ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਗੁੰਮਰਾਹਕੁੰਨ ਨਿਕਲਿਆ। ਵਾਇਰਲ ਵੀਡੀਓ ਪੁਰਾਣਾ ਹੈ ਅਤੇ ਵੀਡੀਓ ਵਿੱਚ ਅਨਮੋਲ ਗਗਨ ਮਾਨ ਭਗਵੰਤ ਮਾਨ ਜਾਂ ਆਮ ਆਦਮੀ ਪਾਰਟੀ ਬਾਰੇ ਨਹੀਂ ਸਗੋ ਕਿਸੇ ਹੋਰ ਪਾਰਟੀ ਬਾਰੇ ਗੱਲ ਕਰ ਰਹੇ ਸੀ। ਪੁਰਾਣੇ ਵੀਡੀਓ ਦੇ ਇੱਕ ਹਿੱਸੇ ਨੂੰ ਕੱਟ ਕੇ ਗ਼ਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
ਨਵੀਂ ਦਿੱਲੀ ( ਵਿਸ਼ਵਾਸ ਨਿਊਜ਼) । ਬੀਤੇ ਦਿਨੀਂ ਆਪਣੀਆਂ ਮੰਗਾਂ ਨੂੰ ਲੈ ਕੇ ਰੈਲੀ ਕਰਦੇ ਹੋਏ ਸੀਐੱਮ ਭਗਵੰਤ ਮਾਨ ਦੀ ਸੰਗਰੂਰ ਸਥਿਤ ਰਿਹਾਇਸ਼ ਵੱਲ ਜਾ ਰਹੇ ਕੱਚੇ ਅਧਿਆਪਕਾਂ ‘ਤੇ ਪੁਲਿਸ ਵਲੋਂ ਲਾਠੀਚਾਰਜ ਕੀਤਾ ਗਿਆ। ਇਸ ਤੋਂ ਬਾਅਦ ਵੱਖ-ਵੱਖ ਸਿਆਸੀ ਪਾਰਟੀਆਂ ਵਲੋਂ ਘਟਨਾ ਦੀ ਨਿਖੇਧੀ ਕਰਦੇ ਹੋਏ ਬਿਆਨ ਦਿੱਤੇ ਜਾ ਰਹੇ ਹਨ। ਹੁਣ ਸੋਸ਼ਲ ਮੀਡਿਆ ‘ਤੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਦੀ ਇੱਕ ਵੀਡੀਓ ਕਲਿਪ ਵਾਇਰਲ ਹੋ ਰਹੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਅਧਿਆਪਕਾ ਤੇ ਹੋਏ ਲਾਠੀਚਾਰਜ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਨ੍ਹਾਂ ਦੀ ਹੀ ਐਮਐਲਏ ਨੇ ਘੇਰਿਆ।
ਵਿਸ਼ਵਾਸ ਨਿਊਜ਼ ਨੇ ਵਾਇਰਲ ਕਲਿਪ ਦੀ ਜਾਂਚ ਕੀਤੀ ਅਤੇ ਇਸਨੂੰ ਗੁੰਮਰਾਹਕੁੰਨ ਪਾਇਆ। ਵਾਇਰਲ ਵੀਡੀਓ ਸਾਲ 2021 ਦਾ ਹੈ ਜਦੋਂ ਅਨਮੋਲ ਗਗਨ ਮਾਨ ਨੇ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਕੀਤੀ ਸੀ ਅਤੇ ਉੱਥੇ ਇੱਕ ਰਿਪੋਰਟਰ ਵਲੋਂ ਮੋਹਾਲੀ ਵਿੱਚ ਅਧਿਆਪਕਾਂ ਦੇ ਧਰਨੇ ਬਾਰੇ ਪੁੱਛਣ ‘ਤੇ ਉਨ੍ਹਾਂ ਨੇ ਇਹ ਗੱਲਾਂ ਕਹਿ ਸੀ। ਹੁਣ ਪੁਰਾਣੇ ਵੀਡੀਓ ਦੇ ਇੱਕ ਹਿੱਸੇ ਨੂੰ ਕੱਟ ਕੇ ਗ਼ਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
ਫੇਸਬੁੱਕ ਯੂਜ਼ਰ “ਪਰਮਬੰਸ ਸਿੰਘ ਬੰਟੀ ਰੋਮਾਣਾ ਫਰੀਦਕੋਟ ਸ਼੍ਰੋਮਣੀ ਅਕਾਲੀ ਦਲ” ਨੇ 3 ਜੁਲਾਈ ਨੂੰ ਕਲਿਪ ਨੂੰ ਸ਼ੇਅਰ ਕੀਤਾ ਹੈ ਅਤੇ ਲਿਖਿਆ ਹੈ : ਆਮ ਆਦਮੀ ਪਾਰਟੀ ਦੀ MLA ਅਨਮੋਲ ਗਗਨ ਮਾਨ ਆਪਣੀ ਹੀ ਪਾਰਟੀ ਦੇ ਮੁੱਖ ਮੰਤਰੀ ਨੂੰ ਹੋਈ ਸਿੱਧੀ ।ਜਿਹੜੀ ਸਰਕਾਰ ਅਧਿਆਪਕਾਂ ਉੱਪਰ ਵਾਰ ਕਰ ਸਕਦੀ ਉਹ ਕਿਸੇ ਦੀ ਸਕੀ ਨਹੀਂ ਹੋ ਸਕਦੀ।
ਬਿਆਨ-: ਬੀਬਾ ਅਨਮੋਲ ਗਗਨ ਮਾਨ।”
ਸੋਸ਼ਲ ਮੀਡਿਆ ਤੇ ਕਈ ਯੂਜ਼ਰਸ ਨੇ ਇਸ ਵੀਡੀਓ ਨੂੰ ਸਮਾਨ ਅਤੇ ਮਿਲਦੇ – ਜੁਲਦੇ ਦਾਅਵਿਆਂ ਨਾਲ ਸ਼ੇਅਰ ਕੀਤਾ ਹੈ। ਪੋਸਟ ਦੇ ਆਰਕਾਈਵ ਲਿੰਕ ਨੂੰ ਇੱਥੇ ਦੇਖਿਆ ਜਾ ਸਕਦਾ ਹੈ।
ਵਾਇਰਲ ਵੀਡੀਓ ਕਲਿਪ ਦੀ ਪੜਤਾਲ ਲਈ ਅਸੀਂ ਸਭ ਤੋਂ ਪਹਿਲਾਂ ਸੰਬੰਧਿਤ ਕੀਵਰਡ ਨਾਲ ਇਹ ਸਰਚ ਕੀਤਾ ਕੀ ਅਨਮੋਲ ਗਗਨ ਮਾਨ ਨੇ ਆਪਣੀ ਪਾਰਟੀ ਜਾਂ ਮੁਖ ਮੰਤਰੀ ਭਗਵੰਤ ਮਾਨ ਬਾਰੇ ਅਜਿਹਾ ਕੁਝ ਕਿਹਾ ਹੈ। ਸਾਨੂੰ ਅਜਿਹੀ ਕੋਈ ਨਿਊਜ ਕਿੱਤੇ ਵੀ ਨਹੀਂ ਮਿਲੀ।
ਇੱਥੋਂ ਅਸੀਂ ਆਪਣੀ ਜਾਂਚ ਨੂੰ ਅੱਗੇ ਵਧਾਇਆ ਅਤੇ ਵੀਡੀਓ ਦੇ ਕਈ ਗ੍ਰੈਬਸ ਕੱਢੇ ਅਤੇ ਗੂਗਲ ਰਿਵਰਸ ਇਮੇਜ ਦੀ ਵਰਤੋਂ ਕਰਕੇ ਉਹਨਾਂ ਨੂੰ ਸਰਚ ਕੀਤਾ। ਇਸ ਦੌਰਾਨ ਸਾਨੂੰ ਅਸਲ ਵੀਡੀਓ ‘ਸ਼ਾਨ ਪੰਜਾਬੀ ਮੀਡਿਆ’ ਦੇ ਵੇਰੀਫਾਈਡ ਯੂਟਿਊਬ ਚੈਨਲ ‘ਤੇ 16 ਜੂਨ 2021 ਨੂੰ ਅਪਲੋਡ ਮਿਲਾ। ਵੀਡੀਓ ਵਿੱਚ ਵਾਇਰਲ ਕਲਿਪ ਦੇ ਹਿੱਸੇ ਨੂੰ 10 ਮਿੰਟ 13 ਸੈਕੰਡ ਤੋਂ ਲੈ ਕੇ 10 ਮਿੰਟ 33 ਸੈਕੰਡ ਵਿੱਚਕਾਰ ਦੇਖਿਆ ਜਾ ਸਕਦਾ ਹੈ।
