Fact Check: ਕੈਨੇਡਾ ਦੇ ਪੀਐਮ ਜਸਟਿਨ ਟਰੂਡੋ ਦੇ ਨਾਮ ‘ਤੇ ਗ਼ਲਤ ਦਾਅਵਾ ਵਾਇਰਲ

ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਗ਼ਲਤ ਨਿਕਲਿਆ। ਪੀਐਮ ਜਸਟਿਨ ਟਰੂਡੋ ਨੇ ਹਾਲ – ਫਿਲਹਾਲ ਵਿੱਚ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਹੈ। ਖਬਰ ਲਿਖੇ ਜਾਣ ਤੱਕ ਸਾਨੂੰ ਜਸਟਿਨ ਟਰੂਡੋ ਵੱਲੋਂ ਦਿੱਤਾ ਅਜਿਹਾ ਕੋਈ ਬਿਆਨ ਨਹੀਂ ਮਿਲਿਆ।

ਵਿਸ਼ਵਾਸ ਨਿਊਜ਼ ( ਨਵੀਂ ਦਿੱਲੀ ) : ਸੋਸ਼ਲ ਮੀਡਿਆ ‘ਤੇ ਕੈਨੇਡਾ ਦੇ ਪ੍ਰਧਾਨਮੰਤਰੀ ਜਸਟਿਨ ਟਰੂਡੋ ਦਾ ਇੱਕ ਕਥਿਤ ਬਿਆਨ ਕਾਫੀ ਵਾਇਰਲ ਹੋ ਰਿਹਾ ਹੈ। ਵਾਇਰਲ ਬਿਆਨ ਦੇ ਅਨੁਸਾਰ ,ਕੈਨੇਡਾ ਦੇ ਪ੍ਰਧਾਨਮੰਤਰੀ ਜਸਟਿਨ ਟਰੂਡੋ ਨੇ ਐਲਾਨ ਕੀਤਾ ਹੈ ਕਿ ਕੈਨੇਡਾ ਵਿੱਚ ਕਿਸੇ ਵੀ ਸਿੱਖ ਦੀ ਪੱਗ ਲਾਹਣ ਵਾਲੇ ਨੂੰ 10 ਸਾਲ ਦੀ ਸਜਾ ਹੋਵੇਗੀ। ਯੂਜ਼ਰਸ ਇਸਨੂੰ ਸੱਚ ਮੰਨਦੇ ਹੋਏ ਸ਼ੇਅਰ ਕਰ ਰਹੇ ਹਨ। ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਗ਼ਲਤ ਨਿਕਲਿਆ। ਪੀਐਮ ਜਸਟਿਨ ਟਰੂਡੋ ਨੇ ਹਾਲ – ਫਿਲਹਾਲ ਵਿੱਚ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਹੈ। ਖਬਰ ਲਿਖੇ ਜਾਣ ਤੱਕ ਸਾਨੂੰ ਜਸਟਿਨ ਟਰੂਡੋ ਵੱਲੋਂ ਦਿੱਤਾ ਅਜਿਹਾ ਕੋਈ ਬਿਆਨ ਨਹੀਂ ਮਿਲਿਆ।

ਕੀ ਹੈ ਵਾਇਰਲ ਪੋਸਟ ਵਿੱਚ

ਫੇਸਬੁੱਕ ਪੇਜ “Canada Vich Jatt Punjab De officially ” ਨੇ 29 ਜੁਲਾਈ ਨੂੰ ਇਸ ਪੋਸਟ ਨੂੰ ਸ਼ੇਅਰ ਕੀਤਾ ਹੈ। ਪੋਸਟ ਵਿੱਚ ਜਸਟਿਨ ਟਰੂਡੋ ਦੀ ਤਸਵੀਰ ਨਾਲ ਲਿਖਿਆ ਹੈ: ਕੈਨੇਡਾ ਦੇ ਪ੍ਰਧਾਨਮੰਤਰੀ ਦਾ ਐਲਾਨ , ਸਿਖਾਂ ਦੀ ਪੱਗ ਲਾਹਣ ਵਾਲੇ ਨੂੰ ਹੋਵੇਗੀ 10 ਸਾਲ ਦੀ ਜੇਲ।”

