ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਪਤਾ ਚੱਲਿਆ ਕਿ ਵਾਇਰਲ ਪੋਸਟ ਵਿੱਚ ਕੀਤਾ ਜਾ ਰਿਹਾ ਦਾਅਵਾ ਗ਼ਲਤ ਹੈ। ਪਿੰਡ ਵਾਸੀਆਂ ਦੇ ਆਪਸੀ ਝਗੜੇ ਦੀ ਵੀਡੀਓ ਨੂੰ ਵਿਧਾਇਕ ਦੀ ਕੁੱਟਮਾਰ ਦਾ ਦੱਸਦੇ ਹੋਏ ਸ਼ੇਅਰ ਕੀਤਾ ਜਾ ਰਿਹਾ ਹੈ। ਵੀਡੀਓ ਸਾਲ 2020 ਤੋਂ ਇੰਟਰਨੈੱਟ ‘ਤੇ ਮੌਜੂਦ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਕ ਮਿੰਟ 36 ਸੈਕਿੰਡ ਦੇ ਇਸ ਵੀਡੀਓ ‘ਚ ਕੁਝ ਲੋਕ ਕਿਸੇ ਦਫਤਰ ‘ਚ ਦਾਖਲ ਹੁੰਦੇ ਹੋਏ ਅਤੇ ਉੱਥੇ ਮੌਜੂਦ ਲੋਕਾਂ ਨਾਲ ਕੁੱਟਮਾਰ ਕਰਦੇ ਹੋਏ ਦੇਖੇ ਜਾ ਸਕਦੇ ਹਨ। ਕੁਝ ਸੋਸ਼ਲ ਮੀਡੀਆ ਯੂਜ਼ਰਸ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਦਾਅਵਾ ਕਰ ਰਹੇ ਹਨ ਕਿ ਹਰਿਆਣਾ ਵਿੱਚ ਇੱਕ ਵਿਧਾਇਕ ਨੂੰ ਲੋਕਾਂ ਨੇ ਕੁੱਟ ਦਿੱਤਾ ਹੈ।
ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਇਹ ਦਾਅਵਾ ਗ਼ਲਤ ਪਾਇਆ ਗਿਆ। ਵਾਇਰਲ ਵੀਡੀਓ ਹਾਲ ਦੀ ਕਿਸੇ ਘਟਨਾ ਨਾਲ ਸਬੰਧਿਤ ਨਹੀਂ ਹੈ, ਸਗੋਂ ਪੁਰਾਣਾ ਹੈ। ਵੀਡੀਓ ਕਰਨਾਲ ਦੇ ਮੂਨਕ ਸਥਿਤ ਐਸ.ਡੀ.ਓ ਦਫ਼ਤਰ ਵਿੱਚ ਜੁਲਾਈ ਮਹੀਨੇ ਹੋਈ ਲੜਾਈ ਦਾ ਹੈ। ਜਿਸ ਨੂੰ ਹੁਣ ਗ਼ਲਤ ਦਾਅਵੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ।
