ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਵਿੱਚ ਪਾਇਆ ਕਿ ਪੰਜਾਬੀ ਗਾਇਕ ਕਰਨ ਔਜਲਾ ਦੇ ਸ਼ੋ ਦੌਰਾਨ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਸਮਰਥਨ ਵਿੱਚ ਨਾਅਰੇ ਨਹੀਂ ਲੱਗੇ ਸਨ। ਸ਼ੋ ਦੇ ਅਸਲ ਵੀਡੀਓ ਦੇ ਆਡੀਓ ਨੂੰ ਐਡੀਟਿੰਗ ਦੁਆਰਾ ਬਦਲ ਦਿੱਤਾ ਗਿਆ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੋਸ਼ਲ ਮੀਡੀਆ ‘ਤੇ ਪੰਜਾਬੀ ਸਿੰਗਰ ਕਰਨ ਔਜਲਾ ਦਾ ਇੱਕ ਵੀਡੀਓ ਤੇਜ਼ੀ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਵੀਡੀਓ ਵਿੱਚ ਲੋਕਾਂ ਨੂੰ ਮੂਸੇਵਾਲੇ ਦੇ ਨਾਮ ਦੇ ਨਾਅਰੇ ਲਗਾਉਂਦੇ ਹੋਏ ਅਤੇ ਇੱਕ ਪੁਲਿਸ ਮੁਲਾਜ਼ਮ ਨੂੰ ਸਿੰਗਰ ਕਰਨ ਔਜਲਾ ਦੇ ਹੱਥ ਤੋਂ ਮਾਇਕ ਲੈਂਦਿਆਂ ਵੇਖਿਆ ਜਾ ਸਕਦਾ ਹੈ। ਵੀਡੀਓ ਨੂੰ ਇਸ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ ਕਿ “ਔਜਲਾ ਦੇ ਸ਼ੋ ਵਿੱਚ ਸਿੱਧੂ ਮੂਸੇਵਾਲਾ ਦੇ ਸਮਰਥਨ ਵਿੱਚ ਨਾਅਰੇ ਲੱਗੇ ਹਨ।”
ਵਿਸ਼ਵਾਸ ਨੇ ਆਪਣੀ ਜਾਂਚ ‘ਚ ਪਾਇਆ ਕਿ ਵਾਇਰਲ ਵੀਡੀਓ ਐਡੀਟੇਡ ਹੈ। ਗਾਇਕ ਕਰਨ ਔਜਲਾ ਦੇ ਸ਼ੋਅ ਦੌਰਾਨ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਸਮਰਥਨ ਵਿੱਚ ਨਾਅਰੇ ਨਹੀਂ ਲੱਗੇ ਸਨ। ਵਾਇਰਲ ਵੀਡੀਓ ਵਿੱਚ ਆਡੀਓ ਨੂੰ ਐਡੀਟਿੰਗ ਰਾਹੀਂ ਬਦਲ ਦਿੱਤਾ ਗਿਆ ਹੈ।
ਇੰਸਟਾਗ੍ਰਾਮ ਪੇਜ “sidhu_moosewala_5911 ” 5 ਜਨਵਰੀ ਨੂੰ ਵੀਡੀਓ ਸ਼ੇਅਰ ਕੀਤਾ ਹੈ। ਵੀਡੀਓ ਉੱਤੇ ਲਿਖਿਆ ਹੋਇਆ ਹੈ ,” ਕਰਨ ਔਜਲਾ ਨਾਲ ਸ਼ਰੇਆਮ ਹੋਇਆ ਧੱਕਾ। ਮੂਸੇ ਦੇ ਫੈਨ ਨੇ ਸਿਰਾ ਕਰਤਾ। ਹੁਣ ਆਪ ਪੈਰੀ ਹੱਥ ਲਾਉਣ ਲੱਗਿਆ।
