ਬੀਬੀਸੀ ਹਿੰਦੀ ਦੇ ਨਾਂ ‘ਤੇ ਫਰਜ਼ੀ ਟਵੀਟ ਵਾਇਰਲ ਕੀਤਾ ਜਾ ਰਿਹਾ ਹੈ। ਬੀਬੀਸੀ ਨੇ ਨਾ ਤਾਂ ਅਜਿਹੀ ਕੋਈ ਖਬਰ ਚਲਾਈ ਹੈ ਅਤੇ ਨਾ ਹੀ ਟਵੀਟ ਕੀਤਾ ਹੈ। ਸ਼ਾਹਰੁਖ ਖਾਨ, ਦੀਪਿਕਾ ਪਾਦੁਕੋਣ ਅਤੇ ਜਾਨ ਅਬ੍ਰਾਹਮ ਦੇ ਨਾਂ ‘ਤੇ ਵਾਇਰਲ ਹੋ ਰਿਹਾ ਦਾਅਵਾ ਵੀ ਗ਼ਲਤ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਬਾਲੀਵੁੱਡ ਫਿਲਮ ‘ਪਠਾਨ’ ਨੂੰ ਲੈ ਕੇ ਚੱਲ ਰਹੇ ਵਿਵਾਦ ਦੇ ਵਿਚਕਾਰ ਫਿਲਮ ਨਾਲ ਜੁੜੇ ਕਲਾਕਾਰ ਸ਼ਾਹਰੁਖ ਖਾਨ, ਦੀਪਿਕਾ ਪਾਦੂਕੋਣ ਅਤੇ ਜਾਨ ਅਬ੍ਰਾਹਮ ਨਾਲ ਜੁੜੇ ਇੱਕ ਟਵੀਟ ਦਾ ਸਕ੍ਰੀਨਸ਼ਾਟ ਸੋਸ਼ਲ ਮੀਡੀਆ ‘ਤੇ ਵਾਇਰਲ ਕੀਤਾ ਜਾ ਰਿਹਾ ਹੈ। ਇਸ ‘ਤੇ ਬੀਬੀਸੀ ਹਿੰਦੀ ਦਾ ਲੋਗੋ ਲੱਗਿਆ ਹੋਇਆ ਹੈ। ਸਕ੍ਰੀਨਸ਼ਾਟ ‘ਚ ਲਿਖਿਆ ਹੈ ਕਿ ਸ਼ਾਹਰੁਖ ਦਾ ਵੱਡਾ ਬਿਆਨ :- ਪਾਕਿਸਤਾਨ ਮੇਰਾ ਦੂਜਾ ਘਰ , ਪਠਾਨ ਦੀ ਪਹਿਲੇ ਦਿਨ ਦੀ ਕਮਾਈ ਪਾਕਿਸਤਾਨੀ NGO ਦੇ ਲਈ ਕੀਤੀ ਜਾਵੇਗੀ ਦਾਨ। ਜਾਨ ਅਬ੍ਰਾਹਮ ਨੇ ਕੀਤਾ ਸਮਰਥਨ, ਦੀਪਿਕਾ ਨੇ ਕਿਹਾ ਕਿ ਉਹ ਬਾਈਕਾਟ ਗੈਂਗ ਤੋਂ ਪਹਿਲਾਂ ਵੀ ਨਹੀਂ ਡਰੀ ਹੁਣ ਵੀ ਨਹੀਂ ਡਰਾਂਗੀ।
ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਬੀਬੀਸੀ ਨਿਊਜ਼ ਵੱਲੋਂ ਅਜਿਹਾ ਕੋਈ ਟਵੀਟ ਨਹੀਂ ਕੀਤਾ ਹੈ। ਵਾਇਰਲ ਸਕ੍ਰੀਨਸ਼ਾਟ ਫਰਜ਼ੀ ਹੈ।
ਕੀ ਹੈ ਵਾਇਰਲ ਪੋਸਟ ਵਿੱਚ
ਫੇਸਬੁੱਕ ਯੂਜ਼ਰ ‘ਇੱਕ ਹਿੰਦੁਸਤਾਨੀ ਭਾਈ’ ਨੇ 18 ਦਸੰਬਰ ਨੂੰ ਇਸ ਸਕ੍ਰੀਨਸ਼ਾਟ ਨੂੰ ਸਾਂਝਾ ਕੀਤਾ ਅਤੇ ਲਿਖਿਆ, ਤਸਵੀਰ ਦੇਖੋ।
ਚੁਣੌਤੀ ਸਵੀਕਾਰ ਕਰੋ !! ਪਠਾਨ ਦਾ ਬਾਈਕਾਟ ਕਰੋ।
ਪਠਾਨ ਦੀ ਪਹਿਲੇ ਦਿਨ ਦੀ ਕਮਾਈ ਪਾਕਿਸਤਾਨੀ NGO ਲਈ ਕਿਉਂਕਿ ਪਾਕਿਸਤਾਨ ਮੇਰਾ ਦੂਜਾ ਘਰ ਹੈ।
ਸ਼ਾਹਰੁਖ ਖਾਨ, BoycottPathan “
ਸੋਸ਼ਲ ਮੀਡੀਆ ‘ਤੇ ਕਈ ਯੂਜ਼ਰਸ ਨੇ ਇਸ ਪੋਸਟ ਨੂੰ ਸਮਾਨ ਅਤੇ ਮਿਲਦੇ – ਜੁਲਦੇ ਦਾਅਵਿਆਂ ਨਾਲ ਸਾਂਝਾ ਕੀਤਾ ਹੈ। ਵਾਇਰਲ ਪੋਸਟ ਅਤੇ ਪੋਸਟ ਦਾ ਆਰਕਾਈਵ ਲਿੰਕ ਇੱਥੇ ਦੇਖਿਆ ਜਾ ਸਕਦਾ ਹੈ।
ਪੜਤਾਲ
ਅਸੀਂ ਵਾਇਰਲ ਦਾਅਵੇ ਦੀ ਤੱਥ-ਜਾਂਚ ਕਰਨ ਲਈ ਪਹਿਲਾਂ ਬੀਬੀਸੀ ਨਿਊਜ਼ ਹਿੰਦੀ (ਆਰਕਾਈਵ ਲਿੰਕ) ਦੇ ਅਧਿਕਾਰਤ ਟਵਿੱਟਰ ਅਕਾਊਂਟ ਨੂੰ ਵੇਖਿਆ। ਵਾਇਰਲ ਸਕ੍ਰੀਨਸ਼ਾਟ ਦੀ ਮਿਤੀ 15 ਦਸੰਬਰ 2022 ਦੱਸੀ ਗਈ ਹੈ। ਸਾਨੂੰ ਬੀਬੀਸੀ ਨਿਊਜ਼ ਹਿੰਦੀ ਦੇ ਅਧਿਕਾਰਿਤ ਟਵਿੱਟਰ ਅਕਾਊਂਟ ‘ਤੇ ਅਜਿਹਾ ਕੋਈ ਟਵੀਟ ਨਹੀਂ ਮਿਲਿਆ।
ਅੱਗੇ ਦੀ ਜਾਂਚ ਵਿੱਚ ਅਸੀਂ ਵਾਇਰਲ ਸਕ੍ਰੀਨਸ਼ਾਟ ‘ਤੇ ਦਿੱਤੇ ਸਮੇਂ ‘ਤੇ ਕੀਤੇ ਗਏ ਟਵੀਟ ਦੀ ਖੋਜ ਕੀਤੀ। ਸਾਨੂੰ 7:17 ‘ਤੇ ਪੋਸਟ ਕੀਤਾ ਗਿਆ ਕੋਈ ਟਵੀਟ ਨਹੀਂ ਮਿਲਿਆ, ਪਰ 7:53 ‘ਤੇ ਸ਼ਾਹਰੁਖ ਖਾਨ ਨਾਲ ਸਬੰਧਿਤ ਇੱਕ ਟਵੀਟ ਮਿਲਿਆ। ਟਵੀਟ ‘ਚ ਲਿਖਿਆ ਗਿਆ, ‘ਫਿਲਮ ਪਠਾਨ ਦੇ ਗੀਤ ‘ਤੇ ਚੱਲ ਰਹੇ ਵਿਵਾਦ ਵਿਚਕਾਰ ਬੋਲੇ ਸ਼ਾਹਰੁਖ , ਸੋਸ਼ਲ ਮੀਡੀਆ ਦਾ ਨੈਰੇਟਿਵ ਵਿਨਾਸ਼ਕਾਰੀ। ,
ਅਸੀਂ ਗੂਗਲ ‘ਤੇ ਸ਼ਾਹਰੁਖ ਖਾਨ, ਦੀਪਿਕਾ ਅਤੇ ਜਾਨ ਅਬ੍ਰਾਹਮ ਨਾਲ ਜੁੜੇ ਦਾਅਵਿਆਂ ਦੀ ਵੀ ਪੜਤਾਲ ਕੀਤੀ। ਸਾਨੂੰ ਅਜਿਹੀ ਕੋਈ ਖ਼ਬਰ ਨਹੀਂ ਮਿਲੀ। ਅਸੀਂ ਵੱਧ ਜਾਣਕਾਰੀ ਲਈ ਬੀਬੀਸੀ ਹਿੰਦੀ ਦੇ ਡਿਜੀਟਲ ਐਡੀਟਰ ਰਾਜੇਸ਼ ਪ੍ਰਿਯਾਦਰਸ਼ੀ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਵਾਇਰਲ ਸਕ੍ਰੀਨਸ਼ਾਟ ਫਰਜ਼ੀ ਹੈ ਅਤੇ ਇਹ ਉਨ੍ਹਾਂ ਦਾ ਕੰਟੇੰਟ ਨਹੀਂ ਹੈ।
ਅਸੀਂ ਵਾਇਰਲ ਪੋਸਟ ਦੀ ਪੁਸ਼ਟੀ ਕਰਨ ਲਈ ਸ਼ਾਹਰੁਖ ਖਾਨ ਦੀ ਪੀਆਰ ਟੀਮ ਨਾਲ ਵੀ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਜਵਾਬ ਦਿੰਦਿਆਂ ਕਿਹਾ ਕਿ ਪੋਸਟ ਫਰਜ਼ੀ ਹੈ। ਸ਼ਾਹਰੁਖ ਨੇ ਅਜਿਹਾ ਕੋਈ ਐਲਾਨ ਨਹੀਂ ਕੀਤਾ ਹੈ।
ਜਾਂਚ ਦੇ ਅੰਤ ਵਿੱਚ ਅਸੀਂ ਇਸ ਪੋਸਟ ਨੂੰ ਸਾਂਝਾ ਕਰਨ ਵਾਲੇ ਯੂਜ਼ਰ ਦੀ ਜਾਂਚ ਕੀਤੀ। ਜਾਂਚ ‘ਚ ਪਤਾ ਲੱਗਾ ਕਿ ਯੂਜ਼ਰ ਪਟਨਾ ਦਾ ਰਹਿਣ ਵਾਲਾ ਹੈ। 194 ਲੋਕ ਫੇਸਬੁੱਕ ‘ਤੇ ਯੂਜ਼ਰ ਨੂੰ ਫੋਲੋ ਕਰਦੇ ਹਨ।
ਨਤੀਜਾ: ਬੀਬੀਸੀ ਹਿੰਦੀ ਦੇ ਨਾਂ ‘ਤੇ ਫਰਜ਼ੀ ਟਵੀਟ ਵਾਇਰਲ ਕੀਤਾ ਜਾ ਰਿਹਾ ਹੈ। ਬੀਬੀਸੀ ਨੇ ਨਾ ਤਾਂ ਅਜਿਹੀ ਕੋਈ ਖਬਰ ਚਲਾਈ ਹੈ ਅਤੇ ਨਾ ਹੀ ਟਵੀਟ ਕੀਤਾ ਹੈ। ਸ਼ਾਹਰੁਖ ਖਾਨ, ਦੀਪਿਕਾ ਪਾਦੁਕੋਣ ਅਤੇ ਜਾਨ ਅਬ੍ਰਾਹਮ ਦੇ ਨਾਂ ‘ਤੇ ਵਾਇਰਲ ਹੋ ਰਿਹਾ ਦਾਅਵਾ ਵੀ ਗ਼ਲਤ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।