ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਰਾਮ ਜਨਮ ਭੂਮੀ ਟਰੱਸਟ ਦੇ ਪ੍ਰਧਾਨ ਮਹੰਤ ਨ੍ਰਿਤਿਆ ਗੋਪਾਲ ਦਾਸ ਦਾ ਦਿਹਾਂਤ ਨਹੀਂ ਹੋਇਆ ਹੈ, ਇਹ ਸਿਰਫ ਅਫਵਾਹ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਸੋਸ਼ਲ ਮੀਡਿਆ ‘ਤੇ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਦੇ ਪ੍ਰਧਾਨ ਅਤੇ ਮਹੰਤ ਨ੍ਰਿਤਿਆ ਗੋਪਾਲ ਦਾਸ ਦੀ ਮੌਤ ਦੀ ਖਬਰ ਵਾਇਰਲ ਹੋ ਰਹੀ ਹੈ। ਯੂਜ਼ਰਸ ਇੱਕ ਤਸਵੀਰ ਸ਼ੇਅਰ ਕਰਦੇ ਹੋਏ ਦਾਅਵਾ ਕਰ ਰਹੇ ਹਨ ਕਿ ਨ੍ਰਿਤਿਆ ਗੋਪਾਲ ਦਾਸ ਦਾ ਦਿਹਾਂਤ ਹੋ ਗਿਆ ਹੈ।
ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਕੀਤਾ ਜਾ ਰਿਹਾ ਦਾਅਵਾ ਫਰਜ਼ੀ ਹੈ। ਨ੍ਰਿਤਿਆ ਗੋਪਾਲ ਦਾਸ ਦਾ ਦਿਹਾਂਤ ਨਹੀਂ ਹੋਇਆ, ਇਹ ਸਿਰਫ ਅਫਵਾਹ ਹੈ।
ਵਾਇਰਲ ਪੋਸਟ ਨੂੰ ਸ਼ੇਅਰ ਕਰਦੇ ਹੋਏ ਫੇਸਬੁੱਕ ਯੂਜ਼ਰ ADM News bhart ਨੇ ਲਿਖਿਆ, “ਬਹੁਤ ਦੁਖਦ ਸ਼੍ਰੀ ਰਾਮ ਮੰਦਰ ਟਰੱਸਟ ਦੇ ਪ੍ਰਧਾਨ ਮਹੰਤ ਨ੍ਰਿਤਿਆ ਗੋਪਾਲਦਾਸ ਜੀ ਨੇ ਲੀ ਆਖਰੀ ਸਾਹ ਓਮ ਸ਼ਾਂਤੀ ਓਮ ਸ਼ਾਂਤੀ”।
ਪੋਸਟ ਦਾ ਆਰਕਾਈਵ ਲਿੰਕ ਇੱਥੇ ਦੇਖਿਆ ਜਾ ਸਕਦਾ ਹੈ।
ਵਾਇਰਲ ਦਾਅਵੇ ਦੀ ਜਾਂਚ ਕਰਨ ਲਈ, ਸਭ ਤੋਂ ਪਹਿਲਾਂ ਅਸੀਂ ਸੰਬੰਧਿਤ ਕੀਵਰਡਸ ਨਾਲ ਗੂਗਲ ‘ਤੇ ਖੋਜ ਕੀਤੀ। ਸਾਨੂੰ ਦੈਨਿਕ ਜਾਗਰਣ ਦੀ ਵੈੱਬਸਾਈਟ ‘ਤੇ ਇੱਕ ਖਬਰ ਮਿਲੀ। 1 ਅਕਤੂਬਰ 2024 ਨੂੰ ਪ੍ਰਕਾਸ਼ਿਤ ਖਬਰ ਵਿੱਚ ਦੱਸਿਆ ਗਿਆ ਹੈ ਕਿ, ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਦੇ ਪ੍ਰਧਾਨ ਅਤੇ ਮਣੀਰਾਮ ਦਾਸ ਛਾਉਣੀ ਦੇ ਮਹੰਤ ਪੂਜਯ ਨ੍ਰਿਤਿਆ ਗੋਪਾਲ ਦੇ ਦਿਹਾਂਤ ਦੀ ਸੂਚਨਾ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ, ਜੋ ਕਿ ਪੂਰੀ ਤਰ੍ਹਾਂ ਝੂਠ ਹੈ। ਮਹੰਤ ਦੇ ਮੀਡੀਆ ਇੰਚਾਰਜ ਸ਼ਰਦ ਸ਼ਰਮਾ ਨੇ ਦੱਸਿਆ ਕਿ ਮਹੰਤ ਨ੍ਰਿਤਿਆ ਗੋਪਾਲ ਦਾਸ ਦੀ ਸਿਹਤ ਵਿੱਚ ਸੁਧਾਰ ਹੈ। ਉਹ ਪਿਛਲੇ ਪੰਜ ਦਿਨਾਂ ਤੋਂ ਆਪਣੀ ਰਿਹਾਇਸ਼ ਮਨੀਰਾਮ ਦਾਸ ਛਾਉਣੀ ਅਯੁੱਧਿਆ ਵਿਖੇ ਰਹਿ ਕੇ ਸਿਹਤ ਲਾਭ ਲੈ ਰਹੇ ਹਨ।
ਸਰਚ ਦੌਰਾਨ ਸਾਨੂੰ ਕਈ ਹੋਰ ਖ਼ਬਰਾਂ ਮਿਲੀਆਂ, ਜਿਨ੍ਹਾਂ ਵਿਚ ਨ੍ਰਿਤਿਆ ਗੋਪਾਲ ਦਾਸ ਦੀ ਮੌਤ ਦਾ ਖੰਡਨ ਕੀਤਾ ਗਿਆ ਹੈ।
ਜਾਂਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਵਾਇਰਲ ਪੋਸਟ ਵਿੱਚ ਵਰਤੀ ਗਈ ਤਸਵੀਰ ਦੀ ਖੋਜ ਕੀਤੀ। ਅਸੀਂ ਗੂਗਲ ਲੈਂਸ ਰਾਹੀਂ ਫੋਟੋ ਦੀ ਖੋਜ ਕੀਤੀ। ਸਾਨੂੰ pmindia.gov.in ਵੈੱਬਸਾਈਟ ‘ਤੇ ਤਸਵੀਰ ਨਾਲ ਸਬੰਧਤ ਖ਼ਬਰ ਮਿਲੀ। 5 ਮਾਰਚ 2024 ਨੂੰ ਪ੍ਰਕਾਸ਼ਿਤ ਖਬਰ ਵਿੱਚ ਦੱਸਿਆ ਗਿਆ ਹੈ, ਇਹ ਤਸਵੀਰ ਰਾਮਕ੍ਰਿਸ਼ਨ ਮੱਠ ਅਤੇ ਰਾਮਕ੍ਰਿਸ਼ਨ ਮਿਸ਼ਨ ਦੇ ਪ੍ਰਧਾਨ ਸ੍ਰੀਮਦ ਸੁਆਮੀ ਸਮਰਣਾਨੰਦ ਜੀ ਮਹਾਰਾਜ ਦੀ ਹੈ, ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲਕਾਤਾ ਦੇ ਇੱਕ ਹਸਪਤਾਲ ਵਿੱਚ ਉਨ੍ਹਾਂ ਦੀ ਸਿਹਤ ਦਾ ਹਾਲ-ਚਾਲ ਪੁੱਛਣ ਗਏ ਸਨ।
ਸਰਚ ਦੌਰਾਨ ਸਾਨੂੰ ANI ਵੈਬਸਾਈਟ ‘ਤੇ ਤਸਵੀਰ ਨਾਲ ਜੁੜੀ ਖ਼ਬਰ ਮਿਲੀ। 5 ਮਾਰਚ 2024 ਨੂੰ ਪ੍ਰਕਾਸ਼ਿਤ ਖ਼ਬਰ ਵਿੱਚ ਦੱਸਿਆ ਗਿਆ ਹੈ, ਪੀਐਮ ਮੋਦੀ ਨੇ ਰਾਮਕ੍ਰਿਸ਼ਨ ਮੱਠ ਅਤੇ ਰਾਮਕ੍ਰਿਸ਼ਨ ਮਿਸ਼ਨ ਦੇ ਪ੍ਰਧਾਨ ਸੁਆਮੀ ਸਮਰਣਾਨੰਦ ਜੀ ਮਹਾਰਾਜ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀ ਸਿਹਤ ਬਾਰੇ ਪੁੱਛਿਆ।
ਵਾਇਰਲ ਫੋਟੋ ਨਾਲ ਜੁੜੀਆਂ ਹੋਰ ਖਬਰਾਂ ਇੱਥੇ ਪੜ੍ਹੀਆਂ ਜਾ ਸਕਦੀਆਂ ਹਨ।
ਅਸੀਂ ਵਾਇਰਲ ਦਾਅਵੇ ਦੀ ਪੁਸ਼ਟੀ ਕਰਨ ਲਈ ਮੀਡੀਆ ਇੰਚਾਰਜ ਸ਼ਰਦ ਸ਼ਰਮਾ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਕਿਹਾ, ਅਯੁੱਧਿਆ (1 ਅਕਤੂਬਰ) ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਦੇ ਪ੍ਰਧਾਨ ਅਤੇ ਮਣੀਰਾਮ ਦਾਸ ਛਾਉਣੀ ਦੇ ਮਹੰਤ ਨ੍ਰਿਤਿਆ ਗੋਪਾਲ ਦਾਸ ਜੀ ਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਹੈ, ਉਹ ਪਿਛਲੇ ਪੰਜ ਦਿਨਾਂ ਤੋਂ ਆਪਣੇ ਨਿਵਾਸ ਮਣੀਰਾਮ ਦਾਸ ਛਾਉਣੀ ਅਯੁੱਧਿਆ ਵਿੱਚ ਰਹਿ ਕੇ ਸਿਹਤ ਲਾਭ ਲੈ ਰਹੇ ਹਨ। ਮੰਗਲਵਾਰ, ਨੂੰ ਸੋਸ਼ਲ ਮੀਡੀਆ ਅਤੇ ਕੁਝ ਹੋਰ ਥਾਵਾਂ ‘ਤੇ ਪ੍ਰਚਾਰ ਤੰਤਰ ਰਾਹੀਂ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਗੁੰਮਰਾਹਕੁੰਨ ਖਬਰਾਂ ਫੈਲਾਈਆਂ ਜਾ ਰਹੀਆਂ ਹਨ ਜੋ ਚਿੰਤਾਜਨਕ ਹੈ।ਮਹਾਰਾਜ ਜੀ ਦੇ ਸ਼ਰਧਾਲੂਆਂ ਅਤੇ ਚੇਲਿਆਂ ਨੂੰ ਅਪੀਲ ਹੈ ਕਿ ਉਹ ਅਜਿਹੇ ਗੁੰਮਰਾਹਕੁੰਨ ਪ੍ਰਚਾਰ ਵੱਲ ਧਿਆਨ ਨਾ ਦੇਣ।”
ਜਾਂਚ ਦੇ ਅੰਤ ਵਿੱਚ ਅਸੀਂ ਪੋਸਟ ਨੂੰ ਸਾਂਝਾ ਕਰਨ ਵਾਲੇ ਯੂਜ਼ਰ ਦੀ ਪ੍ਰੋਫਾਈਲ ਨੂੰ ਸਕੈਨ ਕੀਤਾ। ਪਤਾ ਲੱਗਿਆ ਕਿ ਯੂਜ਼ਰ ਨੂੰ 225K ਲੋਕ ਫਾਲੋ ਕਰਦੇ ਹਨ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਰਾਮ ਜਨਮ ਭੂਮੀ ਟਰੱਸਟ ਦੇ ਪ੍ਰਧਾਨ ਮਹੰਤ ਨ੍ਰਿਤਿਆ ਗੋਪਾਲ ਦਾਸ ਦਾ ਦਿਹਾਂਤ ਨਹੀਂ ਹੋਇਆ ਹੈ, ਇਹ ਸਿਰਫ ਅਫਵਾਹ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।