ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਗ਼ਲਤ ਨਿਕਲਿਆ। ਮਾਰਚ 2021 ‘ਚ ਮੂਸੇਵਾਲੇ ਨੇ ਸੋਨਮ ਬਾਜਵਾ ਨੂੰ ਇਹ ਇੰਟਰਵਿਊ ਦਿੱਤਾ ਸੀ, ਜਿਸ ਨੂੰ ਲੋਕ ਹੁਣ ਸਿੱਧੂ ਮੂਸੇਵਾਲੇ ਦਾ ਆਖ਼ਰੀ ਇੰਟਰਵਿਊ ਦੱਸ ਗਲਤ ਦਾਅਵੇ ਨਾਲ ਸ਼ੇਅਰ ਕਰ ਰਹੇ ਹਨ।
ਵਿਸ਼ਵਾਸ ਨਿਊਜ਼ (ਨਵੀਂ ਦਿੱਲੀ)। ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੀ ਮਾਨਸਾ ਜ਼ਿਲ੍ਹੇ ਵਿੱਚ ਪਿਛਲੀ ਦਿਨੀ ਗੋਲੀਆ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਉਦੋਂ ਤੋਂ ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ ਤੇ ਉਨ੍ਹਾਂ ਨੂੰ ਲੈ ਕੇ ਕਈ ਤਰ੍ਹਾਂ ਦੇ ਦਾਅਵੇ ਕੀਤੇ ਜਾ ਰਹੇ ਹਨ। ਹੁਣ ਸਿੱਧੂ ਮੂਸੇਵਾਲੇ ਦਾ 2 ਮਿੰਟ 47 ਸੈਕਿੰਡ ਦਾ ਇੱਕ ਵੀਡੀਓ ਸ਼ੇਅਰ ਕਰਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਉਨ੍ਹਾਂ ਦਾ ਆਖਰੀ ਇੰਟਰਵਿਊ ਹੈ। ਵੀਡੀਓ ‘ਚ ਮੂਸੇਵਾਲੇ ਨੂੰ ਮਹਿਲਾ ਐਂਕਰ ਨਾਲ ਬੈਠੇ ਦੇਖਿਆ ਜਾ ਸਕਦਾ ਹੈ। ਵੀਡੀਓ ‘ਚ ਉਹ ਐਂਕਰ ਨੂੰ ਆਪਣੇ ਸੰਘਰਸ਼ ਬਾਰੇ ਦੱਸਦੇ ਹੋਏ ਨਜ਼ਰ ਆ ਰਹੇ ਹਨ। ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਹੋਇਆ ਦਾਅਵਾ ਗ਼ਲਤ ਨਿਕਲਿਆ। ਮਾਰਚ 2021 ਵਿੱਚ ਮੂਸੇਵਾਲੇ ਨੇ ਸੋਨਮ ਬਾਜਵਾ ਨੂੰ ਇਹ ਇੰਟਰਵਿਊ ਦਿੱਤਾ ਸੀ। ਜਿਸ ਨੂੰ ਲੋਕ ਹੁਣ ਗਲਤ ਦਾਅਵੇ ਨਾਲ ਸ਼ੇਅਰ ਕਰ ਰਹੇ ਹਨ।
ਕੀ ਹੈ ਵਾਇਰਲ ਦਾਅਵੇ ‘ਚ ?
