Fact Check: ਪਟਿਆਲਾ ਪੁਲਿਸ ਨੇ 9 ਲੱਖ ਰੁਪਏ ਖਾਲਸਾ ਏਡ ਨੂੰ ਨਹੀਂ, ਬਲਕਿ ਮੁੱਖ ਮੰਤ੍ਰੀ ਰਾਹਤ ਫ਼ੰਡ ਨੂੰ ਡੋਨੇਟ ਕੀਤੇ ਸਨ

ਨਵੀਂ ਦਿੱਲੀ (ਵਿਸ਼ਵਾਸ ਟੀਮ)। ਪੰਜਾਬ ਵਿਚ ਹੜ ਨੇ ਇਸ ਵਾਰ ਕਾਫੀ ਨੁਕਸਾਨ ਕੀਤਾ ਹੈ, ਜਿਸਦੇ ਕਰਕੇ ਹੜ ਪੀੜਤਾਂ ਦੀ ਮਦਦ ਕਈ ਸੰਸਥਾਵਾਂ ਨੇ ਕੀਤੀਆਂ ਹਨ। ਇਸੇ ਸੰਧਰਭ ਵਿਚ ਇੱਕ ਫਰਜ਼ੀ ਪੋਸਟ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਸ ਪੋਸਟ ਵਿਚ ਇੱਕ ਤਸਵੀਰ ਸ਼ੇਅਰ ਕੀਤੀ ਗਈ ਹੈ ਜਿਸਦੇ ਵਿਚ ਕੁਝ ਪੁਲਿਸ ਦੇ ਮੁਲਾਜ਼ਮ ਇੱਕ ਵਿਅਕਤੀ ਨੂੰ ਚੈੱਕ ਦਿੰਦੇ ਨਜ਼ਰ ਆ ਰਹੇ ਹਨ। ਇਸ ਤਸਵੀਰ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ ਪੁਲਿਸ ਨੇ ਹੜ ਪੀੜਤਾਂ ਦੀ ਮਦਦ ਕਰਨ ਲਈ ਖਾਲਸਾ ਏਡ ਨੂੰ 9 ਲੱਖ ਰੁਪਏ ਡੋਨੇਟ ਕੀਤੇ ਹਨ। ਵਿਸ਼ਵਾਸ ਟੀਮ ਨੇ ਜਦੋਂ ਇਸ ਖਬਰ ਦੀ ਪੜਤਾਲ ਕੀਤੀ ਤਾਂ ਪਾਇਆ ਕਿ ਅਸਲ ਵਿਚ ਪਟਿਆਲਾ ਪੁਲਿਸ ਨੇ 9 ਲੱਖ ਰੁਪਏ ਖਾਲਸਾ ਏਡ ਨੂੰ ਨਹੀਂ ਬਲਕਿ ਮੁੱਖ ਮੰਤਰੀ ਰਾਹਤ ਫ਼ੰਡ ਵਿਚ ਹੜ ਪੀੜਤਾਂ ਦੀ ਮਦਦ ਲਈ ਡੋਨੇਟ ਕੀਤੇ ਹਨ। ਪੰਜਾਬ ਪੁਲਿਸ ਦੇ ਅਧਿਕਾਰਕ ਟਵਿੱਟਰ ਹੈਂਡਲ (@PunjabPoliceInd) ਤੋਂ 5 ਸਿਤੰਬਰ 2019 ਨੂੰ ਕੀਤੇ ਗਏ ਟਵੀਟ ਨਾਲ ਇਸ ਤਸਵੀਰ ਦੀ ਪੁਸ਼ਟੀ ਹੁੰਦੀ ਹੈ।

ਕੀ ਹੋ ਰਿਹਾ ਹੈ ਵਾਇਰਲ?

ਸੋਸ਼ਲ ਮੀਡੀਆ ਦੇ ਫੇਸਬੁੱਕ ਪਲੇਟਫਾਰਮ ‘ਤੇ “Sardar Phoolka de Fan ਸਰਦਾਰ ਫੂਲਕਾ ਦੇ ਫੈਨ” ਨਾਂ ਦਾ ਪੇਜ ਇੱਕ ਪੋਸਟ ਸ਼ੇਅਰ ਕਰਦਾ ਹੈ। ਇਸ ਪੋਸਟ ਵਿਚ ਇੱਕ ਤਸਵੀਰ ਸ਼ੇਅਰ ਕੀਤੀ ਗਈ ਹੈ ਜਿਸਦੇ ਵਿਚ ਕੁਝ ਪੁਲਿਸ ਦੇ ਮੁਲਾਜ਼ਮ ਇੱਕ ਵਿਅਕਤੀ ਨੂੰ ਚੈੱਕ ਦਿੰਦੇ ਨਜ਼ਰ ਆ ਰਹੇ ਹਨ। ਇਸ ਤਸਵੀਰ ਨਾਲ ਡਿਸਕ੍ਰਿਪਸ਼ਨ ਲਿਖਿਆ ਗਿਆ ਹੈ: “ਪੰਜਾਬ #ਪੁਲਿਸ ਵੱਲੋਂ 9 ਲੱਖ ਇਕੱਠੇ ਕਰ ਹੜ੍ਹ ਪੀੜਤਾਂ ਦੀ ਮਦਦ ਲਈ ਖਾਲਸਾ ਏਡ ਨੂੰ ਦਿੱਤੇ। #ਖਾਲਸਾ_ਏਡ ਨੂੰ ਹੜ੍ਹ ਪੀੜਤਾ ਦੀ ਮਦਦ ਲਈ #ਦਾਨ ਕਰਨ ਲਈ #NRI ਵੀਰ ਇਸ ਲਿੰਕ ਤੇ ਕਲਿਕ ਕਰੋ: https://uk.virginmoneygiving.com/fund/panjab-floods”

ਪੜਤਾਲ

ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਨੂੰ ਸ਼ੁਰੂ ਕਰਨ ਲਈ ਸਬਤੋਂ ਪਹਿਲਾਂ ਇਸ ਪੋਸਟ ਵਿਚ ਦਿੱਤੇ ਗਏ ਲਿੰਕ ‘ਤੇ ਕਲਿੱਕ ਕੀਤਾ। ਲਿੰਕ ‘ਤੇ ਕਲਿੱਕ ਕਰਨ ਬਾਅਦ “uk.virginmoneygiving.com” ਨਾਂ ਦੀ ਵੈੱਬਸਾਈਟ ਖੁਲ੍ਹ ਕੇ ਸਾਹਮਣੇ ਆਈ, ਜਿਸਦੇ ਵਿਚ Khalsa Aid ਫ਼ੰਡ ਨੂੰ ਲੈ ਕੇ ਜਾਣਕਾਰੀ ਦਿੱਤੀ ਗਈ ਸੀ ਅਤੇ ਪੈਸਾ ਡੋਨੇਟ ਕਰਨ ਵਾਸਤੇ ਲੋਕਾਂ ਨੂੰ ਅਪੀਲ ਵੀ ਕਿੱਤੀ ਗਈ ਸੀ।

ਇਸਤੋਂ ਬਾਅਦ ਅਸੀਂ ਇਸ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਵਿਚ ਅਪਲੋਡ ਕਰਕੇ ਸਰਚ ਕੀਤਾ। ਸਰਚ ਦੇ ਨਤੀਜਿਆਂ ਤੋਂ ਸਾਫ ਹੋ ਗਿਆ ਕਿ ਇਸ ਤਸਵੀਰ ਨਾਲ ਕੀਤਾ ਜਾ ਰਿਹਾ ਦਾਅਵਾ ਫਰਜ਼ੀ ਹੈ। ਸਾਨੂੰ ਇਹ ਤਸਵੀਰ “Punjab Police India” ਦੇ ਅਧਿਕਾਰਕ ਟਵਿੱਟਰ ਹੈਂਡਲ “@PunjabPoliceInd” ‘ਤੇ ਮਿਲੀ। ਇਹ ਟਵੀਟ 5 ਸਿਤੰਬਰ 2019 ਨੂੰ ਪੋਸਟ ਕੀਤਾ ਗਿਆ ਸੀ। ਇਸ ਤਸਵੀਰ ਨਾਲ ਡਿਸਕ੍ਰਿਪਸ਼ਨ ਲਿਖਿਆ ਗਿਆ ਸੀ: Patiala Police donates generously towards Chief Minister’s Relief fund. In a heart-warming gesture by Patiala Police, staff members from the rank of SSP to constable donated a part of their salary to help towards flood relief fund.