ਸੋਸ਼ਲ ਮੀਡਿਆ ਤੇ ਕਈ ਯੂਜ਼ਰਸ ਨੇ ਇਸ ਪੋਸਟ ਨੂੰ ਮਿਲਦੇ – ਜੁਲਦੇ ਦਾਅਵਿਆਂ ਨਾਲ ਸਾਂਝਾ ਕੀਤਾ ਹੈ। ਪੋਸਟ ਦਾ ਆਰਕਾਈਵ ਲਿੰਕ ਇੱਥੇ ਦੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸੰਬੰਧਿਤ ਕੀਵਰਡ ਨਾਲ ਗੂਗਲ ‘ਤੇ ਸਰਚ ਕਰਨਾ ਸ਼ੁਰੂ ਕੀਤਾ। ਸਰਚ ਵਿੱਚ ਸਾਨੂੰ ਇਹ ਪਤਾ ਲੱਗਿਆ ਕਿ ਇਹ ਪੋਸਟ ਬਹੁਤ ਪਹਿਲਾਂ ਤੋਂ ਇਸ ਹੀ ਦਾਅਵੇ ਨਾਲ ਸੋਸ਼ਲ ਮੀਡਿਆ ‘ਤੇ ਵਾਇਰਲ ਹੈ।

ਸਾਡੀ ਪੜਤਾਲ ਵਿੱਚ ਸਾਨੂੰ punemirror.com ਦੀ ਵੈੱਬਸਾਈਟ ‘ਤੇ ਇੱਕ ਖਬਰ ਪ੍ਰਕਾਸ਼ਿਤ ਮਿਲੀ। 4 ਜੁਲਾਈ 2016 ਨੂੰ ਪ੍ਰਕਾਸ਼ਿਤ ਖਬਰ ਮੁਤਾਬਿਕ, ‘ਕੈਨੇਡਾ ਦੇ ਕਿਊਬਿਕ ਵਿੱਚ ਸੁਪਿੰਦਰ ਸਿੰਘ ਨਾਂ ਦੇ ਸਿੱਖ ਨੌਜਵਾਨ ਦੀ ਚਾਰ ਵਿਅਕਤੀਆਂ ਵੱਲੋਂ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਅਤੇ ਨਾਲ ਹੀ ਉਸ ਨਾਲ ਬਦਸਲੂਕੀ ਵੀ ਕੀਤੀ ਗਈ। ਸਿੱਖ ਵਿਅਕਤੀ ਨੇ ਦੱਸਿਆ ਕਿ ਉਸ ਦੇ ਰੰਗ ਅਤੇ ਪੱਗ ਕਾਰਨ ਉਸ ਨੂੰ ਨਿਸ਼ਾਨਾ ਬਣਾਇਆ ਗਿਆ। ਕੁੱਟਮਾਰ ਦੌਰਾਨ ਉਸ ਦੀ ਪੱਗ ਖੁੱਲ੍ਹ ਗਈ ਸੀ। ਖਬਰ ਅਨੁਸਾਰ ਇਸ ਘਟਨਾ ਦੇ ਮੁੱਖ ਦੋਸ਼ੀ 22 ਸਾਲਾ ਗੈਬਰੀਅਲ ਰੋਏਰ ਟ੍ਰੇਮਬਲੇ ਨੂੰ ਅਦਾਲਤ ਨੇ ਦੋਸ਼ੀ ਕਰਾਰ ਦਿੰਦਿਆਂ 10 ਮਹੀਨਿਆਂ ਕੈਦ ਦੀ ਸਜ਼ਾ ਸੁਣਾਈ ਸੀ। ਇਸ ਘਟਨਾ ਦੀ ਕੈਨੇਡਾ ਵਿੱਚ ਵਿਆਪਕ ਨਿੰਦਾ ਹੋਈ ਸੀ। ਪ੍ਰਧਾਨ ਮੰਤਰੀ ਟਰੂਡੋ ਨੇ ਵੀ ਇਸ ਘਟਨਾ ਬਾਰੇ ਉਸ ਸਮੇਂ ਕਿਹਾ ਸੀ ਕਿ ਅਜਿਹੀਆਂ “ਨਫ਼ਰਤ ਭਰੀਆਂ ਕਾਰਵਾਈਆਂ” ਦੀ “ਕੈਨੇਡਾ ਵਿੱਚ ਕੋਈ ਥਾਂ ਨਹੀਂ” ਹੈ।

