ਨਵੀਂ ਦਿੱਲੀ (ਵਿਸ਼ਵਾਸ ਟੀਮ)– ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਇਲਾਹਾਬਾਦ ਦਾ ਹੈ ਅਤੇ ਸਿੱਖ ਨੌਜਵਾਨ ਨੂੰ ਕੁੱਟਣ ਵਾਲਾ ਵਿਅਕਤੀ ਉੱਤਰ ਪ੍ਰਦੇਸ਼ ਦੇ ਉਪ-ਮੁੱਖਮੰਤਰੀ ਦਾ ਭਤੀਜਾ ਹੈ। ਵਿਸ਼ਵਾਸ ਟੀਮ ਦੀ ਪੜਤਾਲ ਵਿਚ ਇਹ ਵਾਇਰਲ ਹੋ ਰਿਹਾ ਦਾਅਵਾ ਫਰਜੀ ਸਾਬਤ ਹੁੰਦਾ ਹੈ। ਨਾ ਹੀ ਸਿੱਖ ਨੂੰ ਕੁੱਟਣ ਵਾਲਾ ਕੇਸ਼ਵ ਮੋਰਯੇ ਦਾ ਭਤੀਜਾ ਹੈ ਅਤੇ ਨਾ ਹੀ ਇਹ ਵੀਡੀਓ ਯੂਪੀ ਦਾ ਹੈ। ਵਾਇਰਲ ਹੋ ਰਿਹਾ ਵੀਡੀਓ 2016 ਦਾ ਜੰਮੂ ਦਾ ਹੈ।
ਫੇਸਬੁੱਕ ਯੂਜ਼ਰ Arun Gautam BirWa ਨੇ 18 ਅਗਸਤ ਨੂੰ ਇਹ ਵੀਡੀਓ ਸ਼ੇਅਰ ਕਰਦੇ ਹੋਏ ਦਾਅਵਾ ਕੀਤਾ, ”ਇਲਾਹਾਬਾਦ ਵਿਚ ਉਪ-ਮੁੱਖਮੰਤਰੀ ਕੇਸ਼ਵ ਮੋਰਯੇ ਦੇ ਭਤੀਜੇ ਨੇ ਟਰੱਕ ਚਾਲਕ ਦੀ ਪੱਗ ਲਾਹ ਕੇ ਬੇਰਹਿਮੀ ਨਾਲ ਕੁੱਟਿਆ। ਸਿੱਖ ਨੇ ਕਿਹਾ ਕੇ ਮੈਨੂੰ ਜਿੰਨਾ ਕੁੱਟਣਾ ਹੈ ਕੁੱਟ ਲਵੋ ਪਰ ਮੇਰੀ ਪੱਗ ਨੂੰ ਹੱਥ ਨਾ ਲਾਓ, ਪਰ ਸੱਤਾ ਦੇ ਨਸ਼ੇ ਵਿਚ ਚੂਰ ਨੇਤਾ ਨੇ ਵਾਲਾਂ ਨਾਲ ਘਸੀਟ-ਘਸੀਟ ਕੁੱਟਿਆ।”
ਹੁਣ ਤੱਕ ਇਸ ਵੀਡੀਓ ਨੂੰ 60 ਹਜ਼ਾਰ ਤੋਂ ਵੀ ਵੱਧ ਵਾਰ ਵੇਖਿਆ ਜਾ ਚੁੱਕਿਆ ਹੈ ਅਤੇ 2,709 ਲੋਕਾਂ ਨੇ ਇਸਨੂੰ ਸ਼ੇਅਰ ਵੀ ਕੀਤਾ ਹੈ।
ਵੀਡੀਓ ਵਿਚ ਦਿੱਤੇ ਗਏ ਕੈਪਸ਼ਨ ਦੇ ਹੇਠਾਂ Arpit Srivastava (@SpArpitSri07) ਨਾਂ ਦੇ ਯੂਜ਼ਰ ਦਾ ਟਵਿੱਟਰ ਲਿੰਕ ਦਿੱਤਾ ਗਿਆ ਹੈ। ਅਸੀਂ ਪਾਇਆ ਕਿ ਇਸ ਵੀਡੀਓ ਨੂੰ ਫੇਸਬੁੱਕ ਅਤੇ ਟਵਿੱਟਰ ਦੋਨਾਂ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਇਸੇ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਵਿਸ਼ਵਾਸ ਟੀਮ ਨੇ ਵੀਡੀਓ ਦੀ ਪੜਤਾਲ ਕੀਤੀ ਅਤੇ ਸਬਤੋਂ ਪਹਿਲਾਂ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਸੁਣਿਆ। ਵੀਡੀਓ ਵਿਚ ਦੋ ਮੁੰਡੇ ਇੱਕ ਮੁੰਡੇ ਨੂੰ ਕੁੱਟਦੇ ਹੋਏ ਨਜ਼ਰ ਆ ਰਹੇ ਹਨ। ਮੁੰਡੇ ਦੇ ਲੰਮੇ ਵਾਲ ਹਨ। ਤੁਹਾਨੂੰ ਦੱਸ ਦਈਏ ਕਿ ਆਮਤੌਰ ‘ਤੇ ਲੰਮੇ ਵਾਲ ਸਿੱਖ ਸਮੁਦਾਏ ਦੇ ਲੋਕਾਂ ਦੇ ਹੁੰਦੇ ਹਨ। ਹੁਣ ਅਸੀਂ ਇਸ ਵੀਡੀਓ ਨੂੰ invid ਟੂਲ ਵਿਚ ਅਪਲੋਡ ਕੀਤਾ ਅਤੇ ਇਸਦੇ ਕੀ-ਫ਼੍ਰੇਮਸ ਕੱਢੇ। ਇਨ੍ਹਾਂ ਕੀ-ਫ਼੍ਰੇਮਸ ਨੂੰ ਅਸੀਂ ਗੂਗਲ ਰਿਵਰਸ ਇਮੇਜ ਵਿਚ ਅਪਲੋਡ ਕੀਤਾ ਅਤੇ ਸਾਡੇ ਸਾਹਮਣੇ ਕਈ ਲਿੰਕ ਆਏ। ਇਨ੍ਹਾਂ ਸਾਰਿਆਂ ਲਿੰਕ ਅੰਦਰ ਇਸ ਵੀਡੀਓ ਨੂੰ ਦਿਖਾਇਆ ਗਿਆ ਹੈ ਪਰ ਕੀਤੇ ਵੀ ਇਸ ਵੀਡੀਓ ਬਾਰੇ ਅਸਲ ਦਾਅਵੇ ਨਹੀਂ ਮਿਲਿਆ ਜਿਹੜਾ ਇਹ ਸਾਬਤ ਕਰਦਾ ਹੋਵੇ ਕਿ ਇਹ ਵੀਡੀਓ ਹੈ ਕਿੱਦਰ ਦਾ?
ਆਪਣੀ ਸਰਚ ਵਿਚ ਸਾਨੂੰ jiobindass ਨਾਂ ਦੇ Youtube ਅਕਾਊਂਟ ‘ਤੇ 22 ਮਈ 2016 ਨੂੰ ਅਪਲੋਡ ਕੀਤਾ ਗਿਆ ਇੱਕ ਵੀਡੀਓ ਮਿਲਿਆ। ਵੀਡੀਓ ਵਿਚ ਇਸਨੂੰ ਜੰਮੂ ਦਾ ਦੱਸਿਆ ਗਿਆ ਸੀ।
ਸਰਚ ਦੌਰਾਨ ਸਾਨੂੰ ਪੰਜਾਬ ਕੇਸਰੀ ਦੀ ਖਬਰ ਮਿਲੀ ਜਿਸਨੂੰ 14 ਮਈ 2016 ਵਿਚ ਛਾਪਿਆ ਗਿਆ ਸੀ। ਖਬਰ ਦੀ ਹੇਡਲਾਈਨ ਸੀ, ”ਸੜਕ ਦੇ ਵਿਚਕਾਰ ਸਿੱਖ ਨੌਜਵਾਨ ਨਾਲ ਕੁੱਟਮਾਰ” ਇਸ ਖਬਰ ਵਿਚ ਵਾਇਰਲ ਵੀਡੀਓ ਦੇ ਹੀ ਸ਼ੋਟ ਨੂੰ ਵੇਖਿਆ ਜਾ ਸਕਦਾ ਹੈ। ਖਬਰ ਪੜ੍ਹਨ ਦੇ ਬਾਅਦ ਪਤਾ ਚਲਿਆ ਕਿ ਜੰਮੂ ਦੇ ਅਖਨੂਰ ਵਿਚ ਇੱਕ ਸਿੱਖ ਨੌਜਵਾਨ ਨੂੰ ਦੋ ਲੋਕਾਂ ਨੇ ਸਰੇਆਮ ਕੁੱਟਿਆ ਸੀ।
