ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਜੇਲ੍ਹ ਵਿਚ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਕੁਰਾਨ ਪੜ੍ਹਨ ਦੇ ਦਾਅਵੇ ਨਾਲ ਵਾਇਰਲ ਹੋ ਰਹੀ ਤਸਵੀਰ ਐਡੀਟੇਡ ਹੈ। ਅਸਲ ਤਸਵੀਰ ਪੀਟੀਆਈ ਨੇਤਾ ਅਲੀ ਮੁਹੰਮਦ ਖਾਨ ਦੀ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਇਸ ਸਮੇਂ ਤੋਸ਼ਾਖਾਨਾ ਮਾਮਲੇ ਵਿੱਚ ਜੇਲ੍ਹ ਵਿੱਚ ਹਨ। ਤੋਸ਼ਾਖਾਨਾ ਮਾਮਲੇ ‘ਚ ਉਨ੍ਹਾਂ ਨੂੰ 3 ਸਾਲ ਦੀ ਸਜ਼ਾ ਸੁਣਾਈ ਗਈ ਹੈ ਅਤੇ ਚੋਣ ਕਮਿਸ਼ਨ ਨੇ ਵੀ ਉਨ੍ਹਾਂ ‘ਤੇ 5 ਸਾਲ ਲਈ ਚੋਣ ਲੜਨ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਦੌਰਾਨ ਸੋਸ਼ਲ ਮੀਡੀਆ ‘ਤੇ ਇਕ ਤਸਵੀਰ ਵਾਇਰਲ ਹੋ ਰਹੀ ਹੈ, ਜਿਸ ‘ਚ ਇਮਰਾਨ ਖਾਨ ਨੂੰ ਜੇਲ ‘ਚ ਕਿਤਾਬ ਪੜ੍ਹਦੇ ਦੇਖਿਆ ਜਾ ਸਕਦਾ ਹੈ। ਸੋਸ਼ਲ ਮੀਡੀਆ ਯੂਜ਼ਰਸ ਦਾਅਵਾ ਕਰ ਰਹੇ ਹਨ ਕਿ ਇਹ ਇਮਰਾਨ ਖਾਨ ਦੀ ਜੇਲ੍ਹ ਵਿੱਚ ਕੁਰਾਨ ਪੜ੍ਹਦੇ ਹੋਏ ਦੀ ਤਸਵੀਰ ਹੈ।
ਸਾਡੀ ਜਾਂਚ ‘ਚ ਪਤਾ ਲੱਗਾ ਹੈ ਕਿ ਇਮਰਾਨ ਖਾਨ ਦੀ ਵਾਇਰਲ ਤਸਵੀਰ ਐਡਿਟ ਕੀਤੀ ਗਈ ਹੈ। ਅਸਲੀ ਤਸਵੀਰ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੇ ਆਗੂ ਅਲੀ ਮੁਹੰਮਦ ਖ਼ਾਨ ਦੀ ਹੈ। ਜਿਸ ਨੂੰ ਐਡੀਟਿੰਗ ਦੀ ਮਦਦ ਨਾਲ ਤਿਆਰ ਕੀਤਾ ਗਿਆ ਹੈ ਅਤੇ ਹੁਣ ਇਮਰਾਨ ਖਾਨ ਦੀ ਦੱਸਦੇ ਹੋਏ ਸਾਂਝਾ ਕੀਤਾ ਜਾ ਰਿਹਾ ਹੈ।
ਸੋਸ਼ਲ ਮੀਡੀਆ ਯੂਜ਼ਰ ‘Ilyas Anjum’ (ਆਰਕਾਈਵ ਲਿੰਕ) ਨੇ 10 ਅਗਸਤ ਨੂੰ ਵਾਇਰਲ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ਲਿਖਿਆ,”Ex_president of pakistan imran Khan recite the holy Quran in jail .say mashallah”
