ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਬਲਬੀਰ ਸਿੰਘ ਸੀਨੀਅਰ ਦੇ ਦਿਹਾਂਤ ਨਾਲ ਜੁੜੀ ਵਾਇਰਲ ਪੋਸਟ ਗੁੰਮਰਾਹਕੁੰਨ ਨਿਕਲੀ। ਉਨ੍ਹਾਂ ਦਾ ਦੋ ਸਾਲ ਪਹਿਲਾਂ ਚੰਡੀਗੜ੍ਹ ਵਿਖੇ ਦਿਹਾਂਤ ਹੋ ਗਿਆ ਸੀ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ ਉੱਪਰ ਇੱਕ ਤਸਵੀਰ ਨੂੰ ਵਾਇਰਲ ਕਰਦੇ ਹੋਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਹਾਕੀ ਦੇ ਦਿੱਗਜ ਖਿਡਾਰੀ ਬਲਬੀਰ ਸਿੰਘ ਸੀਨੀਅਰ ਦਾ ਦਿਹਾਂਤ ਹੋ ਗਿਆ ਹੈ ਪਰ ਮੀਡੀਆ ਅਤੇ ਰਾਜਨੇਤਾ ਚੁੱਪ ਹਨ। ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਜਾਂਚ ਕੀਤੀ। ਇਹ ਗੁੰਮਰਾਹਕੁੰਨ ਸਾਬਿਤ ਹੋਈ। ਬਲਬੀਰ ਸਿੰਘ ਸੀਨੀਅਰ ਦਾ ਦਿਹਾਂਤ ਦੋ ਸਾਲ ਪਹਿਲਾਂ ਚੰਡੀਗੜ੍ਹ ਵਿਖੇ ਹੋ ਗਿਆ ਸੀ।
ਕੀ ਹੋ ਰਿਹਾ ਹੈ ਵਾਇਰਲ
ਫੇਸਬੁੱਕ ਪੇਜ ‘ਭਾਰਤੀ ਹੈ ਹਮ’ ਨੇ 23 ਜੂਨ ਨੂੰ ਇੱਕ ਤਸਵੀਰ ਸਾਂਝੀ ਕਰਦੇ ਹੋਏ ਦਾਅਵਾ ਕੀਤਾ: ‘ਮੰਦਭਾਗੀ ਘਟਨਾ ਜੇਕਰ ਕੋਈ ਅਭਿਨੇਤਾ ਮਰ ਗਿਆ ਹੁੰਦਾ ਤਾਂ ਮੀਡੀਆ ਰੋ ਰਹੀ ਹੁੰਦੀ, ਸਿਆਸਤਦਾਨਾਂ ਦੀਆਂ ਰੂਹਾਂ ਨਿਕਲ ਜਾਂਦੀਆਂ ਤੇ ਭਾਰਤ ਦੀ ਜਨਤਾ ਸੜਕਾਂ ਤੇ ਆ ਜਾਂਦੀ। ਆਪਣੀ ਹਾਕੀ ਸਟੀਕ ਨਾਲ ਵਿਦਾ ਹੋਏ ਭਾਰਤ ਦੇ ਮਹਾਨ ਹਾਕੀ ਖਿਡਾਰੀ, ਸ਼੍ਰੀ ਬਲਬੀਰ ਸਿੰਘ ਸੀਨੀਅਰ, ਭਾਰਤ ਨੂੰ ਤਿੰਨ ਓਲੰਪਿਕ ਸੋਨ ਦੇ ਤਗਮੇ ਜਿੱਤਣ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ ਸੀ.. ਉੱਥੇ ਹੀ 1952 ਹੇਲਸਿੰਕੀ ਓਲਿੰਪਿਕ ਫਾਈਨਲ ਵਿੱਚ ਨੀਦਰਲੈਂਡ ਦੇ ਖਿਲਾਫ ਇਨ੍ਹਾਂ ਦਾ 5 ਗੋਲ ਦਾ ਰਿਕਾਰਡ ਅੱਜ ਤਕ ਕੋਈ ਨਹੀਂ ਤੋੜ ਸਕਿਆ ਹੈ … ਨਮਨ ਹੈ।’
