ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਵਾਇਰਲ ਵੀਡੀਓ ਨੂੰ ਲੈ ਕੇ ਕੀਤਾ ਜਾ ਰਿਹਾ ਦਾਅਵਾ ਫਰਜ਼ੀ ਨਿਕਲਿਆ। ਵਾਇਰਲ ਵੀਡੀਓ ਨੂੰ ਐਡਿਟ ਕੀਤਾ ਗਿਆ ਹੈ, ਜਿਸ ਨੂੰ ਦੂਰਪ੍ਰਚਾਰ ਦੇ ਇਰਾਦੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਇੰਟਰਵਿਊ ਦਾ ਇੱਕ ਵੀਡੀਓ ਕਲਿਪ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ CM ਮਾਨ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਦੇ 9 ਮਹੀਨਿਆ ਦੇ ਕੰਮ ਦੇ ਰਿਪੋਰਟ ਕਾਰਡ ਬਾਰੇ ਸਵਾਲ ਪੁੱਛੇ ਜਾਣ ਉੱਤੇ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ “ਸਿਰਫ ਇਸ਼ਤਿਹਾਰ ਹੀ ਚੱਲ ਰਿਹਾ ਹੈ”। ਸੋਸ਼ਲ ਮੀਡੀਆ ਉੱਤੇ ਕੁਝ ਯੂਜ਼ਰਸ ਇਸ ਵੀਡੀਓ ਕਲਿਪ ਨੂੰ ਸੱਚ ਮੰਨ ਰਹੇ ਹਨ ਅਤੇ ਦਾਅਵਾ ਕਰ ਰਹੇ ਹਨ ਕਿ ਭਗਵੰਤ ਮਾਨ ਆਪਣੀ ਪਾਰਟੀ ਬਾਰੇ ਬੋਲ ਰਹੇ ਹਨ।
ਵਿਸ਼ਵਾਸ ਨਿਊਜ਼ ਨੇ ਵਾਇਰਲ ਕਲਿਪ ਦੀ ਜਾਂਚ ਕੀਤੀ ਅਤੇ ਦਾਅਵਾ ਗ਼ਲਤ ਨਿਕਲਿਆ। ਵਾਇਰਲ ਕਲਿੱਪ ਦੁਰਪ੍ਰਚਾਰ ਦੇ ਇਰਾਦੇ ਨਾਲ ਤਿਆਰ ਕੀਤਾ ਗਿਆ ਹੈ। ਵਾਇਰਲ ਵੀਡੀਓ ਦੋ ਵੱਖ-ਵੱਖ ਵੀਡੀਓਜ਼ ਨੂੰ ਮਿਲਾ ਕੇ ਬਣਾਇਆ ਗਿਆ ਹੈ, ਜਿਸ ਨੂੰ ਹੁਣ ਫਰਜ਼ੀ ਦਾਅਵੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ।
ਫੇਸਬੁੱਕ ਯੂਜ਼ਰ Jai Mahakal ਨੇ 13 ਫਰਵਰੀ ਨੂੰ ਇਹ ਵੀਡੀਓ ਸ਼ੇਅਰ ਕੀਤਾ ਹੈ ਅਤੇ ਲਿਖਿਆ ਹੈ ,”ਬਦਲਾਵ ਦੇ ਨੌ ਮਹੀਨਿਆਂ ਵਾਰੇ ਆਪੇ ਸੁਣ ਲਓ।ਉਨ੍ਹਾਂ ਨੂੰ ਮੁਬਾਰਕਾਂ ਜੋ ਕਹਿੰਦੇ ਸੀ ਬਦਲਾਅ ਲਿਆਉਣਾ! ਇਨਾਕ-ਲਾਭ ਜਿੰਦਾਬਾਦ ਬਦਲਾਅ ਜਿੰਦਾਬਾਦ!
