Fact Check : ਮੁੱਖ ਮੰਤਰੀ ਭਗਵੰਤ ਮਾਨ ਨੇ ਨਹੀਂ ਦਿੱਤਾ ਅਜਿਹਾ ਕੋਈ ਬਿਆਨ, ਅਖਬਾਰ ਦੀ ਵਾਇਰਲ ਕਟਿੰਗ ਐਡੀਟੇਡ ਹੈ
ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਸੀਐਮ ਭਗਵੰਤ ਮਾਨ ਨੂੰ ਲੈ ਕੇ ਵਾਇਰਲ ਹੋ ਰਹੀ ਅਖਬਾਰ ਦੀ ਕਟਿੰਗ ਐਡੀਟੇਡ ਹੈ, ਜਿਸਨੂੰ ਐਡੀਟਿੰਗ ਟੂਲਜ਼ ਦੀ ਮਦਦ ਰਾਹੀਂ ਤਿਆਰ ਕੀਤਾ ਗਿਆ ਹੈ।
- By: Jyoti Kumari
- Published: Apr 4, 2023 at 12:29 PM
- Updated: Apr 4, 2023 at 03:39 PM
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਤਸਵੀਰ ਲੱਗੀ ਇੱਕ ਅਖਬਾਰ ਦੀ ਕਟਿੰਗ ਨੂੰ ਸ਼ੇਅਰ ਕਰਕੇ ਸੋਸ਼ਲ ਮੀਡਿਆ ‘ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ CM ਭਗਵੰਤ ਮਾਨ ਨੇ ਕਿਹਾ ਹੈ ਕਿ “ਗੁਰਦੁਆਰਾ ਸਾਹਿਬ ਦੇ ਕਿਸੇ ਗ੍ਰੰਥੀ ਦੇ ਕਹਿਣ ‘ਤੇ ਸਰਕਾਰ ਆਪਣੇ ਫੈਸਲੇ ਨਹੀਂ ਬਦਲਦੀ ਹੈ।”ਇਸ ਖਬਰ ਨੂੰ ਗਿਆਨੀ ਹਰਪ੍ਰੀਤ ਸਿੰਘ ‘ਤੇ ਭਗਵੰਤ ਮਾਨ ਦਾ ਤੰਜ਼ ਦੱਸਦਿਆਂ ਵਾਇਰਲ ਕੀਤਾ ਜਾ ਰਿਹਾ ਹੈ। ਵਾਇਰਲ ਪੋਸਟ ਵਿੱਚ ਪੰਜਾਬੀ ਮੀਡੀਆ ਅਦਾਰੇ ਰੋਜ਼ਾਨਾ ਸਪੋਕਸਮੈਨ ਦਾ ਲੋਗੋ ਲੱਗਿਆ ਹੋਇਆ ਹੈ ਅਤੇ ਮੀਡਿਆ ਏਜੇਂਸੀ ਪੀਟੀਆਈ ਦੇ ਹਵਾਲੇ ਤੋਂ ਛਾਪਿਆ ਗਿਆ ਹੈ।
ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਵਿੱਚ ਪਾਇਆ ਕਿ ਵਾਇਰਲ ਅਖਬਾਰ ਦੀ ਕਟਿੰਗ ਨੂੰ ਐਡੀਟਿੰਗ ਟੂਲਜ਼ ਦਾ ਇਸਤੇਮਾਲ ਕਰਕੇ ਤਿਆਰ ਕੀਤਾ ਗਿਆ ਹੈ। ਇਸ ਕਟਿੰਗ ਨੂੰ ਵਾਇਰਲ ਕਰਕੇ ਸੀਐਮ ਭਗਵੰਤ ਮਾਨ ਦੇ ਖਿਲਾਫ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ।
ਕੀ ਹੈ ਵਾਇਰਲ ਪੋਸਟ ਵਿੱਚ ?