ਅਸੀਂ ਇੱਕ ਵਾਰ ਫਿਰ ਤੋਂ ਗੂਗਲ ਦੀ ਮਦਦ ਲਈ ਅਤੇ ਵਾਇਰਲ ਦਾਅਵੇ ਬਾਰੇ ਗੂਗਲ ਉੱਤੇ ਸਰਚ ਕੀਤਾ। ਸਾਨੂੰ ਪੀਐਮ ਜਸਟਿਨ ਟਰੂਡੋ ਵੱਲੋਂ ਹਾਲ – ਫਿਲਹਾਲ ਵਿੱਚ ਦਿੱਤਾ ਗਿਆ ਅਜਿਹਾ ਕੋਈ ਬਿਆਨ ਨਹੀਂ ਮਿਲਿਆ। ਸਾਡੀ ਜਾਂਚ ਤੋਂ ਇਹ ਗੱਲ ਸਾਫ ਹੁੰਦੀ ਹੈ ਕਿ ਪੁਰਾਣੀ ਘਟਨਾ ਨੂੰ ਹਾਲੀਆ ਸਮਝਦੇ ਹੋਏ ਗ਼ਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਜੇਕਰ ਅਜਿਹਾ ਕੋਈ ਵੀ ਬਿਆਨ ਜਸਟਿਨ ਟਰੂਡੋ ਵੱਲੋਂ ਦਿੱਤਾ ਗਿਆ ਹੁੰਦਾ ਤਾਂ ਕਿਸੇ ਨਾ ਕਿਸੇ ਮੀਡਿਆ ਸੰਸਥਾਨ ਵਿੱਚ ਉਸਦੀ ਖ਼ਬਰ ਜ਼ਰੂਰ ਹੁੰਦੀ , ਪਰ ਸਾਨੂੰ ਇਸ ਪੋਸਟ ਨਾਲ ਜੁੜੀ ਕੋਈ ਖਬਰ ਨਹੀਂ ਮਿਲੀ।

ਵੱਧ ਜਾਣਕਾਰੀ ਲਈ ਅਸੀਂ ਕੈਨੇਡਾ ਦੇ ਸਥਾਨਕ ਪੱਤਰਕਾਰ ਫ੍ਰੈਡਰਿਕ ਜ਼ਲਾਕ ਨਾਲ ਗੱਲ ਕੀਤੀ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਵਾਇਰਲ ਦਾਅਵਾ ਗ਼ਲਤ ਹੈ। ਅਜਿਹਾ ਕੋਈ ਬਿਆਨ ਪ੍ਰਧਾਨ ਮੰਤਰੀ ਵੱਲੋਂ ਨਹੀਂ ਦਿੱਤਾ ਗਿਆ ਹੈ।

ਪੜਤਾਲ ਦੇ ਅੰਤ ਵਿੱਚ ਅਸੀਂ ਇਸ ਦਾਅਵੇ ਨੂੰ ਸ਼ੇਅਰ ਕਰਨ ਵਾਲੇ ਪੇਜ ਦੀ ਜਾਂਚ ਕੀਤੀ। ਜਾਂਚ ਵਿੱਚ ਸਾਨੂੰ ਪਤਾ ਲੱਗਿਆ ਕਿ ਇਸ ਪੇਜ ਨੂੰ 880 ਲੋਕ ਫੋਲੋ ਕਰਦੇ ਹਨ ਅਤੇ ਫੇਸਬੁੱਕ ਤੇ ਇਸ ਪੇਜ ਨੂੰ 1 ਅਪ੍ਰੈਲ 2015 ਨੂੰ ਬਣਾਇਆ ਗਿਆ ਸੀ।

ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਗ਼ਲਤ ਨਿਕਲਿਆ। ਪੀਐਮ ਜਸਟਿਨ ਟਰੂਡੋ ਨੇ ਹਾਲ – ਫਿਲਹਾਲ ਵਿੱਚ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਹੈ। ਖਬਰ ਲਿਖੇ ਜਾਣ ਤੱਕ ਸਾਨੂੰ ਜਸਟਿਨ ਟਰੂਡੋ ਵੱਲੋਂ ਦਿੱਤਾ ਅਜਿਹਾ ਕੋਈ ਬਿਆਨ ਨਹੀਂ ਮਿਲਿਆ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts