ਇਹ ਵੀਡੀਓ 28 ਮਾਰਚ 2011 ਵਿਚ ਪੰਜਾਬ ਦੇ ਮੋਹਾਲੀ ਵਿਚ ਹੋਏ ਫਾਰਮਾਸਿਸਟ ਅੰਦੋਲਨ ਦਾ ਹੈ। ਮਾਹੌਲ ਖਰਾਬ ਕਰਨ ਖਾਤਰ ਇਸ ਵੀਡੀਓ ਨੂੰ ਲੋਕ ਫੇਰ ਦੁਬਾਰਾ ਵਾਇਰਲ ਕਰ ਰਹੇ ਹਨ।
ਨਵੀਂ ਦਿੱਲੀ (ਵਿਸ਼ਵਾਸ ਟੀਮ)। ਕੋਰੋਨਾ ਵਾਇਰਸ ਦੇ ਚਲਦੇ ਲੋਕਡਾਊਨ ਵਿਚਕਾਰ ਪੰਜਾਬ ਦੇ ਪਟਿਆਲਾ ਵਿਖੇ ਇੱਕ ਘਟਨਾ ਘਟੀ ਸੀ ਜਿਸ ਵਿਚ ਕੁਝ ਨਿਹੰਗ ਸਿੰਘਾਂ ਨੇ ਪੁਲਿਸ ਉੱਤੇ ਹਮਲਾ ਕੀਤਾ ਸੀ ਅਤੇ ਇੱਕ ਪੁਲਿਸ ਮੁਲਾਜ਼ਮ ਦੀ ਬਾਂਹ ਵੱਡ ਦਿੱਤੀ ਸੀ। ਸੋਸ਼ਲ ਮੀਡੀਆ ‘ਤੇ ਹੁਣ ਲੋਕ ਓਸੇ ਮਾਮਲੇ ਨੂੰ ਲੈ ਕੇ ਇੱਕ ਪੁਰਾਣੇ ਵੀਡੀਓ ਨੂੰ ਵਾਇਰਲ ਕਰ ਰਹੇ ਹਨ। ਵੀਡੀਓ ਵਿਚ ਇੱਕ ਪੁਲਿਸ ਮੁਲਾਜ਼ਮ ਇੱਕ ਸਿੱਖ ਨਾਲ ਬਦਤਮੀਜ਼ੀ ਕਰਦਾ ਹੋਇਆ ਨਜ਼ਰ ਆਉਂਦਾ ਹੈ। ਯੂਜ਼ਰ ਨੇ ਵੀਡੀਓ ਨੂੰ ਅਪਲੋਡ ਕਰਦੇ ਹੋਏ ਲਿਖਿਆ ਹੈ “ਫੇਰ ਕਹਿਣਾ ਗੁਟ ਵੱਡਤਾ ਬਾਂਹ ਲਾਹਤੀ।” ਇਹ ਵੀਡੀਓ ਮਾਹੌਲ ਖਰਾਬ ਕਰਨ ਲਈ ਦੁਬਾਰਾ ਵਾਇਰਲ ਕੀਤੀ ਜਾ ਰਹੀ ਹੈ।
ਤੁਹਾਨੂੰ ਦੱਸ ਦਈਏ ਕਿ ਇਹ ਵੀਡੀਓ 28 ਮਾਰਚ 2011 ਵਿਚ ਪੰਜਾਬ ਦੇ ਮੋਹਾਲੀ ਵਿਚ ਘਟੀ ਇੱਕ ਘਟਨਾ ਦਾ ਹੈ। ਇਸ ਵੀਡੀਓ ਨੂੰ ਲੋਕ ਫੇਰ ਦੁਬਾਰਾ ਵਾਇਰਲ ਕਰ ਰਹੇ ਹਨ। ਇਹ ਵੀਡੀਓ ਦਸੰਬਰ 2019 ਵਿਚ CAA ਅਤੇ NRC ਦੇ ਨਾਂ ਤੋਂ ਵੀ ਵਾਇਰਲ ਹੋਇਆ ਸੀ ਜਿਸਦੀ ਪੜਤਾਲ ਵਿਸ਼ਵਾਸ ਟੀਮ ਨੇ ਕੀਤੀ ਸੀ। ਪੂਰੀ ਪੜਤਾਲ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।
ਕਿਲਵਿਸ਼ ਨਾਂ ਦੇ ਇੱਕ ਫੇਸਬੁੱਕ ਪੇਜ ਨੇ ਇਸ ਵੀਡੀਓ ਨੂੰ ਅਪਲੋਡ ਕਰਦੇ ਹੋਏ ਲਿਖਿਆ: ”ਫੇਰ ਕਹਿਣਾ ਗੁਟ ਵੱਡਤਾ ਬਾਂਹ ਲਾਹਤੀ”
ਵਾਇਰਲ ਪੋਸਟ ਦਾ ਆਰਕਾਇਵਡ ਲਿੰਕ।
ਵਿਸ਼ਵਾਸ ਟੀਮ ਨੇ ਸਬਤੋਂ ਪਹਿਲਾਂ 13 ਸੈਕੰਡ ਦੇ ਵੀਡੀਓ ਨੂੰ ਵੇਖਿਆ। ਇਸਦੇ ਵਿਚ ਕੁਝ ਪੁਲਿਸਵਾਲਿਆਂ ਨੂੰ ਇੱਕ ਸਿੱਖ ਵਿਅਕਤੀ ਨਾਲ ਬਦਤਮੀਜ਼ੀ ਕਰਦੇ ਹੋਏ ਵੇਖਿਆ ਜਾ ਸਕਦਾ ਹੈ। ਵਿਸ਼ਵਾਸ ਟੀਮ ਨੇ ਵੀਡੀਓ ਦੇ ਸਕ੍ਰੀਨਸ਼ੋਟ ਕੱਢ ਕੇ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਵਿਚ ਸਰਚ ਕੀਤਾ। ਸਾਨੂੰ Sikhnet.com ‘ਤੇ ਇੱਕ ਖਬਰ ਮਿਲੀ। ਇਸਦੇ ਵਿਚ ਦੱਸਿਆ ਗਿਆ ਕਿ 28 ਮਾਰਚ 2011 ਨੂੰ ਮੋਹਾਲੀ ਦੇ PCA ਸਟੇਡਿਅਮ ਦੇ ਨੇੜੇ ਰੂਰਲ ਵੈਟਰਨਰੀ ਫਾਰਮਾਸਿਸਟ ਨਾਲ ਜੁੜੇ ਲੋਕ ਸ਼ਾਂਤੀ ਨਾਲ ਧਰਨਾ ਦੇ ਰਹੇ ਸਨ। ਓਦੋਂ ਕੁੱਝ ਪੁਲਿਸ ਮੁਲਾਜ਼ਮ ਨੇ ਇੱਕ ਸਿੱਖ ਵਿਅਕਤੀ ਨਾਲ ਬਦਤਮੀਜ਼ੀ ਕੀਤੀ।
ਹੁਣ ਵਿਸ਼ਵਾਸ ਟੀਮ ਨੇ ਇਸ ਮਾਮਲੇ ਦੀ ਪੁਸ਼ਟੀ ਲਈ ਸਾਡੇ ਸਹਿਯੋਗੀ ਪੰਜਾਬੀ ਜਾਗਰਣ ਦੇ ਮੋਹਾਲੀ ਜ਼ਿਲ੍ਹਾ ਇੰਚਾਰਜ ਰਿਪੋਰਟਰ ਸਤਵਿੰਦਰ ਧੜਾਕ ਨਾਲ ਸੰਪਰਕ ਕੀਤਾ। ਤੁਹਾਨੂੰ ਦੱਸ ਦਈਏ ਕਿ ਸਤਵਿੰਦਰ ਸਿੰਘ ਉਸ ਪ੍ਰਦਰਸ਼ਨ ਨੂੰ ਕਵਰ ਕਰ ਰਹੇ ਸਨ ਅਤੇ ਓਸੇ ਥਾਂ ‘ਤੇ ਮੌਜੂਦ ਸਨ। ਸਤਵਿੰਦਰ ਨੇ ਵਿਸ਼ਵਾਸ ਨਿਊਜ਼ ਨਾਲ ਗੱਲ ਕਰਦੇ ਹੋਏ ਦੱਸਿਆ, “ ਅਸਲ ਵਿਚ ਮਾਰਚ 2011 ਵਿਚ ਪੰਜਾਬ ਦੇ ਫਾਰਮਾਸਿਸਟ PCA ਸਟੇਡਿਅਮ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਸਨ ਅਤੇ ਉਸ ਦੌਰਾਨ ਹੀ ਇੱਕ ਸਿੱਖ ਪ੍ਰਦਰਸ਼ਨਕਾਰੀ ਨਾਲ ਪੁਲਿਸ ਮੁਲਾਜ਼ਮਾਂ ਨੇ ਬਦਤਮੀਜ਼ੀ ਕਰ ਦਿੱਤੀ ਸੀ। ਪੁਲਿਸ ਅਫਸਰਾਂ ਖਿਲਾਫ ਕਾਰਵਾਈ ਕਰਦੇ ਹੋਏ 2 ਪੁਲਿਸ ਅਫਸਰਾਂ ਨੂੰ ਸਸਪੈਂਡ ਵੀ ਕਰ ਦਿੱਤਾ ਗਿਆ ਸੀ। ਇਸ ਮਾਮਲੇ ਵਿਚ ਮੋਹਾਲੀ ਦੇ SP ਪ੍ਰੀਤਮ ਸਿੰਘ ਅਤੇ ਮੋਹਾਲੀ ਫੇਸ-8 ਦੇ SHO ਕੁਲਭੂਸ਼ਣ ਸਿੰਘ ਸਸਪੈਂਡ ਕੀਤੇ ਗਏ ਸਨ।”
ਇਸ ਵੀਡੀਓ ਨੂੰ ਕਿਲਵਿਸ਼ ਨਾਂ ਦੇ ਫੇਸਬੁੱਕ ਪੇਜ ਦੁਆਰਾ ਅਪਲੋਡ ਕੀਤਾ ਗਿਆ ਹੈ। ਇਸ ਪੇਜ ਦੀ ਸੋਸ਼ਲ ਸਕੈਨਿੰਗ ‘ਤੇ ਪਤਾ ਚਲਦਾ ਹੈ ਕਿ ਪੇਜ ਦਾ ਐਡਮਿਨ ਇੱਕ ਖਾਸ ਵਿਚਾਰਧਾਰਾ ਦਾ ਸਮਰਥਕ ਹੈ।
ਪੂਰੀ ਪੜਤਾਲ ਇਥੇ ਪੜ੍ਹੀ ਜਾ ਸਕਦੀ ਹੈ।
ਨਤੀਜਾ: ਇਹ ਵੀਡੀਓ 28 ਮਾਰਚ 2011 ਵਿਚ ਪੰਜਾਬ ਦੇ ਮੋਹਾਲੀ ਵਿਚ ਹੋਏ ਫਾਰਮਾਸਿਸਟ ਅੰਦੋਲਨ ਦਾ ਹੈ। ਮਾਹੌਲ ਖਰਾਬ ਕਰਨ ਖਾਤਰ ਇਸ ਵੀਡੀਓ ਨੂੰ ਲੋਕ ਫੇਰ ਦੁਬਾਰਾ ਵਾਇਰਲ ਕਰ ਰਹੇ ਹਨ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।