ਅਸੀਂ ਇਸ ਖਬਰ ਦਾ ਨਿਊਜ਼ ਸਰਚ ਕੀਤਾ ਅਤੇ ਸਾਡੇ ਹੱਥ u4uvoice.com ਦੀ ਇੱਕ ਖਬਰ ਦਾ ਲਿੰਕ ਲੱਗਿਆ। ਇਹ ਖਬਰ ਸਿੱਖ ਨੌਜਵਾਨ ਨਾਲ ਹੋਈ ਕੁੱਟਮਾਰ ਦੇ ਬਾਅਦ ਹੋ ਰਹੀ ਹੜਤਾਲ ਦੇ ਬਾਰੇ ਵਿਚ ਸੀ। ਖਬਰ ਵਿਚ ਦੱਸਿਆ ਗਿਆ ਕਿ ਇਹ ਕੁੱਟਮਾਰ ਦਾ ਮਾਮਲਾ 09 ਮਈ 2016 ਦਾ ਹੈ, ਜਿਸਵਿਚ ਹਰਵਿੰਦਰ ਸਿੰਘ ਨਾਂ ਦੇ ਸਿੱਖ ਨੌਜਵਾਨ ਨੂੰ ਕੁਝ ਮੁੰਡਿਆਂ ਨੇ ਸੜਕ ‘ਤੇ ਕੁੱਟਿਆ ਸੀ।
ਇਨ੍ਹਾਂ ਲਿੰਕਾਂ ਵਿਚ ਸਾਨੂੰ dailysikhupdates.com ਨਾਂ ਦੀ ਵੈੱਬਸਾਈਟ ‘ਤੇ 14 ਮਈ 2016 ਨੂੰ ਛਪੀ ਖਬਰ ਮਿਲੀ। ਖਬਰ ਦੇ ਮੁਤਾਬਕ, ਸਿੱਖ ਨੌਜਵਾਨ ਦਾ ਨਾਂ ਹਰਵਿੰਦਰ ਸਿੰਘ ਹੈ ਅਤੇ ਉਸਨੂੰ ਵਾਨੀ ਗੁਪਤਾ ਅਤੇ ਉਸਦੇ ਸਾਥੀਆਂ ਨੇ ਕੁੱਟਿਆ ਸੀ। ਅਖਨੂਰ ਪੁਲਿਸ ਨੇ ਧਾਰਾ 341,323,295,307 ਦੇ ਤਹਿਤ ਮਾਮਲਾ ਦਰਜ ਕੀਤਾ ਹੈ।
ਆਪਣੀ ਖਬਰ ਦੀ ਪੁਸ਼ਟੀ ਕਰਨ ਲਈ ਅਸੀਂ ਜੰਮੂ ਕਸ਼ਮੀਰ ਦੇ ਦੈਨਿਕ ਜਾਗਰਣ ਦੇ ਸਟੇਟ ਐਡੀਟਰ ਅਭਿਮਨਯੂ ਸ਼ਰਮਾ ਨਾਲ ਗੱਲ ਕੀਤੀ ਅਤੇ ਉਨ੍ਹਾਂ ਨਾਲ ਵੀਡੀਓ ਵੀ ਸ਼ੇਅਰ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਇਹ ਮਾਮਲਾ 2016 ਦਾ ਹੈ, ਇਸ ਸਿੱਖ ਨੌਜਵਾਨ ਨਾਲ ਕੁੱਟਮਾਰ ਬਾਅਦ ਸਿੱਖ ਸਮੁਦਾਏ ਦੇ ਲੋਕਾਂ ਨੇ ਇੰਸਾਫ ਦੀ ਮੰਗ ਵੀ ਕੀਤੀ ਸੀ। ਉਨ੍ਹਾਂ ਨੇ ਨਾਲ ਹੀ ਸਾਨੂੰ ਦੱਸਿਆ ਕਿ ਇਹ ਮਾਮਲਾ ਆਪਸੀ ਰੰਜਿਸ਼ ਕਾਰਣ ਹੋਇਆ ਸੀ। ਇਸਦੇ ਅਲਾਵਾ ਉਨ੍ਹਾਂ ਨੇ ਸਾਡੇ ਨਾਲ ਇਸ ਮਾਮਲੇ ਦੀ FIR ਦੀ ਕਾਪੀ ਵੀ ਸ਼ੇਅਰ ਕੀਤੀ।
