Fact Check: ਸੀ.ਐਮ ਚਰਨਜੀਤ ਸਿੰਘ ਚੰਨੀ ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਨਹੀਂ ਸਨ ਗਾਇਕ, ਵਾਇਰਲ ਫੋਟੋ ਪੰਜਾਬੀ ਸਿੰਗਰ ਚਰਨਜੀਤ ਚੰਨੀ ਦੀ ਹੈ

ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਵਾਇਰਲ ਪੋਸਟ ਫਰਜੀ ਨਿਕਲਿਆ। ਪੋਸਟ ਵਿੱਚ ਮੁੱਖ ਮੰਤਰੀ ਚਰਨਜੀਤ ਚੰਨੀ ਨਹੀਂ ਬਲਕਿ ਗਾਇਕ ਚਰਨਜੀਤ ਚੰਨੀ ਹਨ ਜੋ ਇਸ ਸਮੇਂ ਫਿਲੀਪੀਨਜ਼ ਵਿਚ ਰਹਿ ਰਹੇ ਹਨ। ਸਾਡੇ ਨਾਲ ਗੱਲ ਕਰਦਿਆਂ ਗਾਇਕ ਚਰਨਜੀਤ ਚੰਨੀ ਨੇ ਆਪ ਵਾਇਰਲ ਦਾਅਵਿਆਂ ਦਾ ਖੰਡਨ ਕੀਤਾ ਹੈ।

ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਫੇਸਬੁੱਕ ‘ਤੇ ਵਾਇਰਲ ਹੋ ਰਹੀ ਇੱਕ ਪੋਸਟ ਵਿੱਚ, ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ ਦੇ ਨਵੇਂ ਸੀ.ਐਮ ਚਰਨਜੀਤ ਸਿੰਘ ਚੰਨੀ ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਸਿੰਗਰ ਸਨ। ਸੋਸ਼ਲ ਮੀਡਿਆ ਯੂਜ਼ਰ ਇਸ ਨੂੰ ਸੱਚ ਮੰਨਦੇ ਹੋਏ ਖ਼ੂਬ ਵਾਇਰਲ ਕਰ ਰਹੇ ਹਨ । ਵਿਸ਼ਵਾਸ ਨਿਊਜ਼ ਨੇ ਜਾਂਚ ਕੀਤੀ ਤਾਂ ਵਾਇਰਲ ਪੋਸਟ ਨੂੰ ਫਰਜ਼ੀ ਪਾਇਆ। ਸਿੰਗਰ ਚਰਨਜੀਤ ਚੰਨੀ ਨੇ ਆਪ ਇਸ ਗੱਲ ਦਾ ਖੰਡਨ ਕੀਤਾ ਹੈ ਅਤੇ ਸਾਡੇ ਨਾਲ ਗੱਲ ਕਰਦਿਆਂ ਇਸ ਖਬਰ ਨੂੰ ਗ਼ਲਤ ਦੱਸਿਆ ਹੈ।

ਕੀ ਹੈ ਵਾਇਰਲ ਪੋਸਟ ਵਿੱਚ?

ਪੰਜਾਬੀ ਭਾਈਚਾਰਾ Kisani tadka ਨਾਮ ਦੇ ਇੱਕ ਫੇਸਬੁੱਕ ਪੇਜ ਨੇ 19 ਸਿਤੰਬਰ ਨੂੰ ਪੇਜ ਤੇ ਸਿੰਗਰ ਚਰਨਜੀਤ ਚੰਨੀ ਦੀ ਫੋਟੋ ਨੂੰ ਸ਼ੇਅਰ ਕੀਤਾ ਹੈ , ਅਤੇ ਨਾਲ ਲਿਖਿਆ ਹੈ “ਵਧਾਈ ਹੋਵੇ ਨਵੇਂ ਮੁੱਖ ਮੰਤਰੀ ਦੀ ਸਭ ਨੂੰ 😂😂”

ਪੋਸਟ ਦਾ ਆਰਕਾਇਵਡ ਵਰਜਨ ਇੱਥੇ ਵੇਖਿਆ ਜਾ ਸਕਦਾ ਹੈ।

ਇਸ ਤਸਵੀਰ ਨੂੰ ਸੱਚ ਮੰਨਦਿਆਂ ਸੋਸ਼ਲ ਮੀਡਿਆ ਤੇ ਕਈ ਹੋਰ ਯੂਜ਼ਰਸ ਵੀ ਇਸ ਤਸਵੀਰ ਨੂੰ ਸਮਾਨ ਅਤੇ ਮਿਲਦੇ – ਜੁਲਦੇ ਦਾਅਵੇ ਨਾਲ ਸ਼ੇਅਰ ਕਰ ਰਹੇ ਹਨ ।

