ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਦਾਅਵਾ ਗਲਤ ਨਿਕਲਿਆ। ਮਰਸੀਡੀਜ਼ ਕਾਰ ਵਿਚ ਰਾਸ਼ਨ ਲੈ ਕੇ ਜਾ ਰਹੇ ਵਿਅਕਤੀ ਦਾ ਨਾਮ ਰਮੇਸ਼ ਸੈਣੀ ਹੈ ਜਦ ਕਿ ਆਮ ਆਦਮੀ ਪਾਰਟੀ ਦੀ ਹੁਸ਼ਿਆਰਪੁਰ ਤੋਂ ਜ਼ਿਲ੍ਹਾ ਪ੍ਰਧਾਨ ਕਰਮਜੀਤ ਕੌਰ ਹਨ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼)। ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। 56 ਸੈਕਿੰਡ ਦੀ ਵੀਡੀਓ ‘ਚ ਮਰਸੀਡੀਜ਼ ਕਾਰ ‘ਚ ਇਕ ਵਿਅਕਤੀ ਨੂੰ ਰਾਸ਼ਨ ਦੀਆਂ ਬੋਰੀਆਂ ਲੈ ਕੇ ਜਾਂਦੇ ਅਤੇ ਕੁਝ ਲੋਕਾਂ ਨੂੰ ਲਾਈਨ ‘ਚ ਖੜ੍ਹੇ ਦੇਖਿਆ ਜਾ ਸਕਦਾ ਹੈ। ਹੁਣ ਵੀਡੀਓ ਸ਼ੇਅਰ ਕਰਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਮਾਮਲਾ ਹੁਸ਼ਿਆਰਪੁਰ ਦਾ ਹੈ ਜਿੱਥੇ ਆਮ ਆਦਮੀ ਪਾਰਟੀ ਦਾ ਜ਼ਿਲ੍ਹਾ ਪ੍ਰਧਾਨ ਮਰਸੀਡੀਜ਼ ਗੱਡੀ ਵਿਚ ਮੁਫ਼ਤ ਰਾਸ਼ਨ ਲੈ ਕੇ ਜਾ ਰਿਹਾ ਹੈ। ਵਿਸ਼ਵਾਸ ਨਿਊਜ਼ ਨੇ ਵਾਇਰਲ ਵੀਡੀਓ ਦੀ ਜਾਂਚ ਕੀਤੀ ਅਤੇ ਜਾਂਚ ਵਿੱਚ ਵਾਇਰਲ ਪੋਸਟ ਨੂੰ ਗੁੰਮਰਾਹਕੁੰਨ ਪਾਇਆ। ਵੀਡੀਓ ਵਿੱਚ ਨਜ਼ਰ ਆ ਰਿਹਾ ਵਿਅਕਤੀ ਆਮ ਆਦਮੀ ਪਾਰਟੀ ਦਾ ਜ਼ਿਲ੍ਹਾ ਪ੍ਰਧਾਨ ਨਹੀਂ ਹੈ। ਗਲਤ ਦਾਅਵੇ ਨਾਲ ਵੀਡੀਓ ਵਾਇਰਲ ਹੋ ਰਿਹਾ ਹੈ।
ਕੀ ਹੈ ਵਾਇਰਲ ਪੋਸਟ ਵਿੱਚ
ਫੇਸਬੁੱਕ ਪੇਜ ” ਪੈੱਗ-ਵੰਤ ਮਾਨ peg-want Maan” ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ “ਹੁਣ ਇਸਤੋਂ ਵੱਧ ਬਦਲਾਵ ਨੀ ਆ ਸਕਦਾ, 70 ਸਾਲਾਂ ਚ ਅਜਿਹਾ ਨੀ ਹੋਇਆ ਸੀ ਜੋ ਬਦਲਾਵ ਨੇ ਕਰਤਾ।”