ਡਿਸਕ੍ਰਿਪਸ਼ਨ ਦਾ ਪੰਜਾਬੀ ਅਨੁਵਾਦ ਹੁੰਦਾ ਹੈ: ਪਟਿਆਲਾ ਪੁਲਿਸ ਨੇ ਮੁੱਖ ਮੰਤਰੀ ਰਾਹਤ ਫੰਡ ਲਈ ਖੁੱਲ੍ਹੇ ਦਿਲ ਨਾਲ ਦਾਨ ਕੀਤਾ। ਪਟਿਆਲਾ ਪੁਲਿਸ ਦੇ ਇੱਕ ਦਿਲ-ਖਿੱਚਵੇਂ ਇਸ਼ਾਰੇ ਵਿੱਚ, ਐਸਐਸਪੀ ਦੇ ਅਹੁਦੇ ਤੋਂ ਸਿਪਾਹੀ ਤੱਕ ਨੇ ਮੁੱਖ ਮੰਤਰੀ ਹੜ੍ਹ ਰਾਹਤ ਫੰਡ ਵਿੱਚ ਸਹਾਇਤਾ ਲਈ ਆਪਣੀ ਤਨਖਾਹ ਦਾ ਇੱਕ ਹਿੱਸਾ ਦਾਨ ਕੀਤਾ।

ਇਸ ਡਿਸਕ੍ਰਿਪਸ਼ਨ ਦੇ ਹੇਠਾਂ ਇੱਕ ਲਿੰਕ ਵੀ ਦਿੱਤਾ ਗਿਆ ਹੈ। ਇਸ ਲਿੰਕ ‘ਤੇ ਕਲਿੱਕ ਕਰਨ ਨਾਲ ਅਸੀਂ ਪੰਜਾਬ ਪੁਲਿਸ ਦੇ ਫੇਸਬੁੱਕ ਅਕਾਊਂਟ ‘ਤੇ ਪੁੱਜ ਗਏ ਜਿਥੇ ਇੱਕ ਪੋਸਟ ਵਿਚ ਇਸ ਤਸਵੀਰ ਬਾਰੇ ਸਾਰੀ ਜਾਣਕਾਰੀ ਦੱਸੀ ਗਈ ਸੀ। ਇਹ ਪੋਸਟ 5 ਸਿਤੰਬਰ 2019 ਨੂੰ ਸ਼ੇਅਰ ਕੀਤਾ ਗਿਆ ਸੀ। ਇਸ ਪੋਸਟ ਵਿਚ ਲਿਖੇ ਡਿਸਕ੍ਰਿਪਸ਼ਨ ਅਨੁਸਾਰ: ਪਟਿਆਲਾ ਪੁਲਿਸ ਵੱਲੋ ਮੁੱਖ ਮੰਤਰੀ ਰਾਹਤ ਫੰਡ ਲਈ ਖੁੱਲ੍ਹੇ ਦਿਲ ਨਾਲ ਦਾਨ ਕੀਤਾ ਗਿਆ। ਪਟਿਆਲਾ ਪੁਲਿਸ ਦੇ ਐਸਐਸਪੀ ਰੈਂਕ ਤੋਂ ਸਿਪਾਹੀ ਰੈਂਕ ਦੇ ਮੁਲਾਜਮਾਂ ਵੱਲੋ ਹੜ੍ਹ ਰਾਹਤ ਫੰਡ ਵਿੱਚ ਸਹਾਇਤਾ ਲਈ ਆਪਣੀ ਤਨਖਾਹ ਦਾ ਇੱਕ ਹਿੱਸਾ ਦਾਨ ਕੀਤਾ ਹੈ ਜਿਸ ਦੇ ਸੰਬੰਧ ਵਿਚ ਕੁਲ ਰਾਸ਼ੀ 9,01,926 ਰੁਪਏ ਇਕਠੀ ਕੀਤੀ ਗਈ ਹੈ ਅਤੇ ਇਹ ਰਾਸ਼ੀ ਮੁੱਖ ਮੰਤਰੀ ਰਾਹਤ ਫੰਡ ਨੂੰ ਉਹਨਾਂ ਪੀੜਤਾਂ ਦੀ ਸਹਾਇਤਾ ਲਈ ਦਿੱਤੀ ਗਈ ਹੈ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਨ ਗੁਆ ਦਿੱਤਾ ਸੀ।

