ਸੋਸ਼ਲ ਮੀਡਿਆ ਉੱਤੇ ਵਾਇਰਲ ਹੋ ਰਿਹਾ ਬਲਕਾਰ ਸਿੰਘ ਸਿੱਧੂ ਦਾ ਇਹ ਵੀਡੀਓ 7 ਸਾਲ ਪੁਰਾਣਾ ਹੈ ਜਿਸ ਨੂੰ ਹਾਲ ਦਾ ਦੱਸਦੇ ਹੋਏ ਵਾਇਰਲ ਕੀਤਾ ਜਾ ਰਿਹਾ ਹੈ। ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਗ਼ਲਤ ਨਿਕਲਿਆ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੋਸ਼ਲ ਮੀਡਿਆ ਉੱਤੇ ਪੰਜਾਬੀ ਗਾਇਕ ਅਤੇ ਰਾਮਪੁਰਾ ਫੁੱਲ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ਨੂੰ ਹਾਲ ਦਾ ਦੱਸਦੇ ਹੋਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਬਲਕਾਰ ਸਿੱਧੂ ਆਪਣੀ ਪਾਰਟੀ ਖਿਲਾਫ ਬੋਲ ਰਹੇ ਹਨ। ਵਾਇਰਲ ਵੀਡੀਓ ਉੱਤੇ ਮੀਡੀਆ ਅਦਾਰੇ ਏਬੀਪੀ ਸਾਂਝਾ ਦਾ ਲੋਗੋ ਲੱਗਿਆ ਹੋਇਆ ਹੈ।
ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਗੁੰਮਰਾਹਕੁਨ ਸਾਬਿਤ ਹੋਇਆ। ਵਾਇਰਲ ਵੀਡੀਓ 7 ਸਾਲ ਪੁਰਾਣਾ ਹੈ ਜਦੋਂ ਬਲਕਾਰ ਸਿੱਧੂ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਣ ਜਾ ਰਹੇ ਸਨ। ਇਸ ਵੀਡੀਓ ਦੇ ਇੱਕ ਹਿੱਸੇ ਨੂੰ ਹਾਲ ਦਾ ਦੱਸਦੇ ਹੋਏ ਝੂਠੇ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
ਫੇਸਬੁੱਕ ਪੇਜ ‘Aap Ki Awaaz’ ਨੇ 27 ਫਰਵਰੀ ਨੂੰ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਹੈ ,”ਲਓ ਸੁਣੋ ਫੇਰ ਝਾੜੂ ਦੀਆਂ ਸਿਫਤਾਂ ਬਦਲਾਵ ਵਾਲੇ MLA ਸਾਬ ਤੋਂ।”
ਸੋਸ਼ਲ ਮੀਡਿਆ ਤੇ ਕਈ ਯੂਜ਼ਰਸ ਨੇ ਇਸ ਵੀਡੀਓ ਨੂੰ ਸਮਾਨ ਅਤੇ ਮਿਲਦੇ- ਜੁਲਦੇ ਦਾਅਵਿਆਂ ਨਾਲ ਸ਼ੇਅਰ ਕੀਤਾ ਹੈ। ਇਸ ਪੋਸਟ ਦਾ ਆਰਕਾਈਵ ਵਰਜਨ ਇੱਥੇ ਕਲਿੱਕ ਕਰਕੇ ਦੇਖਿਆ ਜਾ ਸਕਦਾ ਹੈ।
ਵਾਇਰਲ ਵੀਡੀਓ ਦੀ ਪੜਤਾਲ ਲਈ ਅਸੀਂ ਸਭ ਤੋਂ ਪਹਿਲਾ ਏਬੀਪੀ ਸਾਂਝਾ ਦੇ ਯੂਟਿਊਬ ਚੈੱਨਲ ਉੱਤੇ ਵੀਡੀਓ ਦੀ ਖੋਜ ਕੀਤੀ। ਸਾਨੂੰ ਵਾਇਰਲ ਵੀਡੀਓ ਦਾ ਪੂਰਾ ਹਿੱਸਾ ਏਬੀਪੀ ਸਾਂਝਾ ਦੇ ਯੂਟਿਊਬ ਚੈਨਲ ਉੱਪਰ 9 ਫਰਵਰੀ 2016 ਨੂੰ ਅਪਲੋਡ ਮਿਲਿਆ। ਵੀਡੀਓ ਨਾਲ ਲਿਖਿਆ ਸੀ ,”ਆਮ ਆਦਮੀ ਪਾਰਟੀ ‘ਤੇ ਵਰ੍ਹੇ ਬਲਕਾਰ ਸਿੱਧੂ “