ਫੇਸਬੁੱਕ ਯੂਜ਼ਰ ਚੌਧਰੀ ਰਹੀਸ਼ ਮਨਦੌਰ ਨੇ 3 ਅਪ੍ਰੈਲ ਨੂੰ ਵੀਡੀਓ ਅਪਲੋਡ ਕਰਦੇ ਹੋਏ ਦਾਅਵਾ ਕੀਤਾ ਹੈ, “ਹਰਿਆਣਾ ਵਿੱਚ ਵਿਧਾਇਕ ਦੀ ਜਨਤਾ ਧੁਨਾਈ ਕਰਦੀ ਹੋਈ। ਜੇ ਜਨਤਾ ਚੁਣ ਸਕਦੀ ਹੈ, ਤਾਂ ਕੁੱਟ ਵੀ ਸਕਦੀ ਹੈ। ਆਉਣ ਵਾਲੇ ਸਮੇਂ ਵਿੱਚ ਸਾਡੇ ਕੰਮ ਵਿੱਚ ਵੀ ਇਹੋ ਜਿਹੀ ਸਥਿਤੀ ਬਣ ਸਕਦੀ ਹੈ, ਜੇਕਰ ਇਹਨਾਂ ਦਲਾਲਾਂ ਨੇ ਚੰਗਾ ਕੰਮ ਨਾ ਕੀਤਾ ਤਾਂ ਜਨਤਾ ਅਪਣਾ 5 ਸਾਲਾਂ ਦਾ ਹਿਸਾਬ ਜ਼ਰੂਰ ਲਵੇਗੀ।
ਵਾਇਰਲ ਪੋਸਟ ਦਾ ਆਰਕਾਈਵ ਲਿੰਕ ਇੱਥੇ ਦੇਖੋ।
ਵਾਇਰਲ ਵੀਡੀਓ ਦੀ ਜਾਂਚ ਕਰਨ ਲਈ ਸਭ ਤੋਂ ਪਹਿਲਾਂ ਇਨਵਿਡ ਟੂਲ ਦੀ ਮਦਦ ਨਾਲ ਕਈ ਗਰੈਬਸ ਕੱਢੇ । ਫਿਰ ਇਹਨਾਂ ਨੂੰ ਗੂਗਲ ਲੈਂਸ ਟੂਲ ਦੀ ਮਦਦ ਨਾਲ ਸਰਚ ਕੀਤਾ। ਇਸ ਦੌਰਾਨ ਸਾਨੂੰ 22 ਜੁਲਾਈ 2020 ਨੂੰ ਦੈਨਿਕ ਜਾਗਰਣ ਦੀ ਵੈੱਬਸਾਈਟ ‘ਤੇ ਵਾਇਰਲ ਵੀਡੀਓ ਨਾਲ ਸਬੰਧਿਤ ਇੱਕ ਰਿਪੋਰਟ ਪ੍ਰਕਾਸ਼ਿਤ ਮਿਲੀ। ਪ੍ਰਕਾਸ਼ਿਤ ਖਬਰ ਵਿੱਚ ਵਾਇਰਲ ਵੀਡੀਓ ਦੇ ਸਕਰੀਨ ਸ਼ਾਟ ਨੂੰ ਵਰਤਿਆ ਗਿਆ ਸੀ। ਖਬਰ ਵਿੱਚ ਦਿੱਤੀ ਗਈ ਜਾਣਕਾਰੀ ਅਨੁਸਾਰ, “ਮੂਨਕ ਸਥਿਤ ਬਿਜਲੀ ਨਿਗਮ ਦੇ ਦਫ਼ਤਰ ਵਿੱਚ ਖੂਬ ਕੁੱਟਮਾਰ ਅਤੇ ਕੁਰਸੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਗਗਸੀਨਾ ਵਿੱਚ ਬਿਜਲੀ ਦੀ ਲਾਈਨ ਪਾਈ ਜਾ ਰਹੀ ਹੈ, ਜੋ ਕਿਸੇ ਦੇ ਖੇਤ ਦੇ ਅੰਦਰ ਤੋਂ ਜਾ ਰਹੀ ਹੈ। ਇਸਦੀ ਸ਼ਿਕਾਇਤ ਨੂੰ ਲੈ ਕੇ ਪਿੰਡ ਗੱਗਸੀਨਾ ਦੇ ਕੁਝ ਲੋਕ ਬਿਜਲੀ ਵਿਭਾਗ ਦੇ ਦਫ਼ਤਰ ਪੁੱਜੇ। ਜਿੱਥੇ ਐਸ.ਡੀ.ਓ ਨੂੰ ਦਸਤਾਵੇਜ਼ ਦਿਖਾਏ ਗਏ। ਐਸ.ਡੀ.ਓ ਨੇ ਠੇਕੇਦਾਰ ਨੂੰ ਇਹ ਤੱਕ ਕਹਿ ਦਿੱਤਾ ਕਿ ਬਿਜਲੀ ਦੀ ਲਾਈਨ ਗਲਤ ਜਾ ਰਹੀ ਹੈ। ਇਸਨੂੰ ਉੱਥੋਂ ਹਟਾਓ, ਪਰ ਐਸ.ਡੀ.ਓ ਦੇ ਦਫ਼ਤਰ ਵਿੱਚ ਪੰਜ ਲੋਕ ਦਾਖਲ ਹੁੰਦੇ ਹਨ ਅਤੇ ਸ਼ਿਕਾਇਤ ਲੈ ਕੇ ਆਏ ਲੋਕਾਂ ਨਾਲ ਲੱਤ-ਕਸੁੰਨ ਅਤੇ ਕੁਰਸੀ ਨਾਲ ਕੁੱਟਮਾਰ ਕਰਨਾ ਸ਼ੁਰੂ ਕਰ ਦਿੰਦੇ ਹਨ। ਇੱਥੇ ਪੂਰੀ ਖ਼ਬਰ ਪੜ੍ਹੋ।
ਇਸ ਦੌਰਾਨ ਸਾਨੂੰ ‘ਜ਼ੀ ਪੰਜਾਬ ਹਰਿਆਣਾ ਹਿਮਾਚਲ’ ਦੇ ਵੇਰੀਫਾਈਡ ਯੂਟਿਊਬ ਚੈਨਲ ‘ਤੇ 22 ਜੁਲਾਈ 2020 ਨੂੰ ਵਾਇਰਲ ਵੀਡੀਓ ਨਾਲ ਸਬੰਧਿਤ ਵੀਡੀਓ ਰਿਪੋਰਟ ਅੱਪਲੋਡ ਮਿਲੀ। ਰਿਪੋਰਟ ‘ਚ ਦੱਸਿਆ ਗਿਆ ਕਿ ਕਰਨਾਲ ਦੇ ਮੂਨਕ ‘ਚ ਸਥਿਤ ਬਿਜਲੀ ਨਿਗਮ ਦੇ ਐੱਸ.ਡੀ.ਓ ਦਫਤਰ ‘ਚ ਲੱਤ-ਕਸੁੰਨ ਚੱਲੇ। ਸਾਨੂੰ ਵੀਡੀਓ ਵਿੱਚ ਕਿਤੇ ਵੀ ਵਿਧਾਇਕ ਦੀ ਕੁੱਟਮਾਰ ਸਬੰਧੀ ਕੋਈ ਜਾਣਕਾਰੀ ਨਹੀਂ ਮਿਲੀ। ਇੱਥੇ ਵੀਡੀਓ ਦੇਖੋ।
ਵਾਇਰਲ ਵੀਡੀਓ ਨਾਲ ਸਬੰਧਿਤ ਰਿਪੋਰਟ ਇੰਡੀਆ ਟੀਵੀ ਦੇ ਵੈਰੀਫਾਈਡ ਯੂਟਿਊਬ ਚੈਨਲ ‘ਤੇ ਵੀ ਦੇਖੀ ਜਾ ਸਕਦੀ ਹੈ। 23 ਜੁਲਾਈ 2020 ਨੂੰ ਅੱਪਲੋਡ ਵੀਡੀਓ ਵਿੱਚ ਉਹ ਹੀ ਜਾਣਕਾਰੀ ਸ਼ੇਅਰ ਕੀਤੀ ਗਈ ਹੈ, ਜੋ ਦੂਜੀਆਂ ਨਿਊਜ਼ ਰਿਪੋਰਟਸ ਵਿੱਚ ਹੈ।
