ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਦ ਨਿਊਯਾਰਕ ਟਾਈਮਜ਼ ਨੂੰ ਲੈ ਕੇ ਕੀਤਾ ਜਾ ਰਿਹਾ ਦਾਅਵਾ ਗ਼ਲਤ ਨਿਕਲਿਆ। ਵਾਇਰਲ ਸਕ੍ਰੀਨਸ਼ਾਟ ਨੂੰ ਕੰਪਿਊਟਰ ਦੁਆਰਾ ਐਡੀਟੇਡ ਕਰਕੇ ਬਣਾਇਆ ਗਿਆ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਗੁਜਰਾਤ ਦੇ ਦੋ ਦਿਨੀਂ ਦੌਰੇ ਤੇ ਹਨ। ਇਸ ਦੌਰਾਨ ਸੋਸ਼ਲ ਮੀਡੀਆ ਉੱਪਰ ‘ਦ ਨਿਊਯਾਰਕ ਟਾਈਮਜ਼’ ਦਾ ਇੱਕ ਸਕਰੀਨਸ਼ਾਟ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਸਕਰੀਨਸ਼ਾਟ ਵਿੱਚ ਲਿਖਿਆ ਹੈ, “ਆਮ ਆਦਮੀ ਪਾਰਟੀ ਨੇ ਇੱਕ ਰਾਜਨੀਤਿਕ ਰੈਲੀ ਵਿੱਚ ਸਭ ਤੋਂ ਵੱਧ ਲੋਕਾਂ ਨੂੰ ਇਕੱਠਾ ਕਰਨ ਦਾ ਵਿਸ਼ਵ ਰਿਕਾਰਡ ਬਣਾਇਆ।” ਨਾਲ ਹੀ ਹੇਠਾਂ ਉਪ-ਸਿਰਲੇਖ ਵੀ ਲਿਖਿਆ ਹੋਇਆ ਹੈ, ‘ਗੁਜਰਾਤ ਵਿੱਚ ਅਰਵਿੰਦ ਕੇਜਰੀਵਾਲ ਦੀ ਰੈਲੀ ਵਿੱਚ 25 ਕਰੋੜ ਲੋਕ ਸ਼ਾਮਲ ਹੋਏ ਸੀ ‘। ਇਸ ਸਕਰੀਨ ਸ਼ਾਟ ਨੂੰ ਸ਼ੇਅਰ ਕਰਦੇ ਹੋਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੇਜਰੀਵਾਲ ਨੇ ਕਰੋੜਾਂ ਰੁਪਏ ਦੇ ਕਰਕੇ ਇਸ ਖਬਰ ਨੂੰ ਦ ਨਿਊਯਾਰਕ ਟਾਈਮਜ਼ ਵਿੱਚ ਪ੍ਰਕਾਸ਼ਿਤ ਕਰਵਾਇਆ ਹੈ। ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਗ਼ਲਤ ਨਿਕਲਿਆ। ਵਾਇਰਲ ਸਕਰੀਨਸ਼ਾਟ ਨੂੰ ਕੰਪਿਊਟਰ ਦੁਆਰਾ ਐਡਿਟ ਕਰਕੇ ਬਣਾਇਆ ਗਿਆ ਹੈ ।
ਕੀ ਹੈ ਵਾਇਰਲ ਪੋਸਟ ਵਿੱਚ ?
