਲ ਜੁੜੀ ਰਿਪੋਰਟ ਨੂੰ ‘ਪੀਸ ਨਿਊਜ਼ ਗੋਡਲੀਵੁਡ’ ਦੇ ਯੂਟਿਊਬ ਚੈਨਲ ‘ਤੇ ਵੀ ਦੇਖਿਆ ਜਾ ਸਕਦਾ ਹੈ। ਇੱਥੇ ਦੀ ਗਈ ਜਾਣਕਾਰੀ ਮੁਤਾਬਿਕ, ਵਿਸ਼ਵ ਤੰਬਾਕੂ ਨਿਸ਼ੇਧ ਦਿਵਸ ਦੇ ਮੌਕੇ ‘ਤੇ ਅੰਮ੍ਰਿਤਸਰ ‘ਚ ਲੌਰੈਂਸ ਰੋਡ ਸੇਵਾ ਕੇਂਦਰ ਵਲੋਂ ਨਸ਼ਾ ਮੁਕਤ ਭਾਰਤ ਅਭਿਆਨ ਦਾ ਆਗਾਜ਼ ਉਪ ਆਯੁਕਤ ਅਮਿਤ ਤਲਵਾਰ ਨੇ ਕੀਤਾ। ਨਸ਼ੇ ਖਿਲਾਫ ਕੱਢੀ ਗਈ ਇਸ ਰੈਲੀ ਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ੁਰੂ ਕਰ ਕੇ ਦੁਰਗਿਆਣਾ ਮੰਦਿਰ ‘ਤੇ ਸਮਾਪਨ ਕੀਤਾ ਗਿਆ।” ਇੱਥੇ ਵੀ ਸਾਨੂੰ ਪ੍ਰੋਟੇਸਟ ਨਾਲ ਜੁੜੀ ਕੋਈ ਜਾਣਕਾਰੀ ਨਹੀਂ ਮਿਲੀ। ਵੀਡੀਓ ਰਿਪੋਰਟ ਵਿੱਚ ਵਾਇਰਲ ਵੀਡੀਓ ਨਾਲ ਜੁੜੀ ਖਬਰ ਨੂੰ ਅੱਠ ਮਿੰਟ 7 ਸੈਕੰਡ ਤੋਂ ਲੈ ਕੇ ਨੌ ਮਿੰਟ 20 ਸੈਕੰਡ ਤੱਕ ਦੇਖਿਆ ਜਾ ਸਕਦਾ ਹੈ।
ਜਾਣਕਾਰੀ ਲਈ ਅਸੀਂ ਅੰਮ੍ਰਿਤਸਰ ਦੇ ਰਿਪੋਰਟਰ ਅਮ੍ਰਿਤਪਾਲ ਸਿੰਘ ਨਾਲ ਗੱਲ ਕੀਤੀ। ਉਨ੍ਹਾਂ ਨਾਲ ਵਾਇਰਲ ਪੋਸਟ ਨੂੰ ਸ਼ੇਅਰ ਕੀਤਾ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਵੀਡੀਓ ਨਸ਼ੇ ਖਿਲਾਫ ਕੱਢੀ ਗਈ ਜਾਗਰੂਕਤਾ ਰੈਲੀ ਦਾ ਹੈ। ਬ੍ਰਹਮਕੁਮਾਰੀ ਸੰਸਥਾ ਵਲੋਂ ਸਮੇਂ-ਸਮੇਂ ‘ਤੇ ਕਈ ਅਜਿਹੇ ਅਭਿਆਨ ਚਲਾਏ ਜਾਂਦੇ ਹਨ।
