ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਹਾਕੀ ਓਲੰਪੀਅਨ ਗੁਰਜੀਤ ਕੌਰ ਦੀ ਮਾਤਾ ਜੀ ਦੇ ਦਿਹਾਂਤ ਨੂੰ ਲੈ ਕੇ ਵਾਇਰਲ ਹੋ ਰਿਹਾ ਦਾਅਵਾ ਗਲਤ ਨਿਕਲਿਆ ਹੈ। ਹਾਲ ਹੀ ਵਿੱਚ ਗੁਰਜੀਤ ਕੌਰ ਦੀ ਚਾਚੀ ਦਾ PGI ਇਲਾਜ ਖੁਣੋਂ ਦਿਹਾਂਤ ਹੋਇਆ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੋਸ਼ਲ ਮੀਡੀਆ ‘ਤੇ ਇੱਕ ਗ੍ਰਾਫਿਕ ਵਾਇਰਲ ਹੋ ਰਹੀ ਹੈ ਜਿਸ ਵਿੱਚ ਹਾਕੀ ਓਲੰਪੀਅਨ ਗੁਰਜੀਤ ਕੌਰ ਦੀ ਫੋਟੋ ਲੱਗੀ ਹੋਈ ਹੈ। ਪੋਸਟ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਹਾਕੀ ਓਲੰਪੀਅਨ ਗੁਰਜੀਤ ਕੌਰ ਦੀ ਮਾਤਾ ਜੀ ਦਾ PGI ‘ਚ ਇਲਾਜ ਚੱਲ ਰਿਹਾ ਸੀ ਅਤੇ ਉਨ੍ਹਾਂ ਦੀ ਮਾਤਾ ਜੀ ਨੂੰ ਹਸਪਤਾਲ ‘ਚ ਬੈੱਡ ਤੱਕ ਨਸੀਬ ਨਹੀਂ ਹੋਇਆ ਅਤੇ ਮਾੜੇ ਇਲਾਜ ਦੌਰਾਨ ਉਨ੍ਹਾਂ ਦਾ ਦਿਹਾਂਤ ਹੋ ਗਿਆ। ਸੋਸ਼ਲ ਮੀਡੀਆ ਤੇ ਕਈ ਯੂਜ਼ਰਸ ਇਸਨੂੰ ਸੱਚ ਮੰਨਦੇ ਹੋਏ ਸ਼ੇਅਰ ਕਰ ਰਹੇ ਹਨ। ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਵਿੱਚ ਪਾਇਆ ਕਿ ਹਾਲ ਹੀ ਵਿੱਚ ਗੁਰਜੀਤ ਕੌਰ ਦੀ ਚਾਚੀ ਦਾ PGI ਇਲਾਜ ਖੁਣੋਂ ਦਿਹਾਂਤ ਹੋਇਆ ਹੈ। ਉਨ੍ਹਾਂ ਦੀ ਮਾਤਾ ਜੀ ਨੂੰ ਲੈ ਕੇ ਵਾਇਰਲ ਹੋ ਰਿਹਾ ਇਹ ਦਾਅਵਾ ਗਲਤ ਹੈ।
ਕੀ ਹੈ ਵਾਇਰਲ ਪੋਸਟ ਵਿੱਚ
ਫੇਸਬੁੱਕ ਯੂਜ਼ਰ Mann Ubha ਨੇ ਵਾਇਰਲ ਪੋਸਟ ਨੂੰ 26 ਅਕਤੂਬਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਲੱਖ ਲੱਖ ਲਾਹਨਤਾਂ ਥੋਡੇ ਤੇ ਦੇਸ ਦੇ ਅਖੌਤੀ ਹਾਕਮੋ ਵੱਡੀਆਂ ਵੱਡੀਆਂ ਗੱਲਾਂ ਮਾਰਨ ਵਾਲਿਆਂ ਦਾ ਹਾਲ, ਵਾਰ ਵਾਰ ਫੋਨ ਕਰਨ ਤੇ ਵੀ ਨਹੀਂ ਲਿਆ ਕਿਸੇ ਮੰਤਰੀ ਨੇ ਸੀਰੀਅਸ, ਹਾਕੀ ਓਲੰਪੀਅਨ ਗੁਰਜੀਤ ਕੌਰ ਦੀ ਮਾਤਾ ਦਾ PGI ਚ ਇਲਾਜ ਖੁਣੋਂ ਵਗੈਰ ਹੋਇਆ ਦਿਹਾਂਤ, ਇਲਾਜ਼ ਤਾਂ ਛੱਡੋ ਮਾਤਾ ਜੀ ਨੂੰ ਤਾਂ ਬੈੱਡ ਹੀ ਨਹੀਂ ਮਿਲ਼ਿਆ!।”
