ਵਿਸ਼ਵਾਸ ਨਿਊਜ ਦੀ ਜਾਂਚ ਵਿੱਚ ਸਾਹਿਬਜ਼ਾਦਿਆਂ ਦੀ ਸ਼ਹੀਦੀ ਕੰਧ ਨੂੰ ਤੋੜੇ ਜਾਣ ਦਾ ਵਾਇਰਲ ਕੀਤਾ ਜਾ ਰਿਹਾ ਦਾਅਵਾ ਫਰਜ਼ੀ ਪਾਇਆ ਗਿਆ। SGPC ਵੱਲੋਂ ਆਪ ਇਸ ਦਾਅਵੇ ਦਾ ਖੰਡਨ ਕੀਤਾ ਗਿਆ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ )। ਸੋਸ਼ਲ ਮੀਡਿਆ ਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ,ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਾਰ ਸੇਵਾ ਕਰਨ ਵਾਲੇ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਪਵਿੱਤਰ ਅਸਥਾਨ ਸ਼ਹੀਦੀ ਕੰਧ ਤੋੜਨ ਜਾ ਰਹੇ ਹਨ। ਪੋਸਟ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਛੋਟੇ ਸਾਹਿਬਜਾਦਿਆਂ ਵਾਲੀ ਕੰਧ ਵਾਲੀ ਜਗ੍ਹਾ ਖਾਲੀ ਵੀ ਕਰਵਾ ਲਈ ਗਈ ਹੈ।
ਵਿਸ਼ਵਾਸ ਨਿਊਜ ਦੀ ਜਾਂਚ ਵਿੱਚ ਵਾਇਰਲ ਦਾਅਵਾ ਗ਼ਲਤ ਸਾਬਿਤ ਹੋਇਆ। ਵਾਇਰਲ ਹੋ ਰਹੇ ਦਾਅਵੇ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਵੱਲੋਂ ਪੋਸਟ ਜਾਰੀ ਕਰ ਖੰਡਨ ਕੀਤਾ ਗਿਆ ਹੈ।
ਫੇਸਬੁੱਕ ਯੂਜ਼ਰ ‘Jatinder Nandiali’ ਨੇ (ਆਰਕਾਈਵ ਲਿੰਕ) 16 ਅਕਤੂਬਰ ਨੂੰ ਪੋਸਟ ਸ਼ੇਅਰ ਕੀਤੀ ਹੈ ਅਤੇ ਲਿਖਿਆ ਹੈ, “ਸੰਗਤ ਜੀ ਪਤਾ ਲੱਗਾ ਕੀ ਕਾਰਸੇਵਾ ਵਾਲੇ ਬਾਬੇ ਠੰਡੇ ਬੁਰਜ ਤੋ ਬਾਅਦ ਹੁਣ ਸਹੀਦੀ ਕੰਧ ਵੀ ਤੋੜਨ ਜਾ ਰਹੇ ਨੇ ਤੇ ਸਾਹਿਬਜਾਦਿਆ ਵਾਲੀ ਕੰਧ ਵਾਲੀ ਜਗਾਹ ਖਾਲੀ ਕਰਵਾ ਲਈ ਹੈ। ਜੇਕਰ ਇਹ ਗੱਲ ਸੱਚ ਹੈ ਤਾ ਇਸ ਦਾ ਸਾਨੂੰ ਸਭ ਨੂੰ ਮਿਲ ਕੇ ਵਿਰੋਧ ਕਰਨਾ ਚਾਹੀਦਾ।
ਫਤਿਹਗੜ ਵਾਲੀ ਫੌਜ ਜਲਦੀ ਕਾਰਵਾਈ ਪਾਉ।”