ਫੇਸਬੁੱਕ ਯੂਜ਼ਰ ‘Kulwinder Singh Khalsa ‘ ਨੇ 30 ਮਾਰਚ ਨੂੰ ਇਸ ਕਟਿੰਗ ਨੂੰ ਸ਼ੇਅਰ ਕੀਤਾ ਹੈ ਅਤੇ ਲਿਖਿਆ ਹੈ ,”ਵਾਹ! ਮਾਨ ਸਾਹਿਬ, ਧੰਨਵਾਦ ਪੂਜਾਰੀ ਮਾਫ਼ੀਏ ਨੂੰ ਸ਼ੀਸ਼ਾ ਦਿਖਾਉਣ ਲਈ।”
ਵਾਇਰਲ ਅਖਬਾਰ ਦੀ ਹੈੱਡਲਾਇਨ ਹੈ : “ਗੁਰੂਦਵਾਰਾ ਸਾਹਿਬ ਦੇ ਗ੍ਰੰਥੀ ਦੇ ਕਹਿਣ ਤੇ ਸਰਕਾਰ ਆਪਣੇ ਫੈਸਲੇ ਨਹੀਂ ਬਦਲਦੀ : ਮੁਖ ਮੰਤਰੀ”
ਵਾਇਰਲ ਪੋਸਟ ਦੇ ਆਰਕਾਈਵ ਲਿੰਕ ਨੂੰ ਇੱਥੇ ਵੇਖਿਆ ਜਾ ਸਕਦਾ ਹੈ।
ਪੜਤਾਲ
ਵਾਇਰਲ ਦਾਅਵੇ ਦੀ ਪੜਤਾਲ ਦੀ ਲਈ ਅਸੀਂ ਸਭ ਤੋਂ ਪਹਿਲਾਂ ਗੂਗਲ ‘ਤੇ ਸੰਬੰਧਿਤ ਕੀਵਰਡ ਨਾਲ ਸਰਚ ਕੀਤਾ। ਸਾਨੂੰ ਦਾਅਵੇ ਨਾਲ ਜੁੜੀ ਕੋਈ ਵੀ ਭਰੋਸੇਯੋਗ ਮੀਡਿਆ ਰਿਪੋਰਟ ਨਹੀਂ ਮਿਲੀ, ਜਿਸ ਤੋਂ ਵਾਇਰਲ ਦਾਅਵੇ ਦੀ ਪੁਸ਼ਟੀ ਹੋ ਸਕੇ।
ਜਾਂਚ ਨੂੰ ਅੱਗੇ ਵਧਾਉਦੇ ਹੋਏ ਅਸੀਂ ਰੋਜ਼ਾਨਾ ਸਪੋਕਸਮੈਨ ਦੀ ਵੈਬਸਾਈਟ ‘ਤੇ ਅਸਲ ਖਬਰ ਨੂੰ ਲੱਭਣਾ ਸ਼ੁਰੂ ਕੀਤਾ। ਸਾਨੂੰ ਰੋਜ਼ਾਨਾ ਸਪੋਕਸਮੈਨ ਦੀ ਵੈੱਬਸਾਈਟ ‘ਤੇ 28 ਮਾਰਚ ਨੂੰ ਵਾਇਰਲ ਪੋਸਟ ਨਾਲ ਜੁੜੀ ਖਬਰ ਪ੍ਰਕਾਸ਼ਿਤ ਮਿਲੀ।ਪ੍ਰਕਾਸ਼ਿਤ ਖਬਰ ਵਿੱਚ ਸੀਐਮ ਭਗਵੰਤ ਮਾਨ ਦੀ ਉਹ ਹੀ ਫੋਟੋ ਲੱਗੀ ਹੋਈ ਹੈ ਜਿਹੜੀ ਵਾਇਰਲ ਪੋਸਟ ਵਿੱਚ ਹੈ। ਖਬਰ ਵਿੱਚ ਵਾਇਰਲ ਪੋਸਟ ਵਰਗਾ ਕੁਝ ਵੀ ਨਹੀਂ ਲਿਖਿਆ ਹੈ। ਇੱਥੇ ਖਬਰ ਦਾ ਸਿਰਲੇਖ ਹੈ ,”ਚੰਗਾ ਹੁੰਦਾ ਜੇਕਰ ਤੁਸੀਂ ਅਲਟੀਮੇਟਮ ਬੇਅਦਬੀ ਤੇ ਗਾਇਬ ਹੋਏ ਪਾਵਨ ਸਰੂਪਾਂ ਬਾਰੇ ਦਿੰਦੇ : ਮੁਖ ਮੰਤਰੀ “