ਸੋਸ਼ਲ ਮੀਡੀਆ ‘ਤੇ ਕਈ ਹੋਰ ਯੂਜ਼ਰਸ ਇਸ ਪੋਸਟ ਨੂੰ ਮਿਲਦੇ – ਜੁਲਦੇ ਦਾਅਵਿਆਂ ਨਾਲ ਸ਼ੇਅਰ ਕਰ ਰਹੇ ਹਨ। ਪੋਸਟ ਦਾ ਆਰਕਾਈਵ ਵਰਜਨ ਇੱਥੇ ਦੇਖਿਆ ਜਾ ਸਕਦਾ ਹੈ।
ਪੜਤਾਲ
ਵਿਸ਼ਵਾਸ ਨਿਊਜ਼ ਨੇ ਵਾਇਰਲ ਦਾਅਵੇ ਦੀ ਜਾਂਚ ਸ਼ੁਰੂ ਕਰਦੇ ਹੋਏ ਸਭ ਤੋਂ ਪਹਿਲਾਂ ਸਬੰਧਿਤ ਕੀਵਰਡ ਜਰੀਏ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਸਾਨੂੰ ਅਜਿਹੀ ਕੋਈ ਖਬਰ ਨਹੀਂ ਮਿਲੀ ਜਿਵੇਂ ਕਿ ਵਾਇਰਲ ਪੋਸਟ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ। ਪਰ ਸਰਚ ਦੌਰਾਨ ਸਾਨੂੰ ਕਈ ਨਿਊਜ਼ ਵੈਬਸਾਈਟਾਂ ਤੇ ਹਾਕੀ ਓਲੰਪੀਅਨ ਗੁਰਜੀਤ ਕੌਰ ਦੀ ਚਾਚੀ ਦੇ ਦਿਹਾਂਤ ਦੀਆਂ ਖਬਰਾਂ ਮਿਲਿਆ।
ਦੈਨਿਕ ਜਾਗਰਣ ਦੀ ਵੈੱਬਸਾਈਟ ‘ਤੇ 27 ਅਕਤੂਬਰ 2022 ਨੂੰ ਪ੍ਰਕਾਸ਼ਿਤ ਖਬਰ ਅਨੁਸਾਰ,’ ਓਲੰਪਿਕ ਖੇਡਾਂ ਚ ਹਾਕੀ ਵਿੱਚ ਭਾਰਤ ਲਈ ਸਭ ਤੋਂ ਵੱਧ ਗੋਲ ਕਰਨ ਵਾਲੀ ਅੰਮ੍ਰਿਤਸਰ ਦੀ ਖਿਡਾਰਨ ਗੁਰਜੀਤ ਕੌਰ ਦੀ ਚਾਚੀ ਬਲਜੀਤ ਕੌਰ ਦਾ ਪੀਜੀਆਈ ਵਿੱਚ ਦਿਹਾਂਤ ਹੋ ਗਿਆ। ਪਰਿਵਾਰ ਨੇ ਚੰਡੀਗੜ੍ਹ ਪੀਜੀਆਈ ਵਿੱਚ ਬਲਜੀਤ ਕੌਰ ਦਾ ਸਹੀ ਇਲਾਜ ਨਾ ਹੋਣ ਦਾ ਦੋਸ਼ ਲਾਇਆ ਹੈ। ਪਰਿਵਾਰ ਦਾ ਕਹਿਣਾ ਹੈ ਕਿ ਬਲਜੀਤ ਕੌਰ ਨੂੰ 5 ਦਿਨਾਂ ਤੋਂ ਹਸਪਤਾਲ ‘ਚ ਬੈੱਡ ਵੀ ਨਸੀਬ ਨਹੀਂ ਹੋਇਆ। ਪ੍ਰਾਪਤ ਜਾਣਕਾਰੀ ਅਨੁਸਾਰ ਹਾਕੀ ਖਿਡਾਰਨ ਗੁਰਜੀਤ ਕੌਰ ਦੀ ਚਾਚੀ ਬਲਜੀਤ ਕੌਰ ਨੂੰ ਕਿਡਨੀ ਦੇ ਇਲਾਜ ਲਈ ਏਮਜ਼ ਬਠਿੰਡਾ ਤੋਂ ਪੀਜੀਆਈ ਰੈਫਰ ਕੀਤਾ ਗਿਆ ਸੀ। ਬਲਜੀਤ ਕੌਰ ਨੂੰ ਪੀਜੀਆਈ ਵਿਚ ਬੈੱਡ ਵੀ ਨਹੀਂ ਮਿਲਿਆ। ਉਹ ਆਪਣੇ ਆਖਰੀ ਸਾਹ ਤੱਕ ਬਾਹਰ ਸਟਰੈਚਰ ‘ਤੇ ਪਈ ਰਹੀ।’ ਪੂਰੀ ਖਬਰ ਇੱਥੇ ਪੜ੍ਹੋ।
arthparkash.com ‘ਤੇ ਵੀ 27 ਅਕਤੂਬਰ 2022 ਨੂੰ ਪ੍ਰਕਾਸ਼ਿਤ ਖਬਰ ਮੁਤਾਬਿਕ ਹਾਕੀ ਖਿਡਾਰੀ ਗੁਰਜੀਤ ਕੌਰ ਦੀ ਚਾਚੀ ਦਾ ਦਿਹਾਂਤ ਹੋ ਗਿਆ। ਖਬਰ ਨੂੰ ਇੱਥੇ ਪੜ੍ਹੋ।
