ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਪੋਸਟ ਗੁੰਮਰਾਹਕੁੰਨ ਸਾਬਿਤ ਹੋਈ। ਕਾਂਗਰਸ ਦੇ ਉਦੈਪੁਰ ਚਿੰਤਨ ਸ਼ਿਵਿਰ ਵਿੱਚ ਪਾਰਟੀ ਦੇ ਰੰਗ ਦੇ ਕੱਪੜਿਆਂ ਦੀ ਵਰਤੋਂ ਕਰਦੇ ਹੋਏ ਸਮਾਗਮ ਵਾਲੀ ਥਾਂ ਨੂੰ ਸਜਾਇਆ ਗਿਆ ਸੀ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੋਸ਼ਲ ਮੀਡੀਆ ਦੇ ਵੱਖ – ਵੱਖ ਪਲੇਟਫਾਰਮਾਂ ਤੇ ਕਾਂਗਰਸ ਚਿੰਤਨ ਸ਼ਿਵਿਰ ਦੀ ਇੱਕ ਤਸਵੀਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਸੋਸ਼ਲ ਮੀਡੀਆ ਯੂਜ਼ਰਸ ਇਸ ਤਸਵੀਰ ਨੂੰ ਵਾਇਰਲ ਕਰਦੇ ਹੋਏ ਦਾਅਵਾ ਕਰ ਰਹੇ ਹਨ ਕਿ ਚਿੰਤਨ ਸ਼ਿਵਿਰ ‘ਚ ਪਾਕਿਸਤਾਨ ਦੇ ਝੰਡੇ ਦੇ ਰੰਗ ਨੂੰ ਉੱਪਰ ਲਗਾਇਆ ਗਿਆ ਹੈ ਅਤੇ ਭਗਵੇਂ ਰੰਗ ਨੂੰ ਹੇਂਠਾ। ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਜਾਂਚ ਕੀਤੀ ਤੇ ਦਾਅਵਾ ਗੁੰਮਰਾਹਕੁੰਨ ਸਾਬਿਤ ਹੋਇਆ।
ਦਰਅਸਲ ਕਾਂਗਰਸ ਦੇ ਉਦੈਪੁਰ ਚਿੰਤਨ ਸ਼ਿਵਿਰ ‘ਚ ਪਾਰਟੀ ਦੇ ਝੰਡੇ ਵਿੱਚ ਕੇਸਰੀ , ਚਿੱਟਾ ਅਤੇ ਹਰੇ ਰੰਗ ਦੇ ਕੱਪੜਿਆਂ ਦਾ ਇਸਤੇਮਾਲ ਕੀਤਾ ਗਿਆ ਸੀ , ਜਦਕਿ ਜ਼ਮੀਨ ਤੇ ਬ੍ਰਿਕ ਰੈੱਡ ਰੰਗ ਦੇ ਕਾਰਪੇਟ ਨੂੰ ਵਿਛਾਇਆ ਗਿਆ ਸੀ।
ਕੀ ਹੋ ਰਿਹਾ ਹੈ ਵਾਇਰਲ ?
ਫੇਸਬੁੱਕ ਯੂਜ਼ਰ ਜੈਕਿਸ਼ਨ ਗੋਇਲ ਬੀਜੇਪੀ ਨੇ 14 ਮਈ ਨੂੰ ਇੱਕ ਤਸਵੀਰ ਨੂੰ ਆਪਣੇ ਅਕਾਊਂਟ ਤੇ ਅਪਲੋਡ ਕੀਤਾ। ਇਸ ਦੇ ਨਾਲ ਯੂਜ਼ਰ ਨੇ ਦਾਅਵਾ ਕੀਤਾ: ‘ਇਹ ਹੈ ਕਾਂਗਰਸ ਦੀ ਸੱਚਾਈ ..!! ਇਹ ਰਾਜਸਥਾਨ ਦੇ ਉਦੈਪੁਰ ਵਿੱਚ ਚਲ ਰਹੇ ਕਾਂਗਰਸ ਪਾਰਟੀ ਦੇ ਚਿੰਤਨ ਸ਼ਿਵਿਰ ਦੀ ਤਸਵੀਰ ਹੈ!! ਜਿਸ ਵਿੱਚ ਪਾਕਿਸਤਾਨ ਦੇ ਝੰਡੇ ਦੇ ਰੰਗ ਨੂੰ ਉੱਪਰ ਅਤੇ ਭਗਵੇ ਰੰਗ ਨੂੰ ਹੇਂਠਾ ।
ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ ਤੇ ਕਈ ਹੋਰ ਯੂਜ਼ਰਸ ਵੀ ਇਸ ਤਸਵੀਰ ਨੂੰ ਮਿਲਦੇ – ਜੁਲਦੇ ਦਾਅਵਿਆਂ ਨਾਲ ਸਾਂਝਾ ਕਰ ਰਹੇ ਹਨ। ਤੱਥ ਜਾਂਚ ਦੇ ਉਦੇਸ਼ ਲਈ ਪੋਸਟ ਦੇ ਕੰਟੇੰਟ ਨੂੰ ਹੂਬਹੂ ਲਿਖਿਆ ਗਿਆ ਹੈ। ਪੋਸਟ ਦਾ ਆਰਕਾਈਵ ਵਰਜਨ ਇੱਥੇ ਦੇਖਿਆ ਜਾ ਸਕਦਾ ਹੈ।
ਪੜਤਾਲ
ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ‘ਚ ਕੀਤੇ ਜਾ ਰਹੇ ਦਾਅਵਿਆਂ ਦੀ ਸੱਚਾਈ ਜਾਣਨ ਲਈ ਸਭ ਤੋਂ ਪਹਿਲਾਂ ਕਾਂਗਰਸ ਦੇ ਟਵਿੱਟਰ ਹੈਂਡਲ ਦੀ ਜਾਂਚ ਕੀਤੀ। ਉੱਥੇ ਸਾਨੂੰ 14 ਮਈ 2022 ਦਾ ਇੱਕ ਟਵੀਟ ਮਿਲਿਆ। ਇਸ ਵਿੱਚ ਉਦੈਪੁਰ ਚਿੰਤਨ ਸ਼ਿਵਿਰ ਦੀਆਂ ਚਾਰ ਤਸਵੀਰਾਂ ਦੀ ਵਰਤੋਂ ਕੀਤੀ ਗਈ ਸੀ।
ਇਨ੍ਹਾਂ ਤਸਵੀਰਾਂ ਵਿੱਚੋ ਇੱਕ ਤਸਵੀਰ ਚ ਸਾਫ ਦੇਖਿਆ ਜਾ ਸਕਦਾ ਹੈ ਕਿ ਸ਼ਿਵਿਰ ਵਾਲੀ ਥਾਂ ਤੇ ਉੱਪਰ ਤਿੰਨ ਰੰਗ ਕੇਸਰੀ, ਚਿੱਟਾ ਅਤੇ ਹਰੇ ਰੰਗ ਦੇ ਕੱਪੜੇ ਦਾ ਇਸਤੇਮਾਲ ਕੀਤਾ ਗਿਆ ਸੀ।
ਜਾਂਚ ਦੌਰਾਨ ਸਾਨੂੰ ਹੋਰ ਤਸਵੀਰਾਂ ਵੀ ਮਿਲੀਆਂ। ਇਨ੍ਹਾਂ ਤਸਵੀਰਾਂ ‘ਚ ਇਹ ਵੀ ਸਾਫ ਦੇਖਿਆ ਜਾ ਸਕਦਾ ਹੈ ਕਿ ਉੱਪਰ ਵੱਲ ਕੇਸਰਿਆ , ਚਿੱਟਾ ਅਤੇ ਹਰੇ ਰੰਗ ਵਾਲੇ ਕੱਪੜਿਆਂ ਦੀ ਵਰਤੋਂ ਕਰਦੇ ਹੋਏ ਜ਼ਮੀਨ ਤੇ ਬ੍ਰਿਕ ਰੈੱਡ ਦਾ ਕਾਰਪੇਟ ਵਿਛਾਇਆ ਗਿਆ ਸੀ।