ਸੋਸ਼ਲ ਮੀਡਿਆ ਉੱਤੇ ਕਈ ਯੂਜ਼ਰਸ ਨੇ ਇਸ ਵੀਡੀਓ ਨੂੰ ਮਿਲਦੇ – ਜੁਲਦੇ ਦਾਅਵੇ ਨਾਲ ਸ਼ੇਅਰ ਕੀਤਾ ਹੈ। ਵੀਡੀਓ ਦਾ ਆਰਕਾਈਵ ਲਿੰਕ ਇੱਥੇ ਵੇਖਿਆ ਜਾ ਸਕਦਾ ਹੈ।
ਵਾਇਰਲ ਵੀਡੀਓ ਕਲਿੱਪ ਵਿੱਚ ਮੌਜੂਦ ਪਹਿਲੇ ਵੀਡੀਓ ਦੀ ਪੜਤਾਲ ਕਰਨ ਲਈ ਅਸੀਂ ਵੀਡੀਓ ਦੇ ਸਕ੍ਰੀਨਸ਼ੋਟ ਨੂੰ ਗੂਗਲ ਇਮੇਜ ਦੁਆਰਾ ਸਰਚ ਕੀਤਾ। ਸਾਨੂੰ ਇਹ ਵੀਡੀਓ ‘India News’ ਦੇ ਅਧਿਕਾਰਤ ਯੂਟਿਊਬ ਚੈਨਲ ਉੱਤੇ ਅਪਲੋਡ ਮਿਲਿਆ। 22 ਦਸੰਬਰ 2022 ਨੂੰ ਅਪਲੋਡ ਇਸ ਪੂਰੇ ਵੀਡੀਓ ਵਿੱਚ ਵਾਇਰਲ ਵੀਡੀਓ ਵਿੱਚ ਮੌਜੂਦ ਹਿੱਸੇ ਨੂੰ 2 ਮਿਨਟ 37 ਸੈਕਿੰਡ ਤੋਂ ਦੇਖਿਆ ਜਾ ਸਕਦਾ ਹੈ। ਵੀਡੀਓ ਵਿੱਚ ਐਂਕਰ CM ਮਾਨ ਤੋਂ ਪੰਜਾਬ ਸਰਕਾਰ ਦੇ ਰਿਪੋਰਟ ਕਾਰਡ ਬਾਰੇ ਪੁੱਛ ਰਿਹਾ ਹੈ। ਐਂਕਰ ਹਿੰਦੀ ਵਿੱਚ ਕਹਿੰਦਾ ਹੈ, “ਪੰਜਾਬ ਦੇ ਲੋਕਾਂ ਨੇ ਇੱਕ ਨਵਾਂ ਇਤਿਹਾਸ ਲਿਖਿਆ ਹੈ। ਉਨ੍ਹਾਂ ਨੇ ਉੱਥੇ ਸੱਤਾ ਵਿੱਚ ਆਉਣ ਵਾਲੀਆਂ ਪਾਰਟੀਆਂ ਨੂੰ ਹਟਾ ਕੇ ਆਮ ਆਦਮੀ ਪਾਰਟੀ ਨੂੰ ਸੱਤਾ ਦੀ ਵਾਗਡੋਰ ਸੌਂਪ ਦਿੱਤੀ ਹੈ। ਬਹੁਤ ਸਾਰੇ ਵਾਅਦੇ, ਬਹੁਤ ਸਾਰੀਆਂ ਉਮੀਦਾਂ, ਬਹੁਤ ਸਾਰੀਆਂ ਸੰਭਾਵਨਾਵਾਂ ਨਾਲ ਤੁਹਾਡੀ ਸਰਕਾਰ ਬਣੀ ਹੈ। ਤੁਸੀਂ ਇਸ ਚੋਣ ਤੋਂ ਪਹਿਲਾਂ ਬਹੁਤ ਸਾਰੇ ਵਾਅਦੇ ਕੀਤੇ ਸਨ। ਪਾਣੀ, ਬਿਜਲੀ, ਨੌਜਵਾਨ, ਭਾਈਚਾਰਾ, ਬਹੁਤ ਸਾਰੀਆਂ ਚੀਜ਼ਾਂ। ਤੁਹਾਡੀ ਸਰਕਾਰ ਨੇ 9 ਮਹੀਨੇ ਪੂਰੇ ਕਰ ਲਏ ਹਨ। 9 ਮਹੀਨਿਆਂ ਦੀ ਸਰਕਾਰ ਜਿਹੜੀ ਭਗਵੰਤ ਦੀ ਪੰਜਾਬ ਦੀ ਹੈ, ਉਸ ਦਾ ਆਪਣਾ ਰਿਪੋਰਟ ਕਾਰਡ ਅੱਜ ਦੀ ਤਰੀਕ ਵਿੱਚ ਕੀ ਹੈ।”
