Fact Check : ਅੰਬਾਲਾ ‘ਚ ਮਗਰਮੱਛ ਆਉਣ ਦੇ ਝੂਠੇ ਦਾਅਵੇ ਨਾਲ ਗੁਜਰਾਤ ਦਾ ਪੁਰਾਣਾ ਵੀਡੀਓ ਵਾਇਰਲ
ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਪਾਇਆ ਗਿਆ ਕਿ ਕੁਝ ਲੋਕ ਗੁਜਰਾਤ ਦੀ ਪੁਰਾਣੀ ਵੀਡੀਓ ਨੂੰ ਅੰਬਾਲਾ ਦਾ ਸਮਝ ਕੇ ਵਾਇਰਲ ਕਰ ਰਹੇ ਹਨ। ਮਗਰਮੱਛ ਦੇ ਇਸ ਵੀਡੀਓ ਦਾ ਅੰਬਾਲਾ ਨਾਲ ਕੋਈ ਸਬੰਧ ਨਹੀਂ ਹੈ।
- By: Ashish Maharishi
- Published: Jul 14, 2023 at 11:11 AM
ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਦੇਸ਼ ਦੇ ਕੁਝ ਰਾਜਾਂ ਵਿੱਚ ਮੀਂਹ ਦਾ ਕਹਿਰ ਜਾਰੀ ਹੈ ਅਤੇ ਇਸ ਦੌਰਾਨ ਸੋਸ਼ਲ ਮੀਡੀਆ ‘ਤੇ ਝੂਠ ਫੈਲਾਉਣ ਦਾ ਸਿਲਸਿਲਾ ਵੀ ਜਾਰੀ ਹੈ। ਹੁਣ ਇੱਕ 20 ਸੈਕਿੰਡ ਦਾ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਹਰਿਆਣਾ ਦੇ ਅੰਬਾਲਾ ਸ਼ਹਿਰ ਵਿੱਚ ਗੀਤਾ ਨਗਰ ਮੁਹੱਲੇ ‘ਚ ਪਾਣੀ ਵਿੱਚ ਮਗਰਮੱਛ ਦੇਖਣ ਨੂੰ ਮਿਲਿਆ ਹੈ। ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਜਾਂਚ ਕੀਤੀ ਅਤੇ ਦਾਅਵਾ ਫਰਜ਼ੀ ਨਿਕਲਿਆ। ਦਰਅਸਲ ਗੁਜਰਾਤ ਦੀ ਇੱਕ ਪੁਰਾਣ ਵੀਡੀਓ ਅੰਬਾਲਾ ਦੀ ਹੋਣ ਦਾ ਦਾਅਵਾ ਕਰ ਕੇ ਝੂਠ ਫੈਲਾਇਆ ਜਾ ਰਿਹਾ ਹੈ। ਇਹ ਵੀਡੀਓ ਪਹਿਲਾਂ ਬਿਹਾਰ ਦੇ ਨਾਂ ‘ਤੇ ਵੀ ਵਾਇਰਲ ਹੋ ਚੁੱਕਾ ਹੈ। ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਵੀਡੀਓ ਗੁਜਰਾਤ ਦੇ ਵਡੋਦਰਾ ਦਾ ਸਾਬਤ ਹੋਇਆ।
ਕੀ ਹੈ ਵਾਇਰਲ ਪੋਸਟ ਵਿੱਚ ?
