ਵਿਸ਼ਵਾਸ ਨਿਊਜ਼ ਦੀ ਪੜਤਾਲ ‘ਚ ਰਿਸ਼ੀ ਸੁਨਕ ਦੇ ਨਾਂ ‘ਤੇ ਵਾਇਰਲ ਹੋਇਆ ਬਿਆਨ ਫਰਜ਼ੀ ਸਾਬਤ ਹੋਇਆ। ਉਨ੍ਹਾਂ ਨੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਬਾਰੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ, ਜਿਵੇਂ ਕਿ ਵਾਇਰਲ ਪੋਸਟ ਵਿੱਚ ਦਾਅਵਾ ਕੀਤਾ ਗਿਆ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਚਰਚਾ ‘ਚ ਹਨ। ਇਸ ਕਾਰਨ ਸੋਸ਼ਲ ਮੀਡੀਆ ‘ਤੇ ਵੀ ਉਨ੍ਹਾਂ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੇ ਦਾਅਵੇ ਵਾਇਰਲ ਹੋ ਰਹੇ ਹਨ। ਹੁਣ ਇੱਕ ਕੋਲਾਜ ਨੂੰ ਵਾਇਰਲ ਕਰਦੇ ਹੋਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਰਿਸ਼ੀ ਸੁਨਕ ਨੇ ਕਿਹਾ ਹੈ ਕਿ “ਭਾਰਤ ਨੂੰ ਸਹੀ ਦਿਸ਼ਾ ਦੇਣ ਅਤੇ ਕਮਜ਼ੋਰ ਅਤੇ ਗਿਰਦੀ ਅਰਥ ਵਿਵਸਥਾ ਨੂੰ ਸੁਧਾਰਨ ਲਈ ਮਨਮੋਹਨ ਸਿੰਘ ਵਰਗੇ ਪ੍ਰਧਾਨ ਮੰਤਰੀ ਦੀ ਲੋੜ ਹੈ”।
ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਜਾਂਚ ਕੀਤੀ। ਇਹ ਫਰਜ਼ੀ ਨਿਕਲਿਆ। ਰਿਸ਼ੀ ਸੁਨਕ ਨੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਹੈ। ਜਾਂਚ ਵਿੱਚ ਸਾਹਮਣੇ ਆਇਆ ਕਿ ਭਾਸਕਰ ਡਾਟ ਕਾਮ ਦੀ ਇੱਕ ਖਬਰ ਦਾ ਕੋਲਾਜ ਐਡਿਟ ਕਰਕੇ ਵਾਇਰਲ ਕੀਤਾ ਗਿਆ।
ਕੀ ਹੋ ਰਿਹਾ ਹੈ ਵਾਇਰਲ
ਫੇਸਬੁੱਕ ਪੇਜ ‘ਨਵੇਂ ਭਾਰਤ ਦੀ ਲੰਦ ਆਵਾਜ਼’ ਨੇ 27 ਅਕਤੂਬਰ ਨੂੰ ਇਕ ਪੋਸਟ ਕਰਦੇ ਹੋਏ ਲਿਖਿਆ, ‘ਅਰੇ ਰਿਸ਼ੀ ਤਾਂ ਮੋਦੀ ਵਿਰੋਧੀ ਨਿਕਲੇ, ਭਾਰਤ ਨੂੰ ਸਹੀ ਦਿਸ਼ਾ ਅਤੇ ਦਸ਼ਾ ਦੇਣ ਲਈ ਕਮਜ਼ੋਰ ਗਿਰਦੀ ਅਰਥ ਵਿਵਸਥਾ ਨੂੰ ਸੁਧਾਰਨ ਲਈ ਮਨਮੋਹਨ ਸਿੰਘ ਵਰਗੇ ਪ੍ਰਧਾਨ ਮੰਤਰੀ ਦੀ ਲੋੜ ਹੈ। :- ਰਿਸ਼ੀ ਸੁਨਕ।