ਇਸ ਵਿੱਚ ਵਾਇਰਲ ਵੀਡੀਓ ਦੇ ਹਿੱਸੇ ਨੂੰ 2 ਮਿਨਟ 44 ਸੈਕਿੰਡ ਤੋਂ ਲੈ ਕੇ 3 ਮਿਨਟ 16 ਸੈਕਿੰਡ ਵਿਚਕਾਰ ਦੇਖਿਆ ਜਾ ਸਕਦਾ ਹੈ। ਵੀਡੀਓ ਵਿੱਚ ਬਲਕਾਰ ਸਿੱਧੂ ਨੂੰ ਇਹ ਕਹਿੰਦੇ ਹੋਏ ਦੇਖਿਆ ਜਾ ਸਕਦਾ ਹੈ, “ਜਿਹੜਾ ਕਹਿੰਦਾ ਕਿ ਅਸੀਂ ਪੰਜਾਬ ਵਿੱਚ ਸਫਾਈ ਕਰਾਂਗੇ, ਇਹ ਝਾੜੂ ਨੇ ਤਾਂ ਆਪ ਹੀ ਗੰਦ ਪਾ ਦੇਣਾ ਏ। ਪੰਜਾਬ ਵਾਸੀਆਂ ਨੂੰ ਬੇਨਤੀ ਹੈ ਕਿ ਇਨ੍ਹਾਂ ਵਿੱਚੋਂ ਜਿਹੜੇ ਆਏ ਹੋਏ ਨੇ ‘ਆਪ’ ਨੇਤਾ, ਉਹ ਪੰਜਾਬ ਵਿੱਚ ਕਬਜਾ ਕਰਨਾ ਚਾਹੁੰਦੇ ਹਨ। ਇਹ ਕਬਜਾ ਨਾ ਹੋਣ ਦਿਓ।”
ਏਬੀਪੀ ਸਾਂਝਾ ਨੇ ਆਪਣੇ ਵੇਰੀਫਾਈਡ ਫੇਸਬੁੱਕ ਪੇਜ ਉੱਤੇ ਵੀ ਇਹ ਵੀਡੀਓ ਸ਼ੇਅਰ ਕੀਤਾ ਸੀ। 9 ਫਰਵਰੀ 2016 ਨੂੰ ਸ਼ੇਅਰ ਵੀਡੀਓ ਵਿੱਚ ਲਿਖਿਆ ਸੀ ,” ਕਾਂਗਰਸ ਵਿੱਚ ਸ਼ਾਮਿਲ ਹੋਣ ਤੋਂ ਪਹਿਲਾਂ ਬਲਕਾਰ ਸਿੰਘ ਸਿੱਧੂ ਏਬੀਪੀ ਸਾਂਝਾ ‘ਤੇ।”
ਅਸੀਂ ਵੀਡੀਓ ਵਿੱਚ ਦਿੱਖ ਰਹੇ ਰਿਪੋਰਟਰ ਅਤੇ ਅੱਜ ਦੇ ਸਮੇਂ ਵਿੱਚ ਪ੍ਰੋ-ਪੰਜਾਬ ਟੀਵੀ ਦੇ ਮੈਨੇਜਿੰਗ ਡਾਇਰੈਕਟਰ ਯਾਦਵਿੰਦਰ ਸਿੰਘ ਨਾਲ ਗੱਲ ਕੀਤੀ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਵੀਡੀਓ ਪੁਰਾਣਾ ਹੈ ਅਤੇ ਇਸ ਨੂੰ ਗ਼ਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਪੜਤਾਲ ਦੇ ਅੰਤ ਵਿੱਚ ਅਸੀਂ ਇਸ ਵੀਡੀਓ ਨੂੰ ਸ਼ੇਅਰ ਕਰਨ ਵਾਲੇ ਪੇਜ Aap Ki Awaaz ਦੀ ਸੋਸ਼ਲ ਸਕੈਨਿੰਗ ਕੀਤੀ। ਸਾਨੂੰ ਪਤਾ ਲੱਗਿਆ ਕਿ ਇਸ ਪੇਜ ਨੂੰ ਲਗਭਗ 1.5 ਲੱਖ ਲੋਕ ਫੌਲੋ ਕਰਦੇ ਹਨ। ਇਸ ਪੇਜ ਨੂੰ 8 ਮਾਰਚ 2014 ਨੂੰ ਬਣਾਇਆ ਗਿਆ ਸੀ।
ਨਤੀਜਾ: ਸੋਸ਼ਲ ਮੀਡਿਆ ਉੱਤੇ ਵਾਇਰਲ ਹੋ ਰਿਹਾ ਬਲਕਾਰ ਸਿੰਘ ਸਿੱਧੂ ਦਾ ਇਹ ਵੀਡੀਓ 7 ਸਾਲ ਪੁਰਾਣਾ ਹੈ ਜਿਸ ਨੂੰ ਹਾਲ ਦਾ ਦੱਸਦੇ ਹੋਏ ਵਾਇਰਲ ਕੀਤਾ ਜਾ ਰਿਹਾ ਹੈ। ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਗ਼ਲਤ ਨਿਕਲਿਆ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।