ਫੇਸਬੁੱਕ ਪੋਸਟ ਦੇ ਕੰਟੇੰਟ ਨੂੰ ਜਿਉਂ ਦਾ ਤਿਉਂ ਲਿਖਿਆ ਗਿਆ ਹੈ। ਦੂਜੇ ਯੂਜ਼ਰਸ ਵੀ ਇਸਨੂੰ ਸੱਚ ਮੰਨਦੇ ਹੋਏ ਸ਼ੇਅਰ ਕਰ ਰਹੇ ਹਨ। ਪੋਸਟ ਦਾ ਆਰਕਾਈਵ ਵਰਜਨ ਇੱਥੇ ਦੇਖਿਆ ਜਾ ਸਕਦਾ ਹੈ।
ਪੜਤਾਲ
ਬਲਬੀਰ ਸਿੰਘ ਸੀਨੀਅਰ ਦੀ ਮੌਤ ਨਾਲ ਸਬੰਧਿਤ ਵਾਇਰਲ ਪੋਸਟ ਦੀ ਸੱਚਾਈ ਜਾਣਨ ਲਈ ਸਭ ਤੋਂ ਪਹਿਲਾਂ ਗੂਗਲ ਰਿਵਰਸ ਇਮੇਜ ਟੂਲ ਦੀ ਵਰਤੋਂ ਕੀਤੀ। ਇਸ ਟੂਲ ਰਾਹੀਂ ਵਾਇਰਲ ਤਸਵੀਰ ਦੀ ਖੋਜ ਕਰਨ ਤੇ ਸਾਨੂੰ 25 ਮਈ 2020 ਦਾ ਇੱਕ ਟਵੀਟ ਮਿਲਿਆ। ਇਸ ਟਵੀਟ ਵਿੱਚ ਉਹ ਹੀ ਤਸਵੀਰ ਵਰਤੀ ਗਈ ਸੀ, ਜੋ ਹੁਣ ਵਾਇਰਲ ਕੀਤੀ ਜਾ ਰਹੀ ਹੈ। ਇਸ ਪੁਰਾਣੇ ਟਵੀਟ ਰਾਹੀਂ ਬਲਬੀਰ ਸਿੰਘ ਸੀਨੀਅਰ ਦੀ ਮੌਤ ਦੀ ਸੂਚਨਾ ਦਿੱਤੀ ਗਈ ਸੀ। ਸਪੱਸ਼ਟ ਹੈ ਕਿ ਹਾਕੀ ਦੇ ਇਸ ਮਹਾਨ ਖਿਡਾਰੀ ਦਾ ਦੋ ਸਾਲ ਪਹਿਲਾਂ ਹੀ ਦਿਹਾਂਤ ਹੋ ਗਿਆ ਹੈ।
ਵਿਸ਼ਵਾਸ ਨਿਊਜ਼ ਨੇ ਗੂਗਲ ਸਰਚ ਰਾਹੀਂ ਬਲਬੀਰ ਸਿੰਘ ਸੀਨੀਅਰ ਬਾਰੇ ਜਾਣਕਾਰੀ ਇਕੱਠੀ ਕਰਨੀ ਸ਼ੁਰੂ ਕੀਤੀ। 25 ਮਈ 2021 ਨੂੰ ਟਾਈਮਜ਼ ਆਫ਼ ਇੰਡੀਆ ਦੀ ਵੈੱਬਸਾਈਟ ਤੇ ਇੱਕ ਫੋਟੋ ਗੈਲਰੀ ਦੀ ਵਰਤੋਂ ਕੀਤੀ ਗਈ ਸੀ। ਇਸ ਵਿੱਚ ਦੱਸਿਆ ਗਿਆ ਕਿ 25 ਮਈ 2020 ਨੂੰ ਬਲਬੀਰ ਸਿੰਘ ਸੀਨੀਅਰ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦਾ 95 ਸਾਲ ਦੀ ਉਮਰ ਵਿੱਚ ਚੰਡੀਗੜ੍ਹ ਵਿਖੇ ਦੇਹਾਂਤ ਹੋਇਆ ਸੀ।
