ਪੰਜਾਬ ਵਿੱਚ ਆਪ’ ਦੇ ਵਿਧਾਇਕ ਨੂੰ ਜਨਤਾ ਵਲੋਂ ਕੁੱਟੇ ਜਾਣ ਦਾ ਵਾਇਰਲ ਦਾਅਵਾ ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਗ਼ਲਤ ਨਿਕਲਿਆ। ਵਾਇਰਲ ਵੀਡੀਓ ਇੱਕ ਸਕ੍ਰਿਪਟਡ ਵੀਡੀਓ ਹੈ ਜੋ ਜਾਗਰੂਕਤਾ ਫੈਲਾਉਣ ਦੇ ਮਕਸਦ ਨਾਲ ਬਣਾਇਆ ਗਿਆ ਹੈ, ਜਿਸ ਨੂੰ ਲੋਕ ਅਸਲ ਮਾਮਲਾ ਸਮਝਦੇ ਹੋਏ ਵਾਇਰਲ ਕਰ ਰਹੇ ਹਨ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼)। ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ ਉੱਪਰ ਹਿੰਦੀ, ਅੰਗਰੇਜ਼ੀ ਅਤੇ ਪੰਜਾਬੀ ਵਿੱਚ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਕੁਝ ਲੋਕਾਂ ਦੀ ਭੀੜ ਵਿੱਚੋਂ ਇੱਕ ਬਜ਼ੁਰਗ ਔਰਤ ਨੂੰ ਇੱਕ ਆਦਮੀ ਨਾਲ ਝਗੜਾ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਇਸ ਵੀਡੀਓ ਨੂੰ ਸ਼ੇਅਰ ਕਰ ਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਨੂੰ ਜਨਤਾ ਨੇ ਕੁੱਟ ਦਿੱਤਾ। ਲੋਕ ਇਸ ਘਟਨਾ ਨੂੰ ਸੱਚ ਮੰਨ ਕੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰ ਰਹੇ ਹਨ। ਵਾਇਰਲ ਵੀਡੀਓ ਵਿੱਚ ‘ਲੋਕ ਆਵਾਜ਼ ਪੰਜਾਬੀ’ ਨਾਮ ਦਾ ਲੋਗੋ ਲਗਿਆ ਹੋਇਆ ਹੈ। ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਇਹ ਦਾਅਵਾ ਗੁੰਮਰਾਹਕੁੰਨ ਨਿਕਲਿਆ। ਇਹ ਵੀਡੀਓ ਸਕ੍ਰਿਪਟਿਡ ਹੈ, ਮਤਲਬ ਇਸ ਨੂੰ ਇੱਕ ਕਹਾਣੀ ਮੁਤਾਬਕ ਕਲਾਕਾਰਾਂ ਦੁਆਰਾ ਬਣਾਇਆ ਗਿਆ ਹੈ।
