ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਵਿੱਚ ਪਾਇਆ ਕਿ ਲੈਫਟੀਨੈਂਟ ਜਨਰਲ ਮਨਜਿੰਦਰ ਸਿੰਘ ਵੱਲੋਂ ਖਾਲਿਸਤਾਨ ਨੂੰ ਲੈ ਕੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਗਿਆ ਹੈ। ਅਸਲ ਵੀਡੀਓ ਵਿੱਚ ਉਹ ਆਪਣੇ ਜੀਵਨ ਦੇ ਤਜ਼ਰਬਿਆਂ ਬਾਰੇ ਦੱਸਦੇ ਹੋਏ ਨਜ਼ਰ ਆ ਰਹੇ ਹਨ , ਜਿਸ ਦੇ ਆਡੀਓ ਨੂੰ ਐਡੀਟਿੰਗ ਦੁਆਰਾ ਬਦਲ ਦਿੱਤਾ ਗਿਆ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੋਸ਼ਲ ਮੀਡੀਆ ‘ਤੇ ਲੈਫਟੀਨੈਂਟ ਜਨਰਲ ਮਨਜਿੰਦਰ ਸਿੰਘ ਦੀ ਇੱਕ ਵੀਡੀਓ ਨੂੰ ਸ਼ੇਅਰ ਕਰਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਨੇ ਖਾਲਿਸਤਾਨੀਆਂ ਦਾ ਸਮਰਥਨ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਖਾਲਿਸਤਾਨ ਬਣਾਉਣ ਲਈ ਜਨਮਤ ਸੰਗ੍ਰਹਿ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ।
ਵਿਸ਼ਵਾਸ ਨੇ ਆਪਣੀ ਜਾਂਚ ‘ਚ ਪਾਇਆ ਕਿ ਵਾਇਰਲ ਵੀਡੀਓ ਐਡੀਟੇਡ ਹੈ। ਲੈਫਟੀਨੈਂਟ ਜਨਰਲ ਮਨਜਿੰਦਰ ਸਿੰਘ ਵੱਲੋਂ ਖਾਲਿਸਤਾਨ ਨੂੰ ਲੈ ਕੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਗਿਆ ਹੈ। ਅਸਲ ਵੀਡੀਓ ਵਿੱਚ ਉਹ ਆਪਣੇ ਜੀਵਨ ਦੇ ਤਜ਼ਰਬਿਆਂ ਬਾਰੇ ਦੱਸਦੇ ਹੋਏ ਨਜ਼ਰ ਆ ਰਹੇ ਹਨ, ਜਿਸ ਦੇ ਆਡੀਓ ਨੂੰ ਐਡੀਟਿੰਗ ਰਾਹੀਂ ਬਦਲ ਦਿੱਤਾ ਗਿਆ ਹੈ।
ਟਵਿੱਟਰ ਯੂਜ਼ਰ ਏ ਸਿੰਘ ਨੇ ਵਾਇਰਲ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ ਹੈ, “ਖਾਲਿਸਤਾਨ ਜਨਮਤ ਸੰਗ੍ਰਹਿ ਦੀ ਇਜਾਜ਼ਤ ਦਿਤੀ ਜਾਣੀ ਚਾਹੀਦੀ ਹੈ” – ਭਾਰਤੀ ਫੌਜ ਲੈਫਟੀਨੈਂਟ ਜਨਰਲ ਮਨਜਿੰਦਰ ਸਿੰਘ, XVI ਕੋਰ ਜੰਮੂ।
