ਵਿਸ਼ਵਾਸ ਨਿਊਜ ਦੀ ਜਾਂਚ ਵਿੱਚ ਵਾਇਰਲ ਪੋਸਟ ਫਰਜੀ ਅਤੇ ਮਨਘੜੰਤ ਨਿਕਲੀ। ਦਿੱਲੀ ਸਰਕਾਰ ਵਲੋਂ ਅਜਿਹਾ ਕੋਈ ਆਦੇਸ਼ ਜਾਰੀ ਨਹੀਂ ਕੀਤਾ ਗਿਆ ਜੋ ਸਿਖਾਂ ਦੇ ਗੁਰੂਦੁਆਰੇ ਜਾਣ ਦੇ ਸਮੇਂ ਨੂੰ ਨਿਸ਼ਚਿਤ ਕਰਦਾ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੋਸ਼ਲ ਮੀਡਿਆ ‘ਤੇ ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਦੀ ਫੋਟੋ ਵਾਲੀ ਇੱਕ ਪੋਸਟ ਵਾਇਰਲ ਕੀਤੀ ਜਾ ਰਹੀ ਹੈ। ਪੋਸਟ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਦਿੱਲੀ ਦੇ ਗੁਰਦੁਆਰਿਆਂ ਵਿੱਚ ਮੱਥਾ ਟੇਕਣ ਦੇ ਲਈ ਦਿੱਲੀ ਸਰਕਾਰ ਵਲੋਂ ਟਾਈਮ ਟੇਬਲ ਜਾਰੀ ਕੀਤਾ ਗਿਆ ਹੈ। ਵਾਇਰਲ ਪੋਸਟ ਮੁਤਾਬਕ ਸੰਗਤ ਹਰ ਰੋਜ਼ ਸ਼ਾਮ 7:15 ਤੋਂ 8:15 ਦਰਸ਼ਨ ਕਰ ਸਕਣਗੇ ਜਦਕਿ ਐਤਵਾਰ ਨੂੰ ਡੇਢ ਘੰਟੇ ਦਾ ਹੀ ਸਮਾਂ ਦਿੱਤਾ ਗਿਆ ਹੈ।
ਵਿਸ਼ਵਾਸ ਨਿਊਜ ਦੀ ਜਾਂਚ ਵਿੱਚ ਵਾਇਰਲ ਦਾਅਵਾ ਫਰਜੀ ਨਿਕਲਿਆ। ਆਪ ਸਰਕਾਰ ਵਲੋਂ ਦਿੱਲੀ ਦੇ ਗੁਰਦੁਆਰਿਆਂ ਵਿੱਚ ਦਰਸ਼ਨ ਕਰਨ ਲਈ ਕੋਈ ਟਾਈਮ ਟੇਬਲ ਜਾਰੀ ਨਹੀਂ ਕੀਤਾ ਗਿਆ ਹੈ ਅਤੇ ਨਾ ਹੀ ਕੋਈ ਪਾਬੰਦੀ ਲਗਾਈ ਗਈ ਹੈ। ਵਾਇਰਲ ਪੋਸਟ ਆਮ ਆਦਮੀ ਪਾਰਟੀ ਖਿਲਾਫ ਦੁਰਪ੍ਰਚਾਰ ਸਾਬਿਤ ਹੋਈ।
ਫੇਸਬੁੱਕ ਯੂਜ਼ਰ ‘Official_Happy Daudhar’ ਨੇ (ਆਰਕਾਈਵ ਲਿੰਕ)1 ਜੂਨ ਨੂੰ ਵਾਇਰਲ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਹੈ, “ਇਸ ਨੂੰ ਕਹਿੰਦੇ ਬਦਲਾਅ !!!ਗੁਰੂਦਵਾਰੇ ਵੀ ਸਿੱਖ ਮੇਰੇ ਪੁੱਛੇ ਤੋਂ ਬਿਨਾਂ ਨਹੀਂ ਜਾ ਸਕਦੇ। ਲਾਲਾ ਕੰਡੇ ਨਾ ਬੀਜ਼ ਚੁਗਣੇ ਔਖੇ ਹੋ ਜਾਣੇਂ ਨੇ ਜਾ ਕੇ ਪੁੱਛ ਗਾਂਧੀ ਪਰਿਵਾਰ ਕੋਲੋਂ।”
ਪੋਸਟ ਉੱਤੇ ਲਿਖਿਆ ਹੋਇਆ ਹੈ: ਦਿੱਲੀ ਦੇ ਗੁਰਦੁਆਰਿਆਂ ਵਿੱਚ ਮੱਥਾ ਟੇਕਣ ਲਈ ਸਿੱਖ ਆਪਣੀ ਮਰਜ਼ੀ ਨਾਲ ਨਹੀਂ ਜਾ ਸਕਣਗੇ, ਸਰਕਾਰ ਵਲੋਂ ਟਾਈਮ ਟੇਬਲ ਜਾਰੀ। ਸ਼ਾਮ 7:15 ਤੋਂ 8:15 ਰੋਜਾਨਾ , ਐਤਵਾਰ ਨੂੰ ਡੇਢ ਘੰਟੇ ਦਾ ਸਮਾਂ ਦਿੱਤਾ ਗਿਆ ਹੈ-ਕੇਜਰੀਵਾਲ।
ਵਾਇਰਲ ਦਾਅਵੇ ਦੀ ਸੱਚਾਈ ਜਾਣਨ ਲਈ ਅਸੀਂ ਗੂਗਲ ‘ਤੇ ਕਈ ਕੀਵਰਡਸ ਦੁਆਰਾ ਖੋਜ ਕੀਤੀ, ਪਰ ਸਾਨੂੰ ਵਾਇਰਲ ਪੋਸਟ ਨਾਲ ਸਬੰਧਤ ਕੋਈ ਭਰੋਸੇਯੋਗ ਮੀਡੀਆ ਰਿਪੋਰਟ ਨਹੀਂ ਮਿਲੀ।
ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਆਮ ਆਦਮੀ ਪਾਰਟੀ ਦੇ ਵੇਰੀਫਾਈਡ ਸੋਸ਼ਲ ਮੀਡਿਆ ਹੈਂਡਲ ਨੂੰ ਖੰਗਾਲਿਆ। ਸਾਨੂੰ ਵਾਇਰਲ ਦਾਅਵੇ ਨਾਲ ਜੁੜੀ ਅਜਿਹੀ ਕੋਈ ਪੋਸਟ ਉੱਥੇ ਵੀ ਨਹੀਂ ਮਿਲੀ।
ਜਾਂਚ ਦੌਰਾਨ ਸਾਨੂੰ ਦਾਅਵੇ ਨਾਲ ਜੁੜੀ ਕੋਈ ਰਿਪੋਰਟ ਨਹੀਂ ਮਿਲੀ, ਪਰ ਸਾਨੂੰ ਕਈ ਨਿਊਜ ਰਿਪੋਰਟ ਮਿਲੀ ਜਿਸਦੇ ਵਿੱਚ ਦਿੱਲੀ ਦੇ ਰੋਹਿਣੀ ਸੈਕਟਰ 21 ਵਿੱਚ ਐਸਡੀਐਮ ਸ਼ਹਿਜ਼ਾਦ ਆਲਮ ਵਲੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਲਈ ਅਜਿਹਾ ਹੁਕਮ ਜਾਰੀ ਕਰਨ ਦੀ ਖਬਰ ਸੀ। ਏਬੀਪੀ ਨਿਊਜ ਦੀ ਵੈਬਸਾਈਟ ‘ਤੇ 20 ਦਸੰਬਰ 2022 ਨੂੰ ਪ੍ਰਕਾਸ਼ਿਤ ਖਬਰ ਮੁਤਾਬਕ, “ਰੋਹਿਣੀ ਦੇ ਐਸ.ਡੀ.ਐਮ ਸ਼ਹਿਜ਼ਾਦ ਆਲਮ ਨੇ ਦਿੱਲੀ ਦੇ ਰੋਹਿਣੀ ਸੈਕਟਰ 21 ਸਥਿਤ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਵਿਖੇ ਆਉਣ ਵਾਲੀ ਸੰਗਤ ਦੀ ਗਿਣਤੀ, ਖੁੱਲਣ ਦੇ ਸਮੇਂ ਅਤੇ ਰੌਲੇ-ਰੱਪੇ ਦੀ ਪਾਬੰਦੀ ਸਬੰਧੀ ਹੁਕਮ ਜਾਰੀ ਕੀਤੇ ਹਨ। ਇਸ ਹੁਕਮ ਨੂੰ ਗਲਤ ਦੱਸਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ।”
ਸਰਚ ਦੌਰਾਨ ਸਾਨੂੰ ਈਟੀਵੀ ਭਾਰਤ ਦੀ ਵੈਬਸਾਈਟ ‘ਤੇ ਵੀ 21 ਦਸੰਬਰ 2022 ਨੂੰ ਪ੍ਰਕਾਸ਼ਿਤ ਖਬਰ ਮਿਲੀ, ਜਿਸ ਵਿੱਚ ਦੱਸਿਆ ਗਿਆ, “ਦਿੱਲੀ ਦੇ ਰੋਹਿਣੀ ਸੈਕਟਰ 21 ਵਿੱਚ ਐਸਡੀਐਮ ਸ਼ਹਿਜ਼ਾਦ ਆਲਮ ਨੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿੱਚ ਆਉਣ ਵਾਲੀਆਂ ਸੰਗਤਾਂ ਦੀ ਗਿਣਤੀ, ਖੁੱਲ੍ਹਣ ਦੇ ਸਮੇਂ ਅਤੇ ਰੌਲੇ-ਰੱਪੇ ਦੀ ਪਾਬੰਦੀ ਸਬੰਧੀ ਹੁਕਮ ਜਾਰੀ ਕੀਤੇ ਹਨ। ਇਹ ਦੇਖ ਕੇ ਲੋਕਾਂ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਜ਼ਿਲ੍ਹਾ ਮੈਜਿਸਟਰੇਟ ਨੇ ਇਹ ਹੁਕਮ ਵਾਪਸ ਲੈ ਲਿਆ।”