ਇਸ ਪੋਸਟ ‘ਚ ਰਿਸ਼ੀ ਸੁਨਕ ਅਤੇ ਮਨਮੋਹਨ ਸਿੰਘ ਦੀਆਂ ਤਸਵੀਰਾਂ ਦੀ ਵਰਤੋਂ ਕਰਦੇ ਹੋਏ ਬਿਆਨ ਨੂੰ ਬਿਟ੍ਰੇਨ ਦੇ ਨਵੇਂ ਪ੍ਰਧਾਨ ਮੰਤਰੀ ਦਾ ਦੱਸਿਆ ਗਿਆ ਹੈ।
ਵਾਇਰਲ ਪੋਸਟ ਦਾ ਦਾਅਵਾ ਇੱਥੇ ਇਸ ਤਰ੍ਹਾਂ ਲਿਖਿਆ ਗਿਆ ਹੈ। ਇਸ ਨੂੰ ਸੱਚ ਮੰਨ ਕੇ ਦੂਜੇ ਯੂਜ਼ਰਸ ਵੀ ਇਸ ਨੂੰ ਵਾਇਰਲ ਕਰ ਰਹੇ ਹਨ।
ਇਸਦਾ ਆਰਕਾਈਵ ਵਰਜਨ ਇੱਥੇ ਦੇਖੋ।
ਪੜਤਾਲ
ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਜਾਂਚ ਕਰਨ ਲਈ ਸਭ ਤੋਂ ਪਹਿਲਾਂ ਗੂਗਲ ਓਪਨ ਸਰਚ ਟੂਲ ਦੀ ਵਰਤੋਂ ਕੀਤੀ। ਇੱਥੇ ਸਰਚ ਕਰਨ ‘ਤੇ ਸਾਨੂੰ ਅਜਿਹੀ ਕੋਈ ਵੀ ਖ਼ਬਰ ਨਹੀਂ ਮਿਲੀ, ਜਿਸ ਨਾਲ ਇਹ ਪੁਸ਼ਟੀ ਹੋ ਸਕੇ ਕਿ ਰਿਸ਼ੀ ਸੁਨਕ ਨੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਬਾਰੇ ਅਜਿਹਾ ਕੋਈ ਬਿਆਨ ਦਿੱਤਾ ਹੈ, ਜਿਵੇਂ ਕਿ ਵਾਇਰਲ ਪੋਸਟ ਵਿੱਚ ਦਾਅਵਾ ਕੀਤਾ ਗਿਆ ਹੈ।
ਜਾਂਚ ਨੂੰ ਅੱਗੇ ਵਧਾਉਣ ਲਈ ਗੂਗਲ ਰਿਵਰਸ ਇਮੇਜ ਟੂਲ ਦੀ ਵਰਤੋਂ ਕੀਤੀ ਗਈ ਸੀ। ਇੱਥੇ ਵਾਇਰਲ ਕੋਲਾਜ ਨੂੰ ਸਰਚ ਕਰਨ ‘ਤੇ, ਸਾਨੂੰ ਦੈਨਿਕ ਭਾਸਕਰ ਦੇ ਅਧਿਕਾਰਿਤ ਟਵਿੱਟਰ ਹੈਂਡਲ ‘ਤੇ ਅਸਲੀ ਕੋਲਾਜ ਮਿਲਿਆ। ਇਸਨੂੰ 25 ਅਕਤੂਬਰ ਨੂੰ ਪ੍ਰਕਾਸ਼ਿਤ ਕੀਤਾ ਗਿਆ ਸੀ। ਇਹ ਰਿਸ਼ੀ ਸੁਨਕ ਨੂੰ ਬ੍ਰਿਟੇਨ ਦਾ ਨਵਾਂ ਪ੍ਰਧਾਨ ਮੰਤਰੀ ਚੁਣੇ ਜਾਣ ਤੋਂ ਬਾਅਦ ਕਾਂਗਰਸ ਨੇਤਾ ਪੀ. ਚਿਦੰਬਰਮ ਅਤੇ ਸ਼ਸ਼ੀ ਥਰੂਰ ਦੇ ਬਿਆਨਾਂ ‘ਤੇ ਆਧਾਰਿਤ ਖਬਰਾਂ ਲਈ ਵਰਤਿਆ ਗਿਆ ਸੀ।