ਵੀਡੀਓ ਦੇ ਉਪਰ ਲਿਖਿਆ ਹੋਇਆ ਹੈ : ਆਪ ਦਾ ਜ਼ਿਲ੍ਹਾ ਪ੍ਰਧਾਨ ਮਰਸੀਡੀਜ਼ ਵਿੱਚ ਮੁਫ਼ਤ ਰਾਸ਼ਨ ਲੈ ਕੇ ਜਾਂਦੇ ਹੋਏ । ਫੇਸਬੁੱਕ ਪੋਸਟ ਦਾ ਆਰਕਾਈਵ ਲਿੰਕ ਇੱਥੇ ਦੇਖਿਆ ਜਾ ਸਕਦਾ ਹੈ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਸੰਬੰਧਿਤ ਕੀਵਰਡ ਨਾਲ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਸਾਨੂੰ ਵੀਡੀਓ ਨਾਲ ਜੁੜੀ ਖਬਰਾਂ ਕਈ ਨਿਊਜ਼ ਵੈਬਸਾਈਟ ‘ਤੇ ਮਿਲੀ। ਸਾਨੂੰ ਦੈਨਿਕ ਜਾਗਰਣ ‘ਤੇ 6 ਸਤੰਬਰ 2022 ਨੂੰ ਪ੍ਰਕਾਸ਼ਿਤ ਖਬਰ ਵਿੱਚ ਵੀਡੀਓ ਨਾਲ ਜੁੜੀ ਖਬਰ ਪ੍ਰਕਾਸ਼ਿਤ ਮਿਲੀ। ਖਬਰ ਵਿੱਚ ਕਿੱਤੇ ਵੀ ਇਸ ਗੱਲ ਦਾ ਜ਼ਿਕਰ ਨਹੀਂ ਮਿਲਿਆ ਕਿ ਵੀਡੀਓ ਵਿੱਚ ਨਜ਼ਰ ਆ ਰਿਹਾ ਆਦਮੀ ਹੋਸ਼ਿਆਰਪੂਰ ਦਾ ਜ਼ਿੱਲਾ ਪ੍ਰਧਾਨ ਹੈ।
ਸਰਚ ਦੌਰਾਨ ਸਾਨੂੰ Daily Post Punjabi ਦੇ ਫੇਸਬੁੱਕ ਪੇਜ ‘ਤੇ ਮਰਸੀਡੀਜ਼ ਕਾਰ ‘ਚ ਰਾਸ਼ਨ ਲੈ ਕੇ ਜਾ ਰਹੇ ਵਿਅਕਤੀ ਦਾ ਬਿਆਨ ਮਿਲਿਆ। ਵੀਡੀਓ ਰਿਪੋਰਟ ਵਿੱਚ ਦਿੱਤੀ ਜਾਣਕਾਰੀ ਅਨੁਸਾਰ ,ਵਿਅਕਤੀ ਦਾ ਨਾਮ ਰਮੇਸ਼ ਸੈਣੀ ਹੈ ਜੋ ਕਿ ਹੁਸ਼ਿਆਰਪੁਰ ਦੇ ਅੱਜੋਵਾਲ ਰੋਡ ‘ਤੇ ਰਹਿੰਦਾ ਹੈ। ਰਮੇਸ਼ ਸੈਣੀ ਨੇ ਦੱਸਿਆ ਕਿ ਮਰਸੀਡੀਜ਼ ਕਾਰ ਉਨ੍ਹਾਂ ਦੇ ਰਿਸ਼ਤੇਦਾਰ ਦੀ ਹੈ ਜੋ ਅਮਰੀਕਾ ਵਿਚ ਰਹਿੰਦੇ ਹਨ ਅਤੇ ਪੰਜਾਬ ਵਿੱਚ ਸਾਲ ਵਿਚ ਥੋੜੇ ਸਮੇਂ ਲਈ ਹੀ ਆਉਂਦੇ ਹਨ।’
ਜਾਂਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਇਹ ਸਰਚ ਕੀਤਾ ਕਿ ਹੁਸ਼ਿਆਰਪੁਰ ਤੋਂ ਆਪ ਦਾ ਜ਼ਿਲ੍ਹਾ ਪ੍ਰਧਾਨ ਕੌਣ ਹੈ। ਸਾਨੂੰ ਪਤਾ ਚਲਿਆ ਕਿ ਆਪ ਪਾਰਟੀ ਦੀ ਹੁਸ਼ਿਆਰਪੁਰ ਤੋਂ ਜ਼ਿਲ੍ਹਾ ਪ੍ਰਧਾਨ ਕਰਮਜੀਤ ਕੌਰ ਹੈ।ਇਸ ਲਈ ਅਸੀਂ ਦੈਨਿਕ ਜਾਗਰਣ ਦੇ ਹੋਸ਼ਿਆਰਪੁਰ ਦੇ ਬਿਯੂਰੋ ਚੀਫ ਹਜ਼ਾਰੀ ਲਾਲ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਮਾਮਲਾ ਹੁਸ਼ਿਆਰਪੁਰ ਦਾ ਹੀ, ਪਰ ਵੀਡੀਓ ਵਿੱਚ ਨਜ਼ਰ ਆ ਰਿਹਾ ਆਦਮੀ ਆਪ ਦਾ ਜ਼ਿਲ੍ਹਾ ਪ੍ਰਧਾਨ ਨਹੀਂ ਹੈ। ਹੁਸ਼ਿਆਰਪੁਰ ਤੋਂ ਆਪ ਪਾਰਟੀ ਦੀ ਜ਼ਿਲ੍ਹਾ ਪ੍ਰਧਾਨ ਕਰਮਜੀਤ ਕੌਰ ਹਨ , ਜੋ ਇੱਕ ਮਹਿਲਾ ਹੈ।
ਅਸੀਂ ਇਸ ਮਾਮਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਜ਼ਿਲ੍ਹਾ ਪ੍ਰਧਾਨ ਕਰਮਜੀਤ ਕੌਰ ਨੂੰ ਸੰਪਰਕ ਕੀਤਾ। ਸਾਡੇ ਨਾਲ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ, “ਹੁਸ਼ਿਆਰਪੁਰ ਤੋਂ ਆਮ ਆਦਮੀ ਪਾਰਟੀ ਦੀ ਜ਼ਿਲ੍ਹਾ ਪ੍ਰਧਾਨ ਮੈਂ ਹੀ ਹਾਂ। ਵਾਇਰਲ ਦਾਅਵਾ ਗ਼ਲਤ ਹੈ।
ਪੜਤਾਲ ਦੇ ਅੰਤ ਵਿੱਚ ਅਸੀਂ ਇਸ ਵੀਡੀਓ ਨੂੰ ਸ਼ੇਅਰ ਕਰਨ ਵਾਲੇ ਪੇਜ ਦੀ ਸੋਸ਼ਲ ਸਕੈਨਿੰਗ ਕੀਤੀ। ਸਕੈਨਿੰਗ ਤੋਂ ਪਤਾ ਲੱਗਿਆ ਕਿ ਇਸ ਪੇਜ ਨੂੰ 24,730 ਲੋਕ ਫੋਲੋ ਕਰਦੇ ਹਨ ਅਤੇ ਫੇਸਬੁੱਕ ਤੇ ਇਸ ਪੇਜ ਨੂੰ 20,ਜੂਨ 2018 ਨੂੰ ਬਣਾਇਆ ਗਿਆ ਹੈ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਦਾਅਵਾ ਗਲਤ ਨਿਕਲਿਆ। ਮਰਸੀਡੀਜ਼ ਕਾਰ ਵਿਚ ਰਾਸ਼ਨ ਲੈ ਕੇ ਜਾ ਰਹੇ ਵਿਅਕਤੀ ਦਾ ਨਾਮ ਰਮੇਸ਼ ਸੈਣੀ ਹੈ ਜਦ ਕਿ ਆਮ ਆਦਮੀ ਪਾਰਟੀ ਦੀ ਹੁਸ਼ਿਆਰਪੁਰ ਤੋਂ ਜ਼ਿਲ੍ਹਾ ਪ੍ਰਧਾਨ ਕਰਮਜੀਤ ਕੌਰ ਹਨ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।