Fact Check: ਪਾਕਿਸਤਾਨ ਵਿੱਚ ਪੈਟਰੋਲ ਪੰਪ ਨੂੰ ਅੱਗ ਲੱਗਣ ਦਾ ਲਗਭਗ 3 ਸਾਲ ਪੁਰਾਣਾ ਵੀਡੀਓ ਹਾਲ ਦੇ ਆਰਥਿਕ ਸੰਕਟ ਦੇ ਨਾਮ ‘ਤੇ ਵਾਇਰਲ

ਜੂਨ 2020 ਵਿੱਚ ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਇੱਕ ਪੈਟਰੋਲ ਪੰਪ ਨੂੰ ਲੱਗੀ ਅੱਗ ਦੀ ਘਟਨਾ ਦੇ ਵੀਡੀਓ ਨੂੰ ਮੌਜੂਦਾ ਆਰਥਿਕ ਸੰਕਟ ਨਾਲ ਜੋੜਦੇ ਹੋਏ ਗੁੰਮਰਾਹਕੁੰਨ ਦਾਅਵੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ। ਇਸ ਦਾਅਵੇ ਮੁਤਾਬਕ ਮਹਿੰਗਾਈ ਤੋਂ ਨਾਰਾਜ਼ ਪਾਕਿਸਤਾਨੀ ਜਨਤਾ ਨੇ ਪੈਟਰੋਲ ਪੰਪ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਹਾਲਾਂਕਿ ਇਸ ਦਾਅਵੇ ਨਾਲ ਵਾਇਰਲ ਹੋ ਰਿਹਾ ਵੀਡੀਓ ਲਗਭਗ ਤਿੰਨ ਸਾਲ ਪੁਰਾਣਾ ਹੈ, ਜੋ ਕਿ ਕਿਸੇ ਹੋਰ ਘਟਨਾ ਨਾਲ ਸਬੰਧਤ ਹੈ।

ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਪਾਕਿਸਤਾਨ ਵਿੱਚ ਆਰਥਿਕ ਸੰਕਟ ਦੇ ਵਿਚਕਾਰ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਇਸ ਦਾਅਵੇ ਨਾਲ ਵਾਇਰਲ ਹੋ ਰਿਹਾ ਹੈ ਕਿ ਦੇਸ਼ ਵਿੱਚ ਬੇਕਾਬੂ ਮਹਿੰਗਾਈ ਕਾਰਨ ਨਾਰਾਜ਼ ਲੋਕਾਂ ਨੇ ਲਾਹੌਰ ਵਿੱਚ ਪੈਟਰੋਲ ਪੰਪ ਨੂੰ ਅੱਗ ਲਗਾ ਦਿੱਤੀ।

ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਦਾਅਵਾ ਗੁੰਮਰਾਹਕੁੰਨ ਹੈ।ਇਹ ਵਾਇਰਲ ਵੀਡੀਓ ਪਾਕਿਸਤਾਨ ਦੇ ਪੰਜਾਬ ਸੂਬੇ ਦਾ ਤਾਂ ਹੈ, ਪਰ ਇਸ ਦਾ ਮੌਜੂਦਾ ਆਰਥਿਕ ਸੰਕਟ ਨਾਲ ਕੋਈ ਸਬੰਧ ਨਹੀਂ ਹੈ। ਵਾਇਰਲ ਵੀਡੀਓ ਤਿੰਨ ਸਾਲ ਪੁਰਾਣੀ ਘਟਨਾ ਦਾ ਹੈ, ਜਦੋਂ ਪਾਕ ਪੰਜਾਬ ਦੇ ਨਾਰੋਵਾਲ ਸ਼ਹਿਰ ਵਿੱਚ ਇੱਕ ਪੈਟਰੋਲ ਪੰਪ ਨੂੰ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਸੀ। ਉਹੀ ਪੁਰਾਣੀ ਵੀਡੀਓ ਨੂੰ ਹਾਲ ਦਾ ਦੱਸਦੇ ਹੋਏ ਗੁੰਮਰਾਹਕੁੰਨ ਦਾਅਵੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ।

ਕੀ ਹੈ ਵਾਇਰਲ ਪੋਸਟ ਵਿੱਚ ?