ਵਿਸ਼ਵਾਸ ਨਿਊਜ਼ ਨੇ ਅਸਲੀ ਅਤੇ ਨਕਲੀ ਕੋਲਾਜ ਦਾ ਤੁਲਨਾਤਮਕ ਅਧਿਐਨ ਕੀਤਾ। ਅਸਲ ਕੋਲਾਜ ਵਿੱਚ ਫੋਟੋ ਵਾਲਾ ਹਿੱਸਾ ਓਹੀ ਸੀ, ਜੋ ਰਿਸ਼ੀ ਸੁਨਕ ਦੇ ਨਾਮ ‘ਤੇ ਵਾਇਰਲ ਪੋਸਟ ਵਿੱਚ ਸੀ। ਪਰ ਹੇਠਲਾ ਹਿੱਸਾ ਵੱਖਰਾ ਸੀ। ਦੋ ਕੋਲਾਜ ਹੇਠਾਂ ਇਕੱਠੇ ਦੇਖੇ ਜਾ ਸਕਦੇ ਹਨ।
ਵਿਸ਼ਵਾਸ ਨਿਊਜ਼ ਨੇ ਜਾਂਚ ਨੂੰ ਅੱਗੇ ਵਧਾਉਂਦੇ ਹੋਏ ਲੰਡਨ ਸਥਿਤ ਏਬੀਪੀਐਲ ਗਰੁੱਪ ਦੇ ਗਰੁੱਪ ਐਡੀਟਰ ਮਹੇਸ਼ ਲਿਲੋਰੀਆ ਨਾਲ ਸੰਪਰਕ ਕੀਤਾ। ਉਨ੍ਹਾਂ ਦੇ ਨਾਲ ਵਾਇਰਲ ਪੋਸਟ ਨੂੰ ਸਾਂਝਾ ਕੀਤਾ। ਉਨ੍ਹਾਂ ਨੇ ਦੱਸਿਆ ਕਿ ਰਿਸ਼ੀ ਸੁਨਕ ਨੇ ਕਦੇ ਵੀ ਮਨਮੋਹਨ ਸਿੰਘ ਬਾਰੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਹੈ। ਇਹ ਫਰਜੀ ਹੈ।
ਜਾਂਚ ਦੇ ਅਗਲੇ ਪੜਾਅ ਵਿੱਚ ਦੈਨਿਕ ਭਾਸਕਰ ਨਾਲ ਸੰਪਰਕ ਕੀਤਾ ਗਿਆ। Bhaskar.com ਦੇ ਮੁਖੀ ਪ੍ਰਸੂਨ ਮਿਸ਼ਰਾ ਨੇ ਵਿਸ਼ਵਾਸ ਨਿਊਜ਼ ਨੂੰ ਦੱਸਿਆ ਕਿ ਰਿਸ਼ੀ ਸੁਨਕ ਅਤੇ ਮਨਮੋਹਨ ਸਿੰਘ ਬਾਰੇ ਉਨ੍ਹਾਂ ਦੀ ਵੈੱਬਸਾਈਟ ਦੁਆਰਾ ਅਜਿਹੀ ਕੋਈ ਖ਼ਬਰ ਨਹੀਂ ਚਲਾਈ ਗਈ ਹੈ, ਜਿਵੇਂ ਕਿ ਵਾਇਰਲ ਪੋਸਟ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ। ਇਹ ਫਰਜੀ ਹੈ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਪੜਤਾਲ ‘ਚ ਰਿਸ਼ੀ ਸੁਨਕ ਦੇ ਨਾਂ ‘ਤੇ ਵਾਇਰਲ ਹੋਇਆ ਬਿਆਨ ਫਰਜ਼ੀ ਸਾਬਤ ਹੋਇਆ। ਉਨ੍ਹਾਂ ਨੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਬਾਰੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ, ਜਿਵੇਂ ਕਿ ਵਾਇਰਲ ਪੋਸਟ ਵਿੱਚ ਦਾਅਵਾ ਕੀਤਾ ਗਿਆ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।