ਇਸ ਦੇ ਜਵਾਬ ਵਿੱਚ ਭਗਵੰਤ ਮਾਨ ਕਹਿੰਦੇ ਹਨ, “ਅਸੀਂ ਆਉਂਦਿਆਂ ਹੀ ਉਹੀ ਕੰਮ ਕੀਤੇ, ਜੋ ਇਸ ਪਿਛਲੀਆਂ ਸਰਕਾਰਾਂ ਜਾਂਦੇ ਸਮੇਂ ਕਰਦੀਆਂ ਹਨ। ਅਖੀਰ 6 ਮਹੀਨਿਆਂ ਵਿੱਚ ਉਨ੍ਹਾਂ ਨੂੰ ਲੱਗਦਾ ਹੈ ਕਿ ਸਾਢੇ ਚਾਰ ਸਾਲਾਂ ਵਿੱਚ ਜੋ ਲੁੱਟ ਕੀਤੀ ਹੈ, ਜੋ ਜ਼ੁਲਮ ਕੀਤਾ ਹੈ, ਉਹ ਭੁੱਲ ਜਾਣਗੇ ਅਤੇ ਲੋਕ ਅਖੀਰਲੇ ਛੇ ਮਹੀਨੇ ਹੀ ਯਾਦ ਰੱਖਣਗੇ। ਅਸੀਂ ਪਹਿਲਾਂ ਉਹੀ ਕੀਤਾ ਜੋ ਹੋਰ ਪਾਰਟੀਆਂ ਅਖੀਰਲੇ ਛੇ ਮਹੀਨਿਆਂ ਵਿੱਚ ਕਰਦੀਆਂ ਹਨ।” ਪੂਰੀ ਵੀਡੀਓ ਇੱਥੇ ਵੇਖੀ ਜਾ ਸਕਦੀ ਹੈ।
ਇਹ ਵੀਡੀਓ 23 ਦਸੰਬਰ 2022 ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਅਧਿਕਾਰਤ ਯੂਟਿਊਬ ਚੈਨਲ ‘ਤੇ ਵੀ ਅਪਲੋਡ ਕੀਤਾ ਗਿਆ ਸੀ। ਵੀਡੀਓ ਨੂੰ ਇੱਥੇ ਦੇਖਿਆ ਜਾ ਸਕਦਾ ਹੈ।
ਅਸੀਂ ਦੂਜੀ ਵੀਡੀਓ ਕਲਿੱਪ ਨੂੰ ਧਿਆਨ ਨਾਲ ਦੇਖਿਆ। ਅਸੀਂ ਦੇਖਿਆ ਕਿ ਵੀਡੀਓ ਵਿੱਚ ਪ੍ਰਾਈਮ ਏਸ਼ੀਆ ਦਾ ਲੋਗੋ ਲਗਿਆ ਹੋਇਆ ਹੈ। ਅਸੀਂ ਪ੍ਰਾਈਮ ਏਸ਼ੀਆ ਦੇ ਯੂਟਿਊਬ ਚੈਨਲ ‘ਤੇ ਵਾਇਰਲ ਵੀਡੀਓ ਨੂੰ ਖੋਜਣਾ ਸ਼ੁਰੂ ਕੀਤਾ। ਇਸ ਦੌਰਾਨ ਸਾਨੂੰ 7 ਦਸੰਬਰ 2021 ਨੂੰ ਪ੍ਰਾਈਮ ਏਸ਼ੀਆ ਟੀਵੀ ਕੈਨੇਡਾ ਦੇ ਯੂਟਿਊਬ ਚੈਨਲ ‘ਤੇ ਅੱਪਲੋਡ ਕੀਤਾ ਗਿਆ ਅਸਲੀ ਵੀਡੀਓ ਮਿਲਿਆ। ਵੀਡੀਓ ਵਿੱਚ 17 ਮਿੰਟ 16 ਸੈਕਿੰਡ ਤੋਂ ਸੀਐਮ ਮਾਨ ਦੇ ਵਾਇਰਲ ਵੀਡੀਓ ਦੇ ਹਿੱਸੇ ਨੂੰ ਦੇਖਿਆ ਜਾ ਸਕਦਾ ਹੈ। ਹੋਸਟ ਸਵਾਲ ਵਜੋਂ ਕਹਿੰਦਾ ਹੈ: “ਇਸ ਵੇਲੇ ਜੋ ਲੜਾਈ ਹੈ, ਉਹ ਦਿੱਲੀ ਬਨਾਮ ਪੰਜਾਬ ਦੀ ਬਣ ਗਈ ਹੈ। ਇੱਕ ਗੱਲ ਸਾਂਝੀ ਹੈ ਕਿ ਅਸਲ ਵਿੱਚ ਆਮ ਆਦਮੀ ਕੌਣ ਹੈ। ਕੇਜਰੀਵਾਲ ਸਾਹਬ ਨੇ ਸ਼ਬਦ ਵਰਤਿਆ ਕਿ ਕੋਈ ‘ਨਕਲੀ ਆਮ ਆਦਮੀ’ ਜਾਂ ‘ਨਕਲੀ ਕੇਜਰੀਵਾਲ’ ਬਣ ਕੇ ਘੁੰਮਦਾ ਹੈ। ਉਸ ਤੋਂ ਬਾਅਦ (ਕਾਂਗਰਸ ਲੀਡਰ ਅਤੇ ਉਸ ਵੇਲੇ ਦੇ CM ਚਰਨਜੀਤ ਸਿੰਘ) ਚੰਨੀ ਸਾਬ੍ਹ ਨੇ ਇਹ ਜਵਾਬ ਦਿੱਤਾ ਕਿ ‘ਐਦਾਂ ਕੋਈ ਨਕਲੀ ਧੱਕੇ ਨਾਲ ਪੰਜਾਬੀ ਬਣ ਰਿਹਾ ਹੈ… ਕੇਜਰੀਵਾਲ ਨੂੰ ਇਹ ਕੰਮ ਤਾਂ ਆਉਂਦੇ ਨਹੀਂ ਜੋ ਅਸੀਂ ਕਰਦੇ ਹਾਂ।’ ਇਹ ਲੜਾਈ ਲੋਕਾਂ ਦੀ ਹੋਣੀ ਚਾਹੀਦੀ ਸੀ, ਦੂਜੇ ਪਾਸੇ ਕਿਵੇਂ ਚਲੀ ਗਈ?”
ਜਵਾਬ ਵਿੱਚ ਭਗਵੰਤ ਮਾਨ ਕਹਿੰਦੇ ਹਨ, “ਦੇਖੋ, ਅਰਵਿੰਦ ਕੇਜਰੀਵਾਲ ਜਦੋਂ ਆਉਂਦੇ ਹਨ ਤਾਂ ਆਮ ਆਦਮੀ ਪਾਰਟੀ ਕਿਸੇ ਨਾ ਕਿਸੇ ਮੁੱਦੇ ਉੱਤੇ ਗੱਲ ਕਰਦੀ ਹੈ। ਸਿੱਖਿਆ, ਸਿਹਤ, ਹਸਪਤਾਲ ਮੁੱਦੇ ਹਨ, ਜਿਨ੍ਹਾਂ ਨੂੰ ਕਿਸੇ ਨੇ ਨਹੀਂ ਚੁੱਕਿਆ। ਪਰ ਚੰਨੀ ਸਾਬ੍ਹ ਇੱਕ ਹੀ ਗੱਲ ਕਹਿੰਦੇ ਹਨ, ‘ਮੈਂ ਬਾਂਦਰ ਕਿਲ੍ਹਾ ਖੇਡਣਾ ਜਾਣਦਾ ਹਾਂ। ਮੈਂ ਗੁੱਲੀ ਡੰਡਾ ਜਾਣਦਾ ਹਾਂ। ਮੈਂ ਬਰਸੀਨ ਵੀ ਕੱਟ ਲੈਂਦਾ ਹਾਂ। ਮੈਂ ਟੈਂਟ ਵੀ ਲਾ ਦਿੰਦਾ ਹਾਂ।’ ਕੀ ਅਸੀਂ ਇਸ ਮੁੱਦੇ ‘ਤੇ ਲੜਾਂਗੇ? ਮੁੱਖ ਮੰਤਰੀ ਦਾ ਕੰਮ ਨੀਤੀਆਂ ਬਣਾਉਣਾ ਹੈ। ਇਨ੍ਹਾਂ ਨੇ 72 ਦਿਨਾਂ ਦਾ ਰਿਪੋਰਟ ਕਾਰਡ ਜਾਰੀ ਕਰ ਦਿੱਤਾ। ਹੁਣ ਲੋਕ 72 ਦਿਨਾਂ ਦਾ ਹਿਸਾਬ ਲੈਣਗੇ ਜਾਂ ਪੌਣੇ ਪੰਜ ਸਾਲਾਂ ਦਾ? ਪਹਿਲਾਂ ਦੇ ਵਾਅਦੇ ਜੋ ਕੈਪਟਨ ਅਮਰਿੰਦਰ ਸਿੰਘ ਨੇ ਕਿੱਤੇ ਸੀ ਉਹ ਕਿੱਥੇ ਹਨ? ਬੋਲ ਰਹੇ ਹਨ ਕਿ ‘ਭੁੱਲ ਜਾਓ, ਮੇਰਾ 72 ਦਿਨਾਂ ਦਾ ਕਾਰਡ ਦੇਖੋ।’ਸਿਰਫ਼ ਇਸ਼ਤਿਹਾਰਬਾਜ਼ੀ ਚੱਲ ਰਹੀ ਹੈ। ਹੋਰ ਕੁਝ ਨਹੀਂ।”