ਹੁਣ ਅਸੀਂ ਇਸ ਮਾਮਲੇ ਬਾਰੇ ਵੱਧ ਜਾਣਕਾਰੀ ਪ੍ਰਾਪਤ ਕਰਨ ਲਈ ਪੰਜਾਬੀ ਜਾਗਰਣ ਦੇ ਪਟਿਆਲਾ ਜਿਲ੍ਹਾ ਇੰਚਾਰਜ ਰਿਪੋਰਟਰ ਨਵਦੀਪ ਢੀਂਗਰਾ ਨਾਲ ਸੰਪਰਕ ਕੀਤਾ। ਨਵਦੀਪ ਨੇ ਵਿਸ਼ਵਾਸ ਟੀਮ ਨਾਲ ਗੱਲ ਕਰਦੇ ਹੋਏ ਦੱਸਿਆ, “ਪਟਿਆਲਾ ਪੁਲਿਸ ਨੇ 9 ਲੱਖ ਰੁਪਏ ਮੁੱਖ ਮੰਤਰੀ ਰਾਹਤ ਫ਼ੰਡ ਵਿਚ ਹੜ ਪੀੜਤਾਂ ਦੀ ਮਦਦ ਲਈ ਡੋਨੇਟ ਕੀਤੇ ਸੀ। ਮੁੱਖ ਮੰਤਰੀ ਰਾਹਤ ਫ਼ੰਡ ਦਾ ਖਾਲਸਾ ਏਡ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਇਸ ਵਾਇਰਲ ਹੋ ਰਹੀ ਤਸਵੀਰ ਨੂੰ ਪੰਜਾਬ ਪੁਲਿਸ ਦੇ ਅਧਿਕਾਰਕ ਫੇਸਬੁੱਕ ਅਤੇ ਟਵਿੱਟਰ ਅਕਾਊਂਟ ‘ਤੇ ਵੀ ਵੇਖਿਆ ਜਾ ਸਕਦਾ ਹੈ ਜਿਸਦੇ ਵਿਚ ਅਸਲ ਸੱਚਾਈ ਸਾਹਮਣੇ ਆਉਂਦੀ ਹੈ। ਖਾਲਸਾ ਏਡ ਵੀ ਹੜ ਪੀੜਤਾਂ ਦੀ ਪੰਜਾਬ ਵਿਚ ਇਸ ਸਮੇਂ ਮਦਦ ਕਰ ਰਹੀ ਹੈ ਪਰ ਇਸ ਪੋਸਟ ਅਤੇ ਇਨ੍ਹਾਂ 9 ਲੱਖ ਰੁਪਏ ਦਾ ਖਾਲਸਾ ਏਡ ਨਾਲ ਕੋਈ ਸਬੰਧ ਨਹੀਂ ਹੈ।”

ਅੰਤ ਵਿਚ ਵਿਸ਼ਵਾਸ ਟੀਮ ਨੇ ਇਸ ਤਸਵੀਰ ਨੂੰ ਵਾਇਰਲ ਕਰਨ ਵਾਲੇ ਪੇਜ “Sardar Phoolka de Fan ਸਰਦਾਰ ਫੂਲਕਾ ਦੇ ਫੈਨ” ਸੋਸ਼ਲ ਸਕੈਨਿੰਗ ਕਰਨ ਦਾ ਫੈਸਲਾ ਕੀਤਾ। ਅਸੀਂ ਪਾਇਆ ਕਿ ਇਸ ਪੇਜ ਨੂੰ 38,037 ਲੋਕ ਫਾਲੋ ਕਰਦੇ ਹਨ ਅਤੇ ਇਹ ਪੇਜ ਪੰਜਾਬ ਨਾਲ ਜੁੜੀਆਂ ਅਤੇ ਪੰਜਾਬੀ ਰਾਜਨੀਤੀ ਨਾਲ ਜੁੜੀਆਂ ਖਬਰਾਂ ਨੂੰ ਹੀ ਪੋਸਟ ਕਰਦਾ ਹੈ।

ਨਤੀਜਾ: ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਇਹ ਵਾਇਰਲ ਹੋ ਰਿਹਾ ਪੋਸਟ ਫਰਜ਼ੀ ਸਾਬਤ ਕੀਤਾ। ਅਸਲ ਵਿਚ ਪਟਿਆਲਾ ਪੁਲਿਸ ਨੇ 9 ਲੱਖ ਰੁਪਏ ਖਾਲਸਾ ਏਡ ਨੂੰ ਨਹੀਂ ਬਲਕਿ ਮੁੱਖ ਮੰਤਰੀ ਰਾਹਤ ਫ਼ੰਡ ਵਿਚ ਹੜ ਪੀੜਤਾਂ ਦੀ ਮਦਦ ਲਈ ਡੋਨੇਟ ਕੀਤੇ ਹਨ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts