ਵਿਸ਼ਵਾਸ ਨਿਊਜ਼ ਦੀ ਜਾਂਚ ਵਿਚ ਪਤਾ ਲੱਗਾ ਕਿ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ 7 ਅਕਤੂਬਰ 1930 ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ। 14 ਫਰਵਰੀ ਦੀ ਗੱਲ ਪੂਰੀ ਤਰ੍ਹਾਂ ਗਲਤ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਵੈਲਨਟਾਈਨ ਡੇਅ ਦੇ ਮੌਕੇ ਇੱਕ ਵਾਰ ਫਿਰ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਬਾਰੇ ਇੱਕ ਪੋਸਟ ਵਾਇਰਲ ਹੋ ਰਹੀ ਹੈ, ਜਿਸ ਵਿੱਚ ਦਾਅਵਾ ਹੈ ਕਿ 14 ਫਰਵਰੀ ਦੇ ਦਿਨ ਹੀ ਇਨ੍ਹਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ।ਕੁਝ ਯੂਜ਼ਰਸ ਇਸਨੂੰ ਸੱਚ ਮੰਨਦੇ ਹੋਏ ਵਾਇਰਲ ਕਰ ਰਹੇ ਹਨ। ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਤੱਥ-ਜਾਂਚ ਕੀਤੀ। ਦਾਅਵਾ ਪੂਰੀ ਤਰ੍ਹਾਂ ਫਰਜ਼ੀ ਨਿਕਲਿਆ। ਜਾਂਚ ਵਿੱਚ ਪਤਾ ਲੱਗਾ ਕਿ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ ਫਾਂਸੀ ਦੀ ਸਜਾ 7 ਅਕਤੂਬਰ 1930 ਨੂੰ ਸੁਣਾਈ ਗਈ ਸੀ। ਇਨ੍ਹਾਂ ਤਿੰਨਾਂ ਕ੍ਰਾਂਤੀਕਾਰੀਆਂ ਨੂੰ 23 ਮਾਰਚ 1931 ਵਿੱਚ ਫਾਂਸੀ ਦਿੱਤੀ ਗਈ ਸੀ।
ਫੇਸਬੁੱਕ ਯੂਜ਼ਰ ‘ਡੀ ਕੇ ਗੰਗਵਾਰ’ ਨੇ 14 ਫਰਵਰੀ ਨੂੰ ਹਿੰਦੀ ਵਿੱਚ ਇੱਕ ਪੋਸਟ ਕਰਦੇ ਹੋਏ ਦਾਅਵਾ ਕੀਤਾ, “ਅੱਜ ਦੇ ਹੀ ਦਿਨ ਮਾਂ ਭਾਰਤੀ ਦੇ ਸਪੂਤ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਜੀ ਨੂੰ ਅੰਗਰੇਜਾਂ ਦੀ ਅਦਾਲਤ ਨੇ ਫਾਂਸੀ ਦੀ ਸਜ਼ਾ ਸੁਣਾਈ ਸੀ! ਅੱਜ ਬਾਬਰ ਦਾ ਜਨਮ ਦਿਨ ਵੀ ਹੈ ਅਤੇ ਅੱਜ ਹੀ ਵੈਲਨਟਾਈਨ ਡੇਅ ਵੀ ਹੈ। ਇਤਿਹਾਸ ਤੋਂ ਸਮਝੋ, ਸਨਾਤਨੀਓ, ਅਜੇ ਵੀ ਸਮਾਂ ਹੈ! ਓਮ ਨਮੋ ਸ਼ਿਵਾਏ।’
ਪੋਸਟ ਨੂੰ ਸੱਚ ਮੰਨਦੇ ਹੋਏ ਦੂਜੇ ਯੂਜ਼ਰਸ ਵੀ ਇਸ ਨੂੰ ਵਾਇਰਲ ਕਰ ਰਹੇ ਹਨ। ਪੋਸਟ ਦਾ ਆਰਕਾਈਵ (ਮੂਲ) ਲਿੰਕ ਇੱਥੇ ਦੇਖਿਆ ਜਾ ਸਕਦਾ ਹੈ।
ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਪੜਤਾਲ ਦੇ ਲਈ ਸਭ ਤੋਂ ਪਹਿਲਾਂ ਗੂਗਲ ਓਪਨ ਸਰਚ ਟੂਲ ਦੀ ਮਦਦ ਲਈ। ਸਬੰਧਤ ਸ਼ਬਦਾਂ ਨਾਲ ਖੋਜ ਕਰ ਕੇ ਸਾਨੂੰ ਬੀਬੀਸੀ ਹਿੰਦੀ ਦੀ ਇੱਕ ਰਿਪੋਰਟ ਮਿਲੀ। ਇਸ ਵਿੱਚ ਐਮ.ਐਸ. ਗਿੱਲ ਦੀ ਅੰਗਰੇਜ਼ੀ ਕਿਤਾਬ ‘ਟਰਾਇਲਜ਼ ਦੈਟ ਚੇਂਜਡ ਹਿਸਟਰੀ: ਫਰਾਮ ਸੋਕਰੇਟਸ ਟੂ ਸੱਦਾਮ ਹੁਸੈਨ’ ਦਾ ਹਵਾਲਾ ਦੇ ਕੇ ਲਿਖਿਆ ਗਿਆ, “ਸਪੈਸ਼ਲ ਟ੍ਰਿਬਿਊਨਲ ਕੋਰਟ ਨੇ 7 ਅਕਤੂਬਰ 1930 ਨੂੰ ਭਾਰਤੀ ਦੰਡ ਵਿਧਾਨ ਦੀਆਂ ਧਾਰਾਵਾਂ 121 ਅਤੇ 302 ਅਤੇ ਐਕਸਪਲੋਸਿਵ ਸਬਸਟੈਂਸ ਐਕਟ 1908 ਦੀ ਧਾਰਾ 4 (ਬੀ) ਅਤੇ 6 (ਐਫ) ਦੇ ਤਹਿਤ ਬਹੁਤ ਹੀ ਸ਼ਾਂਤ ਅਤੇ ਗੰਭੀਰ ਆਵਾਜ਼ ਵਿੱਚ ਜ਼ਹਿਰ ਉਗਲਿਆ ਅਤੇ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਮੌਤ ਦੀ ਸਜ਼ਾ ਦਾ ਐਲਾਨ ਕੀਤਾ।”
ਬੀਬੀਸੀ ਹਿੰਦੀ ਦੀ ਰਿਪੋਰਟ ਵਿੱਚ ‘ਹਿਸਟਰੀ ਆਫ ਸਿਰਸਾ ਟਾਊਨ’ ਕਿਤਾਬ ਦਾ ਵੀ ਜ਼ਿਕਰ ਕੀਤਾ ਗਿਆ। ਇਸ ਦੇ ਲੇਖਕ ਜੁਗਲ ਕਿਸ਼ੋਰ ਗੁਪਤਾ ਨੇ ਬੀਬੀਸੀ ਨੂੰ ਦੱਸਿਆ, “ਲਾਹੌਰ ਸਾਜ਼ਿਸ਼ ਮਾਮਲੇ ਵਿੱਚ 7 ਅਕਤੂਬਰ 1930 ਨੂੰ ਟ੍ਰਿਬਿਊਨਲ ਨੇ ਸਜ਼ਾ ਦਾ ਐਲਾਨ ਕੀਤਾ। ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ 23 ਮਾਰਚ 1931 ਨੂੰ ਫਾਂਸੀ ਦੇ ਦਿੱਤੀ ਗਈ।”ਬੀਬੀਸੀ ਹਿੰਦੀ ਦੀ ਰਿਪੋਰਟ ਇੱਥੇ ਪੜ੍ਹੀ ਜਾ ਸਕਦੀ ਹੈ।
ਵਿਸ਼ਵਾਸ ਨਿਊਜ਼ ਨੇ ਭਗਤ ਸਿੰਘ ਉੱਤੇ ਏ.ਜੀ. ਨੂਰਾਨੀ ਦੀ ਪ੍ਰਸਿੱਧ ਕਿਤਾਬ ‘ਦਿ ਟ੍ਰਾਇਲ ਆਫ ਭਗਤ ਸਿੰਘ: ਪਾਲੀਟਿਕਸ ਆਫ ਜਸਟਿਸ’ ਨੂੰ ਖੰਗਾਲਣਾ ਸ਼ੁਰੂ ਕੀਤਾ। ਇਸ ਦੇ ਪੰਨਾ ਨੰਬਰ 21 ਉੱਤੇ ਵੀ ਦੱਸਿਆ ਗਿਆ ਕਿ ਇਨ੍ਹਾਂ ਤਿੰਨਾਂ ਨੂੰ 7 ਅਕਤੂਬਰ 1930 ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ, ਜਦੋਂ ਕਿ ਇਨ੍ਹਾਂ ਨੂੰ 23 ਮਾਰਚ 1931 ਨੂੰ ਫਾਂਸੀ ਦੇ ਦਿੱਤੀ ਗਈ।
ਜਾਂਚ ਨੂੰ ਅੱਗੇ ਵਧਾਉਂਦੇ ਹੋਏ ਭਗਤ ਸਿੰਘ ਆਰਕਾਈਵ ਐਂਡ ਰਿਸੋਰਸ ਸੈਂਟਰ ਦੇ ਪ੍ਰੋਫੈਸਰ ਚਮਨ ਲਾਲ ਨਾਲ ਸੰਪਰਕ ਕੀਤਾ ਗਿਆ। ਉਨ੍ਹਾਂ ਨਾਲ ਵਾਇਰਲ ਪੋਸਟ ਨੂੰ ਸਾਂਝਾ ਕੀਤਾ। ਉਨ੍ਹਾਂ ਨੇ ਦੱਸਿਆ ਕਿ ਹਰ ਸਾਲ ਵੈਲਨਟਾਈਨ ਡੇਅ ਮੌਕੇ ਅਜਿਹੀਆਂ ਪੋਸਟਾਂ ਵਾਇਰਲ ਹੁੰਦੀਆਂ ਹਨ। ਉਨ੍ਹਾਂ ਨੇ ਅੱਗੇ ਦੱਸਿਆ, “ਕੁਝ ਲੋਕ ਜਾਣਬੁੱਝ ਕੇ 14 ਫਰਵਰੀ ਨੂੰ ਭਗਤ ਸਿੰਘ ਦੀ ਫਾਂਸੀ ਦੀ ਤਰੀਕ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਬਿਲਕੁਲ ਬਕਵਾਸ ਹੈ।”
ਪ੍ਰੋਫੈਸਰ ਚਮਨਲਾਲ ਨੇ ਵਿਸ਼ਵਾਸ ਨਿਊਜ਼ ਨਾਲ ਇੱਕ ਫੇਸਬੁੱਕ ਪੋਸਟ ਵੀ ਸਾਂਝਾ ਕੀਤੀ। ਇਸ ਵਿੱਚ ਉਨ੍ਹਾਂ ਨੇ ਇਸ ਮਾਮਲੇ ਬਾਰੇ ਵਿਸਥਾਰ ਵਿੱਚ ਲਿਖਿਆ ਹੈ। ਇਸ ਨੂੰ ਇੱਥੇ ਪੜ੍ਹਿਆ ਜਾ ਸਕਦਾ ਹੈ।
ਵਾਇਰਲ ਪੋਸਟ ਨੂੰ ਲੈ ਕੇ ਸ਼ਹੀਦ ਭਗਤ ਸਿੰਘ ਸੈਂਟੇਨਰੀ ਫਾਊਂਡੇਸ਼ਨ ਦੇ ਚੇਅਰਮੈਨ ਅਤੇ ਭਗਤ ਸਿੰਘ ਦੀ ਛੋਟੀ ਭੈਣ ਅਮਰ ਕੌਰ ਦੇ ਪੁੱਤਰ ਪ੍ਰੋਫੈਸਰ ਜਗਮੋਹਨ ਸਿੰਘ ਦਾ ਕਹਿਣਾ ਹੈ, “ਇਹ ਦਾਅਵਾ ਹਰ ਸਾਲ ਵਾਇਰਲ ਹੁੰਦਾ ਹੈ ਅਤੇ ਇਸ ਵਿੱਚ ਕੋਈ ਸੱਚਾਈ ਨਹੀਂ ਹੈ। ਅਜਿਹੀਆਂ ਪੋਸਟਾਂ ਲੋਕਾਂ ਨੂੰ ਗੁੰਮਰਾਹ ਕਰਨ ਲਈ ਸ਼ੇਅਰ ਕੀਤੀਆਂ ਜਾਂਦੀਆਂ ਹਨ।”
ਵਿਸ਼ਵਾਸ ਨਿਊਜ਼ ਨੇ ਅਜਿਹੀ ਵਾਇਰਲ ਪੋਸਟ ਦੀ ਇੱਕ ਵਾਰ ਪਹਿਲਾਂ ਵੀ ਤੱਥ-ਜਾਂਚ ਕੀਤੀ ਸੀ। ਉਹ ਰਿਪੋਰਟ ਇੱਥੇ ਕਲਿੱਕ ਕਰ ਕੇ ਪੜ੍ਹੀ ਜਾ ਸਕਦੀ ਹੈ।
ਜਾਂਚ ਦੇ ਅੰਤ ‘ਚ ਫਰਜ਼ੀ ਪੋਸਟ ਕਰਨ ਵਾਲੇ ਯੂਜ਼ਰ ਦੀ ਜਾਂਚ ਕੀਤੀ ਗਈ। ਫੇਸਬੁੱਕ ਯੂਜ਼ਰ ‘ਡੀਕੇ ਗੰਗਵਾਰ’ ਇੱਕ ਸਿਆਸੀ ਪਾਰਟੀ ਨਾਲ ਜੁੜੇ ਹੋਏ ਹਨ। ਉਨ੍ਹਾਂ ਦੇ 4000 ਤੋਂ ਵੱਧ ਫੇਸਬੁੱਕ ਮਿੱਤਰ ਹਨ। ਉਹ ਊਧਮ ਸਿੰਘ ਨਗਰ ਦੇ ਰਹਿਣ ਵਾਲੇ ਹਨ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿਚ ਪਤਾ ਲੱਗਾ ਕਿ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ 7 ਅਕਤੂਬਰ 1930 ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ। 14 ਫਰਵਰੀ ਦੀ ਗੱਲ ਪੂਰੀ ਤਰ੍ਹਾਂ ਗਲਤ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।