ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਅੱਜਕਲ੍ਹ ਇੱਕ ਪੋਸਟ ਵਾਇਰਲ ਹੋ ਰਿਹਾ ਹੈ। ਇਸ ਪੋਸਟ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ ‘ਚ ਹਰਿਓ ਡਾਸਕੇ ਕੋਲ ਇੱਕ ਬੱਚਿਆਂ ਨਾਲ ਭਰਿਆ ਟ੍ਰਕ ਪਲਟ ਗਿਆ ਹੈ। ਇਸ ਪੋਸਟ ਵਿਚ ਇੱਕ ਨੰਬਰ ਵੀ ਦਿੱਤਾ ਹੋਇਆ ਹੈ ਅਤੇ ਕਿਹਾ ਗਿਆ ਹੈ ਕਿ ਜਿਸ-ਜਿਸ ਦੇ ਬੱਚੇ ਗੁੰਮ ਹੋ ਗਏ ਨੇ ਉਹ ਇਸ ਦਿੱਤੇ ਨੰਬਰ ‘ਤੇ ਕਾਲ ਕਰਨ, ਕੀ ਪਤਾ ਉਨ੍ਹਾਂ ਦਾ ਬੱਚਾ ਇਸੇ ਟ੍ਰਕ ਵਿਚ ਹੋਵੇ। ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਇਹ ਵਾਇਰਲ ਹੋ ਰਿਹਾ ਪੋਸਟ ਫਰਜ਼ੀ ਪਾਇਆ। ਪੰਜਾਬ ਵਿਚ ਮਾਹੌਲ ਖਰਾਬ ਕਰਨ ਖਾਤਰ ਅਜਿਹੇ ਪੋਸਟ ਵਾਇਰਲ ਕੀਤੇ ਜਾ ਰਹੇ ਹਨ।
ਫੇਸਬੁੱਕ ‘ਤੇ 29 ਜੁਲਾਈ ਨੂੰ “ਟਰੱਕ ਡਰਾਈਵਰ ਵਿੰਨੀਪੈਗ ਦੇ” ਨਾਂ ਦਾ ਪੇਜ ਇੱਕ ਪੋਸਟ ਸ਼ੇਅਰ ਕਰਦਾ ਹੈ। ਇਸ ਪੋਸਟ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ ‘ਚ ਹਰਿਓ ਡਾਸਕੇ ਕੋਲ ਇੱਕ ਬੱਚਿਆਂ ਨਾਲ ਭਰਿਆ ਟ੍ਰਕ ਪਲਟ ਗਿਆ ਹੈ। ਇਸ ਪੋਸਟ ਵਿਚ ਡਿਸਕ੍ਰਿਪਸ਼ਨ ਦਿੱਤਾ ਗਿਆ ਹੈ: ਸਾਰੇ ਵੀਰਾਂ ਨੂੰ ਬੇਨਤੀ ਹੈ ਬੱਚਿਆਂ ਦਾ ਭਰਿਆ ਟ੍ਰਕ ਹਰਿਓ ਡਾਸਕੇ ਕੋਲ ਪਲਟ ਗਿਆ ਹੈ, ਬੰਦੇ ਫੜੇ ਗਏ ਨੇ, ਜੇ ਕਿਸੇ ਦੇ ਬੱਚੇ ਗੁੰਮ ਹੋਏ ਨੇ ਤਾਂ ਹਰਿਓ ਸੰਪਰਕ ਕਰੋ, ਚੀਮਾ ਸਾਹਿਬ ਗੁਰਦੁਆਰਾ contact no 9216615108