ਵਾਇਰਲ ਵੀਡੀਓ ਨੂੰ ਲੈ ਕੇ ਅਸੀਂ ਇਸ ਸੰਸਥਾ ਦੇ ਅੰਮ੍ਰਿਤਸਰ ਦਫਤਰ ‘ਚ ਸੰਪਰਕ ਕੀਤਾ। ਸਾਡੀ ਗੱਲ ਸੰਸਥਾ ਦੇ ਮੁਲਾਜ਼ਮ ਗੁਰਸ਼ਰਨ ਨਾਲ ਹੋਈ। ਉਨ੍ਹਾਂ ਨੇ ਵਾਇਰਲ ਦਾਅਵੇ ਦਾ ਖੰਡਨ ਕੀਤਾ ਅਤੇ ਦੱਸਿਆ, “ਵਾਇਰਲ ਦਾਅਵਾ ਬਿਲਕੁਲ ਗਲਤ ਹੈ। ਅਸੀਂ ਸਿੱਖਾਂ ਖਿਲਾਫ ਕੋਈ ਪ੍ਰਦਰਸ਼ਨ ਨਹੀਂ ਕੀਤਾ ਹੈ। ਇਹ ਸਾਡਾ ਪੂਰੇ ਭਾਰਤ ‘ਚ ਚਲ ਰਿਹਾ ਇੱਕ ਅਭਿਆਨ ਹੈ। ਇਸ ਨਸ਼ਾ ਮੁਕਤੀ ਮੁਹਿੰਮ ਤਹਿਤ ਸ੍ਰੀ ਦਰਬਾਰ ਸਾਹਿਬ ਤੋਂ ਦੁਰਗਿਆਣਾ ਮੰਦਿਰ ਤੱਕ ਇੱਕ ਯਾਤਰਾ ਕੱਢੀ ਗਈ ਸੀ, ਜਿਸ ਵਿੱਚ ਅਸੀਂ ਲੋਕਾਂ ਨੂੰ ਨਸ਼ਾ ਛੱਡਣ ਲਈ ਪ੍ਰੇਰਿਤ ਕੀਤਾ।” ਉਨ੍ਹਾਂ ਨੇ ਸਾਡੇ ਨਾਲ ਕੁਝ ਤਸਵੀਰਾਂ ਵੀ ਸ਼ੇਅਰ ਕੀਤੀ ਹੈ।
ਪੜਤਾਲ ਦੇ ਅੰਤ ਵਿੱਚ ਅਸੀਂ ਵੀਡੀਓ ਨੂੰ ਗ਼ਲਤ ਦਾਅਵੇ ਨਾਲ ਸ਼ੇਅਰ ਕਰਨ ਵਾਲੇ ਪੇਜ ਦੀ ਜਾਂਚ ਕੀਤੀ। ਜਾਂਚ ਵਿੱਚ ਪਤਾ ਲੱਗਿਆ ਕਿ ਇਸ ਪੇਜ ਦੇ 93 ਹਜਾਰ ਤੋਂ ਵੱਧ ਮੇਂਬਰ ਹੈ ਅਤੇ ਇਸ ਪੇਜ ਨੂੰ 21 ਮਈ 2020 ਨੂੰ ਬਣਾਇਆ ਗਿਆ ਹੈ।
ਨਤੀਜਾ: ਵਿਸ਼ਵਾਸ ਨਿਊਜ ਨੇ ਪੜਤਾਲ ਵਿਚ ਪਾਇਆ ਕਿ ਸੋਸ਼ਲ ਮੀਡਿਆ ‘ਤੇ ਵਾਇਰਲ ਹੋ ਰਿਹਾ ਵੀਡੀਓ ਦਰਬਾਰ ਸਾਹਿਬ ਸਾਹਮਣੇ ਲਾਏ ਕਿਸੇ ਧਰਨੇ ਦਾ ਨਹੀਂ ਹੈ, ਸੰਗੋ ਇਹ ਵੀਡੀਓ ਬ੍ਰਹਮਕੁਮਾਰੀ ਸੰਸਥਾ ਦੇ ਲੋਕਾਂ ਦਾ ਹੈ ਜਿਨ੍ਹਾਂ ਨੇ ਨਸ਼ਿਆਂ ਖਿਲਾਫ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਦੁਰਗਿਆਣਾ ਮੰਦਿਰ ਤੱਕ ਜਾਗਰੂਕਤਾ ਰੈਲੀ ਕੱਢੀ ਸੀ। ਵੀਡੀਓ ਨੂੰ ਗ਼ਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।