ਹੁਣ ਅਸੀਂ ਰੋਜ਼ਾਨਾ ਸਪੋਕਸਮੈਨ ਦੇ ਅਖਬਾਰ ਦੇ ਫੋਂਟ ਨੂੰ ਵਾਇਰਲ ਕਟਿੰਗ ਨਾਲ ਮਿਲਾਇਆ ਤਾਂ ਅਸੀਂ ਪਾਇਆ ਕਿ ਰੋਜ਼ਾਨਾ ਸਪੋਕਸਮੈਨ ਦੇ ਅਖਬਾਰ ਦਾ ਫੋਂਟ ਅਤੇ ਵਾਇਰਲ ਪੋਸਟ ਦਾ ਫੋਂਟ ਵੱਖ-ਵੱਖ ਹੈ। ਹੇਠਾਂ ਤੁਸੀਂ ਵਾਇਰਲ ਕਟਿੰਗ ਅਤੇ ਅਸਲ ਕਟਿੰਗ ਨੂੰ ਵੇਖ ਸਕਦੇ ਹੋ।
ਇਸ ਬਿਆਨ ਨੂੰ ਮੀਡਿਆ ਏਜੇਂਸੀ ਪੀਟੀਆਈ ਦੇ ਹਵਾਲੇ ਤੋਂ ਛਾਪਿਆ ਗਿਆ ਹੈ। ਇਸ ਲਈ ਅਸੀਂ ਪੀਟੀਆਈ ਦੀ ਵੈੱਬਸਾਈਟ ਤੇ ਇਸ ਬਾਰੇ ਸਰਚ ਕੀਤਾ। ਸਾਨੂੰ ਪੀਟੀਆਈ ਦੀ ਵੈੱਬਸਾਈਟ ‘ਤੇ ਅਜਿਹੀ ਕੋਈ ਖਬਰ ਨਹੀ ਮਿਲੀ।
ਇਸ ਤੋਂ ਸਾਫ ਹੁੰਦਾ ਹੈ ਕਿ ਸੋਸ਼ਲ ਮੀਡਿਆ ‘ਤੇ ਵਾਇਰਲ ਹੋ ਰਹੀ ਅਖਬਾਰ ਦੀ ਕਟਿੰਗ ਐਡੀਟੇਡ ਹੈ। ਇਸ ਬਾਰੇ ਵੱਧ ਜਾਣਕਾਰੀ ਲਈ ਅਸੀਂ ਰੋਜ਼ਾਨਾ ਸਪੋਕਸਮੈਨ ਦੇ ਫਲੋਰ ਹੈਡ ਸਤਨਾਮ ਸਿੰਘ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਵਾਇਰਲ ਦਾਅਵੇ ਨੂੰ ਗ਼ਲਤ ਦੱਸਦੇ ਹੋਏ ਕਿਹਾ ਕਿ ਇਹ ਐਡੀਟੇਡ ਹੈ।
ਪੜਤਾਲ ਦੇ ਅੰਤ ਵਿੱਚ ਅਸੀਂ ਇਸ ਐਡੀਟੇਡ ਪੋਸਟ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਦੀ ਜਾਂਚ ਕੀਤੀ। ਜਾਂਚ ਦੌਰਾਨ ਪਤਾ ਲੱਗਾ ਕਿ ਯੂਜ਼ਰ ਮੋਹਾਲੀ ਦਾ ਰਹਿਣ ਵਾਲਾ ਹੈ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਸੀਐਮ ਭਗਵੰਤ ਮਾਨ ਨੂੰ ਲੈ ਕੇ ਵਾਇਰਲ ਹੋ ਰਹੀ ਅਖਬਾਰ ਦੀ ਕਟਿੰਗ ਐਡੀਟੇਡ ਹੈ, ਜਿਸਨੂੰ ਐਡੀਟਿੰਗ ਟੂਲਜ਼ ਦੀ ਮਦਦ ਰਾਹੀਂ ਤਿਆਰ ਕੀਤਾ ਗਿਆ ਹੈ।
- Claim Review : ਗੁਰੂਦਵਾਰਾ ਸਾਹਿਬ ਦੇ ਗ੍ਰੰਥੀ ਦੇ ਕਹਿਣ ਤੇ ਸਰਕਾਰ ਆਪਣੇ ਫੈਸਲੇ ਨਹੀਂ ਬਦਲਦੀ : ਮੁਖ ਮੰਤਰੀ
- Claimed By : Kulwinder Singh Khalsa
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...