ਤੁਹਾਨੂੰ ਦੱਸ ਦਈਏ ਕਿ ਇਸ ਪੋਸਟ ਨੂੰ 5 ਹਜ਼ਾਰ ਤੋਂ ਵੀ ਵੱਧ ਲੋਕਾਂ ਨੇ ਸ਼ੇਅਰ ਕੀਤਾ ਹੈ।
ਇਸ ਪੋਸਟ ਨੂੰ ਦੇਖਦਿਆਂ ਹੀ ਵਿਸ਼ਵਾਸ ਟੀਮ ਨੇ ਇਸਦੀ ਪੜਤਾਲ ਕਰਨ ਦਾ ਫੈਸਲਾ ਕੀਤਾ। ਸਬਤੋਂ ਪਹਿਲਾਂ ਵਿਸ਼ਵਾਸ ਟੀਮ ਨੇ ਇਸ ਪੋਸਟ ਵਿਚ ਦਿੱਤੇ ਨੰਬਰ ‘ਤੇ ਕਾਲ ਕੀਤਾ। ਅਸੀਂ ਪਾਇਆ ਕਿ ਜਿਹੜਾ ਨੰਬਰ (9216615108) ਪੋਸਟ ਵਿਚ ਦਿੱਤਾ ਗਿਆ ਹੈ ਉਹ ਲੱਗ ਹੀ ਨਹੀਂ ਰਿਹਾ ਹੈ। ਹੁਣ ਅਸੀਂ ਇਸ ਪੋਸਟ ਵਿਚ ਕੀਤੇ ਕਮੈਂਟਸ ਨੂੰ ਪੜ੍ਹਨਾ ਸ਼ੁਰੂ ਕੀਤਾ। ਕਈ ਕਮੈਂਟਾਂ ਵਿਚ ਲਿਖਿਆ ਹੋਇਆ ਸੀ ਕਿ ਇਹ ਨੰਬਰ ਨਹੀਂ ਲੱਗ ਰਿਹਾ ਹੈ ਅਤੇ ਕਈ ਕਮੈਂਟਾਂ ਵਿਚ ਲਿਖਿਆ ਹੋਇਆ ਸੀ ਕਿ ਇਹ ਪੋਸਟ ਫਰਜ਼ੀ ਹੈ।
ਹੁਣ ਅਸੀਂ ਆਪਣੀ ਪੜਤਾਲ ਨੂੰ ਅੱਗੇ ਵਧਾਇਆ ਅਤੇ ਗੂਗਲ ਵਿਚ ਵੱਖ-ਵੱਖ ਕੀ-ਵਰਡ ਪਾ ਕੇ ਇਹ ਸਰਚ ਕਰਨਾ ਸ਼ੁਰੂ ਕੀਤਾ ਕਿ ਕੀ ਅਜਿਹਾ ਕੋਈ ਹਾਦਸਾ ਪੰਜਾਬ ਅੰਦਰ ਵਾਪਰਿਆ ਹੈ?
ਅਸੀਂ ਕਾਫੀ ਪੜਤਾਲ ਕੀਤੀ ਪਰ ਸਾਨੂੰ ਅਜਿਹੀ ਕੋਈ ਵੀ ਖਬਰ ਨਹੀਂ ਮਿਲੀ। ਇਸ ਪੋਸਟ ਅੰਦਰ ਗੁਰਦੁਆਰਾ ਚੀਮਾ ਸਾਹਿਬ ਦਾ ਨਾਂ ਦੱਸਿਆ ਗਿਆ ਹੈ। ਕਿਉਂਕਿ ਗੁਰਦੁਆਰਾ ਚੀਮਾ ਸਾਹਿਬ ਸੰਗਰੂਰ ਹਲਕੇ ਅੰਦਰ ਪੈਂਦਾ ਹੈ ਇਸ ਕਰਕੇ ਅਸੀਂ ਪੰਜਾਬੀ ਜਾਗਰਣ ਦੇ E-paper ਨੂੰ ਵੀ ਖੰਗਾਲਿਆ, ਪਰ ਸਾਡੇ ਹੱਥ ਅਜਿਹੀ ਕੋਈ ਖਬਰ ਨਹੀਂ ਲੱਗੀ ਜਿਸ ਅੰਦਰ ਦਾਅਵਾ ਕੀਤਾ ਗਿਆ ਹੋਵੇ ਕਿ ਪੰਜਾਬ ਅੰਦਰ ਬੱਚਿਆਂ ਨਾਲ ਭਰਿਆ ਕੋਈ ਟ੍ਰਕ ਪਲਟਿਆ ਹੈ।