ਪੋਸਟ ਦੇ ਆਰਕਾਈਵ ਲਿੰਕ ਨੂੰ ਇੱਥੇ ਦੇਖੋ। ਕਈ ਫੇਸਬੁੱਕ ਯੂਜ਼ਰਸ ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ,”ਖਾਲਿਸਤਾਨ ਰੈਫਰੈਂਡਮ ਵੋਟਿੰਗ ਦੀ ਇਜਾਜ਼ਤ ਹੋਣੀ ਚਾਹੀਦੀ ਹੈ” – ਭਾਰਤੀ ਫੌਜਲੈਫਟੀਨੈਂਟ ਜਨਰਲ ਮਨਜਿੰਦਰ ਸਿੰਘ,XVI ਕੋਰ ਜੰਮੂ”
ਵਾਇਰਲ ਦਾਅਵੇ ਦੀ ਸੱਚਾਈ ਜਾਣਨ ਲਈ ਅਸੀਂ ਵੱਖ-ਵੱਖ ਕੀਵਰਡਸ ਦੁਆਰਾ ਗੂਗਲ ‘ਤੇ ਖੋਜ ਕੀਤੀ, ਪਰ ਸਾਨੂੰ ਵਾਇਰਲ ਦਾਅਵੇ ਨਾਲ ਸੰਬੰਧਿਤ ਕੋਈ ਭਰੋਸੇਯੋਗ ਮੀਡੀਆ ਰਿਪੋਰਟ ਨਹੀਂ ਮਿਲੀ।
ਵਾਇਰਲ ਵੀਡੀਓ ਦੀ ਸੱਚਾਈ ਜਾਣਨ ਲਈ ਅਸੀਂ ਵੀਡੀਓ ਦੇ ਕਈ ਕੀਫ੍ਰੇਮ ਕੱਢੇ ਅਤੇ ਉਹਨਾਂ ਨੂੰ ਗੂਗਲ ਰਿਵਰਸ ਇਮੇਜ ਰਾਹੀਂ ਖੋਜਿਆ। ਇਸ ਦੌਰਾਨ ਸਾਨੂੰ ਵੀਡੀਓ ਨਾਲ ਮਿਲਦੀ – ਜੁਲਦੀ ਇੱਕ ਰਿਪੋਰਟ ਰਿਪਬਲਿਕ ਭਾਰਤ ਦੀ ਵੈੱਬਸਾਈਟ ‘ਤੇ ਮਿਲੀ। ਰਿਪੋਰਟ ਨੂੰ 16 ਨਵੰਬਰ 2022 ਨੂੰ ਪ੍ਰਕਾਸ਼ਿਤ ਕੀਤਾ ਗਿਆ ਸੀ। ਰਿਪੋਰਟ ਮੁਤਾਬਿਕ, ਮਨਜਿੰਦਰ ਸਿੰਘ ਲੈਫਟੀਨੈਂਟ ਜਨਰਲ ਬਣਨ ਤੋਂ ਬਾਅਦ ਪੰਜਾਬ ਦੇ ਬਟਾਲਾ ਸਥਿਤ ਆਪਣੇ ਪਿੰਡ ਗਏ ਸੀ।
ਪ੍ਰਾਪਤ ਜਾਣਕਾਰੀ ਦੇ ਆਧਾਰ ‘ਤੇ ਅਸੀਂ ਗੂਗਲ ‘ਤੇ ਸੰਬੰਧਿਤ ਕੀਵਰਡਸ ਨਾਲ ਸਰਚ ਕਰਨਾ ਸ਼ੁਰੂ ਕੀਤਾ। ਇਸ ਦੌਰਾਨ ਸਾਨੂੰ ਅਸਲੀ ਵੀਡੀਓ ਫਾਸਟਵੇ ਨਿਊਜ਼ ਨਾਮ ਦੇ ਇੱਕ ਨਿਊਜ਼ ਚੈਨਲ ‘ਤੇ 12 ਨਵੰਬਰ 2022 ਨੂੰ ਅੱਪਲੋਡ ਕੀਤਾ ਗਿਆ ਮਿਲਿਆ। ਦਿੱਤੀ ਗਈ ਜਾਣਕਾਰੀ ਅਨੁਸਾਰ, ਮਨਜਿੰਦਰ ਸਿੰਘ ਲੰਬੇ ਸਮੇਂ ਬਾਅਦ ਆਪਣੇ ਪਿੰਡ ਪਹੁੰਚੇ ਸੀ। ਉੱਥੇ ਪਿੰਡ ਵਾਸੀਆਂ ਨੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਸੀ । ਅਸਲੀ ਵੀਡੀਓ ‘ਚ ਉਹ ਆਪਣੀ ਜ਼ਿੰਦਗੀ ਦੇ ਤਜ਼ਰਬਿਆਂ ਬਾਰੇ ਦੱਸਦੇ ਹੋਏ ਨਜ਼ਰ ਆ ਰਹੇ ਹਨ। 3 ਮਿੰਟ 28 ਸੈਕਿੰਡ ਦੇ ਵੀਡੀਓ ਨੂੰ ਅਸੀਂ ਪੂਰਾ ਦੇਖਿਆ। ਅਸੀਂ ਪਾਇਆ ਕਿ ਅਸਲ ਵੀਡੀਓ ਵਿੱਚ ਉਨ੍ਹਾਂ ਨੇ ਕਿਤੇ ਵੀ ਖਾਲਿਸਤਾਨ ਦਾ ਜ਼ਿਕਰ ਨਹੀਂ ਕੀਤਾ। ਅਸਲੀ ਵੀਡੀਓ ਵਿੱਚ ਉਹ ਪੰਜਾਬੀ ਵਿੱਚ ਕਹਿੰਦੇ ਹਨ, ਮੈਂ ਕਰੀਬ 10-12 ਸਾਲਾਂ ਬਾਅਦ ਆਪਣੇ ਪਿੰਡ ਵਾਪਸ ਆਇਆ ਹਾਂ। ਲੋਕਾਂ ਨੇ ਮੇਰਾ ਬਹੁਤ ਚੰਗਾ ਸੁਆਗਤ ਕੀਤਾ ਹੈ। ਮੈਨੂੰ ਇੱਥੇ ਵਾਪਸ ਆ ਕੇ ਬਹੁਤ ਵਧੀਆ ਮਹਿਸੂਸ ਹੋ ਰਿਹਾ ਹੈ। ਇਸ ਪਿੰਡ ਨਾਲ ਮੇਰੀਆਂ ਬਹੁਤ ਸਾਰੀਆਂ ਯਾਦਾਂ ਜੁੜੀਆਂ ਹੋਈਆਂ ਹਨ, ਜਿਨ੍ਹਾਂ ਨੂੰ ਮੈਂ ਅੱਜ ਤੱਕ ਨਹੀਂ ਭੁੱਲ ਸਕਿਆ। ਮੈਂ ਆਪਣੀ ਜ਼ਿੰਦਗੀ ਵਿੱਚ ਬਹੁਤ ਮਿਹਨਤ ਕੀਤੀ ਹੈ।” ਇਸ ਤੋਂ ਬਾਅਦ ਉਹ ਆਪਣੇ ਆਰਮੀ ਦੇ ਸਫਰ ਬਾਰੇ ਦੱਸਦੇ ਹਨ।
ਵੱਧ ਜਾਣਕਾਰੀ ਲਈ ਅਸੀਂ ਆਰਮੀ ਦੇ ਪੀਆਰਓ ਸੁਧੀਰ ਚਮੋਲੀ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ, “ਵਾਇਰਲ ਦਾਅਵਾ ਗ਼ਲਤ ਹੈ ਅਤੇ ਵੀਡੀਓ ਐਡੀਟੇਡ ਹੈ। ਲੈਫਟੀਨੈਂਟ ਜਨਰਲ ਮਨਜਿੰਦਰ ਸਿੰਘ ਨੇ ਖਾਲਿਸਤਾਨ ਦੇ ਸਮਰਥਨ ਵਿੱਚ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਹੈ।”
ਪੜਤਾਲ ਦੇ ਅੰਤ ਵਿੱਚ ਵਿਸ਼ਵਾਸ ਨਿਊਜ਼ ਨੇ ਫਰਜੀ ਦਾਅਵੇ ਨੂੰ ਸ਼ੇਅਰ ਕਰਨ ਵਾਲੇ ਟਵਿੱਟਰ ਯੂਜ਼ਰ ਏ ਸਿੰਘ ਦੇ ਹੈਂਡਲ ਦੀ ਸੋਸ਼ਲ ਸਕੈਨਿੰਗ ਕੀਤੀ। ਟਵਿੱਟਰ ‘ਤੇ ਯੂਜ਼ਰ ਨੂੰ 18 ਲੋਕ ਫੋਲੋ ਕਰਦੇ ਹਨ। ਯੂਜ਼ਰ ਦਸੰਬਰ 2022 ਤੋਂ ਸੋਸ਼ਲ ਮੀਡੀਆ ‘ਤੇ ਮੌਜੂਦ ਹੈ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਵਿੱਚ ਪਾਇਆ ਕਿ ਲੈਫਟੀਨੈਂਟ ਜਨਰਲ ਮਨਜਿੰਦਰ ਸਿੰਘ ਵੱਲੋਂ ਖਾਲਿਸਤਾਨ ਨੂੰ ਲੈ ਕੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਗਿਆ ਹੈ। ਅਸਲ ਵੀਡੀਓ ਵਿੱਚ ਉਹ ਆਪਣੇ ਜੀਵਨ ਦੇ ਤਜ਼ਰਬਿਆਂ ਬਾਰੇ ਦੱਸਦੇ ਹੋਏ ਨਜ਼ਰ ਆ ਰਹੇ ਹਨ , ਜਿਸ ਦੇ ਆਡੀਓ ਨੂੰ ਐਡੀਟਿੰਗ ਦੁਆਰਾ ਬਦਲ ਦਿੱਤਾ ਗਿਆ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।