ਸਰਚ ਦੌਰਾਨ ਸਾਨੂੰ ETV ਦੀ ਇੱਕ ਖਬਰ ਵਿੱਚ ਗੁਰਜੀਤ ਦੇ ਚਾਚਾ ਦਾ ਬਿਆਨ ਵੀ ਮਿਲਿਆ। ਇਸ ਅਨੁਸਾਰ, “ਪਰਿਵਾਰ ਨੇ ਹਸਪਤਾਲ ‘ਤੇ ਸੁਆਲ ਚੁਕਦਿਆਂ ਕਿਹਾ ਕਿ ਪਰਿਵਾਰਕ ਮੈਂਬਰਾਂ ਨੂੰ ਲਾਸ਼ ਲੈਣ ਵਾਸਤੇ ਵੀ ਕਰੀਬ ਤਿੰਨ ਘੰਟੇ ਦੀ ਜੱਦੋ ਜਹਿਦ ਕਰਨੀ ਪਈ ਅਤੇ ਕੋਈ ਵੀ ਸਰਕਾਰੀ ਵਾਹਨ ਪੀਜੀਆਈ ਵੱਲੋਂ ਉਪਲੱਭਧ ਨਹੀਂ ਕਰਵਾਇਆ ਗਿਆ। ਇਸ ਗੱਲ ਦਾ ਭਾਰੀ ਰੋਸ ਬਲਜੀਤ ਕੌਰ ਦੇ ਪਤੀ ਅਤੇ ਗੁਰਜੀਤ ਕੌਰ ਦੇ ਚਾਚਾ ਬਲਜਿੰਦਰ ਸਿੰਘ ਨੇ ਜਤਾਇਆ ਸੀ।”
ਮਾਮਲੇ ਵਿੱਚ ਵੱਧ ਜਾਣਕਾਰੀ ਲਈ ਅਸੀਂ ਦੈਨਿਕ ਜਾਗਰਣ ਅਜਨਾਲਾ ਦੇ ਰਿਪੋਰਟਰ ਅਮਨ ਦੇਵਗਨ ਨਾਲ ਸੰਪਰਕ ਕੀਤਾ। ਵਾਇਰਲ ਪੋਸਟ ਨੂੰ ਉਨ੍ਹਾਂ ਦੇ ਨਾਲ ਸ਼ੇਅਰ ਕੀਤਾ, ਉਨ੍ਹਾਂ ਨੇ ਪੋਸਟ ਨੂੰ ਪੂਰੀ ਤਰ੍ਹਾਂ ਅਫ਼ਵਾਹ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ‘ਗੁਰਜੀਤ ਕੌਰ ਦੀ ਚਾਚੀ ਦਾ ਦਿਹਾਂਤ ਹੋਇਆ ਹੈ, ਉਨ੍ਹਾਂ ਦੀ ਮਾਤਾ ਜੀ ਦਾ ਨਹੀਂ। ਗੁਰਜੀਤ ਕੌਰ ਦੀ ਚਾਚੀ ਦਾ ਪੀਜੀਆਈ ਵਿੱਚ ਇਲਾਜ ਚੱਲ ਰਿਹਾ ਸੀ ਅਤੇ ਉੱਥੇ ਹੀ ਉਨ੍ਹਾਂ ਦਾ ਦਿਹਾਂਤ ਹੋਇਆ।
ਪੜਤਾਲ ਦੇ ਅੰਤ ਵਿੱਚ ਅਸੀਂ ਪੋਸਟ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਦੀ ਜਾਂਚ ਕੀਤੀ। ਜਾਂਚ ਵਿੱਚ ਪਤਾ ਲੱਗਿਆ ਕਿ ਯੂਜ਼ਰ ਬਠਿੰਡਾ ਦਾ ਰਹਿਣ ਵਾਲਾ ਹੈ ਅਤੇ ਫੇਸਬੁੱਕ ‘ਤੇ ਯੂਜ਼ਰ ਦੇ 3 ਹਜ਼ਾਰ ਤੋਂ ਵੱਧ ਮਿੱਤਰ ਹਨ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਹਾਕੀ ਓਲੰਪੀਅਨ ਗੁਰਜੀਤ ਕੌਰ ਦੀ ਮਾਤਾ ਜੀ ਦੇ ਦਿਹਾਂਤ ਨੂੰ ਲੈ ਕੇ ਵਾਇਰਲ ਹੋ ਰਿਹਾ ਦਾਅਵਾ ਗਲਤ ਨਿਕਲਿਆ ਹੈ। ਹਾਲ ਹੀ ਵਿੱਚ ਗੁਰਜੀਤ ਕੌਰ ਦੀ ਚਾਚੀ ਦਾ PGI ਇਲਾਜ ਖੁਣੋਂ ਦਿਹਾਂਤ ਹੋਇਆ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।