ਫੇਸਬੁੱਕ ਯੂਜ਼ਰ ਪੈਯਮ ਨਿਊਜ਼ ਨੇ 31 ਮਈ 2022 ਨੂੰ ਵਾਇਰਲ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ, “ਸਿੱਧੂ ਮੂਸੇਵਾਲਾ ਦਾ ਆਖਰੀ ਵੀਡੀਓ।”
ਸੋਸ਼ਲ ਮੀਡੀਆ ਤੇ ਯੂਜ਼ਰਸ ਇਸ ਵੀਡੀਓ ਨੂੰ ਮਿਲਦੇ – ਜੁਲਦੇ ਦਾਅਵੇ ਨਾਲ ਸ਼ੇਅਰ ਕਰ ਰਹੇ ਹਨ। ਪੋਸਟ ਦਾ ਆਰਕਾਈਵ ਵਰਜਨ ਇੱਥੇ ਦੇਖਿਆ ਜਾ ਸਕਦਾ ਹੈ।
ਪੜਤਾਲ
ਵਿਸ਼ਵਾਸ ਨਿਊਜ਼ ਨੇ ਮੂਸੇਵਾਲੇ ਦੇ ਆਖਰੀ ਇੰਟਰਵਿਊ ਦੇ ਨਾਂ ਨਾਲ ਵਾਇਰਲ ਵੀਡੀਓ ਦੀ ਸੱਚਾਈ ਜਾਣਨ ਲਈ ਸਭ ਤੋਂ ਪਹਿਲਾਂ ਯੂਟਿਊਬ ਦੀ ਮਦਦ ਲਈ। ਯੂਟਿਊਬ ਤੇ ਅਸੀਂ ਸੰਬੰਧਿਤ ਕੀਵਰਡ ਪਾ ਕੇ ਅਸਲੀ ਵੀਡੀਓ ਨੂੰ ਸਰਚ ਕਰਨਾ ਸ਼ੁਰੂ ਕੀਤਾ। ਇਸ ਦੌਰਾਨ ਸਾਨੂੰ ਅਸਲੀ ਵੀਡੀਓ 28 ਜੂਨ 2021 ਨੂੰ ਜ਼ੀ ਪੰਜਾਬੀ ਦੇ ਅਧਿਕਾਰਿਤ ਯੂਟਿਊਬ ਚੈਨਲ ਤੇ ਅੱਪਲੋਡ ਮਿਲਿਆ। ਕੈਪਸ਼ਨ ‘ਚ ਦਿੱਤੀ ਗਈ ਜਾਣਕਾਰੀ ਮੁਤਾਬਿਕ ਇਹ ਵੀਡੀਓ ਟੀਵੀ ਇੰਟਰਵਿਊ ਸੀਰੀਜ਼ ‘ਦਿਲ ਦੀਆਂ ਗੱਲਾਂ’ ਦੇ ਇੱਕ ਐਪੀਸੋਡ ਦਾ ਹੈ। ਅਸਲੀ ਵੀਡੀਓ ‘ਚ ਵਾਇਰਲ ਵੀਡੀਓ ਦਾ ਹਿੱਸਾ 1 ਮਿੰਟ 55 ਸੈਕਿੰਡ ਤੇ ਦੇਖਿਆ ਜਾ ਸਕਦਾ ਹੈ।
ਪੜਤਾਲ ਦੇ ਦੌਰਾਨ ਸਾਨੂੰ ਮੂਸੇਵਾਲੇ ਦਾ ਇਹ ਵੀਡੀਓ ਜ਼ੀ5 ਦੀ ਵੈੱਬਸਾਈਟ ਤੇ ਵੀ ਮਿਲਿਆ। ਇਸ ਵੀਡੀਓ ਨੂੰ 6 ਮਾਰਚ 2021 ਨੂੰ ਅੱਪਲੋਡ ਕੀਤਾ ਗਿਆ ਸੀ। ਸ਼ੋਅ ਦੀ ਐਂਕਰ ਸੋਨਮ ਬਾਜਵਾ ਨੇ ਸਿੱਧੂ ਮੂਸੇਵਾਲੇ ਦੇ ਇਸ ਇੰਟਰਵਿਊ ਨੂੰ ਲਿਆ ਸੀ।