ਬੀਬੀਸੀ ਹਿੰਦੀ ਦੀ ਇੱਕ ਖਬਰ ਅਨੁਸਾਰ, ਬਲਬੀਰ ਸਿੰਘ ਸੀਨੀਅਰ ਨੇ ਭਾਰਤ ਨੂੰ ਤਿੰਨ ਓਲੰਪਿਕ ਸੋਨ ਤਗਮੇ ਅਤੇ ਵਿਸ਼ਵ ਕੱਪ ਜਿੱਤਵਾਇਆ ਸੀ। ਇਸ ਨਾਲ ਸਬੰਧਿਤ ਖ਼ਬਰਾਂ ਇੱਥੇ ਪੜ੍ਹੀਆਂ ਜਾ ਸਕਦੀਆਂ ਹਨ।
ਵਿਸ਼ਵਾਸ ਨਿਊਜ਼ ਨੇ ਜਾਂਚ ਨੂੰ ਅੱਗੇ ਵਧਾਉਂਦੇ ਹੋਏ ਦੈਨਿਕ ਜਾਗਰਣ, ਚੰਡੀਗੜ੍ਹ ਵਿਖੇ ਸਪੋਰਟ ਨੂੰ ਕਵਰ ਕਰਨ ਵਾਲੇ ਸੀਨੀਅਰ ਰਿਪੋਰਟਰ ਵਿਕਾਸ ਸ਼ਰਮਾ ਨਾਲ ਸੰਪਰਕ ਕੀਤਾ। ਉਨ੍ਹਾਂ ਦੇ ਨਾਲ ਵਾਇਰਲ ਮੈਸੇਜ ਨੂੰ ਸਾਂਝਾ ਕੀਤਾ। ਉਨ੍ਹਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਲਬੀਰ ਸਿੰਘ ਸੀਨੀਅਰ ਦਾ ਦੋ ਸਾਲ ਪਹਿਲਾਂ ਦਿਹਾਂਤ ਹੋ ਚੁੱਕਿਆ ਹੈ। ਵਾਇਰਲ ਪੋਸਟ ਵਿੱਚ ਕੀਤਾ ਜਾ ਰਿਹਾ ਦਾਅਵਾ ਸਹੀ ਨਹੀਂ ਹੈ। ਇਹ ਫਰਜੀ ਹੈ।
ਵਿਸ਼ਵਾਸ ਨਿਊਜ਼ ਨੇ ਪਹਿਲਾਂ ਵੀ ਇੱਕ ਵਾਰ ਇਸ ਪੋਸਟ ਦੀ ਪੜਤਾਲ ਕਰ ਚੁੱਕਿਆ ਹੈ। ਤੁਸੀਂ ਇਸਨੂੰ ਇੱਥੇ ਕਲਿੱਕ ਕਰਕੇ ਪੜ੍ਹ ਸਕਦੇ ਹੋ।
ਜਾਂਚ ਦੇ ਅੰਤ ਵਿੱਚ ਗੁੰਮਰਾਹਕੁੰਨ ਪੋਸਟ ਕਰਨ ਵਾਲੇ ਯੂਜ਼ਰ ਦੀ ਜਾਂਚ ਕੀਤੀ ਗਈ। ਫੇਸਬੁੱਕ ਪੇਜ ‘ਭਾਰਤੀ ਹੈ ਹਮ’ ਦੀ ਸੋਸ਼ਲ ਸਕੈਨਿੰਗ ਤੋਂ ਪਤਾ ਲੱਗਿਆ ਕਿ ਇਸ ਨੂੰ ਚਾਰ ਲੱਖ ਤੋਂ ਵੱਧ ਲੋਕ ਫੋਲੋ ਕਰਦੇ ਹਨ। ਇਸ ਪੇਜ ਨੂੰ 8 ਜੂਨ 2016 ਨੂੰ ਬਣਾਇਆ ਗਿਆ ਸੀ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਬਲਬੀਰ ਸਿੰਘ ਸੀਨੀਅਰ ਦੇ ਦਿਹਾਂਤ ਨਾਲ ਜੁੜੀ ਵਾਇਰਲ ਪੋਸਟ ਗੁੰਮਰਾਹਕੁੰਨ ਨਿਕਲੀ। ਉਨ੍ਹਾਂ ਦਾ ਦੋ ਸਾਲ ਪਹਿਲਾਂ ਚੰਡੀਗੜ੍ਹ ਵਿਖੇ ਦਿਹਾਂਤ ਹੋ ਗਿਆ ਸੀ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।