ਫੇਸਬੁੱਕ ਯੂਜ਼ਰ ‘Ashutosh Choudhary Godda’ ਨੇ ਵੀਡੀਓ (ਆਰਕਾਈਵ ਲਿੰਕ) ਨੂੰ ਸਾਂਝਾ ਕਰਦੇ ਹੋਏ ਲਿਖਿਆ ਹੈ, “ਆਰਥਿਕ ਸੰਕਟ ਦੀ ਮਾਰ ਝੱਲ ਰਹੇ ਪਾਕਿਸਤਾਨ ਵਿੱਚ ਸਥਿਤੀ ਬੱਦਤਰ ਹੁੰਦੀ ਜਾ ਰਹੀ ਹੈ। ਮਹਿੰਗਾਈ ਦੀ ਮਾਰ ਝੱਲ ਰਹੇ ਪਾਕਿਸਤਾਨ ਦੀ ਜਨਤਾ ਸੜਕਾਂ ‘ਤੇ ਉਤਰ ਆਈ  ਹੈ। ਖਾਣ-ਪੀਣ ਦੀਆਂ ਵਸਤਾਂ ਸਮੇਤ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਪਹਿਲਾਂ ਤੋਂ ਹੀ ਅੱਗ ਲੱਗੀ ਹੋਈ ਹੈ। ਪਰ ਇਸ ਦੌਰਾਨ ਪਾਕਿਸਤਾਨ ਸਰਕਾਰ ਨੇ ਖਾਣ-ਪੀਣ ਦੀਆਂ ਵਸਤੂਆਂ ਦੀਆਂ ਕੀਮਤਾਂ ਵਿਚ ਵਾਧਾ ਕਰਨ ਤੋਂ ਬਾਅਦ ਹੁਣ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ 35 ਰੁਪਏ ਪ੍ਰਤੀ ਲੀਟਰ ਦਾ ਵਾਧਾ ਕਰ ਦਿੱਤਾ ਹੈ। ਕੀਮਤਾਂ ਵਧਣ ਤੋਂ ਬਾਅਦ ਲੋਕਾਂ ਨੇ ਗੁੱਸੇ ‘ਚ ਆ ਕੇ ਲਾਹੌਰ ‘ਚ ਇਕ ਪੈਟਰੋਲ ਪੰਪ ਨੂੰ ਹੀ ਅੱਗ ਦੇ ਹਵਾਲੇ ਕਰ ਦਿੱਤਾ।”

ਟਵਿੱਟਰ ‘ਤੇ ਵੀ ਕਈ ਲੋਕਾਂ ਨੇ ਵੀ ਇਸ ਵੀਡੀਓ ਨੂੰ ਮਿਲਦੇ-ਜੁਲਦੇ ਦਾਅਵਿਆਂ ਨਾਲ ਸਾਂਝਾ ਕੀਤਾ ਹੈ।

https://twitter.com/mdusman_pak/status/1620005868942290945

ਪੜਤਾਲ

ਵਾਇਰਲ ਵੀਡੀਓ ਵਿੱਚ ਪੈਟਰੋਲ ਪੰਪ ਅੱਗ ਦੀ ਲਪੇਟ ਵਿੱਚ ਨਜ਼ਰ ਆ ਰਿਹਾ ਹੈ। ਵੀਡੀਓ ਦੇ ਮੂਲ ਸਰੋਤ ਨੂੰ ਲੱਭਣ ਲਈ ਰਿਵਰਸ ਇਮੇਜ ਦੀ ਵਰਤੋਂ ਕੀਤੀ ਗਈ। ਸਰਚ ‘ਚ ‘ਡੇਲੀ ਮੋਸ਼ਨ’ ਵੈੱਬਸਾਈਟ ਉੱਪਰ ਕਰੀਬ ਤਿੰਨ ਸਾਲ ਪੁਰਾਣੀ ਇੱਕ ਰਿਪੋਰਟ ਮਿਲੀ, ਜਿਸ ਵਿੱਚ ਨਜ਼ਰ ਆ ਰਿਹਾ ਹੈ ਵੀਡੀਓ ਇਸ ਮੌਜੂਦਾ ਵਾਇਰਲ ਵੀਡੀਓ ਨਾਲ ਰਲਦਾ ਹੈ।

18 ਜੂਨ 2020 ਦੀ ਰਿਪੋਰਟ ਵਿੱਚ ਦਿੱਤੀ ਗਈ ਜਾਣਕਾਰੀ ਅਨੁਸਾਰ, “ਇਹ ਵੀਡੀਓ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਨਾਰੋਵਾਲ ਸ਼ਹਿਰ ਦੀ ਇੱਕ ਘਟਨਾ ਦਾ  ਹੈ, ਜਦੋਂ ਇੱਕ ਪੈਟਰੋਲ ਪੰਪ ਨੂੰ ਅੱਗ ਲੱਗ ਗਈ ਸੀ।”

ਸਰਚ ਵਿੱਚ ਸਾਨੂੰ ਇਹ ਵੀਡੀਓ ‘World of Information’ ਫੇਸਬੁੱਕ ਪੇਜ ‘ਤੇ ਵੀ ਮਿਲਿਆ, ਜਿਸ ਨੂੰ 14 ਜੂਨ 2020 ਨੂੰ ਸਾਂਝਾ ਕੀਤਾ ਗਿਆ ਹੈ।

ਇਸ ਵੀਡੀਓ ਨਾਲ ਦਿੱਤੀ ਗਈ ਜਾਣਕਾਰੀ ਵੀ ਪਹਿਲਾਂ ਜ਼ਿਕਰ ਕੀਤੀ ਰਿਪੋਰਟ ਨਾਲ ਮਿਲਦੀ ਹੈ।ਅਸੀਂ ਹੋਰ ਪੁਸ਼ਟੀ ਲਈ ਪਾਕਿਸਤਾਨ ਸਥਿਤ ਪੱਤਰਕਾਰ ਅਤੇ ਫ਼ੈਕਟ ਚੈੱਕਰ ਲੁਬਰਾ ਜ਼ਰਾਰ ਨਕਵੀ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਇਹ ਕਿਸੇ ਹਾਲ-ਫਿਲਹਾਲ ਦੀ ਘਟਨਾ ਦਾ ਵੀਡੀਓ ਨਹੀਂ ਹੈ, ਸਗੋਂ ਪੁਰਾਣੀ ਘਟਨਾ ਦਾ ਵੀਡੀਓ ਹੈ।

ਇਸ ਤੋਂ ਪਹਿਲਾਂ ਵੀ ਪਾਕਿਸਤਾਨ ਵਿੱਚ 100 ਸਾਲ ਪੁਰਾਣੇ ਸ਼ਿਵ ਮੰਦਰ ਨੂੰ ਢਾਹੁਣ ਦੇ ਦਾਅਵੇ ਨਾਲ ਇੱਕ ਵੀਡੀਓ ਵਾਇਰਲ ਹੋਇਆ ਸੀ, ਜਿਸ ਨੂੰ ਅਸੀਂ ਆਪਣੀ ਜਾਂਚ ਵਿੱਚ ਗੁੰਮਰਾਹਕੁੰਨ ਪਾਇਆ ਸੀ। ਉਹ ਵਾਇਰਲ ਵੀਡੀਓ 2020 ਦੀ ਇੱਕ ਘਟਨਾ ਨਾਲ ਸਬੰਧਤ ਸੀ, ਜਿਸ ਨੂੰ ਹਾਲ ਦਾ ਦੱਸਦਿਆਂ ਸ਼ੇਅਰ ਕੀਤਾ ਜਾ ਰਿਹਾ ਸੀ। ਵਾਇਰਲ ਦਾਅਵੇ ਦੀ ਪੜਤਾਲ ਕਰਨ ਵਾਲੀ ਵਿਸ਼ਵਾਸ ਨਿਊਜ਼ ਦੀ ਰਿਪੋਰਟ ਇੱਥੇ ਪੜ੍ਹੀ ਜਾ ਸਕਦੀ ਹੈ।

ਖ਼ਬਰਾਂ ਮੁਤਾਬਕ ਪਾਕਿਸਤਾਨ ਫਿਲਹਾਲ ਗੰਭੀਰ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ।

ਪੜਤਾਲ ਦੇ ਅੰਤ ਵਿੱਚ ਅਸੀਂ ਇਸ ਵੀਡੀਓ ਨੂੰ ਸਾਂਝਾ ਕਰਨ ਵਾਲੇ ਯੂਜ਼ਰ ਦੀ ਜਾਂਚ ਕੀਤੀ। ਜਾਂਚ ਤੋਂ ਪਤਾ ਲੱਗਾ ਹੈ ਕਿ ਯੂਜ਼ਰ ਦੇ ਫੇਸਬੁੱਕ ਤੇ 4 ਹਜ਼ਾਰ ਤੋਂ ਵੱਧ ਮਿੱਤਰ ਹਨ।

ਨਤੀਜਾ: ਜੂਨ 2020 ਵਿੱਚ ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਇੱਕ ਪੈਟਰੋਲ ਪੰਪ ਨੂੰ ਲੱਗੀ ਅੱਗ ਦੀ ਘਟਨਾ ਦੇ ਵੀਡੀਓ ਨੂੰ ਮੌਜੂਦਾ ਆਰਥਿਕ ਸੰਕਟ ਨਾਲ ਜੋੜਦੇ ਹੋਏ ਗੁੰਮਰਾਹਕੁੰਨ ਦਾਅਵੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ। ਇਸ ਦਾਅਵੇ ਮੁਤਾਬਕ ਮਹਿੰਗਾਈ ਤੋਂ ਨਾਰਾਜ਼ ਪਾਕਿਸਤਾਨੀ ਜਨਤਾ ਨੇ ਪੈਟਰੋਲ ਪੰਪ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਹਾਲਾਂਕਿ ਇਸ ਦਾਅਵੇ ਨਾਲ ਵਾਇਰਲ ਹੋ ਰਿਹਾ ਵੀਡੀਓ ਲਗਭਗ ਤਿੰਨ ਸਾਲ ਪੁਰਾਣਾ ਹੈ, ਜੋ ਕਿ ਕਿਸੇ ਹੋਰ ਘਟਨਾ ਨਾਲ ਸਬੰਧਤ ਹੈ।

Misleading
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts