ਵਿਸ਼ਵਾਸ ਨਿਊਜ਼ ਨੇ ਜਾਂਚ ਵਿੱਚ ਪਾਇਆ ਕਿ ਸੀਐਮ ਭਗਵੰਤ ਮਾਨ ਨੂੰ ਲੈ ਕੇ ਸੋਸ਼ਲ ਮੀਡਿਆ ‘ਤੇ ਵਾਇਰਲ ਕੀਤਾ ਜਾ ਰਿਹਾ ਦਾਅਵਾ ਗ਼ਲਤ ਹੈ ਅਤੇ ਵਾਇਰਲ ਤਸਵੀਰ ਵੀ ਪੁਰਾਣੀ ਹੈ। ਪੁਰਾਣੀ ਤਸਵੀਰ ਨੂੰ ਹੁਣ ਵਾਇਰਲ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।
ਵਿਸ਼ਵਾਸ ਨਿਊਜ਼ (ਨਵੀਂ ਦਿੱਲੀ)। ਸੋਸ਼ਲ ਮੀਡਿਆ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਇੱਕ ਦਾਅਵਾ ਵਾਇਰਲ ਕੀਤਾ ਜਾ ਰਿਹਾ ਹੈ। ਜਿਸ ਵਿੱਚ ਇੱਕ ਫੋਟੋ ਵਿੱਚ ਉਨ੍ਹਾਂ ਨੂੰ ਹਸਪਤਾਲ ਦੇ ਬੈਡ ‘ਤੇ ਅਤੇ ਦੂਜੀ ਫੋਟੋ ਵਿੱਚ ਉਨ੍ਹਾਂ ਨੂੰ ਪੰਜਾਬ ਦੇ ਆਮ ਆਦਮੀ ਕਲੀਨਿਕ ਸਾਹਮਣੇ ਖੜੇ ਦੇਖਿਆ ਜਾ ਸਕਦਾ ਹੈ। ਕੁਝ ਯੂਜ਼ਰਸ ਉਨ੍ਹਾਂ ਦੀ ਤਸਵੀਰ ਨੂੰ ਸ਼ੇਅਰ ਕਰ ਕੇ ਦਾਅਵਾ ਕਰ ਰਹੇ ਹਨ ਕਿ ‘ਮੁਖ ਮੰਤਰੀ ਭਗਵੰਤ ਮਾਨ ਦੀ ਸਿਹਤ ਖਰਾਬ ਹੈ ਅਤੇ ਉਹ ਦਿੱਲੀ ਦੇ ਅਪੋਲੋ ਹਸਪਤਾਲ ਵਿੱਚ ਦਾਖ਼ਲ ਹਨ।
ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਜਾਂਚ ਕੀਤੀ ਅਤੇ ਪਾਇਆ ਕਿ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਫੋਟੋ 2018 ਦੀ ਹੈ ਜਦੋਂ ਭਗਵੰਤ ਮਾਨ ਨੂੰ ਗੁਰਦੇ ‘ਚ ਪੱਥਰੀ ਦੇ ਇਲਾਜ ਲਈ ਦਿੱਲੀ ਦੇ ਆਰ.ਐੱਮ. ਐਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਪੁਰਾਣੀ ਤਸਵੀਰ ਨੂੰ ਭਗਵੰਤ ਮਾਨ ਦੀ ਹਾਲੀਆ ਤਸਵੀਰ ਦੱਸ ਕੇ ਗ਼ਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
ਫੇਸਬੁੱਕ ਯੂਜ਼ਰ ” Navpreet Bajwa ” ਨੇ 11 ਫਰਵਰੀ ਨੂੰ ਇਸ ਫੋਟੋ ਨੂੰ ਫੇਸਬੁੱਕ ਤੇ ਸ਼ੇਅਰ ਕੀਤਾ ਹੈ ਅਤੇ ਲਿਖਿਆ ਹੈ ”ਜੇਕਰ ਹਸਪਤਾਲ ਸਾਂਭੇ ਹੁੰਦੇ,ਆ ਡਰਾਮੇ ਨਾ ਕੀਤੇ ਹੁੰਦੇ ਤੇ ਦਿੱਲੀ ਨਾ ਭੱਜਣਾ ਪੈਂਦਾ..!!
ਦਿੱਲੀ ਆਲਾ ਉਪਰੋਂ ਵੱਡਿਆਂ ਵੱਡਿਆ ਛੱਡਦਾ ਕਿ ਸਾਡੇ ਦਿੱਲੀ ਦੇ ਹਸਪਤਾਲ ਵਲਡ ਕਲਾਸ ਨੇਂ ਫੇਰ ਮਾਨ ਸਾਬ ਅਪੋਲੋ ਕਿ ਲੈਣ ਗਏ ਹੋ..?।”
ਤਸਵੀਰ ਉੱਤੇ ਲਿਖਿਆ ਹੋਇਆ ਹੈ : ਮੁਖ ਮੰਤਰੀ ਸਾਹਬ ਦੀ ਸਿਹਤ ਖਰਾਬ , ਦਿੱਲੀ ਦੇ ਅਪੋਲੋ ਹਸਪਤਾਲ ਵਿੱਚ ਦਾਖਲ। ਪਰਮਾਤਮਾ ਜਲਦ ਸਿਹਤਯਾਬੀ ਬਖਸ਼ੇ। ਪਰ ਚੰਗਾ ਹੁੰਦਾ ਜੇ ਮੁਹੱਲਾ ਕਲੀਨਿਕਾਂ ਦੇ ਡਰਾਮੇ ਦੀ ਥਾਂ ਹਸਪਤਾਲਾਂ ਨੂੰ ਸੰਭਾਲਿਆ ਹੁੰਦਾ ਤਾਂ ਅੱਜ ਦਿੱਲੀ ਨਾ ਭੱਜਣਾ ਪੈਂਦਾ।
ਸੋਸ਼ਲ ਮੀਡਿਆ ਉੱਤੇ ਕਈ ਯੂਜ਼ਰਸ ਨੇ ਇਸ ਤਸਵੀਰ ਨੂੰ ਮਿਲਦੇ – ਜੁਲਦੇ ਦਾਅਵੇ ਨਾਲ ਸ਼ੇਅਰ ਕੀਤਾ ਹੈ। ਪੋਸਟ ਦੇ ਆਰਕਾਈਵ ਵਰਜਨ ਨੂੰ ਇੱਥੇ ਵੇਖਿਆ ਜਾ ਸਕਦਾ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਨੂੰ ਲੈ ਕੇ ਵਾਇਰਲ ਹੋ ਰਹੇ ਦਾਅਵੇ ਦੀ ਪੜਤਾਲ ਲਈ ਅਸੀਂ ਸਭ ਤੋਂ ਪਹਿਲਾਂ ਸੰਬੰਧਿਤ ਕੀਵਰਡ ਨਾਲ ਗੂਗਲ ਉੱਤੇ ਸਰਚ ਕੀਤਾ। ਸਾਨੂੰ ਦਾਅਵੇ ਨਾਲ ਜੁੜੀ ਕੋਈ ਵੀ ਹਾਲ ਦੀ ਨਿਊਜ਼ ਰਿਪੋਰਟ ਨਹੀਂ ਮਿਲੀ। ਸੋਚਣ ਵਾਲੀ ਗੱਲ ਇਹ ਹੈ ਕਿ ਜੇਕਰ ਸੀਐਮ ਮਾਨ ਦੀ ਸਿਹਤ ਖਰਾਬ ਹੁੰਦੀ ਤਾਂ ਇਹ ਖਬਰ ਹੁਣ ਤੱਕ ਹਰ ਮੀਡਿਆ ਰਿਪੋਰਟ ਵਿੱਚ ਹੁੰਦੀ , ਪਰ ਸਰਚ ਦੌਰਾਨ ਸਾਨੂੰ ਅਜਿਹੀ ਕੋਈ ਹਾਲ ਦੀ ਰਿਪੋਰਟ ਨਹੀਂ ਮਿਲੀ।
ਸਰਚ ਦੌਰਾਨ ਸਾਨੂੰ ਵਾਇਰਲ ਤਸਵੀਰ ਕਈ ਨਿਊਜ਼ ਰਿਪੋਰਟ ਚ ਪੁਰਾਣੀ ਤਰੀਖ ‘ਤੇ ਪ੍ਰਕਾਸ਼ਿਤ ਮਿਲੀ। ‘ਪੰਜਾਬੀ ਲੋਕ ਚੈਨਲ’ ਦੇ ਯੂਟਿਊਬ ਚੈਨਲ ਉੱਤੇ 1 ਅਗਸਤ 2018 ਨੂੰ ਅਪਲੋਡ ਵੀਡੀਓ ਵਿੱਚ ਵਾਇਰਲ ਤਸਵੀਰ ਮਿਲੀ। ਦਿੱਤੀ ਗਈ ਜਾਣਕਾਰੀ ਮੁਤਾਬਿਕ ,” ਪੱਥਰੀ ਦੀ ਸ਼ਿਕਾਇਤ ਮਗਰੋਂ ਭਗਵੰਤ ਮਾਨ ਨੂੰ ਆਰ.ਐਮ.ਐਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ ਅਤੇ ਉਨ੍ਹਾਂ ਦਾ ਹਾਲ ਜਾਨਣ ਦੇ ਲਈ ਕੇਜਰੀਵਾਲ , ਮਨੀਸ਼ ਸਿਸੋਦੀਆ ਅਤੇ ਸੰਜੇ ਸਿੰਘ ਹਸਪਤਾਲ ਪੁੱਜੇ ਸਨ।”
1 ਅਗਸਤ 2018 ਨੂੰ ਪੀਟੀਸੀ ਨਿਊਜ਼ ਦੀ ਵੈੱਬਸਾਈਟ ‘ਤੇ ਵੀ ਵਾਇਰਲ ਤਸਵੀਰ ਨਾਲ ਜੁੜੀ ਖਬਰ ਪ੍ਰਕਾਸ਼ਿਤ ਮਿਲੀ। ਖਬਰ ਅਨੁਸਾਰ, “ਭਗਵੰਤ ਮਾਨ ਨੂੰ ਪੱਥਰੀ ਦੀ ਸ਼ਿਕਾਇਤ ਦੇ ਕਾਰਨ ਦਿੱਲੀ ਦੇ ਰਾਮ ਮਨੋਹਰ ਲੋਹੀਆ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ।”
ਪੜਤਾਲ ਵਿੱਚ ਅੱਗੇ ਅਸੀਂ ਆਮ ਆਦਮੀ ਪਾਰਟੀ ਦੇ ਸੋਸ਼ਲ ਮੀਡਿਆ ਹੈਂਡਲ ਨੂੰ ਖੰਗਾਲਿਆ। ਸਾਨੂੰ ਇੱਥੇ ਵੀ ਅਜਿਹੀ ਕੋਈ ਪੋਸਟ ਸ਼ੇਅਰ ਕੀਤੀ ਹੋਈ ਨਹੀਂ ਮਿਲੀ।
ਅਸੀਂ ਸੀਐਮ ਭਗਵੰਤ ਮਾਨ ਦੇ ਸੋਸ਼ਲ ਮੀਡਿਆ ਹੈਂਡਲ ਨੂੰ ਵੀ ਚੈੱਕ ਕੀਤਾ। ਸਾਨੂੰ ਭਗਵੰਤ ਮਾਨ ਦੇ ਵੇਰੀਫਾਈਡ ਟਵੀਟਰ ਅਕਾਊਂਟ ਤੋਂ 1:32 ਮਿੰਟ ‘ਤੇ ਇੱਕ ਵੀਡੀਓ ਸ਼ੇਅਰ ਕੀਤਾ ਹੋਇਆ ਮਿਲਿਆ। ਵੀਡੀਓ ਨਾਲ ਲਿਖਿਆ ਗਿਆ ,”‘ਪਹਿਲੀ ਸਰਕਾਰ-ਕਿਸਾਨ ਮਿਲਣੀ’ ਮੌਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਤੋਂ Live…”
ਦਾਅਵੇ ਦੀ ਪੁਸ਼ਟੀ ਲਈ ਅਸੀਂ ਦੈਨਿਕ ਜਾਗਰਣ ਜਲੰਧਰ ਦੇ ਉਪ ਸਮਾਚਾਰ ਸੰਪਾਦਕ ਕਮਲੇਸ਼ ਭੱਟ ਨਾਲ ਗੱਲ ਕੀਤੀ। ਅਸੀਂ ਉਨ੍ਹਾਂ ਦੇ ਨਾਲ ਵਾਇਰਲ ਤਸਵੀਰ ਨੂੰ ਸ਼ੇਅਰ ਕੀਤਾ , ਉਨ੍ਹਾਂ ਨੇ ਸਾਨੂੰ ਦੱਸਿਆ ਕਿ ਵਾਇਰਲ ਦਾਅਵਾ ਗ਼ਲਤ ਹੈ। ਅੱਜ ਭਗਵੰਤ ਮਾਨ ਦਾ ਲੁਧਿਆਣਾ ਵਿੱਚ ਪ੍ਰੋਗਰਾਮ ਹੈ।
ਅਸੀਂ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਵਕਤਾ ਨੀਲ ਗਰਗ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਵਾਇਰਲ ਪੋਸਟ ਨੂੰ ਫਰਜੀ ਦੱਸਿਆ ਹੈ।
ਪਹਿਲਾਂ ਵੀ ਇਸ ਤਸਵੀਰ ਨੂੰ ਸੋਸ਼ਲ ਮੀਡਿਆ ‘ਤੇ ਵਾਇਰਲ ਕੀਤਾ ਜਾ ਚੁੱਕਿਆ ਹੈ , ਜਿਸਦੀ ਜਾਂਚ ਵਿਸ਼ਵਾਸ ਨਿਊਜ਼ ਨੇ ਕੀਤੀ ਸੀ। ਤੁਸੀਂ ਸਾਡੀ ਪੜਤਾਲ ਨੂੰ ਇੱਥੇ ਪੜ੍ਹ ਸਕਦੇ ਹੋ।
ਪੜਤਾਲ ਦੇ ਅੰਤ ਵਿੱਚ ਅਸੀਂ ਇਸ ਤਸਵੀਰ ਨੂੰ ਸ਼ੇਅਰ ਕਰਨ ਵਾਲੀ ਯੂਜ਼ਰ ਦੀ ਜਾਂਚ ਕੀਤੀ। ਜਾਂਚ ਵਿੱਚ ਪਤਾ ਲੱਗਿਆ ਕਿ ਯੂਜ਼ਰ ਦੇ ਫੇਸਬੁੱਕ ‘ਤੇ 36 ਹਜ਼ਾਰ ਫੋਲੋਵਰਸ ਹਨ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਜਾਂਚ ਵਿੱਚ ਪਾਇਆ ਕਿ ਸੀਐਮ ਭਗਵੰਤ ਮਾਨ ਨੂੰ ਲੈ ਕੇ ਸੋਸ਼ਲ ਮੀਡਿਆ ‘ਤੇ ਵਾਇਰਲ ਕੀਤਾ ਜਾ ਰਿਹਾ ਦਾਅਵਾ ਗ਼ਲਤ ਹੈ ਅਤੇ ਵਾਇਰਲ ਤਸਵੀਰ ਵੀ ਪੁਰਾਣੀ ਹੈ। ਪੁਰਾਣੀ ਤਸਵੀਰ ਨੂੰ ਹੁਣ ਵਾਇਰਲ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।