ਟਵਿੱਟਰ ਯੂਜ਼ਰ ਹਮ ਲੌਗ We The People ਨੇ ਵਾਇਰਲ ਸਕ੍ਰੀਨਸ਼ਾਟ ਨੂੰ ਸਾਂਝਾ ਕਰਦੇ ਹੋਏ ਲਿਖਿਆ ਹੈ , “ਇਹ ਅਮਰੀਕਾ ਦਾ ‘ਦ ਨਿਊਯਾਰਕ ਟਾਈਮਜ਼’ ਅਖਬਾਰ ਹੈ। ਘੋਰ ਵਾਮਪੰਥੀ ਸਮਾਚਾਰ ਪੱਤਰ ਹੈ। ਦਿਨ ਅਤੇ ਰਾਤ ਭਾਰਤ ਦੇ ਵਿਰੁੱਧ ਜ਼ਹਿਰ ਉਗਲਦਾ ਹੈ। ਧੂਰਤ ਕੇਜਰੀਵਾਲ ਨੇ ਕਰੋੜਾਂ ਰੁਪਏ ਦਾ ਵਿਗਿਆਪਨ ਦੇ ਕੇ ਇਸ ਅਖਬਾਰ ਵਿੱਚ ਛਪਵਾਈ। ਗੁਜਰਾਤ ‘ਚ ਕੇਜਰੀਵਾਲ ਦੀ ਰੈਲੀ ‘ਚ 25 ਕਰੋੜ ਲੋਕ ਪਹੁੰਚੇ।” ਅਖਬਾਰ ਨੇ ਇਸ ਨੂੰ ‘ ਵਿਸ਼ਵ ਵਰਲਡ ਰਿਕਾਰਡ’ ਵੀ ਦਸ ਦਿੱਤਾ।”
ਸੋਸ਼ਲ ਮੀਡੀਆ ਤੇ ਕਈ ਹੋਰ ਯੂਜ਼ਰਸ ਨੇ ਇਸ ਸਕ੍ਰੀਨਸ਼ੌਟ ਨੂੰ ਸਮਾਨ ਅਤੇ ਮਿਲਦੇ – ਜੁਲਦੇ ਦਾਅਵਿਆਂ ਨਾਲ ਸਾਂਝਾ ਕੀਤਾ ਹੈ। ਫੇਸਬੁੱਕ ਪੋਸਟ ਦੇ ਕੰਟੇੰਟ ਨੂੰ ਇੱਥੇ ਇੱਕ ਜਿਉਂ ਦਾ ਤਿਉਂ ਲਿਖਿਆ ਗਿਆ ਹੈ। ਇਸਦਾ ਆਰਕਾਈਵ ਵਰਜਨ ਨੂੰ ਇੱਥੇ ਦੇਖਿਆ ਜਾ ਸਕਦਾ ਹੈ।
ਪੜਤਾਲ
ਵਾਇਰਲ ਸਕ੍ਰੀਨਸ਼ਾਟ ਦੀ ਸੱਚਾਈ ਜਾਣਨ ਲਈ ਅਸੀਂ ਗੂਗਲ ਤੇ ਕਈ ਕੀਵਰਡਸ ਦੇ ਜਰੀਏ ਖੋਜ ਕੀਤੀ। ਪਰ ਸਾਨੂੰ ਵਾਇਰਲ ਦਾਅਵੇ ਨਾਲ ਸਬੰਧਿਤ ਕੋਈ ਭਰੋਸੇਯੋਗ ਮੀਡੀਆ ਰਿਪੋਰਟ ਪ੍ਰਾਪਤ ਨਹੀਂ ਹੋਈ। ਸੋਚਣ ਵਾਲੀ ਗੱਲ ਹੈ ਕਿ ਜੇਕਰ ਸੱਚ ਵਿੱਚ ਅਰਵਿੰਦ ਕੇਜਰੀਵਾਲ ਦੀ ਰੈਲੀ ਵਿੱਚ 25 ਕਰੋੜ ਲੋਕ ਸ਼ਾਮਿਲ ਹੋਏ ਹੁੰਦੇ ਤਾਂ ਇਸ ਨਾਲ ਜੁੜੀ ਕੋਈ ਨਾ ਕੋਈ ਖ਼ਬਰ ਭਾਰਤੀ ਮੀਡੀਆ ਵਿੱਚ ਵੀ ਪ੍ਰਕਾਸ਼ਿਤ ਹੁੰਦੀ। ਇਸ ਤੋਂ ਬਾਅਦ ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਦ ਨਿਊਯਾਰਕ ਟਾਈਮਜ਼ ਦੀ ਵੈੱਬਸਾਈਟ ਨੂੰ ਖੰਗਾਲਣਾ ਸ਼ੁਰੂ ਕੀਤਾ। ਸਾਨੂੰ ਵੈੱਬਸਾਈਟ ਤੇ ਵੀ ਅਜਿਹੀ ਕੋਈ ਖਬਰ ਪ੍ਰਕਾਸ਼ਿਤ ਨਹੀਂ ਮਿਲੀ।
ਜਾਂਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਦ ਨਿਊਯਾਰਕ ਟਾਈਮਜ਼ ਦੇ ਸੋਸ਼ਲ ਮੀਡੀਆ ਹੈਂਡਲ ਨੂੰ ਖੰਗਾਲਣਾ ਸ਼ੁਰੂ ਕੀਤਾ । ਇਸ ਦੌਰਾਨ ਸਾਨੂੰ ਦ ਨਿਊਯਾਰਕ ਟਾਈਮਜ਼ ਦੁਆਰਾ ਕੀਤਾ ਗਿਆ ਇੱਕ ਟਵੀਟ ਪ੍ਰਾਪਤ ਹੋਇਆ। 3 ਅਪ੍ਰੈਲ 2022 ਨੂੰ ਦ ਨਿਊਯਾਰਕ ਟਾਈਮਜ਼ ਨੇ ਭਾਰਤੀ ਪੱਤਰਕਾਰ ਰਾਣਾ ਅਯੂਬ ਨੂੰ ਰਿਪਲਾਈ ਕਰਦੇ ਹੋਏ ਦੱਸਿਆ ਕਿ ਇਹ ਸਕਰੀਨ ਸ਼ਾਟ ਫਰਜ਼ੀ ਹੈ। ਸਾਡੇ ਵੱਲੋਂ ਅਜਿਹੀ ਕੋਈ ਖ਼ਬਰ ਪ੍ਰਕਾਸ਼ਿਤ ਨਹੀਂ ਕੀਤੀ ਗਈ ਹੈ।
ਵੱਧ ਜਾਣਕਾਰੀ ਲਈ ਅਸੀਂ ਇਸ ਰੈਲੀ ਨੂੰ ਕਵਰ ਕਰਨ ਵਾਲੇ ਦੈਨਿਕ ਜਾਗਰਣ ਦੇ ਗੁਜਰਾਤ ਰਾਜ ਬਿਊਰੋ ਚੀਫ ਸ਼ਤਰੂਘਨ ਸ਼ਰਮਾ ਨਾਲ ਸੰਪਰਕ ਕੀਤਾ। ਅਸੀਂ ਉਨ੍ਹਾਂ ਨਾਲ ਵਾਇਰਲ ਦਾਅਵਾ ਸਾਂਝਾ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਵਾਇਰਲ ਦਾਅਵਾ ਗ਼ਲਤ ਹੈ। ਇੰਨੀ ਮਾਤਰਾ ਵਿੱਚ ਉੱਥੇ ਭੀੜ ਮੌਜੂਦ ਨਹੀਂ ਸੀ ਅਤੇ ਨਾ ਹੀ ਆਮ ਆਦਮੀ ਪਾਰਟੀ ਵੱਲੋਂ ਸਭ ਤੋਂ ਵੱਧ ਲੋਕਾਂ ਨੂੰ ਇਕੱਠਾ ਕਰਨ ਦਾ ਵਿਸ਼ਵ ਰਿਕਾਰਡ ਬਣਾਇਆ ਗਿਆ ਹੈ। ਉੱਥੇ ਇੱਕ ਆਮ ਰੈਲੀ ਅਤੇ ਸਭਾ ਵਰਗਾ ਮਾਹੌਲ ਸੀ। ਦੋ ਰਾਜਾਂ ਦੇ ਮੁੱਖ ਮੰਤਰੀ ਨੂੰ ਲੈ ਕੇ ਨੌਜਵਾਨਾਂ ਵਿੱਚ ਜੋ ਆਕਰਸ਼ਣ ਹੋਣਾ ਚਾਹੀਦੀ ਸੀ, ਵੈਸਾ ਮਾਹੌਲ ਦੇਖਣ ਨੂੰ ਨਹੀਂ ਮਿਲਿਆ। ਦੋਵੇਂ ਮੁੱਖ ਮੰਤਰੀ ਜਨਤਾ ਨਾਲ ਸਿੱਧੇ ਸੰਵਾਦ ਕਰਨ ਤੋਂ ਵੀ ਬਚਦੇ ਨਜ਼ਰ ਆਏ।