ਵੱਧ ਜਾਣਕਾਰੀ ਲਈ ਅਸੀਂ ਦੈਨਿਕ ਜਾਗਰਣ ਦੇ ਪ੍ਰਮੁੱਖ ਸੰਵਾਦਦਾਤਾ ਵੀ ਕੇ ਸ਼ੁਕਲਾ ਨਾਮ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦਸਿਆ ਕਿ ਵਾਇਰਲ ਦਾਅਵਾ ਗ਼ਲਤ ਹੈ। ਜੇਕਰ ਅਜਿਹਾ ਕੋਈ ਵੀ ਹੁਕਮ ਜਾਰੀ ਹੁੰਦਾ ਤਾਂ ਇਸ ਬਾਰੇ ਖਬਰ ਉਨ੍ਹਾਂ ਨੂੰ ਜ਼ਰੂਰੁ ਹੁੰਦੀ ਅਤੇ ਇਹ ਹੁਣ ਤੱਕ ਸਾਰੇ ਮੀਡਿਆ ਸੰਸਥਾਨ ਦੀ ਸੁਰਖੀਆਂ ਵਿੱਚ ਹੁੰਦੀ।
ਅਸੀਂ ਦੈਨਿਕ ਜਾਗਰਣ ਦੇ ਦਿੱਲੀ ਤੋਂ ਰਿਪੋਰਟਰ ਸੰਤੋਸ਼ ਕੇ ਆਰ ਸਿੰਘ ਨਾਲ ਵੀ ਸੰਪਰਕ ਕੀਤਾ। ਉਨ੍ਹਾਂ ਨੇ ਦੱਸਿਆ ਵੀ ਵਾਇਰਲ ਪੋਸਟ ਨੂੰ ਗ਼ਲਤ ਦੱਸਿਆ ਅਤੇ ਕਿਹਾ ਜੇਕਰ ਅਜਿਹਾ ਕੁਝ ਵੀ ਹੋਇਆ ਹੁੰਦਾ ਤਾਂ ਇਸ ਨਾਲ ਜੁੜੀ ਖਬਰ ਹਰ ਮੀਡਿਆ ਦੀ ਸੁਰਖੀ ਵਿੱਚ ਹੁੰਦੀ।
ਇਸ ਨੂੰ ਲੈ ਕੇ ਅਸੀਂ ਆਮ ਆਦਮੀ ਪਾਰਟੀ ਦੇ ਮੁਖ ਪ੍ਰਵਕਤਾ ਮਲਵਿੰਦਰ ਸਿੰਘ ਕੰਗ ਨਾਲ ਗੱਲ ਕੀਤੀ। ਉਨ੍ਹਾਂ ਨੇ ਵੀ ਦਾਅਵੇ ਨੂੰ ਫਰਜੀ ਦੱਸਦੇ ਹੋਏ ਕਿਹਾ ਕਿ ਅਜਿਹਾ ਕੋਈ ਹੁਕਮ ਜਾਰੀ ਨਹੀਂ ਕੀਤਾ ਗਿਆ ਹੈ।
ਪੜਤਾਲ ਦੇ ਅੰਤ ਵਿੱਚ ਅਸੀਂ ਗ਼ਲਤ ਪੋਸਟ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਦੀ ਜਾਂਚ ਕੀਤੀ। ਜਾਂਚ ਵਿਚ ਪਤਾ ਲੱਗਿਆ ਕਿ ਯੂਜ਼ਰ ਨੂੰ 734 ਲੋਕ ਫੋਲੋ ਕਰਦੇ ਹਨ ਅਤੇ 24 ਅਕਤੂਬਰ 2020 ਤੋਂ ਫੇਸਬੁੱਕ ‘ਤੇ ਐਕਟਿਵ ਹੈ।
ਨਤੀਜਾ: ਵਿਸ਼ਵਾਸ ਨਿਊਜ ਦੀ ਜਾਂਚ ਵਿੱਚ ਵਾਇਰਲ ਪੋਸਟ ਫਰਜੀ ਅਤੇ ਮਨਘੜੰਤ ਨਿਕਲੀ। ਦਿੱਲੀ ਸਰਕਾਰ ਵਲੋਂ ਅਜਿਹਾ ਕੋਈ ਆਦੇਸ਼ ਜਾਰੀ ਨਹੀਂ ਕੀਤਾ ਗਿਆ ਜੋ ਸਿਖਾਂ ਦੇ ਗੁਰੂਦੁਆਰੇ ਜਾਣ ਦੇ ਸਮੇਂ ਨੂੰ ਨਿਸ਼ਚਿਤ ਕਰਦਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।