ਫੇਸਬੁੱਕ ਯੂਜ਼ਰ ਦੀਪਕ ਪ੍ਰਭਾਕਰ ਨੇ 10 ਜੁਲਾਈ ਨੂੰ ਇੱਕ ਵੀਡੀਓ ਪੋਸਟ ਕਰਦੇ ਹੋਏ ਦਾਅਵਾ ਕੀਤਾ, “अंबाला के गीता नगर और बलदेव नगर मे घरों मे घुसा पानी। गीता नगर मे पानी के साथ आया मगरमच्छ। इस आपदा मे सभी एक दूजे का सहयोग करें।”
ਕਈ ਯੂਜ਼ਰਸ ਨੇ ਇਸ ਵੀਡੀਓ ਨੂੰ ਸਮਾਨ ਅਤੇ ਮਿਲਦੇ-ਜੁਲਦੇ ਦਾਅਵੇ ਨਾਲ ਸ਼ੇਅਰ ਕੀਤਾ ਹੈ। ਪੋਸਟ ਦਾ ਆਰਕਾਈਵ ਲਿੰਕ ਇੱਥੇ ਵੇਖਿਆ ਜਾ ਸਕਦਾ ਹੈ।
ਪੜਤਾਲ
ਵਿਸ਼ਵਾਸ ਨਿਊਜ਼ ਨੇ ਸਭ ਤੋਂ ਪਹਿਲਾਂ ਅੰਬਾਲਾ ਦੇ ਨਾਂ ‘ਤੇ ਵਾਇਰਲ ਵੀਡੀਓ ਦੇ ਕਈ ਕੀ ਫਰੇਮ ਕੱਢੇ। ਫਿਰ ਉਨ੍ਹਾਂ ਨੂੰ ਗੂਗਲ ਲੈਂਸ ਰਾਹੀਂ ਖੋਜਣਾ ਸ਼ੁਰੂ ਕੀਤਾ। NDTV ਦੇ ਅਧਿਕਾਰਤ ਯੂਟਿਊਬ ਚੈਨਲ ‘ਤੇ 4 ਅਗਸਤ 2019 ਨੂੰ ਅਪਲੋਡ ਇੱਕ ਨਿਊਜ ਰਿਪੋਰਟ ਦੇ 10ਵੇਂ ਸਕਿੰਟ ‘ਤੇ ਅਜਿਹਾ ਹੀ ਦ੍ਰਿਸ਼ ਨਜ਼ਰ ਆਇਆ, ਜਿਵੇਂ ਕਿ ਵਾਇਰਲ ਵੀਡੀਓ ਵਿੱਚ ਦਿੱਖ ਰਿਹਾ ਹੈ। ਇਸ ਪੁਰਾਣੀ ਖਬਰ ਵਿੱਚ ਦੱਸਿਆ ਗਿਆ ਸੀ ਕਿ ਗੁਜਰਾਤ ਦੇ ਵਡੋਦਰਾ ਵਿੱਚ ਭਾਰੀ ਬਾਰਿਸ਼ ਦੇ ਦੌਰਾਨ ਇੱਕ ਮਗਰਮੱਛ ਦੇਖਿਆ ਗਿਆ।
ਜਾਂਚ ਦੌਰਾਨ ਇੰਡੀਆ ਟੂਡੇ ਦੀ ਵੈੱਬਸਾਈਟ ‘ਤੇ ਇਸ ਨਾਲ ਜੁੜੀ ਖਬਰ ਮਿਲੀ। 4 ਅਗਸਤ 2019 ਨੂੰ ਪ੍ਰਕਾਸ਼ਿਤ ਖ਼ਬਰ ਵਿੱਚ ਦੱਸਿਆ ਗਿਆ ਕਿ ਐਨਡੀਆਰਐਫ ਦੀ ਟੀਮ ਨੇ ਵਡੋਦਰਾ ਦੇ ਵਡਸਾਰ ਵਿੱਚ ਰਿਆਸ਼ੀ ਖੇਤਰ ਤੋਂ ਇੱਕ ਮਗਰਮੱਛ ਨੂੰ ਰੇਸਕਿਉ ਕੀਤਾ। ਸਾਨੂੰ ਖ਼ਬਰ ਵਿੱਚ ਇੱਕ ਟਵੀਟ ਵੀ ਮਿਲਿਆ। ਇਸ ਵਿੱਚ ਵਰਤੀ ਗਈ ਵੀਡੀਓ ਕਿਸੇ ਹੋਰ ਐਂਗਲ ਤੋਂ ਬਣਾਈ ਗਈ ਸੀ। ਪਰ ਆਲੇ-ਦੁਆਲੇ ਦੀ ਸਥਿਤੀ ਅਤੇ ਇਸ ਵਿੱਚ ਮੌਜੂਦ ਲੋਕਾਂ ਦੇ ਕੱਪੜਿਆਂ ਨੂੰ ਦੇਖ ਕੇ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਵਾਇਰਲ ਵੀਡੀਓ ਘਟਨਾ ਨਾਲ ਜੁੜੀ ਇੱਕ ਵੀਡੀਓ ਹੈ।
ਇਹ ਵੀਡੀਓ ਇੱਕ ਵਾਰ ਪਹਿਲਾਂ ਵੀ ਵਾਇਰਲ ਹੋ ਚੁੱਕੀ ਹੈ। ਉਸ ਸਮੇਂ ਵਿਸ਼ਵਾਸ ਨਿਊਜ਼ ਨੇ ਵਡੋਦਰਾ ਨਗਰ ਨਿਗਮ ਦੇ ਪੀਆਰਓ ਸੁਮਨ ਕੇ ਰਥਵਾ ਨਾਲ ਗੱਲ ਕੀਤੀ ਸੀ। ਜਾਣਕਾਰੀ ਦਿੰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਵਾਇਰਲ ਵੀਡੀਓ ਵਡੋਦਰਾ ਦਾ ਹੀ ਹੈ। ਇਹ ਪਹਿਲਾਂ ਵੀ ਵਾਇਰਲ ਹੋ ਚੁੱਕਾ ਹੈ।
ਜਾਂਚ ਨੂੰ ਅੱਗੇ ਵਧਾਉਂਦੇ ਹੋਏ ਵਿਸ਼ਵਾਸ ਨਿਊਜ਼ ਨੇ ਦੈਨਿਕ ਜਾਗਰਣ ਅੰਬਾਲਾ ਦੇ ਬਿਊਰੋ ਚੀਫ ਦੀਪਕ ਬਹਿਲ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਦੱਸਿਆ ਕਿ ਇਸ ਵਾਇਰਲ ਵੀਡੀਓ ਦਾ ਅੰਬਾਲਾ ਨਾਲ ਕੋਈ ਸਬੰਧ ਨਹੀਂ ਹੈ। ਉਨ੍ਹਾਂ ਨੇ ਸਾਫ ਕੀਤਾ ਕਿ ਅੰਬਾਲਾ ਵਿੱਚ ਮਗਰਮੱਛ ਦੇ ਨਜ਼ਰ ਆਉਣ ਦੀ ਕੋਈ ਘਟਨਾ ਨਹੀਂ ਵਾਪਰੀ ਹੈ।
ਜਾਂਚ ਦੇ ਆਖਰੀ ਪੜਾਅ ‘ਚ ਫੇਸਬੁੱਕ ਯੂਜ਼ਰ ‘ਦੀਪਕ ਪ੍ਰਭਾਕਰ’ ਦੀ ਸੋਸ਼ਲ ਮੀਡੀਆ ਸਕੈਨਿੰਗ ਕੀਤੀ ਗਈ। ਯੂਜ਼ਰ ਨੇ ਖੁਦ ਨੂੰ ਪੰਜਾਬ ਦੇ ਅੰਮ੍ਰਿਤਸਰ ਦਾ ਰਹਿਣ ਵਾਲਾ ਦੱਸਿਆ ਹੈ। ਇੱਕ ਸਿਆਸੀ ਪਾਰਟੀ ਨਾਲ ਜੁੜੇ ਇਸ ਯੂਜ਼ਰ ਦੇ ਅਕਾਊਂਟ ਨੂੰ ਇੱਕ ਹਜ਼ਾਰ ਤੋਂ ਵੱਧ ਲੋਕ ਫੌਲੋ ਕਰਦੇ ਹਨ। ਇਹ ਅਕਾਊਂਟ ਜਨਵਰੀ 2011 ਵਿੱਚ ਬਣਾਇਆ ਗਿਆ ਸੀ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਪਾਇਆ ਗਿਆ ਕਿ ਕੁਝ ਲੋਕ ਗੁਜਰਾਤ ਦੀ ਪੁਰਾਣੀ ਵੀਡੀਓ ਨੂੰ ਅੰਬਾਲਾ ਦਾ ਸਮਝ ਕੇ ਵਾਇਰਲ ਕਰ ਰਹੇ ਹਨ। ਮਗਰਮੱਛ ਦੇ ਇਸ ਵੀਡੀਓ ਦਾ ਅੰਬਾਲਾ ਨਾਲ ਕੋਈ ਸਬੰਧ ਨਹੀਂ ਹੈ।
- Claim Review : ਅੰਬਾਲਾ ਦੇ ਗੀਤਾ ਨਗਰ 'ਚ ਪਾਣੀ ਨਾਲ ਆਇਆ ਮਗਰਮੱਛ
- Claimed By : ਫੇਸਬੁੱਕ ਯੂਜ਼ਰ 'ਦੀਪਕ ਪ੍ਰਭਾਕਰ' ਫੇਸਬੁੱਕ ਯੂਜ਼ਰ - ਦੀਪਕ ਪ੍ਰਭਾਕਰ
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...