ਫੇਸਬੁੱਕ ਯੂਜ਼ਰ ਅਨਿਲ ਸ਼ੁਕਲਾ ਨੇ 3 ਫਰਵਰੀ ਨੂੰ ਵਾਇਰਲ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ, “ਲੋ ਜੀ ਵੇਖੋ ਪੰਜਾਬ ਵਿੱਚ ‘ਆਪ’ ਪਾਰਟੀ ਦੇ ਵਿਧਾਇਕ ਦੀ ਜਨਤਾ ਵਲੋਂ ਕੁੱਟਮਾਰ। ਕੇਂਦਰ ਵਿੱਚ ਗੈਰ-ਭਾਜਪਾਈਆਂ ਦੀ ਸਰਕਾਰ ਬਣਾਉਣ ਦੇ ਸੁਪਨੇ ਦੇਖ ਰਹੇ ਦਿੱਲੀ ਦੇ ਠੱਗਵਾਲ ਨੂੰ ਅੱਖਾਂ ਖੋਲ੍ਹ ਕੇ ਦੇਖਣਾ ਚਾਹੀਦਾ ਹੈ ਕਿ ਹੁਣ ਜਨਤਾ ਜਾਗ ਚੁੱਕੀ ਹੈ।”
ਇਸੇ ਤਰ੍ਹਾਂ ਇਸ ਵੀਡੀਓ ਨੂੰ ਪੰਜਾਬੀ ਭਾਸ਼ਾ ਵਿੱਚ ਵੀ ਵਾਇਰਲ ਕੀਤਾ ਜਾ ਰਿਹਾ ਹੈ। ਪੋਸਟ ਦਾ ਆਰਕਾਈਵ ਲਿੰਕ ਇੱਥੇ ਦੇਖਿਆ ਜਾ ਸਕਦਾ ਹੈ।
ਵੀਡੀਓ ਦੀ ਸੱਚਾਈ ਜਾਣਨ ਲਈ ਅਸੀਂ ਇਸ ਨੂੰ ਪਹਿਲਾਂ ਤਾਂ ਧਿਆਨ ਨਾਲ ਦੇਖਿਆ। ਵੀਡੀਓ ਵਿੱਚ ਅਸੀਂ ‘ਲੋਕ ਆਵਾਜ਼ ਪੰਜਾਬੀ’ ਦਾ ਲੋਗੋ ਅਤੇ ਵਾਟਰਮਾਰਕ ਦੇਖਿਆ। ਅਸੀਂ ਯੂਟਿਊਬ ਉੱਤੇ ‘ਲੋਕ ਆਵਾਜ਼ ਪੰਜਾਬੀ’ ਚੈਨਲ ਵਿੱਚ ਇਸ ਵਾਇਰਲ ਵੀਡੀਓ ਨੂੰ ਲੱਭਿਆ। ਉੱਥੇ ਇਹ ਵੀਡੀਓ 28 ਜਨਵਰੀ 2023 ਨੂੰ ਅਪਲੋਡ ਮਿਲੀ, ਜਿਸ ਦੇ ਨਾਲ ਕੈਪਸ਼ਨ ਸੀ: “ਥੱਪੜ ਮਾਰਨ ਵਾਲਾ MLA ਆ ਗਿਆ ਲੋਕਾਂ ਦੇ ਅੜਿੱਕੇ|New Punjabi Short Movie|2023|LOK AWAZ Punjabi”.ਇਸ ਵਿੱਚ ਕਿਤੇ ਵੀ ‘ਆਪ’ ਜਾਂ ਕਿਸੇ ਹੋਰ ਪਾਰਟੀ ਦੇ ਕਿਸੇ ਵਿਧਾਇਕ ਦਾ ਜ਼ਿਕਰ ਨਹੀਂ ਸੀ।
ਵੀਡੀਓ ਦੇ ਨਾਲ ਦਿੱਤੀ ਗਈ ਜਾਣਕਾਰੀ ਸਾਫ਼ ਤੌਰ ‘ਤੇ ਕਹਿੰਦੀ ਹੈ: “ਇਹ ਵੀਡੀਓ ਸਿਰਫ ਮਨੋਰੰਜਨ ਦੇ ਉਦੇਸ਼ ਲਈ ਬਣਾਇਆ ਗਿਆ ਹੈ। ਇਸ ਨੂੰ ਸਮਾਜਿਕ ਬੁਰਾਈਆਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਅਤੇ ਜਾਗਰੂਕਤਾ ਦੇ ਉਦੇਸ਼ ਨਾਲ ਬਣਾਇਆ ਗਿਆ ਹੈ। ਸਾਰੇ ਪਾਤਰ ਅਤੇ ਘਟਨਾਵਾਂ ਕਾਲਪਨਿਕ ਹਨ ਅਤੇ ਇਨ੍ਹਾਂ ਦਾ ਕਿਸੇ ਵਿਅਕਤੀ ਨਾਲ ਕੋਈ ਸਬੰਧ ਨਹੀਂ ਹੈ।”
‘ਲੋਕ ਆਵਾਜ਼ ਪੰਜਾਬੀ’ ਦੇ ਫੇਸਬੁੱਕ ਪੇਜ ਉੱਤੇ ਵੀ ਇਹ ਵੀਡੀਓ 28 ਜਨਵਰੀ 2023 ਨੂੰ ਹੀ ਅਪਲੋਡ ਕੀਤਾ ਗਿਆ ਸੀ। ਪੂਰੇ ਵੀਡੀਓ ‘ਚ ਵਾਇਰਲ ਕਲਿੱਪ ਦਾ ਹਿੱਸਾ 2 ਮਿੰਟ 29 ਸੈਕਿੰਡ ਤੋਂ ਲੈ ਕੇ 3 ਮਿੰਟ 35 ਸੈਕਿੰਡ ਵਿਚਕਾਰ ਦੇਖਿਆ ਜਾ ਸਕਦਾ ਹੈ।
ਸੱਚਾਈ ਪੁਖ਼ਤਾ ਕਰਨ ਲਈ ਅਸੀਂ ਈ-ਮੇਲ ਰਾਹੀਂ ‘ਲੋਕ ਆਵਾਜ਼ ਪੰਜਾਬੀ’ ਨਾਲ ਸੰਪਰਕ ਕੀਤਾ। ਮੇਲ ਦਾ ਜਵਾਬ ਦਿੰਦੇ ਹੋਏ ਉਨ੍ਹਾਂ ਨੇ ਕਿਹਾ, “ਵਾਇਰਲ ਵੀਡੀਓ ਸਕ੍ਰਿਪਟਡ ਹੈ। ਦਾਅਵਾ ਗ਼ਲਤ ਹੈ।”
ਇਸ ਤੋਂ ਪਹਿਲਾਂ ਵੀ ਕਈ ਅਜਿਹੀਆਂ ਸਕ੍ਰਿਪਟਿਡ ਵੀਡੀਓਜ਼ ਨੂੰ ਅਸਲੀ ਸਮਝਦੇ ਹੋਏ ਸੋਸ਼ਲ ਮੀਡੀਆ ਉੱਪਰ ਵਾਇਰਲ ਕੀਤਾ ਜਾ ਚੁੱਕੀਆਂ ਹੈ। ਵਿਸ਼ਵਾਸ ਨਿਊਜ਼ ਨੇ ਇਨ੍ਹਾਂ ਵੀਡੀਓਜ਼ ਦੀ ਪੜਤਾਲ ਕੀਤੀ ਹੈ। ਤੁਸੀਂ ਸਾਡੀਆਂ ਫ਼ੈਕਟ ਚੈੱਕ ਰਿਪੋਰਟਾਂ ਇੱਥੇ ਪੜ੍ਹ ਸਕਦੇ ਹੋ।
ਪੜਤਾਲ ਦੇ ਅੰਤ ਵਿੱਚ ਅਸੀਂ ਇਸ ਵੀਡੀਓ ਨੂੰ ਸਾਂਝਾ ਕਰਨ ਵਾਲੇ ਯੂਜ਼ਰ ਦੀ ਜਾਂਚ ਕੀਤੀ। ਜਾਂਚ ਤੋਂ ਪਤਾ ਲੱਗਾ ਹੈ ਕਿ ਯੂਜ਼ਰ ਨਵੀਂ ਦਿੱਲੀ ਦਾ ਵਸਨੀਕ ਹੈ। ਫੇਸਬੁੱਕ ਉੱਤੇ ਉਸ ਨੂੰ 400 ਲੋਕ ਫੌਲੋ ਕਰਦੇ ਹਨ।
ਨਤੀਜਾ: ਪੰਜਾਬ ਵਿੱਚ ਆਪ’ ਦੇ ਵਿਧਾਇਕ ਨੂੰ ਜਨਤਾ ਵਲੋਂ ਕੁੱਟੇ ਜਾਣ ਦਾ ਵਾਇਰਲ ਦਾਅਵਾ ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਗ਼ਲਤ ਨਿਕਲਿਆ। ਵਾਇਰਲ ਵੀਡੀਓ ਇੱਕ ਸਕ੍ਰਿਪਟਡ ਵੀਡੀਓ ਹੈ ਜੋ ਜਾਗਰੂਕਤਾ ਫੈਲਾਉਣ ਦੇ ਮਕਸਦ ਨਾਲ ਬਣਾਇਆ ਗਿਆ ਹੈ, ਜਿਸ ਨੂੰ ਲੋਕ ਅਸਲ ਮਾਮਲਾ ਸਮਝਦੇ ਹੋਏ ਵਾਇਰਲ ਕਰ ਰਹੇ ਹਨ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।