ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਸੋਸ਼ਲ ਮੀਡਿਆ ‘ਤੇ ਵਾਇਰਲ ਹੋ ਰਹੀ ਪੰਜਾਬੀ ਗਾਇਕ ਬੱਬੂ ਮਾਨ ਅਤੇ ਮਨਕੀਰਤ ਔਲਖ ਦੀ ਤਸਵੀਰ ਪੁਰਾਣੀ ਨਿਕਲੀ । ਤਸਵੀਰ ਨੂੰ ਹੁਣ ਦਾ ਦੱਸਦੇ ਹੋਏ ਗ਼ਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼)। ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਅਤੇ ਮਨਕੀਰਤ ਔਲਖ ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲੇ ਕਤਲ ਕੇਸ ਦੀ ਜਾਂਚ ਲਈ ਪੰਜਾਬ ਮਾਨਸਾ ਪੁਲਿਸ ਅੱਗੇ ਪੇਸ਼ ਹੋਏ ਸਨ। ਹੁਣ ਇਸ ਦੇ ਨਾਲ ਜੋੜਦੇ ਹੋਏ ਗਾਇਕ ਬੱਬੂ ਮਾਨ ਅਤੇ ਮਨਕੀਰਤ ਔਲਖ ਦੀ ਇੱਕ ਤਸਵੀਰ ਵਾਇਰਲ ਕੀਤੀ ਜਾ ਰਹੀ ਹੈ, ਜਿਸ ਵਿੱਚ ਉਹ ਇੱਕ ਪੁਲਿਸ ਅਧਿਕਾਰੀ ਨਾਲ ਨਜ਼ਰ ਆ ਰਹੇ ਹਨ। ਸੋਸ਼ਲ ਮੀਡੀਆ ਯੂਜ਼ਰ ਇਸ ਤਸਵੀਰ ਨੂੰ ਹਾਲੀਆ ਦੱਸਦੇ ਹੋਏ ਮੂਸੇਵਾਲੇ ਕਤਲ ਕਾਂਡ ‘ਚ ਪੁਲਿਸ ਦੀ ਕਾਰਜਪ੍ਰਣਾਲੀ ‘ਤੇ ਸਵਾਲ ਉਠਾ ਰਹੇ ਹਨ।
ਵਿਸ਼ਵਾਸ ਨਿਊਜ਼ ਨੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਤਸਵੀਰ ਪੁਰਾਣੀ ਹੈ ਜਿਸਨੂੰ ਹਾਲ ਦੀ ਦੱਸਦੇ ਹੋਏ ਗ਼ਲਤ ਦਾਅਵੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ। ਵਾਇਰਲ ਤਸਵੀਰ 2020 ਤੋਂ ਸੋਸ਼ਲ ਮੀਡੀਆ ‘ਤੇ ਮੌਜੂਦ ਹੈ।
ਕੀ ਹੈ ਵਾਇਰਲ ਪੋਸਟ ਵਿੱਚ
ਫੇਸਬੁੱਕ ਪੇਜ “Punjab di gal ” ਨੇ 8 ਦਸੰਬਰ ਨੂੰ ਤਸਵੀਰ ਸ਼ੇਅਰ ਕੀਤੀ ਹੈ। ਤਸਵੀਰ ਉੱਤੇ ਲਿਖਿਆ ਹੈ ,”ਆਹ ਦੇਖ ਲੋ ਹੋ ਗਈ ਸਿੱਧੂ ਮੂਸੇਵਾਲਾ ਕੇਸ ਦੀ ਪੁੱਛਗਿੱਛ , ਤਾਂਹੀ ਤਾਂ ਪਿਤਾ ਬਲਕੌਰ ਸਿੰਘ ਪਿਟਦਾ ਐ ਵਿਚਾਰਾ”
ਇੱਕ ਹੋਰ ਫੇਸਬੁੱਕ ਪੇਜ “ਪਰਦਾ ਫਾਸ਼ Parda Fash ” ਨੇ ਤਸਵੀਰ ਨੂੰ ਸ਼ੇਅਰ ਕੀਤਾ ਹੈ ਅਤੇ ਲਿਖਿਆ ਹੈ ,”ਯਾਰ ਸਿੱਧੂ ਮੂਸੇ ਵਾਲਾ ਕਤਲ ਕੇਸ ਚ ਬੱਬੂ ਮਾਨ ਅਤੇ ਮਨਕੀਰਤ ਔਲਖ ਨੂੰ ਪੁੱਛਗਿੱਛ ਲਈ ਬੁਲਾਇਆ ਸੀ ਨਾ ਕਿ ਉਹਨਾਂ ਨਾਲ ਫੋਟੋਆਂ ਖਿਚਵਾਉਣ ਲਈ। ਤਾਂਹੀ ਵਿਚਾਰਾ ਸਿੱਧੂ ਦਾ ਪਿਤਾ ਕਹਿੰਦਾ ਆ ਕਿ ਜਾਂਚ ਸਹੀ ਨਹੀਂ ਹੋ ਰਹੀ।”
ਕਈ ਹੋਰ ਯੂਜ਼ਰਸ ਨੇ ਇਸ ਤਸਵੀਰ ਨੂੰ ਮਿਲਦੇ – ਜੁਲਦੇ ਦਾਅਵੇ ਨਾਲ ਸ਼ੇਅਰ ਕੀਤਾ ਹੈ। ਪੋਸਟ ਦਾ ਆਰਕਾਈਵ ਲਿੰਕ ਇੱਥੇ ਦੇਖਿਆ ਜਾ ਸਕਦਾ ਹੈ।
ਪੜਤਾਲ
ਵਾਇਰਲ ਤਸਵੀਰ ਦੀ ਜਾਂਚ ਕਰਨ ਲਈ ਅਸੀਂ ਗੂਗਲ ਲੈਂਸ ਦੁਆਰਾ ਤਸਵੀਰ ਦੀ ਖੋਜ ਕੀਤੀ। ਸਾਨੂੰ ਸਾਲ 2020 ‘ਚ ਕਈ ਥਾਵਾਂ ‘ਤੇ ਸ਼ੇਅਰ ਕੀਤੀ ਵਾਇਰਲ ਤਸਵੀਰ ਮਿਲੀ। ਪੀਟੀਸੀ ਪੰਜਾਬੀ ਦੀ ਵੈੱਬਸਾਈਟ ‘ਤੇ 14 ਜੁਲਾਈ, 2020 ਨੂੰ ਪ੍ਰਕਾਸ਼ਿਤ ਖ਼ਬਰ ਵਿੱਚ ਵਾਇਰਲ ਤਸਵੀਰ ਦੀ ਵਰਤੋਂ ਕੀਤੀ ਗਈ ਸੀ। ਖਬਰ ਮੁਤਾਬਿਕ ‘ਤਸਵੀਰ ਦੋਵਾਂ ਗਾਇਕਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤੀ ਗਈ ਸੀ।’
ਸਰਚ ਦੌਰਾਨ ਸਾਨੂੰ 15 ਜੁਲਾਈ, 2020 ਨੂੰ MH One Music ਦੇ ਅਧਿਕਾਰਤ ਫੇਸਬੁੱਕ ਪੇਜ ‘ਤੇ ਸਾਂਝੀ ਕੀਤੀ ਗਈ ਇਹ ਤਸਵੀਰ ਮਿਲੀ। ਇੱਥੇ ਵਾਇਰਲ ਤਸਵੀਰ ਦੇ ਨਾਲ ਇੱਕ ਹੋਰ ਤਸਵੀਰ ਸ਼ੇਅਰ ਕੀਤੀ ਗਈ ਸੀ। ਤਸਵੀਰਾਂ ‘ਤੇ ਕੈਪਸ਼ਨ ਦਿੱਤਾ ਗਿਆ ਸੀ, “Mankirt Aulakh snapped with Legend Babbu Maan Ji.. !!”
ਪੜਤਾਲ ਵਿੱਚ ਸਾਨੂੰ ਵਾਇਰਲ ਤਸਵੀਰ ਗਾਇਕ ਮਨਕੀਰਤ ਔਲਖ ਦੇ ਅਧਿਕਾਰਿਤ ਇੰਸਟਾਗ੍ਰਾਮ ਹੈਂਡਲ ‘ਤੇ ਵੀ 14 ਜੁਲਾਈ, 2020 ਨੂੰ ਸ਼ੇਅਰ ਕੀਤੀ ਮਿਲੀ।
ਕਈ ਫੇਸਬੁੱਕ ਪੇਜਾਂ ‘ਤੇ ਵੀ ਵਾਇਰਲ ਤਸਵੀਰ ਸਾਲ 2020 ਨੂੰ ਸਾਂਝੀ ਕੀਤੀ ਗਈ ਸੀ। ਸਾਡੀ ਇੱਥੋਂ ਤੱਕ ਦੀ ਜਾਂਚ ਤੋਂ ਇਹ ਗੱਲ ਤਾਂ ਸਾਫ ਹੋਈ ਕਿ ਗਾਇਕ ਬੱਬੂ ਮਾਨ ਅਤੇ ਮਨਕੀਰਤ ਔਲਖ ਦੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਤਸਵੀਰ ਪੁਰਾਣੀ ਹੈ। ਇਸ ਦਾ ਹਾਲ ਫਿਲਹਾਲ ਨਾਲ ਕੋਈ ਸੰਬੰਧ ਨਹੀਂ ਹੈ। ਅਸੀਂ ਵਾਇਰਲ ਦਾਅਵੇ ਦੀ ਪੁਸ਼ਟੀ ਕਰਨ ਲਈ ਪੰਜਾਬੀ ਜਾਗਰਣ ਦੇ ਮਾਨਸਾ ਰਿਪੋਰਟਰ ਹਰਕ੍ਰਿਸ਼ਨ ਸ਼ਰਮਾ ਨਾਲ ਸੰਪਰਕ ਕੀਤਾ। ਉਨ੍ਹਾਂ ਨਾਲ ਵਾਇਰਲ ਦਾਅਵੇ ਨੂੰ ਸਾਂਝਾ ਕੀਤਾ।ਤਸਵੀਰ ਬਾਰੇ ਉਨ੍ਹਾਂ ਦਾ ਕਹਿਣਾ ਹੈ , “ਤਸਵੀਰ ਪੁਰਾਣੀ ਹੈ, ਕਿਉਂਕਿ ਸਾਰੀ ਪੁੱਛਗਿੱਛ ਗੁਪਤ ਰੱਖੀ ਗਈ ਸੀ ਅਤੇ ਮੀਡੀਆ ਕਰਮੀਆਂ ਨੂੰ ਵੀ ਦੂਰ ਰੱਖਿਆ ਗਿਆ ਸੀ। ਸਖ਼ਤ ਸੁਰੱਖਿਆ ਦੇ ਵਿਚਕਾਰ ਗਾਇਕ ਬੱਬੂ ਮਾਨ ਅਤੇ ਮਨਕੀਰਤ ਔਲਖ ਮਾਨਸਾ ਸੀ.ਆਈ.ਏ. ਸਟਾਫ਼ ਪਹੁੰਚੇ ਸੀ। ਇਸ ਲਈ ਅਜਿਹੀ ਕੋਈ ਤਸਵੀਰ ਸਾਹਮਣੇ ਨਹੀਂ ਆਈ ਹੈ। ਦਾਅਵਾ ਗ਼ਲਤ ਹੈ।”
ਨਿਊਜ਼ ਰਿਪੋਰਟਸ ਅਨੁਸਾਰ, “ਮਾਨਸਾ ਪੁਲਿਸ ਨੇ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਹਤਿਆਕਾਂਡ ਵਿੱਚ ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਅਤੇ ਮਨਕੀਰਤ ਔਲਖ ਤੋਂ ਘੰਟੋਂ ਪੁੱਛਗਿੱਛ ਕੀਤੀ। ਦੋਵੇਂ ਗਾਇਕ ਦੁਪਹਿਰ ਵੇਲੇ ਮਾਨਸਾ ਦੇ ਸੀ.ਆਈ.ਏ ਠਾਣੇ ਪੁੱਜੇ। ਪੁਲਿਸ ਨੇ ਦੋਵਾਂ ਗਾਇਕਾਂ ਤੋਂ ਵੱਖ-ਵੱਖ ਪੁੱਛਗਿੱਛ ਵੀ ਕੀਤੀ।”
ਜਾਂਚ ਦੇ ਅੰਤ ਵਿੱਚ ਅਸੀਂ ਪੁਰਾਣੀ ਫੋਟੋ ਨੂੰ ਹਾਲ ਦਾ ਦੱਸਦੇ ਹੋਏ ਸਾਂਝਾ ਕਰਨ ਵਾਲੇ ਪੇਜ ਦੀ ਸੋਸ਼ਲ ਸਕੈਨਿੰਗ ਕੀਤੀ। ਸਕੈਨਿੰਗ ਤੋਂ ਪਤਾ ਲੱਗਾ ਕਿ ਫੇਸਬੁੱਕ ‘ਤੇ ਇਸ ਪੇਜ ਨੂੰ 3 ਹਜ਼ਾਰ ਤੋਂ ਵੱਧ ਲੋਕ ਫੋਲੋ ਕਰਦੇ ਹਨ। ਇਹ ਪੇਜ 19 ਜਨਵਰੀ 2021 ਨੂੰ ਫੇਸਬੁੱਕ ‘ਤੇ ਬਣਾਇਆ ਗਿਆ ਸੀ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਸੋਸ਼ਲ ਮੀਡਿਆ ‘ਤੇ ਵਾਇਰਲ ਹੋ ਰਹੀ ਪੰਜਾਬੀ ਗਾਇਕ ਬੱਬੂ ਮਾਨ ਅਤੇ ਮਨਕੀਰਤ ਔਲਖ ਦੀ ਤਸਵੀਰ ਪੁਰਾਣੀ ਨਿਕਲੀ । ਤਸਵੀਰ ਨੂੰ ਹੁਣ ਦਾ ਦੱਸਦੇ ਹੋਏ ਗ਼ਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।