ਵੀਡੀਓ ‘ਚ ਇੱਕ ਰਿਪੋਰਟਰ ਵਲੋਂ ਮੋਹਾਲੀ ਧਰਨੇ ਵਿੱਚ ਬੈਠੇ ਅਧਿਆਪਕਾਂ ਬਾਰੇ ਪੁੱਛੇ ਜਾਣ ‘ਤੇ ਅਨਮੋਲ ਗਗਨ ਮਾਨ ਨੇ ਕਿਹਾ, “ਜਿਸ ਦੇਸ਼ ਦਾ ਅਧਿਆਪਕ ਰੁਲਦਾ ਹੋਵੇ, ਅਸਲ ਵਿੱਚ ਅਧਿਆਪਕ ਨਹੀਂ ਰੁਲਦਾ ਉਸ ਦੇਸ਼ ਦਾ ਆਉਣ ਵਾਲਾ ਭਵਿੱਖ ਰੁਲ ਰਿਹਾ ਹੁੰਦਾ ਹੈ। ਜਿਹੜੀ ਸਰਕਾਰ ਅਧਿਆਪਕਾਂ ਉੱਤੇ ਵਾਰ ਕਰ ਸਕਦੀ ਹੈ ਉਹ ਕਿਸੇ ਦੀ ਸਕੀ ਨਹੀਂ ਹੋ ਸਕਦੀ। ਅਧਿਆਪਕਾਂ ਨੇ ਆਉਣ ਵਾਲੇ ਸਮਾਜ ਦੀ ਬੱਚਿਆਂ ਨੂੰ ਪੜ੍ਹਾ ਕੇ ਨੀਵ ਰੱਖਣੀ ਹੁੰਦੀ ਹੈ। ਜਦੋਂ ਅਧਿਆਪਕ ਲਤਾੜਿਆ ਜਾ ਰਿਹਾ ਹੈ ਤਾਂ ਦੇਸ਼ ਦਾ ਫਿਊਚਰ ਲਤਾੜਿਆ ਜਾ ਰਿਹਾ ਹੈ।”
ਵੀਡੀਓ ਨੂੰ ਡੇਲੀ ਅਜੀਤ ਦੇ ਫੇਸਬੁੱਕ ਪੇਜ ‘ਤੇ ਵੀ ਦੇਖਿਆ ਜਾ ਸਕਦਾ ਹੈ। ਸਾਲ 2021 ਵਿੱਚ ਅਪਲੋਡ ਕਰਦਿਆਂ ਵੀਡੀਓ ਨੂੰ ਸਿਰਲੇਖ ਦਿੱਤਾ ਗਿਆ,’ਆਪ ਆਗੂ ਅਨਮੋਲ ਗਗਨ ਮਾਨ ਵਲੋਂ ਚੰਡੀਗੜ੍ਹ ਵਿਚ ਪ੍ਰੈਸ ਕਾਨਫ਼ਰੰਸ।’ ਇਸ ਵੀਡੀਓ ਵਿੱਚ ਅਨਮੋਲ ਗਗਨ ਮਾਨ ਦੇ ਵਾਇਰਲ ਹੋ ਰਹੇ ਬਿਆਨ ਨੂੰ 10 ਮਿੰਟ 16 ਸਕਿੰਟ ਤੋਂ ਸੁਣਿਆ ਜਾ ਸਕਦਾ ਹੈ।
ਵਾਇਰਲ ਵੀਡੀਓ ਬਾਰੇ ਜਾਣਕਾਰੀ ਲਈ ਅਸੀਂ ਆਮ ਆਦਮੀ ਪਾਰਟੀ ਦੇ ਪੰਜਾਬ ਸਪੋਕਸਪਰਸਨ ਨੀਲ ਗਰਗ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਵੀਡੀਓ ਪੁਰਾਣਾ ਹੈ। ਵੀਡੀਓ ਵਿੱਚ ਭਗਵੰਤ ਮਾਨ ਬਾਰੇ ਜਾਂ ਪਾਰਟੀ ਬਾਰੇ ਗੱਲ ਨਹੀਂ ਕੀਤੀ ਜਾ ਰਹੀ ਹੈ। ਵੀਡੀਓ ਦੇ ਕੁਝ ਹਿੱਸੇ ਨੂੰ ਕੱਟ ਕੇ ਵਾਇਰਲ ਕੀਤਾ ਜਾ ਰਿਹਾ ਹੈ।
ਸੰਗਰੂਰ ਵਿਚ ਕੱਚੇ ਅਧਿਆਪਕਾਂ ਵੱਲੋਂ ਰੈਗੂਲਰ ਹੋਣ ਲਈ ਬੀਤੇ ਲੰਮੇ ਸਮੇਂ ਤੋਂ ਧਰਨਾ ਲਾਇਆ ਹੋਇਆ ਹੈ। ਬੀਤੇ ਦਿਨੀਂ ਇਨ੍ਹਾਂ ਕੱਚੇ ਅਧਿਆਪਕਾਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਵੱਲ ਜਾ ਰਹੇ ਮਾਰਚ ਨੂੰ ਰੋਕਣ ਲਈ ਸੰਗਰੂਰ ਪੁਲਿਸ ਨੇ ਇਨ੍ਹਾਂ ਅਧਿਆਪਕਾਂ ‘ਤੇ ਅੰਨੇਵਾਹ ਬੇਰਹਿਮੀ ਨਾਲ ਲਾਠੀਚਾਰਜ ਕੀਤਾ। ਖਬਰ ਮੁਤਾਬਿਕ ਪ੍ਰਦਰਸ਼ਕਾਰੀਆਂ ਦਾ ਕਹਿਣਾ ਹੈ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹਾਲ ਹੀ ਵਿੱਚ 14,239 ਅਧਿਆਪਕਾਂ ਅਤੇ ਸਿੱਖਿਆ ਵਿਭਾਗ ਦੇ ਹੋਰ ਕਰਮਚਾਰੀਆਂ ਨੂੰ ਰੈਗੂਲਰ ਕਰਨ ਦਾ ਦਾਅਵਾ ਕੀਤਾ ਹੈ ਜੋ ਕਿ ਸਿਰਫ ਮਾਮੂਲੀ ਵਾਧਾ ਹੈ।
ਜਾਂਚ ਦੇ ਅੰਤ ‘ਚ ਪੋਸਟ ਨੂੰ ਵਾਇਰਲ ਕਰਨ ਵਾਲੇ ਯੂਜ਼ਰ ਦੀ ਸੋਸ਼ਲ ਸਕੈਨਿੰਗ ਕੀਤੀ। ਸਕੈਨਿੰਗ ‘ਚ ਪਤਾ ਲੱਗਾ ਕਿ ਯੂਜ਼ਰ ਨੂੰ 4 ਹਜਾਰ ਤੋਂ ਵੱਧ ਲੋਕ ਫੋਲੋ ਕਰਦੇ ਹਨ। ਯੂਜ਼ਰ ਇੱਕ ਰਾਜਨੀਤੀ ਪਾਰਟੀ ਨਾਲ ਜੁੜਿਆ ਹੋਇਆ ਹੈ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਗੁੰਮਰਾਹਕੁੰਨ ਨਿਕਲਿਆ। ਵਾਇਰਲ ਵੀਡੀਓ ਪੁਰਾਣਾ ਹੈ ਅਤੇ ਵੀਡੀਓ ਵਿੱਚ ਅਨਮੋਲ ਗਗਨ ਮਾਨ ਭਗਵੰਤ ਮਾਨ ਜਾਂ ਆਮ ਆਦਮੀ ਪਾਰਟੀ ਬਾਰੇ ਨਹੀਂ ਸਗੋ ਕਿਸੇ ਹੋਰ ਪਾਰਟੀ ਬਾਰੇ ਗੱਲ ਕਰ ਰਹੇ ਸੀ। ਪੁਰਾਣੇ ਵੀਡੀਓ ਦੇ ਇੱਕ ਹਿੱਸੇ ਨੂੰ ਕੱਟ ਕੇ ਗ਼ਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।