ਵਿਸ਼ਵਾਸ ਨਿਊਜ਼ ਨੇ ਆਮ ਆਦਮੀ ਪਾਰਟੀ ਦੇ ਬੁਲਾਰੇ ਸੰਜੀਵ ਕੁਮਾਰ ਨਿਗਮ ਨਾਲ ਵੀ ਸੰਪਰਕ ਕੀਤਾ। ਉਨ੍ਹਾਂ ਨੇ ਵੀ ਸਾਨੂੰ ਇਹ ਹੀ ਦੱਸਿਆ ਕਿ ਇਹ ਦਾਅਵਾ ਪੂਰੀ ਤਰ੍ਹਾਂ ਗ਼ਲਤ ਹੈ। ਇਸ ਤਰ੍ਹਾਂ ਦਾ ਕੋਈ ਇਸ਼ਤਿਹਾਰ ਸਾਡੇ ਵੱਲੋਂ ਨਹੀਂ ਦਿੱਤਾ ਗਿਆ ਹੈ। ਸਾਡੀ ਪਾਰਟੀ ਜੋ ਵੀ ਕਰਦੀ ਹੈ, ਉਹ ਸਭ ਕੁਝ ਜਨਤਾ ਦੇ ਸਾਹਮਣੇ ਕਰਦੀ ਹੈ। ਵਿਸ਼ਵਾਸ ਨਿਊਜ਼ ਨੇ ਪੂਰੀ ਪੁਸ਼ਟੀ ਲਈ ਦ ਨਿਊਯਾਰਕ ਟਾਈਮਜ਼ ਨਾਲ ਮੇਲ ਰਾਹੀਂ ਸੰਪਰਕ ਕੀਤਾ ਹੈ। ਉੱਥੋ ਜਵਾਬ ਮਿਲਦੇ ਹੀ ਖਬਰ ਨੂੰ ਅਪਡੇਟ ਕੀਤਾ ਜਾਵੇਗਾ।
ਵਿਸ਼ਵਾਸ ਨਿਊਜ਼ ਨੇ ਜਾਂਚ ਦੇ ਆਖਰੀ ਪੜਾਅ ਵਿੱਚ ਵਾਇਰਲ ਪੋਸਟ ਨੂੰ ਸਾਂਝਾ ਕਰਨ ਵਾਲੇ ਪ੍ਰੋਫਾਈਲ ਦੀ ਪਿਛੋਕੜ ਦੀ ਜਾਂਚ ਕੀਤੀ। ਅਸੀਂ ਪਾਇਆ ਕਿ ਯੂਜ਼ਰ ਮਹਾਰਾਸ਼ਟਰ ਦੇ ਅਮਰਾਵਤੀ ਸ਼ਹਿਰ ਦਾ ਰਹਿਣ ਵਾਲਾ ਹੈ। ਯੂਜ਼ਰ ਨਵੰਬਰ 2014 ਤੋਂ ਟਵਿੱਟਰ ਤੇ ਸਰਗਰਮ ਹੈ। ਹਮ ਲੋਕ We The People ਟਵਿੱਟਰ ਤੇ 60 ਹਜ਼ਾਰ ਤੋਂ ਵੱਧ ਲੋਕ ਫੋਲੋ ਕਰਦੇ ਹਨ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਦ ਨਿਊਯਾਰਕ ਟਾਈਮਜ਼ ਨੂੰ ਲੈ ਕੇ ਕੀਤਾ ਜਾ ਰਿਹਾ ਦਾਅਵਾ ਗ਼ਲਤ ਨਿਕਲਿਆ। ਵਾਇਰਲ ਸਕ੍ਰੀਨਸ਼ਾਟ ਨੂੰ ਕੰਪਿਊਟਰ ਦੁਆਰਾ ਐਡੀਟੇਡ ਕਰਕੇ ਬਣਾਇਆ ਗਿਆ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।