ਪੜਤਾਲ

ਵਿਸ਼ਵਾਸ ਨਿਊਜ਼ ਨੇ ਸਭ ਤੋਂ ਪਹਿਲਾ ਕੀ ਵਰਡ ਰਾਹੀਂ ਖੋਜ ਕੀਤੀ। ਅਸੀਂ ਪਹਿਲਾ ਪੰਜਾਬ ਦੇ ਨਵੇਂ ਸੀ.ਐਮ ਚਰਨਜੀਤ ਸਿੰਘ ਚੰਨੀ ਬਾਰੇ ਸਰਚ ਕੀਤਾ । directgyan.com ਤੇ ਸਾਨੂੰ ਪਤਾ ਲੱਗਿਆ ਕਿ ਸੀ.ਐਮ ਚਰਨਜੀਤ ਸਿੰਘ ਚੰਨੀ ਦਾ ਜਨਮ ਮਕ੍ਰੋਨਾ ਕਲਾਂ ਚਮਕੌਰ ਸਾਹਿਬ ਪੰਜਾਬ ਵਿਖੇ ਹੋਇਆ ਅਤੇ ਹੁਣ ਉਹ ਖਰੜ ਐਸ.ਏ.ਐਸ ਨਗਰ ਰਹਿੰਦੇ ਹਨ। ਉਹਨਾਂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ LLB ਦੀ ਪੜਾਈ ਅਤੇ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਤੋਂ MBA ਦੀ ਪੜਾਈ ਪੂਰੀ ਕੀਤੀ ਹੈ। ਇਹ ਪਹਿਲੀ ਵਾਰ 2007 ਵਿੱਚ ਪੰਜਾਬ ਦੇ ਚਮਕੌਰ ਸਾਹਿਬ ਵਿਧਾਨਸਭਾ ਖੇਤਰ ਤੋਂ ਵਿਧਾਇਕ ਚੁਣੇ ਗਏ ਸਨ , ਅਤੇ ਉਸ ਤੋਂ ਬਾਅਦ ਸਾਲ 2012 ਅਤੇ 2017 ਵਿੱਚ ਇਸੇ ਸੀਟ ਤੋਂ ਵਿਧਾਇਕ ਬਣੇ। 2017 ਵਿੱਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕੈਬਿਨੇਟ ਵਿੱਚ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਪ੍ਰਸ਼ੀਸ਼ਣ ਮੰਤਰਾਲੇ ਦਾ ਪਦਭਾਰ ਗ੍ਰਹਿਣ ਕੀਤਾ ਹੋਇਆ ਸੀ । ਸਾਨੂੰ ਇਸ ਵਿੱਚ ਕਿਤੇ ਵੀ ਉਨ੍ਹਾਂ ਦੇ ਗਾਇਕੀ ਨਾਲ ਜੁੜੇ ਹੋਣ ਬਾਰੇ ਕੁਝ ਨਹੀਂ ਮਿਲਿਆ।

