ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਬਾਈਕ ਚੋਰੀ ਦੇ ਆਰੋਪ ਵਿੱਚ ਪੰਜਾਬ ਪੁਲਿਸ ਵੱਲੋਂ ਭਗਵੰਤ ਮਾਨ ਦੀ ਗ੍ਰਿਫ਼ਤਾਰੀ ਦਾ ਦਾਅਵਾ ਗ਼ਲਤ ਸਾਬਿਤ ਹੋਇਆ ਹੈ। ਵਾਇਰਲ ਤਸਵੀਰ ‘ਚ ਭਗਵੰਤ ਮਾਨ ਆਪਣੇ ਦੋਸਤਾਂ ਨਾਲ ਹੋਲੀ ਮਨਾ ਰਹੇ ਹਨ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਹੀ ਸੋਸ਼ਲ ਮੀਡੀਆ ਤੇ ਕਈ ਤਰ੍ਹਾਂ ਦੀਆਂ ਫਰਜ਼ੀ ਖਬਰਾਂ, ਵੀਡੀਓ ਅਤੇ ਤਸਵੀਰਾਂ ਵਾਇਰਲ ਹੋਣ ਲੱਗੀਆਂ ਹਨ। ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਆਪਣੇ ਦੋਸਤਾਂ ਨਾਲ ਇੱਕ ਪੁਰਾਣੀ ਤਸਵੀਰ ਵਾਇਰਲ ਹੋ ਰਹੀ ਹੈ। ਤਸਵੀਰ ਵਿੱਚ ਨੌਜਵਾਨ ਭਗਵੰਤ ਮਾਨ ਤਿੰਨ ਹੋਰ ਵਿਅਕਤੀਆਂ ਨਾਲ ਬੈਠੇ ਹੋਏ ਹਨ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਉਸ ਸਮੇਂ ਦੀ ਹੈ ਜਦੋਂ ਇਨ੍ਹਾਂ ਨੂੰ ਬਾਈਕ ਚੋਰੀ ਦੇ ਅਪਰਾਧ ਵਿੱਚ ਪੰਜਾਬ ਪੁਲਿਸ ਨੇ ਫੜਿਆ ਸੀ। ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਇਹ ਦਾਅਵਾ ਗਲਤ ਸਾਬਿਤ ਹੋਇਆ ਹੈ। ਵਾਇਰਲ ਫੋਟੋ ਹੋਲੀ ਦੇ ਜਸ਼ਨ ਦੀ ਹੈ।
ਕੀ ਹੈ ਵਾਇਰਲ ਪੋਸਟ ਵਿੱਚ ?
ਫੇਸਬੁੱਕ ਯੂਜ਼ਰ Gaurav Upadhyay ਨੇ 30 ਮਾਰਚ ਨੂੰ ਵਾਇਰਲ ਤਸਵੀਰ ਨੂੰ ਸ਼ੇਅਰ ਕੀਤਾ ਹੈ , ਜਿਸ ‘ਚ ਲਿਖਿਆ ਹੋਇਆ ਹੈ, ‘ਇਹ ਉਸ ਸਮੇਂ ਦਾ ਚਿੱਤਰ ਹੈ ਜਦੋਂ ਇਨ੍ਹਾਂ ਚਾਰਾਂ ਨੂੰ ਬਾਈਕ ਚੋਰੀ ਦੇ ਅਪਰਾਧ ਵਿੱਚ ਪੰਜਾਬ ਪੁਲਿਸ ਨੇ ਫੜਿਆ ਸੀ।
ਇੱਕ ਹੋਰ ਫੇਸਬੁੱਕ ਯੂਜ਼ਰ Anshu Lalit ਨੇ ਵੀ ਕੁਝ ਅਜਿਹਾ ਹੀ ਦਾਅਵਾ ਕੀਤਾ ਹੈ। ਤੱਥਾਂ ਦੀ ਜਾਂਚ ਦੇ ਉਦੇਸ਼ ਨਾਲ ਫੇਸਬੁੱਕ ਪੋਸਟ ਵਿੱਚ ਲਿਖੀਆਂ ਗੱਲਾਂ ਨੂੰ ਹੂਬਹੂ ਦਰਸਾਇਆ ਗਿਆ ਹੈ। ਇਸਦਾ ਆਰਕਾਈਵ ਵਰਜਨ ਇੱਥੇ ਦੇਖਿਆ ਜਾ ਸਕਦਾ ਹੈ।
ਪੜਤਾਲ