ਸੋਸ਼ਲ ਮੀਡਿਆ ‘ਤੇ ਕਈ ਯੂਜ਼ਰਸ ਇਸ ਵੀਡੀਓ ਨੂੰ ਮਿਲਦੇ – ਜੁਲਦੇ ਦਾਅਵਿਆਂ ਨਾਲ ਸ਼ੇਅਰ ਕਰ ਰਹੇ ਹਨ। ਪੋਸਟ ਦਾ ਆਰਕਾਈਵ ਲਿੰਕ ਇੱਥੇ ਦੇਖਿਆ ਜਾ ਸਕਦਾ ਹੈ।
ਸਿੰਗਰ ਕਰਨ ਔਜਲਾ ਦੇ ਵਾਇਰਲ ਵੀਡੀਓ ਦੀ ਪੜਤਾਲ ਲਈ ਅਸੀਂ ਵੀਡੀਓ ਨੂੰ ਧਿਆਨ ਨਾਲ ਵੇਖਿਆ। ਸਾਨੂੰ ਪੰਜਾਬੀ ਮੀਡਿਆ ਅਦਾਰੇ ਡੈਲੀ ਪੋਸਟ ਦਾ ਵਾਟਰਮਾਰਕ ਨਜ਼ਰ ਆਇਆ। ਅਸੀਂ ਡੈਲੀ ਪੋਸਟ ਪੰਜਾਬੀ ਦੇ ਸੋਸ਼ਲ ਮੀਡਿਆ ਹੈਂਡਲ ‘ਤੇ ਵੀਡੀਓ ਨੂੰ ਸਰਚ ਕਰਨਾ ਸ਼ੁਰੂ ਕੀਤਾ। ਸਾਨੂੰ 18 ਫਰਵਰੀ 2020 ਨੂੰ ਵੀਡੀਓ ਅਪਲੋਡ ਮਿਲਿਆ। ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ਲਿਖਿਆ ਸੀ ,”ਚੱਲਦੇ ਸ਼ੋਅ ‘ਚ ਪੁਲਿਸ ਮੁਲਾਜ਼ਮ ਨੇ ਕਰਨ ਔਜਲਾ ਦੇ ਹੱਥੋ ਫੜਿਆ ਮਾਈਕ, ਦੇਖੋਂ ਕੀ ਸੀ ਕਾਰਨ।”
3 ਮਿੰਟ 37 ਸੈਕਿੰਡ ਦੇ ਵੀਡੀਓ ਨੂੰ ਅਸੀਂ ਪੂਰਾ ਦੇਖਿਆ। ਅਸੀਂ ਪਾਇਆ ਕਿ ਅਸਲ ਵੀਡੀਓ ਵਿੱਚ ਕਿਤੇ ਵੀ ਸਿੱਧੂ ਮੂਸੇਵਾਲੇ ਦੇ ਸਮਰਥਨ ਵਿੱਚ ਨਾਅਰੇ ਨਹੀਂ ਲੱਗੇ ਹਨ।
ਸਰਚ ਦੌਰਾਨ ਸਾਨੂੰ ਇਸ ਪ੍ਰੋਗਰਾਮ ਦਾ ਵੀਡੀਓ ‘LiveKabaddi’ ਨਾਮ ਦੇ ਯੂਟਿਊਬ ਚੈਨਲ ‘ਤੇ 18 ਫਰਵਰੀ 2020 ਨੂੰ ਅੱਪਲੋਡ ਮਿਲਿਆ। ਅਸੀਂ 01 ਘੰਟੇ 09 ਮਿੰਟ ਦੇ ਇਸ ਵੀਡੀਓ ਨੂੰ ਪੂਰਾ ਸੁਣਿਆ। ਵੀਡੀਓ ਵਿੱਚ 6 ਮਿੰਟ 37 ਸਕਿੰਟ ਤੋਂ ਲੈ ਕੇ 7 ਮਿੰਟ 06 ਸਕਿੰਟ ਵਿੱਚਕਾਰ ਵਾਇਰਲ ਵੀਡੀਓ ਵਾਲੇ ਹਿੱਸੇ ਨੂੰ ਵੇਖਿਆ ਜਾ ਸਕਦਾ ਹੈ। ਅਸੀਂ ਪਾਇਆ ਕਿ ਅਸਲ ਵੀਡੀਓ ਵਿੱਚ ਕਿਤੇ ਵੀ ਸਿੱਧੂ ਮੂਸੇਵਾਲੇ ਦੇ ਸਮਰਥਨ ਵਿੱਚ ਨਾਅਰੇ ਨਹੀਂ ਲੱਗੇ ਸਨ। ਵੀਡੀਓ ਵਿੱਚ ਔਜਲਾ ਨੂੰ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ “ਇੱਕ ਦੂੱਜੇ ਨੂੰ ਧੱਕਾ ਨਾ ਮਾਰੋ। ਤੁਸੀਂ ਮੈਨੂੰ ਦੇਖਣ ਆਏ ਹੋ ਅਤੇ ਮੈਂ ਤੁਹਾਨੂੰ ਦੇਖਣ ਆਇਆ ਹਾਂ। ਮੈਂ ਤੁਹਾਡਾ ਸਾਰਿਆ ਦਾ ਫੈਨ ਹਾਂ।”
ਹੋਰ ਵੀ ਕਈ ਥਾਵਾਂ ‘ਤੇ ਪੁਰਾਣੀਆਂ ਤਾਰੀਖਾਂ ‘ਤੇ ਅਪਲੋਡ ਇਸ ਵੀਡੀਓ ਨੂੰ ਦੇਖਿਆ ਜਾ ਸਕਦਾ ਹੈ। ਵੱਧ ਜਾਣਕਾਰੀ ਲਈ ਅਸੀਂ ਜਲੰਧਰ ਦੇ ਚੀਫ ਰਿਪੋਰਟਰ ਮਨੋਜ ਤ੍ਰਿਪਾਠੀ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ, “ਵਾਇਰਲ ਦਾਅਵਾ ਗ਼ਲਤ ਹੈ ਅਤੇ ਵੀਡੀਓ ਐਡੀਟੇਡ ਹੈ। ਵੀਡੀਓ ਵਿੱਚ ਆਡੀਓ ਨੂੰ ਵੱਖ ਤੋਂ ਜੁੜਿਆ ਗਿਆ ਹੈ।”
ਪੜਤਾਲ ਦੇ ਅੰਤ ਵਿੱਚ ਵਿਸ਼ਵਾਸ ਨਿਊਜ਼ ਨੇ ਫਰਜੀ ਦਾਅਵੇ ਨੂੰ ਸ਼ੇਅਰ ਕਰਨ ਵਾਲੇ ਫੇਸਬੁੱਕ ਪੇਜ sidhu_moosewala_5911 ਦੇ ਅਕਾਊਂਟ ਦੀ ਸੋਸ਼ਲ ਸਕੈਨਿੰਗ ਕੀਤੀ। ਇੰਸਟਾਗ੍ਰਾਮ ‘ਤੇ ਪੇਜ ਨੂੰ 28 ਹਜ਼ਾਰ ਤੋਂ ਵੱਧ ਲੋਕ ਫੋਲੋ ਕਰਦੇ ਹਨ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਵਿੱਚ ਪਾਇਆ ਕਿ ਪੰਜਾਬੀ ਗਾਇਕ ਕਰਨ ਔਜਲਾ ਦੇ ਸ਼ੋ ਦੌਰਾਨ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਸਮਰਥਨ ਵਿੱਚ ਨਾਅਰੇ ਨਹੀਂ ਲੱਗੇ ਸਨ। ਸ਼ੋ ਦੇ ਅਸਲ ਵੀਡੀਓ ਦੇ ਆਡੀਓ ਨੂੰ ਐਡੀਟਿੰਗ ਦੁਆਰਾ ਬਦਲ ਦਿੱਤਾ ਗਿਆ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।