ਹੋਰ ਕਈ ਸਾਰੀ ਖਬਰਾਂ ਵਿੱਚ ਵੀ ਉਨ੍ਹਾਂ ਦੇ ਸਿੰਗਰ ਹੋਣ ਬਾਰੇ ਕੁਝ ਨਹੀਂ ਲਿਖਿਆ ਮਿਲਿਆ ।

ਹੁਣ ਅਸੀਂ ਫੋਟੋ ਵਿੱਚ ਦਿਸ ਰਹੇ ਸਿੰਗਰ ਬਾਰੇ ਸਰਚ ਕੀਤਾ , ਵਾਇਰਲ ਫੋਟੋ ਵਿੱਚ ਲਿਖੇ ਗੀਤ ਦੇ ਬੋਲ ਨੂੰ ਯੂਟਿਊਬ ਤੇ ਸਰਚ ਕੀਤਾ ਤਾਂ ਸਾਨੂੰ ਸਿੰਗਰ ਚਰਨਜੀਤ ਚੰਨੀ ਦੁਆਰਾ ਗਾਏ ਬਹੁਤ ਸਾਰੇ ਗੀਤ ਮਿਲੇ। ਸਾਨੂੰ ਮਈ 6 , 2018 ਵਿੱਚ RANJODH RECORDS ਨਾਮ ਦੇ ਯੂਟਿਊਬ ਚੈਨਲ ਤੇ ਚਰਨਜੀਤ ਚੰਨੀ ਦਾ ਰਿਲੀਜ਼ ਮੇਰਾ ਦਿਲ ਗਾਣਾ ਮਿਲਿਆ , ਅਸੀਂ ਪ੍ਰੋਡੂਸਰ ਰਣਯੋਧ ਯੋਧੂ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨੇ ਸਾਨੂੰ ਦੱਸਿਆ ਕਿ ਵਾਇਰਲ ਪੋਸਟ ਉਨ੍ਹਾਂ ਨੇ ਵੀ ਵੇਖੀ ਸੀ ਅਤੇ ਇਹ ਪੂਰੀ ਤਰ੍ਹਾਂ ਫਰਜੀ ਹੈ , ਸੀ.ਐਮ ਚਰਨਜੀਤ ਸਿੰਘ ਚੰਨੀ ਅਤੇ ਸਿੰਗਰ ਚਰਨਜੀਤ ਚੰਨੀ ਦੋਵੇਂ ਅਲੱਗ – ਅਲੱਗ ਹਨ , ਅਤੇ ਸਿੰਗਰ ਚੰਨੀ ਹੁਣ ਫਿਲੀਪੀਨਜ਼ ਵਿੱਚ ਰਹਿੰਦੇ ਹਨ ਅਤੇ ਕਦੇ ਕਦੇ ਇੰਡੀਆ ਆਉਂਦੇ ਹਨ। ਉਨ੍ਹਾਂ ਨੇ ਸਾਡੇ ਨਾਲ ਸਿੰਗਰ ਚਰਨਜੀਤ ਚੰਨੀ ਦਾ ਨੰਬਰ ਵੀ ਸ਼ੇਅਰ ਕੀਤਾ।

ਆਪਣੀ ਜਾਂਚ ਨੂੰ ਜਾਰੀ ਰੱਖਦਿਆਂ ਸਾਨੂੰ MUSIC PEARLS ਨਾਮ ਦੇ ਯੂਟਿਊਬ ਚੈਨਲ ਤੇ ਅਪਲੋਡ ਚਰਨਜੀਤ ਚੰਨੀ ਦੇ ਕਈ ਗਾਣੇ ਮਿਲੇ। ਅਸੀਂ ਇੱਥੇ ਦਿੱਤੇ ਨੰਬਰ ਤੇ ਕਾਲ ਕੀਤੀ ਤਾਂ ਸਾਡੀ ਗੱਲ Pearls Music ਕੰਪਨੀ ਦੇ ਡਾਇਰੈਕਟਰ ਸੰਜੀਵ ਸੂਦ ਨਾਲ ਹੋਈ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਵਾਇਰਲ ਪੋਸਟ ਵਿਚ ਦਿੱਸ ਰਹੇ ਗਾਇਕ ਪੰਜਾਬ ਦੇ ਨਵੇਂ ਬਣੇ ਸੀ.ਐਮ ਚਰਨਜੀਤ ਸਿੰਘ ਚੰਨੀ ਨਹੀਂ ਹਨ, ਗਾਇਕ ਚਰਨਜੀਤ ਚੰਨੀ ਨਕੋਦਰ ਦੇ ਰਹਿਣ ਵਾਲੇ ਹਨ ਅਤੇ ਇਸ ਸਮੇਂ ਫਿਲੀਪੀਨਜ਼ ਵਿੱਚ ਰਹਿ ਰਹੇ ਹਨ। ਉਨ੍ਹਾਂ ਦੱਸਿਆ ਕਿ ਗਾਇਕ ਚਰਨਜੀਤ ਚੰਨੀ ਕਦੇ -ਕਦੇ ਹੀ ਭਾਰਤ ਆਉਂਦੇ ਹਨ ਜਦੋਂ ਉਨ੍ਹਾਂ ਦਾ ਕੋਈ ਪ੍ਰੋਗਰਾਮ ਹੁੰਦਾ ਹੈ ਨਹੀਂ ਤਾਂ ਉਹ ਉੱਥੇ ਹੀ ਰਹਿੰਦੇ ਹਨ। ਸੰਜੀਵ ਸੂਦ ਨੇ ਸਾਨੂੰ ਗਾਇਕ ਚਰਨਜੀਤ ਚੰਨੀ ਦਾ ਨੰਬਰ ਵੀ ਦਿੱਤਾ ।