ਦਰਜ FIR ਦੇ ਮੁਤਾਬਕ 9 ਮਈ 2016 ਨੂੰ ਜੰਮੂ ਦੇ ਅਖਨੂਰ ਵਿਚ ਹਰਵਿੰਦਰ ਸਿੰਘ ਨਾਂ ਦੇ 19 ਸਾਲਾਂ ਮੁੰਡੇ ਨੂੰ ਵਾਨੀ ਗੁਪਤਾ ਅਤੇ ਉਸਦੇ ਸਾਥੀਆਂ ਨੇ ਸੜਕ ਉੱਤੇ ਕੁੱਟਿਆ ਸੀ। ਪੁਲਿਸ ਨੇ ਧਾਰਾ 341,323,295,307 ਦੇ ਤਹਿਤ ਮਾਮਲਾ ਦਰਜ ਕੀਤਾ ਹੈ। FIR ਦੀ ਕਾਪੀ ਤੁਸੀਂ ਹੇਠਾਂ ਵੇਖ ਸਕਦੇ ਹੋ।
ਆਪਣੀ ਖਬਰ ਦੀ ਵੱਧ ਪੁਸ਼ਟੀ ਕਰਨ ਲਈ ਅਸੀਂ ਇਲਾਹਾਬਾਦ ਵਿਚ ਦੈਨਿਕ ਜਾਗਰਣ ਦੇ ਐਡੀਟਰ ਮਦਨ ਮੋਹਨ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੇ ਸਾਨੂੰ ਦੱਸਿਆ, ”ਇਹ ਵੀਡੀਓ ਪਹਿਲਾਂ ਵੀ ਵਾਇਰਲ ਹੋ ਚੁੱਕਿਆ ਹੈ। ਇਸ ਵੀਡੀਓ ਦਾ ਪ੍ਰਯਾਗਰਾਜ ਨਾਲ ਕੋਈ ਸਬੰਧ ਨਹੀਂ ਹੈ। ਇਸ ਵਿਚ ਕੇਸ਼ਵ ਮੋਰਯੇ ਦਾ ਭਤੀਜਾ ਨਹੀਂ ਹੈ।”
ਹੁਣ ਵਾਰੀ ਸੀ ਇਸ ਵੀਡੀਓ ਨੂੰ ਵਾਇਰਲ ਕਰਨ ਵਾਲੇ ਫੇਸਬੁੱਕ ਯੂਜ਼ਰ Arun Gautam BirWa ਦੇ ਅਕਾਊਂਟ ਦੀ ਸੋਸ਼ਲ ਸਕੈਨਿੰਗ ਕਰਨ ਦੀ। ਅਸੀਂ ਪਾਇਆ ਕਿ ਉਨ੍ਹਾਂ ਦੀ ਕਵਰ ਫੋਟੋ ਤੇ ਬਹੁਜਨ ਸਮਾਜ ਪਾਰਟੀ ਲਿਖਿਆ ਹੋਇਆ ਹੈ ਅਤੇ ਨਾਲ ਹੀ ਅਬਾਊਟ ਸੈਕਸ਼ਨ ਵਿਚ ਆਪਣੇ ਆਪ ਨੂੰ ਬਸਪਾ ਦਾ ਸੋਸ਼ਲ ਵਰਕਰ ਵੀ ਦੱਸਿਆ ਹੋਇਆ ਹੈ।
ਨਤੀਜਾ: ਵਿਸ਼ਵਾਸ ਟੀਮ ਦੀ ਪੜਤਾਲ ਵਿਚ ਇਹ ਵਾਇਰਲ ਹੋ ਰਿਹਾ ਦਾਅਵਾ ਫਰਜੀ ਸਾਬਤ ਹੁੰਦਾ ਹੈ। ਨਾ ਹੀ ਸਿੱਖ ਨੂੰ ਕੁੱਟਣ ਵਾਲਾ ਕੇਸ਼ਵ ਮੋਰਯੇ ਦਾ ਭਤੀਜਾ ਹੈ ਅਤੇ ਨਾ ਹੀ ਇਹ ਵੀਡੀਓ ਯੂਪੀ ਦਾ ਹੈ। ਵਾਇਰਲ ਹੋ ਰਿਹਾ ਵੀਡੀਓ 2016 ਦਾ ਜੰਮੂ ਦਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।