ਅਸੀਂ ਸਿੱਧੂ ਮੂਸੇਵਾਲੇ ਦੇ ਇੰਟਰਵਿਊ ਬਾਰੇ ਗੂਗਲ ਤੇ ਕੀਵਰਡਸ ਰਾਹੀਂ ਖੋਜ ਕਰਨੀ ਸ਼ੁਰੂ ਕੀਤੀ। ਸਾਨੂੰ ਯੂਟਿਊਬ ਚੈਨਲ On Air ਤੇ ਸਿੱਧੂ ਮੂਸੇਵਾਲੇ ਦਾ 26 ਮਈ ਨੂੰ ਦਿੱਤਾ ਗਿਆ ਇੱਕ ਇੰਟਰਵਿਊ ਵੀਡੀਓ ਮਿਲਿਆ। ਅਮਰ ਉਜਾਲਾ ਵਿੱਚ ਮੂਸੇਵਾਲੇ ਦੇ ਕਤਲ ਤੋਂ ਦੋ ਦਿਨ ਪਹਿਲਾਂ ਉਨ੍ਹਾਂ ਦਾ ਇੰਟਰਵਿਊ ਲਿਆ ਗਿਆ ਸੀ। ਇਹ ਇੰਟਰਵਿਊ ਟੈਲੀਫ਼ੋਨਿਕ ਲਿਆ ਸੀ , ਜਿਸ ਦੀ ਰਿਪੋਰਟ 30 ਮਈ 2022 ਨੂੰ ਪ੍ਰਕਾਸ਼ਿਤ ਕੀਤੀ ਗਈ ਸੀ।
ਵਧੇਰੇ ਜਾਣਕਾਰੀ ਲਈ ਅਸੀਂ ਪੰਜਾਬੀ ਜਾਗਰਣ ਦੇ ਜ਼ਿਲ੍ਹਾ ਬਠਿੰਡਾ ਦੇ ਇੰਚਾਰਜ ਗੁਰਤੇਜ ਸਿੱਧੂ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਵਾਇਰਲ ਦਾਅਵਾ ਗ਼ਲਤ ਹੈ। ਇਹ ਵੀਡੀਓ ਹਾਲ ਦਾ ਨਹੀਂ, ਬਲਕਿ ਕਾਫੀ ਪੁਰਾਣਾ ਹੈ।
ਜਾਂਚ ਦੇ ਅੰਤ ਵਿੱਚ ਵਿਸ਼ਵਾਸ ਨਿਊਜ਼ ਨੇ ਫਰਜੀ ਦਾਅਵੇ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਪੈਯਮ ਨਿਊਜ਼ ਦੇ ਫੇਸਬੁੱਕ ਹੈਂਡਲ ਦੀ ਸੋਸ਼ਲ ਸਕੈਨਿੰਗ ਕੀਤੀ। ਸਕੈਨਿੰਗ ਤੋਂ ਸਾਨੂੰ ਪਤਾ ਲੱਗਾ ਕਿ ਇਸ ਪੇਜ ਨੂੰ 221 ਲੋਕ ਫੋਲੋ ਕਰਦੇ ਹਨ ਅਤੇ ਇਹ 17 ਜਨਵਰੀ 2022 ਤੋਂ ਫੇਸਬੁੱਕ ਤੇ ਐਕਟਿਵ ਹੈ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਗ਼ਲਤ ਨਿਕਲਿਆ। ਮਾਰਚ 2021 ‘ਚ ਮੂਸੇਵਾਲੇ ਨੇ ਸੋਨਮ ਬਾਜਵਾ ਨੂੰ ਇਹ ਇੰਟਰਵਿਊ ਦਿੱਤਾ ਸੀ, ਜਿਸ ਨੂੰ ਲੋਕ ਹੁਣ ਸਿੱਧੂ ਮੂਸੇਵਾਲੇ ਦਾ ਆਖ਼ਰੀ ਇੰਟਰਵਿਊ ਦੱਸ ਗਲਤ ਦਾਅਵੇ ਨਾਲ ਸ਼ੇਅਰ ਕਰ ਰਹੇ ਹਨ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।