ਗਾਇਕ ਚਰਨਜੀਤ ਚੰਨੀ ਨੇ ਸਾਡੇ ਨਾਲ ਗੱਲ ਕਰਦੇ ਹੋਏ ਕਿਹਾ, “ਵਾਇਰਲ ਤਸਵੀਰ ਵਿਚ ਦਿੱਸ ਰਿਹਾ ਗਾਇਕ ਮੈਂ ਹੀ ਹਾਂ ਅਤੇ ਉਹ ਪੰਜਾਬ ਦੇ ਹਾਲੀਆ ਬਣੇ ਮੁੱਖ ਮੰਤਰੀ ਚਰਨਜੀਤ ਚੰਨੀ ਨਹੀਂ ਹਨ । ਇਹ ਐਲਬਮ ਅੱਜ ਤੋਂ 30 ਸਾਲ ਪਹਿਲਾਂ 1990 ਵਿਚ ਆਈ ਸੀ ਅਤੇ ਹੁਣ ਲੋਕ ਇਸ ਐਲਬਮ ਦੇ ਪੋਸਟਰ ਨੂੰ ਗਲਤ ਦਾਅਵੇ ਨਾਲ ਵਾਇਰਲ ਕਰ ਰਹੇ ਹਨ। ਚਰਨਜੀਤ ਚੰਨੀ ਨੇ ਸਾਨੂੰ ਦੱਸਿਆ ਕਿ ਉਹ ਇਸ ਸਮੇਂ ਫਿਲੀਪੀਨਜ਼ ਵਿੱਚ ਹੀ ਰਹਿੰਦੇ ਹਨ ਅਤੇ 2008 ਵਿੱਚ ਉਹ ਇੱਥੇ ਵੱਸ ਗਏ ਸਨ।

ਸਾਨੂੰ 21 ਸਿਤੰਬਰ 2021 ਨੂੰ ਪੰਜਾਬੀ ਜਾਗਰਣ ਦੀ ਵੈੱਬਸਾਈਟ ਤੇ ਵਾਇਰਲ ਖਬਰ ਦਾ ਖੰਡਨ ਕਰਦੀ ਹੋਈ ਇੱਕ ਖਬਰ ਮਿਲੀ, ਖਬਰ ਅਨੁਸਾਰ “ਸੋਸ਼ਲ ਮੀਡੀਆ ’ਤੇ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਪਣੀ ਚੜ੍ਹਦੀ ਜਵਾਨੀ ‘ਚ ਗਾਉਂਦੇ ਸਨ, ਪਰ ਜਿਹੜੀ ਕੈਸਿਟ ਦੇ ਪੋਸਟਰ ਨੂੰ ਸੋਸ਼ਲ ਮੀਡੀਆ ’ਤੇ ਵਾਇਰਲ ਕੀਤਾ ਜਾ ਰਿਹਾ ਹੈ, ਉਸ ਨਾਲ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਦਾ ਕੋਈ ਵਾਸਤਾ ਨਹੀਂ ਹੈ। ਪੂਰੀ ਖਬਰ ਇੱਥੇ ਪੜ੍ਹੋ ।

ਪੜਤਾਲ ਦੇ ਅੰਤ ਵਿੱਚ ਅਸੀਂ ਇਸ ਪੋਸਟ ਨੂੰ ਵਾਇਰਲ ਕਰਨ ਵਾਲੇ ਪੇਜ ਪੰਜਾਬੀ ਭਾਈਚਾਰਾ Kisani tadka ਦੀ ਸੋਸ਼ਲ ਸਕੈਨਿੰਗ ਕੀਤੀ। ਸਕੈਨਿੰਗ ਤੋਂ ਪਤਾ ਲੱਗਿਆ ਕਿ ਇਸ ਪੇਜ ਨੂੰ 32,916 ਲੋਕ ਫੋਲੋ ਕਰਦੇ ਹਨ ਅਤੇ 11 ਦਿਸੰਬਰ 2020 ਨੂੰ ਬਣਾਇਆ ਗਿਆ ਹੈ।

ਨਤੀਜਾ: ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਵਾਇਰਲ ਪੋਸਟ ਫਰਜੀ ਨਿਕਲਿਆ। ਪੋਸਟ ਵਿੱਚ ਮੁੱਖ ਮੰਤਰੀ ਚਰਨਜੀਤ ਚੰਨੀ ਨਹੀਂ ਬਲਕਿ ਗਾਇਕ ਚਰਨਜੀਤ ਚੰਨੀ ਹਨ ਜੋ ਇਸ ਸਮੇਂ ਫਿਲੀਪੀਨਜ਼ ਵਿਚ ਰਹਿ ਰਹੇ ਹਨ। ਸਾਡੇ ਨਾਲ ਗੱਲ ਕਰਦਿਆਂ ਗਾਇਕ ਚਰਨਜੀਤ ਚੰਨੀ ਨੇ ਆਪ ਵਾਇਰਲ ਦਾਅਵਿਆਂ ਦਾ ਖੰਡਨ ਕੀਤਾ ਹੈ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts