ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਭਗਵੰਤ ਮਾਨ ਨਾਲ ਜੁੜੀ ਵਾਇਰਲ ਪੋਸਟ ਗੁੰਮਰਾਹਕੁੰਨ ਸਾਬਿਤ ਹੋਈ। ਉਨ੍ਹਾਂ ਬਾਰੇ ਛੇ ਸਾਲ ਪੁਰਾਣੀ ਇੱਕ ਖ਼ਬਰ ਨੂੰ ਹੁਣ ਜਾਣਬੁੱਝ ਕੇ ਉਨ੍ਹਾਂ ਦੇ ਖਿਲਾਫ ਦੁਰਪ੍ਰਚਾਰ ਦੇ ਇਰਾਦੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਦਿੱਲੀ ਸਰਕਾਰ ਦੇ ਸਾਬਕਾ ਮੰਤਰੀ ਮਨੀਸ਼ ਸਿਸੋਦੀਆ ਦੀ ਗ੍ਰਿਫਤਾਰੀ ਤੋਂ ਬਾਅਦ ਇੱਕ ਹਿੰਦੀ ਅਖਬਾਰ ਦੀ ਕਟਿੰਗ ਵਾਇਰਲ ਹੋ ਰਹੀ ਹੈ। ਇਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਤਸਵੀਰ ਦੇ ਨਾਲ ਲਿਖਿਆ ਹੈ ਕਿ ਉਹ ਮੋਗਾ ਦੀ ਪੁਰਾਣੀ ਦਾਣਾ ਮੰਡੀ ਵਿੱਚ ਜਨਸਭਾ ਦੌਰਾਨ ਲੜਖੜਾ ਕੇ ਡਿੱਗ ਪਏ। ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਜਾਂਚ ਕੀਤੀ। ਪਤਾ ਲੱਗਾ ਕਿ ਭਗਵੰਤ ਮਾਨ ਦੀ 6 ਸਾਲ ਪੁਰਾਣੀ ਖਬਰ ਨੂੰ ਹੁਣ ਜਾਣਬੁੱਝ ਕੇ ਵਾਇਰਲ ਕਰ ਕੇ ਉਨ੍ਹਾਂ ਦੇ ਖਿਲਾਫ ਦੁਰਪ੍ਰਚਾਰ ਕੀਤਾ ਜਾ ਰਿਹਾ ਹੈ।
ਫੇਸਬੁੱਕ ਯੂਜ਼ਰ ਨਿਤੀਸ਼ ਯਾਦਵ ਕੰਨੌਜ ਨੇ 28 ਫਰਵਰੀ ਨੂੰ ਅਖਬਾਰ ਦੀ ਕਟਿੰਗ ਪੋਸਟ ਕਰਦੇ ਹੋਏ ਹਿੰਦੀ ਵਿੱਚ ਲਿਖਿਆ, “ਮਹਾਰਾਣਾ ਪ੍ਰਤਾਪ ਦੇ ਵੰਸ਼ਜ ਮਨੀਸ਼ ਸਿਸੋਦੀਆ ਜੀ ਦੀ ਗ੍ਰਿਫਤਾਰੀ ਦਾ ਸਭ ਤੋਂ ਵੱਧ ਦੁੱਖ ਇਸ ਆਦਮੀ ਨੂੰ ਹੋਇਆ ਹੈ…”
ਪੋਸਟ ਨੂੰ ਸੱਚ ਮੰਨ ਕੇ ਦੂਜੇ ਯੂਜ਼ਰਸ ਵੀ ਇਸ ਨੂੰ ਵਾਇਰਲ ਕਰ ਰਹੇ ਹਨ। ਇਸ ਦਾ ਆਰਕਾਈਵ ਲਿੰਕ ਇੱਥੇ ਦੇਖਿਆ ਜਾ ਸਕਦਾ ਹੈ।
ਭਗਵੰਤ ਮਾਨ ਨਾਲ ਜੁੜੀ ਵਾਇਰਲ ਪੋਸਟ ਦੀ ਸੱਚਾਈ ਜਾਣਨ ਲਈ ਵਿਸ਼ਵਾਸ ਨਿਊਜ਼ ਨੇ ਸਭ ਤੋਂ ਪਹਿਲਾਂ ਗੂਗਲ ਓਪਨ ਸਰਚ ਟੂਲ ਦੀ ਮਦਦ ਲਈ। ਸਬੰਧਤ ਸ਼ਬਦ ਟਾਈਪ ਕਰ ਕੇ ਸਰਚ ਕਰਨ ਉੱਪਰ ਭਾਸਕਰ ਡਾਟ ਕੋਮ ਦੁਆਰਾ ਪ੍ਰਕਾਸ਼ਿਤ ਇੱਕ ਖਬਰ ਮਿਲੀ। ਛੇ ਸਾਲ ਪਹਿਲਾਂ ਛਪੀ ਇਸ ਖਬਰ ਦੀ ਹੈਡਿੰਗ ਅਤੇ ਬਾਕੀ ਜਾਣਕਾਰੀ ਉਹੀ ਮਿਲੀ, ਜੋ ਹੁਣ ਵਾਇਰਲ ਪੋਸਟ ਵਿੱਚ ਲਿਖਿਆ ਸੀ। ਇਸ ਖਬਰ ਵਿੱਚ ਹਿੰਦੀ ਵਿੱਚ ਲਿਖਿਆ ਸੀ, “ਮੋਗਾ ਪੁਰਾਣੀ ਅਨਾਜ ਮੰਡੀ ਵਿਖੇ ਸ਼ਨੀਵਾਰ ਰਾਤ ਜਨਸਭਾ ਵਿੱਚ ਪਹੁੰਚੇ ਭਗਵੰਤ ਮਾਨ ਜਦੋਂ ਬੋਲਣ ਲਈ ਉੱਠੇ ਤਾਂ 5 ਮਿੰਟ ਤੱਕ ਸਰੋਤਿਆਂ ਨੂੰ ਫਲਾਇੰਗ ਕਿੱਸ ਹੀ ਕਰਦੇ ਰਹੇ। ਫਿਰ ਲੜਖੜਾ ਕੇ ਡਿੱਗ ਪਏ। ਸੰਭਲੇ, ਉੱਠੇ ਅਤੇ ਦੁਬਾਰਾ ਫਲਾਇੰਗ ਕਿੱਸ ਦੇਣ ਲੱਗੇ। ਭਾਸ਼ਣ ਦੌਰਾਨ ਜ਼ਿਆਦਾਤਰ ਸਮਾਂ ਸਿੱਧੇ ਖੜ੍ਹੇ ਨਹੀਂ ਹੋ ਸਕੇ। ਕਦੇ ਲੜਖੜਾ ਜਾਂਦੇ ਤਾਂ ਕਦੇ ਘੁੰਮ ਕੇ ਲੋਕਾਂ ਵੱਲ ਪਿੱਠ ਕਰ ਖੜ੍ਹੇ ਹੋ ਜਾਂਦੇ। ਭਾਸ਼ਣ ਖ਼ਤਮ ਹੋਂਦੇ ਹੀ ਜਿਵੇਂ ਹੀ ਉਹ ਮੁੜੇ, ਫਿਰ ਡਿੱਗ ਪਏ। ਵਾਪਸ ਜਾਣ ਲੱਗੇ ਤਾਂ ਸਟੇਜ ਦੀਆਂ ਪੌੜੀਆਂ ਉੱਤੇ ਫਿਰ ਲੜਖੜਾ ਗਏ, ਪਰ ਸੁਰੱਖਿਆ ਗਾਰਡ ਨੇ ਉਨ੍ਹਾਂ ਨੂੰ ਸੰਭਾਲ ਲਿਆ। ਗਾਰਡ ਨੇ ਉਨ੍ਹਾਂ ਨੂੰ ਸਹਾਰਾ ਦੇ ਕੇ ਗੱਡੀ ਤੱਕ ਪਹੁੰਚਾਇਆ। ਕਾਰਨ ਤਾਂ ਨਹੀਂ ਦੱਸਿਆ, ਪਰ ਉਨ੍ਹਾਂ ਨੇ ਮੀਡੀਆ ਤੋਂ ਵੀ ਦੂਰੀ ਬਣਾਈ ਰੱਖੀ।”ਇੱਥੇ ਛੇ ਸਾਲ ਪੁਰਾਣੀ ਖ਼ਬਰ ਪੜ੍ਹੋ।
ਇਸ ਸਰਚ ਰਾਹੀਂ ਅਸੀਂ ਭਾਜਪਾ ਪੰਜਾਬ ਦੇ ਅਧਿਕਾਰਤ ਪੇਜ ਉੱਤੇ ਵੀ ਪਹੁੰਚੇ। ਉੱਥੇ 30 ਜਨਵਰੀ 2017 ਨੂੰ ਭਗਵੰਤ ਮਾਨ ਨਾਲ ਜੁੜੀ ਇਸ ਖਬਰ ਨੂੰ ਪੋਸਟ ਕੀਤਾ ਗਿਆ ਸੀ। ਇੱਥੇ ਦੱਸਿਆ ਗਿਆ ਕਿ ਦੈਨਿਕ ਭਾਸਕਰ ਨੇ ਇਹ ਖਬਰ ਉਸੇ ਦਿਨ ਪ੍ਰਕਾਸ਼ਿਤ ਕੀਤੀ ਸੀ।
ਸਰਚ ਦੌਰਾਨ ਵਾਇਰਲ ਕਟਿੰਗ ਸੁਪਰੀਮ ਕੋਰਟ ਦੇ ਵਕੀਲ ਪ੍ਰਸ਼ਾਂਤ ਭੂਸ਼ਣ ਦੇ ਟਵਿੱਟਰ ਹੈਂਡਲ ‘ਤੇ ਵੀ ਮਿਲੀ। 30 ਜਨਵਰੀ 2017 ਨੂੰ ਇਸ ਨੂੰ ਪੋਸਟ ਕਰਦੇ ਹੋਏ ਪ੍ਰਸ਼ਾਂਤ ਭੂਸ਼ਣ ਨੇ ਆਮ ਆਦਮੀ ਪਾਰਟੀ ‘ਤੇ ਤੰਜ ਕੱਸਿਆ ਸੀ।
ਜਾਂਚ ਨੂੰ ਅੱਗੇ ਵਧਾਉਂਦੇ ਹੋਏ ਵਿਸ਼ਵਾਸ ਨਿਊਜ਼ ਨੇ ਮੋਗਾ ਵਿੱਚ ਦੈਨਿਕ ਜਾਗਰਣ ਦੇ ਚੀਫ ਰਿਪੋਰਟਰ ਸੱਤਿਅਨ ਓਝਾ ਨਾਲ ਸੰਪਰਕ ਕੀਤਾ। ਉਨ੍ਹਾਂ ਦੇ ਨਾਲ ਭਗਵੰਤ ਮਾਨ ਨਾਲ ਜੁੜੀ ਵਾਇਰਲ ਪੋਸਟ ਨੂੰ ਸਾਂਝਾ ਕੀਤਾ। ਜਾਣਕਾਰੀ ਦਿੰਦਿਆਂ ਉਨ੍ਹਾਂ ਨੇ ਦੱਸਿਆ ਕਿ ਇਹ ਬਹੁਤ ਪੁਰਾਣੀ ਤਸਵੀਰ ਹੈ, ਹਾਲ-ਫਿਲਹਾਲ ਵਿੱਚ ਅਜਿਹੀ ਕੋਈ ਘਟਨਾ ਨਹੀਂ ਵਾਪਰੀ ਹੈ।
ਜਾਂਚ ਦੇ ਅੰਤ ਵਿੱਚ ਉਸ ਯੂਜ਼ਰ ਦੀ ਜਾਂਚ ਕੀਤੀ ਗਈ, ਜਿਸ ਨੇ ਭਗਵੰਤ ਮਾਨ ਦੀ ਛੇ ਸਾਲ ਪੁਰਾਣੀ ਖਬਰ ਨੂੰ ਹੁਣ ਦਾ ਦੱਸਦਿਆਂ ਵਾਇਰਲ ਕੀਤਾ। ਫੇਸਬੁੱਕ ਯੂਜ਼ਰ ਨਿਤੀਸ਼ ਯਾਦਵ ਕੰਨੌਜ ਯੂਪੀ ਦੇ ਕੰਨੌਜ ਦਾ ਰਹਿਣ ਵਾਲਾ ਹੈ। ਇਸ ਦੇ ਅਕਾਊਂਟ ਨੂੰ 1,687 ਲੋਕ ਫੌਲੋ ਕਰਦੇ ਹਨ ਅਤੇ ਇਸੇ ਦੇ ਫੇਸਬੁੱਕ ਫਰੈਂਡ ਚਾਰ ਹਜ਼ਾਰ ਤੋਂ ਵੱਧ ਹਨ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਭਗਵੰਤ ਮਾਨ ਨਾਲ ਜੁੜੀ ਵਾਇਰਲ ਪੋਸਟ ਗੁੰਮਰਾਹਕੁੰਨ ਸਾਬਿਤ ਹੋਈ। ਉਨ੍ਹਾਂ ਬਾਰੇ ਛੇ ਸਾਲ ਪੁਰਾਣੀ ਇੱਕ ਖ਼ਬਰ ਨੂੰ ਹੁਣ ਜਾਣਬੁੱਝ ਕੇ ਉਨ੍ਹਾਂ ਦੇ ਖਿਲਾਫ ਦੁਰਪ੍ਰਚਾਰ ਦੇ ਇਰਾਦੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।