ਵਧੇਰੇ ਜਾਣਕਾਰੀ ਲਈ ਅਸੀਂ ਦੈਨਿਕ ਜਾਗਰਣ ਘਰੌਂਡਾ ਦੇ ਰਿਪੋਰਟਰ ਸੁਸ਼ੀਲ ਕੌਸ਼ਿਕ ਨਾਲ ਸੰਪਰਕ ਕੀਤਾ। ਉਨ੍ਹਾਂ ਦੇ ਨਾਲ ਪੋਸਟ ਦਾ ਲਿੰਕ ਸਾਂਝਾ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ, “ਇਹ ਘਟਨਾ ਕਰਨਾਲ ਦੇ ਗਗਸੀਨਾ ਪਿੰਡ ਦੀ ਹੈ। ਗਗਸੀਨਾ ਪਿੰਡ ਦੇ ਕੁਝ ਲੋਕ ਸ਼ਿਕਾਇਤ ਲੈ ਕੇ ਐਸ.ਡੀ.ਓ ਦਫ਼ਤਰ ਪੁੱਜੇ ਸਨ, ਜਿਸ ਤੋਂ ਬਾਅਦ ਪਿੰਡ ਦੇ ਇੱਕ ਦੂੱਜੇ ਗੁੱਟ ਦੇ ਲੋਕਾਂ ਨੇ ਦਫ਼ਤਰ ਵਿੱਚ ਦਾਖ਼ਲ ਹੋ ਕੇ ਉਨ੍ਹਾਂ ਦੀ ਕੁੱਟਮਾਰ ਦਿੱਤੀ। ਮਾਮਲਾ ਆਪਸੀ ਦੁਸ਼ਮਣੀ ਦਾ ਸੀ ਅਤੇ ਵਿਧਾਇਕ ਵਾਲੀ ਗੱਲ ਪੂਰੀ ਤਰ੍ਹਾਂ ਗਲਤ ਹੈ।”
ਇਹ ਵੀਡੀਓ ਪਹਿਲਾਂ ਹੀ ਵਾਇਰਲ ਹੋ ਚੁੱਕੀ ਹੈ। ਵਿਸ਼ਵਾਸ ਨਿਊਜ਼ ਨੇ ਇਸ ਦੀ ਜਾਂਚ ਕੀਤੀ। ਤੁਸੀਂ ਸਾਡੀ ਪਹਿਲੀ ਜਾਂਚ ਇੱਥੇ ਪੜ੍ਹ ਸਕਦੇ ਹੋ।
ਜਾਂਚ ਦੇ ਅੰਤ ਵਿੱਚ ਅਸੀਂ ਫੇਸਬੁੱਕ ਯੂਜ਼ਰ ਚੌਧਰੀ ਰਹੀਸ਼ ਮਨਦੌਰ ਦੀ ਜਾਂਚ ਕੀਤੀ। ਅਸੀਂ ਪਾਇਆ ਕਿ ਯੂਜ਼ਰ ਕਾਮਾਂ, ਰਾਜਸਥਾਨ ਦਾ ਰਹਿਣ ਵਾਲਾ ਹੈ। ਫੇਸਬੁੱਕ ‘ਤੇ ਯੂਜ਼ਰ ਨੂੰ 851 ਲੋਕ ਫੋਲੋ ਕਰਦੇ ਹਨ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਪਤਾ ਚੱਲਿਆ ਕਿ ਵਾਇਰਲ ਪੋਸਟ ਵਿੱਚ ਕੀਤਾ ਜਾ ਰਿਹਾ ਦਾਅਵਾ ਗ਼ਲਤ ਹੈ। ਪਿੰਡ ਵਾਸੀਆਂ ਦੇ ਆਪਸੀ ਝਗੜੇ ਦੀ ਵੀਡੀਓ ਨੂੰ ਵਿਧਾਇਕ ਦੀ ਕੁੱਟਮਾਰ ਦਾ ਦੱਸਦੇ ਹੋਏ ਸ਼ੇਅਰ ਕੀਤਾ ਜਾ ਰਿਹਾ ਹੈ। ਵੀਡੀਓ ਸਾਲ 2020 ਤੋਂ ਇੰਟਰਨੈੱਟ ‘ਤੇ ਮੌਜੂਦ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।