ਹੁਣ ਅਸੀਂ ਸੰਗਰੂਰ ਦੇ ਜ਼ਿਲ੍ਹਾ PRO ਨਾਲ ਸੰਪਰਕ ਕਰਨ ਦਾ ਫੈਸਲਾ ਕੀਤਾ। ਜ਼ਿਲ੍ਹਾ PRO ਅਮਨਦੀਪ ਸਿੰਘ ਨੇ ਸਾਨੂੰ ਦੱਸਿਆ, “ਅਜਿਹਾ ਕੋਈ ਹਾਦਸਾ ਸੰਗਰੂਰ ਅਤੇ ਪੰਜਾਬ ਅੰਦਰ ਨਹੀਂ ਵਾਪਰਿਆ ਹੈ। ਇਸ ਪੋਸਟ ਅੰਦਰ ਕੋਈ ਸਚਾਈ ਨਹੀਂ ਹੈ ਅਤੇ ਲੋਕਾਂ ਨੂੰ ਅਜਿਹੇ ਪੋਸਟ ਸ਼ੇਅਰ ਕਰਨ ਤੋਂ ਪਹਿਲਾਂ ਜਾਂਚ ਪੜਤਾਲ ਕਰਨੀ ਚਾਹੀਦੀ ਹੈ।”
ਇਸ ਮਾਮਲੇ ਵਿਚ ਸਾਡੀ ਗੱਲ ਪੰਜਾਬੀ ਜਾਗਰਣ ਦੇ ਰਿਪੋਰਟਰ ਬੂਟਾ ਸਿੰਘ ਚੋਹਾਨ ਨਾਲ ਵੀ ਹੋਈ ਜਿਹੜੇ ਸੰਗਰੂਰ ਹਲਕਾ ਕਵਰ ਕਰਦੇ ਹਨ। ਉਨ੍ਹਾਂ ਨੇ ਵੀ ਇਸ ਗੱਲ ਨੂੰ ਕਿਹਾ ਕਿ ਇਹ ਸਾਰੀ ਗੱਲ ਅਫਵਾਹ ਹੈ ਅਤੇ ਬੱਚਿਆਂ ਨਾਲ ਭਰਿਆ ਕੋਈ ਵੀ ਟ੍ਰਕ ਹਰਿਓ ਡਾਸਕੇ ਕੋਲ ਨਹੀਂ ਪਲਟਿਆ ਹੈ।
ਹੁਣ ਅਸੀਂ ਇਸ ਪੋਸਟ ਨੂੰ ਸ਼ੇਅਰ ਕਰਨ ਵਾਲੇ ਪੇਜ “ਟਰੱਕ ਡਰਾਈਵਰ ਵਿੰਨੀਪੈਗ ਦੇ” ਦੀ ਸੋਸ਼ਲ ਸਕੈਨਿੰਗ ਕਰਨ ਦਾ ਫੈਸਲਾ ਕੀਤਾ। ਅਸੀਂ ਪਾਇਆ ਕਿ ਇਸ ਪੇਜ ਨੂੰ 14,000 ਤੋਂ ਵੀ ਵੱਧ ਲੋਕ ਫਾਲੋ ਕਰਦੇ ਹਨ ਅਤੇ ਇਹ ਪੇਜ ਪੰਜਾਬ ਨਾਲ ਜੁੜੀਆਂ ਖਬਰਾਂ ਨੂੰ ਹੀ ਪੋਸਟ ਕਰਦਾ ਹੈ।
ਨਤੀਜਾ: ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਇਸ ਵਾਇਰਲ ਹੋ ਰਹੇ ਪੋਸਟ ਨੂੰ ਫਰਜ਼ੀ ਸਾਬਤ ਕੀਤਾ। ਇਸ ਪੋਸਟ ਵਿਚ ਦਿੱਤਾ ਗਿਆ ਨੰਬਰ ਨਹੀਂ ਲੱਗ ਰਿਹਾ ਹੈ ਅਤੇ ਅਜਿਹਾ ਕੋਈ ਵੀ ਵੱਡਾ ਹਾਦਸਾ ਪੰਜਾਬ ਅੰਦਰ ਨਹੀਂ ਵਾਪਰਿਆ ਹੈ। ਪੰਜਾਬ ਵਿਚ ਮਾਹੌਲ ਖਰਾਬ ਕਰਨ ਖਾਤਰ ਅਜਿਹੇ ਪੋਸਟ ਵਾਇਰਲ ਕੀਤੇ ਜਾ ਰਹੇ ਹਨ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।