ਸਾਡੀ ਜਾਂਚ ਤੋਂ ਇਹ ਸਪਸ਼ਟ ਹੈ ਕਿ ਵੀਡੀਓ ਨੂੰ ਐਡਿਟ ਕੀਤਾ ਗਿਆ ਹੈ। ਇਸ ਵਿੱਚੋਂ ਭਗਵੰਤ ਮਾਨ ਦੇ ਬੋਲੇ ਕੁਝ ਸ਼ਬਦ ਵਰਤੇ ਗਏ ਹਨI ਵਾਇਰਲ ਵੀਡੀਓ ਦੋ ਵੱਖ-ਵੱਖ ਵੀਡੀਓਜ਼ ਨੂੰ ਮਿਲਾ ਕੇ ਬਣਾਇਆ ਗਿਆ ਹੈ, ਜਿਸ ਨੂੰ ਦੁਰਪ੍ਰਚਾਰ ਦੇ ਇਰਾਦੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ। ਅਸੀਂ ਵੱਧ ਜਾਣਕਾਰੀ ਲਈ ਆਮ ਆਦਮੀ ਪਾਰਟੀ ਪੰਜਾਬ ਦੇ ਬੁਲਾਰੇ ਨੀਲ ਗਰਗ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਵਾਇਰਲ ਦਾਅਵਾ ਗ਼ਲਤ ਹੈ, ਵੀਡੀਓ ਐਡੀਟਿਡ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕਈ ਐਡਿਟ ਕੀਤੇ ਵੀਡੀਓ ਪਹਿਲਾਂ ਵੀ ਗ਼ਲਤ ਦਾਅਵਿਆਂ ਨਾਲ ਵਾਇਰਲ ਹੋ ਚੁੱਕੇ ਹਨ। ਜਿਸ ਦੀ ਜਾਂਚ ਵਿਸ਼ਵਾਸ ਨਿਊਜ਼ ਨੇ ਕੀਤੀ ਸੀ। ਤੁਸੀਂ ਇੱਥੇ ਸਾਡੀ ਪੜਤਾਲ ਨੂੰ ਇੱਥੇ ਪੜ੍ਹ ਸਕਦੇ ਹੋ।
ਜਾਂਚ ਦੇ ਅੰਤ ਵਿੱਚ ਅਸੀਂ ਇਸ ਵੀਡੀਓ ਨੂੰ ਸਾਂਝਾ ਕਰਨ ਵਾਲੇ ਯੂਜ਼ਰ ਦੀ ਸੋਸ਼ਲ ਸਕੈਨਿੰਗ ਕੀਤੀ। ਸਕੈਨ ਕਰਨ ‘ਤੇ ਪਤਾ ਲੱਗਾ ਕਿ ਯੂਜ਼ਰ ਮੁਕਤਸਰ, ਪੰਜਾਬ ਦਾ ਵਸਨੀਕ ਹੈ। ਫੇਸਬੁੱਕ ‘ਤੇ ਯੂਜ਼ਰ ਦੇ 4 ਹਜ਼ਾਰ ਤੋਂ ਵੱਧ ਦੋਸਤ ਹਨ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਵਾਇਰਲ ਵੀਡੀਓ ਨੂੰ ਲੈ ਕੇ ਕੀਤਾ ਜਾ ਰਿਹਾ ਦਾਅਵਾ ਫਰਜ਼ੀ ਨਿਕਲਿਆ। ਵਾਇਰਲ ਵੀਡੀਓ ਨੂੰ ਐਡਿਟ ਕੀਤਾ ਗਿਆ ਹੈ, ਜਿਸ ਨੂੰ ਦੂਰਪ੍ਰਚਾਰ ਦੇ ਇਰਾਦੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।