ਵਾਇਰਲ ਪੋਸਟ ਦੇ ਉੱਤੇ ਲਿਖਿਆ ਹੈ: ਸੰਗਤ ਜੀ ਪਤਾ ਲੱਗਾ ਕੀ ਕਾਰਸੇਵਾ ਵਾਲੇ ਬਾਬੇ ਠੰਡੇ ਬੁਰਜ ਤੋ ਬਾਅਦ ਹੁਣ ਸਹੀਦੀ ਕੰਧ ਵੀ ਤੋੜਨ ਜਾ ਰਹੇ ਨੇ ਤੇ ਸਾਹਿਬਜਾਦਿਆ ਵਾਲੀ ਕੰਧ ਵਾਲੀ ਜਗਾਹ ਖਾਲੀ ਕਰਵਾ ਲਈ ਹੈ।
ਵਾਇਰਲ ਦਾਅਵੇ ਦੀ ਪੜਤਾਲ ਅਸੀਂ ਸੰਬੰਧਿਤ ਕੀਵਰਡ ਨਾਲ ਕੀਤੀ। ਸਾਨੂੰ ਦਾਅਵੇ ਦੀ ਪੁਸ਼ਟੀ ਕਰਦੀ ਕੋਈ ਖਬਰ ਨਹੀਂ ਮਿਲੀ। ਜਾਂਚ ਦੌਰਾਨ ਸਾਨੂੰ SGPC ਦੇ ਵੇਰੀਫਾਈਡ ਐਕਸ ਅਕਾਊਂਟ ਤੋਂ ਕੀਤੀ ਗਈ ਇੱਕ ਪੋਸਟ ਮਿਲੀ।17 ਅਕਤੂਬਰ 2023 (ਆਰਕਾਈਵ ਲਿੰਕ) ਨੂੰ ਕੀਤੇ ਟਵੀਟ ਵਿੱਚ ਵਾਇਰਲ ਦਾਅਵੇ ਦਾ ਖੰਡਨ ਕਰਦਿਆਂ ਲਿਖਿਆ ਗਿਆ ਹੈ, “ਸੰਗਤ ਜੀ ਸੋਸ਼ਲ ਮੀਡੀਆ ‘ਤੇ ਵਾਇਰਲ ਕੀਤੀ ਜਾ ਰਹੀ ਇਸ ਪੋਸਟ ਵਿੱਚ ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਦੀ ਸ਼ਹੀਦੀ ਕੰਧ ਸਬੰਧੀ ਜਾਣਕਾਰੀ ਝੂਠੀ ਹੈ। ਅਜਿਹੀਆਂ ਪੋਸਟਾਂ ਅਕਸਰ ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਨੂੰ ਬਦਨਾਮ ਕਰਨ ਲਈ ਵਾਇਰਲ ਕੀਤੀਆਂ ਜਾਂਦੀਆਂ ਹਨ। ਇਸ ਪੋਸਟ ਵਿੱਚ ਲਗਾਈ ਤਸਵੀਰ ਪੁਰਾਣੀ ਹੈ, ਜੋ ਸ੍ਰੀ ਫ਼ਤਿਹਗੜ੍ਹ ਸਾਹਿਬ ਦੀ ਨਹੀਂ ਹੈ। ਦਸਮ ਪਾਤਸ਼ਾਹ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਵਾਲੀ ਕੰਧ ਉਸੇ ਤਰ੍ਹਾਂ ਸੁਰੱਖਿਅਤ ਹੈ ਤੇ ਰਹਿੰਦੇ ਸਮੇਂ ਤੱਕ ਰਹੇਗੀ।”
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਵੇਰੀਫਾਈਡ ਫੇਸਬੁੱਕ ਪੇਜ ‘ਤੇ ਵੀ ਦਾਅਵੇ ਦੇ ਖੰਡਨ ਨਾਲ ਜੁੜੀ ਪੋਸਟ (ਆਰਕਾਈਵ ਲਿੰਕ) ਸ਼ੇਅਰ ਕੀਤੀ ਗਈ ਹੈ। 17 ਅਕਤੂਬਰ 2023 ਨੂੰ ਕੀਤੀ ਪੋਸਟ ਨੂੰ ਇੱਥੇ ਵੇਖਿਆ ਜਾ ਸਕਦਾ ਹੈ।
ਸਾਨੂੰ SGPC ਦੇ ਅਧਿਕਾਰਿਕ ਫੇਸਬੁੱਕ ਪੇਜ ‘ਤੇ ਇਸ ਮਾਮਲੇ (ਆਰਕਾਈਵ ਲਿੰਕ) ਸਬੰਧੀ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਦੇ ਮੈਨੇਜਰ ਸਰਦਾਰ ਗੁਰਦੀਪ ਸਿੰਘ ਦਾ ਸਪਸ਼ਟੀਕਰਨ ਵੀਡੀਓ ਵੀ ਮਿਲਿਆ। ਜਿਸ ਵਿੱਚ ਉਨ੍ਹਾਂ ਨੇ ਦਾਅਵੇ ਨੂੰ ਝੂਠਾ ਦੱਸਿਆ ਹੈ। ਵੀਡੀਓ ਨੂੰ ਹੇਂਠਾ ਵੇਖਿਆ ਜਾ ਸਕਦਾ ਹੈ।
ਵੱਧ ਜਾਣਕਾਰੀ ਲਈ ਅਸੀਂ ਪੰਜਾਬੀ ਜਾਗਰਣ ਦੇ ਫਤਹਿਗੜ੍ਹ ਸਾਹਿਬ ਦੇ ਰਿਪੋਰਟਰ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਦਾਅਵੇ ਨੂੰ ਫਰਜੀ ਦੱਸਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇੱਥੇ ਅਜਿਹਾ ਕੁਝ ਵੀ ਨਹੀਂ ਹੋਇਆ ਹੈ, ਕੁਝ ਲੋਕ ਗ਼ਲਤ ਪੋਸਟ ਵਾਇਰਲ ਕਰ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ।
ਅਸੀਂ ਪੰਜਾਬੀ ਜਾਗਰਣ ਅੰਮ੍ਰਿਤਸਰ ਦੇ ਰਿਪੋਰਟਰ ਅਮ੍ਰਿਤਪਾਲ ਸਿੰਘ ਨਾਲ ਗੱਲ ਕੀਤੀ। ਉਨ੍ਹਾਂ ਨੇ ਵੀ ਵਾਇਰਲ ਦਾਅਵੇ ਨੂੰ ਗ਼ਲਤ ਦੱਸਦੇ ਹੋਏ ਕਿਹਾ ਹੈ ਕਿ ਇਸ ਗੱਲ ਦਾ ਖੰਡਨ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਦੇ ਮੈਨੇਜਰ ਸਰਦਾਰ ਗੁਰਦੀਪ ਸਿੰਘ ਨੇ ਕਰ ਦਿੱਤਾ ਹੈ। ਲੋਕ ਗ਼ਲਤ ਪੋਸਟ ਨੂੰ ਸ਼ੇਅਰ ਕਰ ਰਹੇ ਹਨ।
ਪੜਤਾਲ ਦੇ ਅੰਤ ਵਿੱਚ ਅਸੀਂ ਗ਼ਲਤ ਦਾਅਵੇ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਦੀ ਜਾਂਚ ਕੀਤੀ। ਜਾਂਚ ਦੌਰਾਨ ਪਤਾ ਲੱਗਾ ਕਿ ਯੂਜ਼ਰ ਮੋਹਾਲੀ ਦਾ ਰਹਿਣ ਵਾਲਾ ਹੈ। ਯੂਜ਼ਰ ਨੂੰ ਫੇਸਬੁੱਕ ‘ਤੇ 2 ਹਜਾਰ ਤੋਂ ਵੱਧ ਲੋਕ ਫੋਲੋ ਕਰਦੇ ਹਨ।
ਨਤੀਜਾ: ਵਿਸ਼ਵਾਸ ਨਿਊਜ ਦੀ ਜਾਂਚ ਵਿੱਚ ਸਾਹਿਬਜ਼ਾਦਿਆਂ ਦੀ ਸ਼ਹੀਦੀ ਕੰਧ ਨੂੰ ਤੋੜੇ ਜਾਣ ਦਾ ਵਾਇਰਲ ਕੀਤਾ ਜਾ ਰਿਹਾ ਦਾਅਵਾ ਫਰਜ਼ੀ ਪਾਇਆ ਗਿਆ। SGPC ਵੱਲੋਂ ਆਪ ਇਸ ਦਾਅਵੇ ਦਾ ਖੰਡਨ ਕੀਤਾ ਗਿਆ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।