ਵਾਇਰਲ ਤਸਵੀਰ ਦੀ ਪੜਤਾਲ ਕਰਨ ਲਈ ਅਸੀਂ ਗੂਗਲ ਰਿਵਰਸ ਇਮੇਜ ਦੀ ਵਰਤੋਂ ਕੀਤੀ। ਸਾਨੂੰ ਇਹ ਤਸਵੀਰ ਕਈ ਨਿਊਜ਼ ਵੈੱਬਸਾਈਟਾਂ ‘ਤੇ ਮਿਲੀ ਪਰ ਇਹ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਨਹੀਂ, ਸਗੋਂ ਪੀਟੀਆਈ ਨੇਤਾ ਅਲੀ ਮੁਹੰਮਦ ਖਾਨ ਦੀ ਤਸਵੀਰ ਹੈ। ਸਰਚ ਦੌਰਾਨ, ਸਾਨੂੰ ਪਾਕਿਸਤਾਨੀ ਦੀ ਨਿਊਜ਼ ਵੈੱਬਸਾਈਟ ‘thenews.com.pk’ ‘ਤੇ 28 ਜੂਨ 2023 ਨੂੰ ਪ੍ਰਕਾਸ਼ਿਤ ਖਬਰ ਵਿਚ ਵਾਇਰਲ ਤਸਵੀਰ ਨਾਲ ਲਿਖਿਆ ਗਿਆ,ਮਰਦਾਨ ਦੀ ਇਕ ਸਥਾਨਕ ਅਦਾਲਤ ਨੇ ਬੁੱਧਵਾਰ ਨੂੰ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਦੇ ਨੇਤਾ ਅਲੀ ਮੁਹੰਮਦ ਖਾਨ ਨੂੰ ਭ੍ਰਿਸ਼ਟਾਚਾਰ ਦੇ ਇਕ ਮਾਮਲੇ ‘ਚ 14 ਦਿਨਾਂ ਦੇ ਜੁਡੀਸ਼ੀਅਲ ਰਿਮਾਂਡ ‘ਤੇ ਜੇਲ ਭੇਜ ਦਿੱਤਾ। ” ਨਿਊਜ਼ ਵਿੱਚ ਤਸਵੀਰ ਨਾਲ ਲਿਖਿਆ ਹੈ, “ਪੀਟੀਆਈ ਨੇਤਾ ਅਲੀ ਮੁਹੰਮਦ ਖਾਨ ਹਿਰਾਸਤ ਵਿੱਚ ਕਿਤਾਬ ਪੜ੍ਹ ਰਹੇ ਹਨ।
ਵਾਇਰਲ ਤਸਵੀਰ ਨਾਲ ਸਬੰਧਤ ਖਬਰ 29 ਜੂਨ 2023 ਨੂੰ ਪਾਕਿਸਤਾਨੀ ਨਿਊਜ਼ ਵੈੱਬਸਾਈਟ ਡਾਨ ਡਾਟ ਕਾਮ ‘ਤੇ ਪ੍ਰਕਾਸ਼ਿਤ ਇਕ ਰਿਪੋਰਟ ਵਿਚ ਮਿਲੀ। ਇੱਥੇ ਵੀ ਇਹ ਤਸਵੀਰ ਪੀਟੀਆਈ ਨੇਤਾ ਅਲੀ ਮੁਹੰਮਦ ਖਾਨ ਦੀ ਦਸੀ ਗਈ ਹੈ। ਇਸੇ ਤਰ੍ਹਾਂ ਵਾਇਰਲ ਤਸਵੀਰ ਨਾਲ ਸਬੰਧਤ ਖ਼ਬਰ 28 ਜੂਨ 2023 ਨੂੰ ਇੱਕ ਹੋਰ ਨਿਊਜ਼ ਵੈੱਬਸਾਈਟ ‘oyeyeah.com’ ‘ਤੇ ਪੜ੍ਹੀ ਜਾ ਸਕਦੀ ਹੈ।
ਜਾਂਚ ਦੌਰਾਨ ਸਾਨੂੰ ਵਾਇਰਲ ਤਸਵੀਰ ਪੀਟੀਆਈ (ਪਾਕਿਸਤਾਨ ਤਹਿਰੀਕ-ਏ-ਇਨਸਾਫ਼) ਦੇ ਵੇਰੀਫਾਈਡ ਟਵਿੱਟਰ ਹੈਂਡਲ ਦੁਆਰਾ 28 ਜੂਨ 2023 ਨੂੰ ਕੀਤੇ ਗਏ ਟਵੀਟ ਵਿੱਚ ਦੇਖੀ ਜਾ ਸਕਦੀ ਹੈ। ਤੁਸੀਂ ਹੇਠਾਂ ਦਿੱਤੇ ਕੋਲਾਜ ਵਿੱਚ ਅਸਲ ਅਤੇ ਵਾਇਰਲ ਤਸਵੀਰ ਵਿੱਚ ਅੰਤਰ ਸਪਸ਼ਟ ਤੌਰ ‘ਤੇ ਦੇਖ ਸਕਦੇ ਹੋ।
ਜਾਂਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਇਮਰਾਨ ਖਾਨ ਨੂੰ ਲੈ ਕੇ ਗੂਗਲ ‘ਤੇ ਸਰਚ ਕੀਤਾ। ਦੈਨਿਕ ਜਾਗਰਣ ‘ਤੇ 11 ਅਗਸਤ 2023 ਨੂੰ ਪ੍ਰਕਾਸ਼ਿਤ ਰਿਪੋਰਟ ਵਿੱਚ ਦੱਸਿਆ ਗਿਆ, “ਜੇਲ੍ਹ ਵਿੱਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਨੇ ਗੁਰੂਵਾਰ ਨੂੰ ਅਟਕ ਜੇਲ੍ਹ ਵਿੱਚ ਮੁਲਾਕਾਤ ਕੀਤੀ। ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿੱਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਅਤੇ ਗ੍ਰਿਫਤਾਰ ਕਰਕੇ ਜੇਲ੍ਹ ਭੇਜੇ ਜਾਣ ਤੋਂ ਬਾਅਦ ਸਾਬਕਾ ਪ੍ਰਧਾਨ ਮੰਤਰੀ ਪਹਿਲੀ ਵਾਰ ਆਪਣੀ ਪਤਨੀ ਨੂੰ ਮਿਲੇ ਸਨ।”
ਅਸੀਂ ਵਾਇਰਲ ਤਸਵੀਰ ਦੀ ਪੁਸ਼ਟੀ ਕਰਨ ਲਈ ਸੀਨੀਅਰ ਪਾਕਿਸਤਾਨੀ ਪੱਤਰਕਾਰ ਆਦਿਲ ਅਲੀ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਤਸਵੀਰ ਨੂੰ ਐਡਿਟ ਕੀਤਾ ਗਿਆ ਹੈ।
ਐਡੀਟੇਡ ਪੋਸਟ ਨੂੰ ਸਾਂਝਾ ਕਰਨ ਵਾਲੇ ਫੇਸਬੁੱਕ ਯੂਜ਼ਰ ਦੀ ਸੋਸ਼ਲ ਸਕੈਨਿੰਗ ਵਿੱਚ ਅਸੀਂ ਪਾਇਆ ਕਿ ਯੂਜ਼ਰ ਇਲਿਆਸ ਅੰਜੁਮ (‘ਇਲਿਆਸ ਅੰਜੁਮ’) ਨੂੰ ਫੇਸਬੁੱਕ ‘ਤੇ 3,000 ਲੋਕ ਫੋਲੋ ਕਰਦੇ ਹਨ। ਯੂਜ਼ਰ ਮੁੰਡਾ ਕਲਾ, ਖੈਬਰ ਪਖਤੂਨਖਵਾ, ਪਾਕਿਸਤਾਨ ਤੋਂ ਹੈ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਜੇਲ੍ਹ ਵਿਚ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਕੁਰਾਨ ਪੜ੍ਹਨ ਦੇ ਦਾਅਵੇ ਨਾਲ ਵਾਇਰਲ ਹੋ ਰਹੀ ਤਸਵੀਰ ਐਡੀਟੇਡ ਹੈ। ਅਸਲ ਤਸਵੀਰ ਪੀਟੀਆਈ ਨੇਤਾ ਅਲੀ ਮੁਹੰਮਦ ਖਾਨ ਦੀ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।