ਜਾਂਚ ਨੂੰ ਜਾਰੀ ਰੱਖਦੇ ਹੋਏ ਵਿਸ਼ਵਾਸ ਨਿਊਜ਼ ਨੇ ਯੂਥ ਕਾਂਗਰਸ ਦੇ ਰਾਸ਼ਟਰੀ ਬੁਲਾਰੇ ਆਨੰਦ ਜਾਟ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਡੇ ਨਾਲ ਚਿੰਤਨ ਸ਼ਿਵਿਰ ਦੀਆਂ ਕੁਝ ਤਸਵੀਰਾਂ ਸਾਂਝੀਆਂ ਕਰਦੇ ਹੋਏ ਦੱਸਿਆ, “ਪ੍ਰੋਗਰਾਮ ਵਿੱਚ ਕਾਂਗਰਸ ਦੇ ਝੰਡੇ ਵਾਲੇ ਰੰਗਾਂ ਦੇ ਕੱਪੜਿਆਂ ਦਾ ਇਸਤੇਮਾਲ ਕੀਤਾ ਗਿਆ ਸੀ, ਜਦੋਂ ਕਿ ਜ਼ਮੀਨ ਉੱਤੇ ਬ੍ਰਿਕ ਰੈੱਡ ਰੰਗ ਦਾ ਕਾਰਪੇਟ ਵਿਛਾਇਆ ਗਿਆ ਸੀ। ਪਰ ਇੱਕ ਸਿਆਸੀ ਪਾਰਟੀ ਦੀ ਟ੍ਰੋਲ ਫੌਜ ਦੇ ਲੋਕ ਝੂਠ ਫੈਲਾ ਰਹੇ ਹਨ।
ਵਧੇਰੇ ਜਾਣਕਾਰੀ ਲਈ ਵਿਸ਼ਵਾਸ ਨਿਊਜ਼ ਨੇ ਦੈਨਿਕ ਜਾਗਰਣ ਦੇ ਉਦੈਪੁਰ ਦੇ ਸੰਵਾਦਦਾਤਾ ਸੁਭਾਸ਼ ਸ਼ਰਮਾ ਨਾਲ ਵੀ ਗੱਲ ਕੀਤੀ। ਉਨ੍ਹਾਂ ਨੇ ਵੀ ਸਪੱਸ਼ਟ ਕਰਦੇ ਹੋਏ ਪੋਸਟ ਨੂੰ ਗ਼ਲਤ ਦੱਸਿਆ।
ਹੇਠਾਂ ਦਿੱਤੀਆਂ ਤਸਵੀਰਾਂ ‘ਚ ਸਾਫ ਦੇਖਿਆ ਜਾ ਸਕਦਾ ਹੈ ਕਿ ਸਮਾਗਮ ਵਾਲੀ ਥਾਂ ਤੇ ਉੱਪਰ ਦੇ ਵੱਲ ਤਿੰਨ ਰੰਗਾਂ ਦੇ ਕੱਪੜਿਆਂ ਦੀ ਵਰਤੋਂ ਕੀਤੀ ਗਈ ਸੀ। ਇਸ ਹੀ ਤਰ੍ਹਾਂ ਜ਼ਮੀਨ ਤੇ ਬ੍ਰਿਕ ਰੈੱਡ ਰੰਗ ਦੇ ਕਾਰਪੇਟ ਨੂੰ ਵੀ ਦੇਖਿਆ ਜਾ ਸਕਦਾ ਹੈ।
ਜਾਂਚ ਦੇ ਅੰਤ ਵਿੱਚ ਵਿਸ਼ਵਾਸ ਨਿਊਜ਼ ਨੇ ਗੁੰਮਰਾਹਕੁੰਨ ਪੋਸਟ ਕਰਨ ਵਾਲੇ ਫੇਸਬੁੱਕ ਯੂਜ਼ਰ ਦੀ ਸੋਸ਼ਲ ਸਕੈਨਿੰਗ ਕੀਤੀ। ਫੇਸਬੁੱਕ ਯੂਜ਼ਰ ਜੈਕਿਸ਼ਨ ਗੋਇਲ ਬੀਜੇਪੀ ਨੂੰ 16 ਹਜ਼ਾਰ ਤੋਂ ਵੱਧ ਲੋਕ ਫੋਲੋ ਕਰਦੇ ਹਨ। ਇੱਕ ਸਿਆਸੀ ਦਲ ਨਾਲ ਜੁੜਿਆ ਇਹ ਯੂਜ਼ਰਸ ਫੇਸਬੁੱਕ ਤੇ ਕਾਫੀ ਸਰਗਰਮ ਹੈ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਪੋਸਟ ਗੁੰਮਰਾਹਕੁੰਨ ਸਾਬਿਤ ਹੋਈ। ਕਾਂਗਰਸ ਦੇ ਉਦੈਪੁਰ ਚਿੰਤਨ ਸ਼ਿਵਿਰ ਵਿੱਚ ਪਾਰਟੀ ਦੇ ਰੰਗ ਦੇ ਕੱਪੜਿਆਂ ਦੀ ਵਰਤੋਂ ਕਰਦੇ ਹੋਏ ਸਮਾਗਮ ਵਾਲੀ ਥਾਂ ਨੂੰ ਸਜਾਇਆ ਗਿਆ ਸੀ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।