ਵਾਇਰਲ ਤਸਵੀਰ ਦੀ ਸੱਚਾਈ ਜਾਣਨ ਲਈ ਅਸੀਂ ਵਾਇਰਲ ਫੋਟੋ ਨੂੰ ਗੂਗਲ ਰਿਵਰਸ ਇਮੇਜ ਦੀ ਮਦਦ ਨਾਲ ਸਰਚ ਕੀਤਾ। ਇਸ ਦੌਰਾਨ ਸਾਨੂੰ ਵਾਇਰਲ ਫੋਟੋ 18 ਮਾਰਚ 2022 ਨੂੰ ਪੰਜਾਬੀ ਗਾਇਕ ਅਤੇ ਅਭਿਨੇਤਾ ਕਰਮਜੀਤ ਅਨਮੋਲ ਦੇ ਵੈਰੀਫਾਈਡ ਫੇਸਬੁੱਕ ਪੇਜ ਤੇ ਅਪਲੋਡ ਮਿਲੀ। ਕੈਪਸ਼ਨ ਮੁਤਾਬਿਕ, ਕਰਮਜੀਤ ਨੇ ਹੋਲੀ ਦੀਆਂ ਯਾਦਾਂ ਨੂੰ ਤਾਜ਼ਾ ਕਰਦੇ ਹੋਏ ਇਹ ਤਸਵੀਰ ਨੂੰ ਸ਼ੇਅਰ ਕੀਤਾ ਸੀ। ਤਸਵੀਰ ਵਿੱਚ ਕਰਮਜੀਤ ਦੇ ਨਾਲ ਭਗਵੰਤ ਮਾਨ ਅਤੇ ਮਨਜੀਤ ਸਿੱਧੂ ਬੈਠੇ ਹੋਏ ਹਨ। ਮਨਜੀਤ ਸਿੰਘ ਕਾਲੀ ਟੀ-ਸ਼ਰਟ ਪਾਈ ਬੈਠੇ ਹੋਏ ਹਨ।
ABP ਨਿਊਜ਼ ਵਿੱਚ16 ਮਾਰਚ ਨੂੰ ਪ੍ਰਕਾਸ਼ਿਤ ਇੱਕ ਰਿਪੋਰਟ ਮੁਤਾਬਿਕ, ਭਗਵੰਤ ਮਾਨ ਅਤੇ ਕਰਮਜੀਤ ਅਨਮੋਲ ਬਚਪਨ ਤੋਂ ਹੀ ਦੋਸਤ ਹਨ। ਭਗਵੰਤ ਮਾਨ ਅਤੇ ਕਰਮਜੀਤ ਅਨਮੋਲ 90 ਦੇ ਦਹਾਕੇ ਤੋਂ ਦੋਸਤ ਹਨ। ਕਰਮਜੀਤ ਨੇ ਚੋਣਾਂ ਦੌਰਾਨ ਭਗਵੰਤ ਮਾਨ ਲਈ ਪ੍ਰਚਾਰ ਵੀ ਕੀਤਾ ਸੀ। NDTV ਦੀ ਇੱਕ ਰਿਪੋਰਟ ਮੁਤਾਬਿਕ, ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ਦੌਰਾਨ ਕਰਮਜੀਤ ਨੇ ਕਿਹਾ ਸੀ ਕਿ ਭਗਵੰਤ ਨੇ ਵੀ ਆਪਣਾ ਕਰੀਅਰ ਇੱਕ ਸਟੈਂਡ ਅੱਪ ਕਾਮੇਡੀਅਨ ਵਜੋਂ ਸ਼ੁਰੂ ਕੀਤਾ ਸੀ।
ਵਿਸ਼ਵਾਸ ਨਿਊਜ਼ ਨੇ ਵਧੇਰੇ ਜਾਣਕਾਰੀ ਲਈ ਫੋਟੋ ਵਿੱਚ ਮੌਜੂਦ ਮਨਜੀਤ ਸਿੱਧੂ ਨਾਲ ਸੰਪਰਕ ਕੀਤਾ, ”ਉਨ੍ਹਾਂ ਨੇ ਵਿਸ਼ਵਾਸ ਨਿਊਜ਼ ਨੂੰ ਦੱਸਿਆ ਕਿ ਵਾਇਰਲ ਦਾਅਵਾ ਗ਼ਲਤ ਹੈ। ਇਹ ਤਸਵੀਰ ਲਗਭਗ 1994 ਜਾਂ 1995 ਦੇ ਸਮੇਂ ਦੀ ਹੈ। ਉਸ ਦੌਰਾਨ ਕੈਨੇਡੀਅਨ ਗਾਇਕ ਹਰਭਜਨ ਮਾਨ ਭਾਰਤ ਆਏ ਹੋਏ ਸਨ। ਅਸੀਂ ਸਾਰੇ ਦੋਸਤ ਉਨ੍ਹਾਂ ਨੂੰ ਮਿਲਣ ਦੇ ਲਈ ਪਹੁੰਚੇ ਸੀ। ਇਹ ਤਸਵੀਰ ਉਨ੍ਹਾਂ ਦੇ ਘਰ ਖਿੱਚੀ ਗਈ ਸੀ।
ਜਾਂਚ ਦੇ ਅੰਤ ‘ਚ ਪੋਸਟ ਨੂੰ ਵਾਇਰਲ ਕਰਨ ਵਾਲੇ ਯੂਜ਼ਰ ਦੀ ਜਾਂਚ ਕੀਤੀ ਗਈ। ਫੇਸਬੁੱਕ ਯੂਜ਼ਰ Gaurav Upadhyay ਦੀ ਸੋਸ਼ਲ ਸਕੈਨਿੰਗ ਤੋਂ ਪਤਾ ਲੱਗਾ ਹੈ ਕਿ ਯੂਜ਼ਰ ਦੇ 1580 ਫੋਲੋਵਰਸ ਹਨ। ਯੂਜ਼ਰ ਉੱਤਰ ਪ੍ਰਦੇਸ਼ ਦੇ ਲਖਨਊ ਦਾ ਰਹਿਣ ਵਾਲਾ ਹੈ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਬਾਈਕ ਚੋਰੀ ਦੇ ਆਰੋਪ ਵਿੱਚ ਪੰਜਾਬ ਪੁਲਿਸ ਵੱਲੋਂ ਭਗਵੰਤ ਮਾਨ ਦੀ ਗ੍ਰਿਫ਼ਤਾਰੀ ਦਾ ਦਾਅਵਾ ਗ਼ਲਤ ਸਾਬਿਤ ਹੋਇਆ ਹੈ। ਵਾਇਰਲ ਤਸਵੀਰ ‘ਚ ਭਗਵੰਤ ਮਾਨ ਆਪਣੇ ਦੋਸਤਾਂ ਨਾਲ ਹੋਲੀ ਮਨਾ ਰਹੇ ਹਨ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।