Fact Check: ਭਗਤ ਸਿੰਘ ਦੀ ਅਸਲੀ ਫੋਟੋ ਦੱਸਕੇ ਵਾਇਰਲ ਕੀਤੀ ਜਾ ਰਹੀ ਹੈ ਫਰੂਖਾਬਾਦ ਦੇ ਨਵਾਬ ਦੀ ਤਸਵੀਰ
- By: Bhagwant Singh
- Published: Oct 1, 2019 at 03:46 PM
- Updated: Oct 1, 2019 at 04:03 PM
ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ਅੱਜਕਲ੍ਹ ਅਜਿਹਾ ਪਲੇਟਫਾਰਮ ਬਣ ਗਿਆ ਹੈ ਜਿਥੇ ਫਰਜੀ ਖਬਰਾਂ ਨੂੰ ਬੜੇ ਬਾਰੀਕੀ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਇੱਕ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਸ ਤਸਵੀਰ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਭਗਤ ਸਿੰਘ ਦੀ ਹੈ। ਇਸ ਤਸਵੀਰ ਦੇ ਉੱਤੇ ਲਿਖਿਆ ਹੋਇਆ ਹੈ: “ਭਗਤ ਸਿੰਘ ਦੀ ਅਸਲੀ ਫ਼ੋਟੋ, ਜੈ ਹਿੰਦ”
ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਤਸਵੀਰ ਭਗਤ ਸਿੰਘ ਦੀ ਨਹੀਂ ਹੈ। ਅਸਲ ਵਿਚ ਇਹ ਤਸਵੀਰ 1857 ਵਿਚ ਕੈਦ ਕੀਤੇ ਗਏ ਫਰੂਖਾਬਾਦ ਦੇ ਨਵਾਬ, ਤਫਜ਼ੂਲ ਹੁਸੈਨ ਖਾਨ ਦੀ ਹੈ।
ਕੀ ਹੋ ਰਿਹਾ ਹੈ ਵਾਇਰਲ?
ਸੋਸ਼ਲ ਮੀਡੀਆ ਦੇ ਫੇਸਬੁੱਕ ਪਲੇਟਫਾਰਮ ‘ਤੇ “ਖੇਤੀਬਾੜੀ ਮਹਿਕਮਾਂ” ਨਾਂ ਦਾ ਪੇਜ ਇੱਕ ਤਸਵੀਰ ਅਪਲੋਡ ਕਰਦਾ ਹੈ। ਇਸ ਤਸਵੀਰ ਦੇ ਉੱਤੇ ਲਿਖਿਆ ਹੋਇਆ ਹੈ, “ਭਗਤ ਸਿੰਘ ਦੀ ਅਸਲੀ ਫ਼ੋਟੋ, ਜੈ ਹਿੰਦ” ਅਤੇ ਇਸ ਤਸਵੀਰ ਨਾਲ ਡਿਸਕ੍ਰਿਪਸ਼ਨ ਦਿੱਤਾ ਗਿਆ ਹੈ: “ਜੇ ਭਗਤ ਸਿੰਘ ਨੂੰ ਪਿਆਰ ਕਰਦੇ ਓ ਤਾਂ ਸ਼ੇਅਰ ਜਰੂਰ ਕਰੋ“
ਪੜਤਾਲ
ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਇਸ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਸਰਚ ਵਿਚ ਅਪਲੋਡ ਕਰ ਸ਼ੁਰੂ ਕੀਤੀ। ਸਰਚ ਦੇ ਨਤੀਜਿਆਂ ਵਿਚ ਕਈ ਥਾਂਵਾਂ ‘ਤੇ ਸਾਨੂੰ ਇਹ ਤਸਵੀਰ ਭਗਤ ਸਿੰਘ ਦੇ ਨਾਂ ਤੋਂ ਸ਼ੇਅਰ ਕੀਤੀ ਮਿਲੀ ਅਤੇ ਕਈ ਥਾਂਵਾਂ ‘ਤੇ ਫਰੂਖਾਬਾਦ ਦੇ ਨਵਾਬ, ਤਫਜ਼ੂਲ ਹੁਸੈਨ ਖਾਨ ਦੇ ਨਾਂ ਤੋਂ ਸ਼ੇਅਰ ਕੀਤੀ ਗਈ ਮਿਲੀ।
ਅਸੀਂ “http://www.shahidbhagatsingh.org” ਨਾਂ ਦੀ ਵੈੱਬਸਾਈਟ ‘ਤੇ ਗਏ। ਇਹ ਵੈੱਬਸਾਈਟ “Shaheed Bhagat Singh Centenary Foundation” ਵੱਲੋਂ ਚਲਾਈ ਜਾ ਰਹੀ ਹੈ। ਇਸ ਵੈੱਬਸਾਈਟ ‘ਤੇ ਭਗਤ ਸਿੰਘ ਦੇ ਜੀਵਨਕਾਲ ਬਾਰੇ ਅਤੇ ਉਨ੍ਹਾਂ ਦੇ ਪਰਿਵਾਰ ਬਾਰੇ ਜਾਣਕਰੀ ਸ਼ੇਅਰ ਕੀਤੀ ਗਈ ਸੀ ਅਤੇ ਭਗਤ ਸਿੰਘ ਦੀਆਂ ਅਸਲੀ ਤਸਵੀਰਾਂ ਵੀ ਇਥੇ ਮੌਜੂਦ ਸਨ। “Shaheed Bhagat Singh Centenary Foundation” ਦੇ ਚੇਅਰਮੈਨ ਸ਼ਹੀਦ ਭਗਤ ਸਿੰਘ ਦੀ ਭੈਣ ਅਮਰ ਕੌਰ ਦੇ ਸੁਪੁੱਤਰ ਪ੍ਰੋਫੈਸਰ ਜਗਮੋਹਨ ਸਿੰਘ ਹਨ।
ਭਗਤ ਸਿੰਘ ਦੀਆਂ ਅਸਲੀ ਤਸਵੀਰਾਂ ਤੁਸੀਂ ਹੇਠਾਂ ਵੇਖ ਸਕਦੇ ਹੋ।
ਸਾਨੂੰ ਵਾਇਰਲ ਤਸਵੀਰ ਇਥੇ ਨਹੀਂ ਮਿਲੀ ਅਤੇ ਜੇਕਰ ਅਸੀਂ ਭਗਤ ਸਿੰਘ ਦੀਆਂ ਅਸਲੀ ਤਸਵੀਰਾਂ ਨੂੰ ਦੇਖਦੇ ਹਾਂ ਤਾਂ ਇਹ ਗੱਲ ਸਾਫ ਨਜਰ ਆਉਂਦੀ ਹੈ ਕਿ ਇਹ ਵਾਇਰਲ ਹੋ ਰਹੀ ਤਸਵੀਰ ਭਗਤ ਸਿੰਘ ਦੀ ਨਹੀਂ ਹੈ। ਤੁਸੀਂ ਵਾਇਰਲ ਤਸਵੀਰ ਅਤੇ ਭਗਤ ਸਿੰਘ ਦੀ ਅਸਲੀ ਤਸਵੀਰ ਵਿਚਕਾਰ ਫਰਕ ਹੇਠਾਂ ਵੇਖ ਸਕਦੇ ਹੋ।
ਹੁਣ ਅਸੀਂ ਇਸ ਵਾਇਰਲ ਹੋ ਰਹੀ ਤਸਵੀਰ ਦੀ ਭਾਲ ਹੋਰ ਵਧਾਈ। ਸਾਨੂੰ ਇਹ ਤਸਵੀਰ 2011 ਦੇ ਇੱਕ ਫੇਸਬੁੱਕ ਪੋਸਟ ‘ਤੇ ਵੀ ਮਿਲੀ। ਇਹ ਪੋਸਟ “History of farrukhabad.” ਨਾਂ ਦੇ ਪੇਜ ਦੁਆਰਾ ਕੀਤਾ ਗਿਆ ਸੀ ਅਤੇ ਇਸ ਪੋਸਟ ਨਾਲ ਸ਼ੇਅਰ ਕੀਤੇ ਗਏ ਡਿਸਕ੍ਰਿਪਸ਼ਨ ਅਨੁਸਾਰ ਇਹ ਤਸਵੀਰ ਵੀ “ਫਰੂਖਾਬਾਦ ਦੇ ਨਵਾਬ” ਦੀ ਹੀ ਹੈ ਅਤੇ ਇਸ ਤਸਵੀਰ ਨੂੰ 1857 ਦੇ ਵਿਦ੍ਰੋਹ ਨਾਲ ਜੋੜ ਪੇਸ਼ ਕੀਤਾ ਗਿਆ ਸੀ।
ਇਸ ਤਸਵੀਰ ਦੀ ਪੜਤਾਲ ਦੌਰਾਨ ਸਾਨੂੰ ਇੱਕ ਲਿੰਕ “STATE LIBRARY VICTORIA” ਦੀ ਅਧਿਕਾਰਕ ਵੈੱਬਸਾਈਟ ਦਾ ਮਿਲਿਆ। ਮੇਲਬਰਨ ਪਬਲਿਕ ਲਾਇਬ੍ਰੇਰੀ ਦੇ ਤੌਰ ‘ਤੇ 1854 ਵਿਚ ਸਥਾਪਿਤ, “STATE LIBRARY VICTORIA” ਆਸਟਰੇਲੀਆ ਦੀ ਸਭ ਤੋਂ ਪੁਰਾਣੀ ਪਬਲਿਕ ਲਾਇਬ੍ਰੇਰੀ ਹੈ ਅਤੇ ਵਿਸ਼ਵ ਦੀ ਪਹਿਲੀ ਮੁਫਤ ਪਬਲਿਕ ਲਾਇਬ੍ਰੇਰੀ ਹੈ। ਇਸ ਵੈੱਬਸਾਈਟ ‘ਤੇ ਇਸ ਤਸਵੀਰ ਬਾਰੇ ਜਾਣਕਾਰੀ ਦਿੱਤੀ ਗਈ ਸੀ। ਇਸ ਤਸਵੀਰ ਨਾਲ ਡਿਸਕ੍ਰਿਪਸ਼ਨ ਲਿਖਿਆ ਗਿਆ ਸੀ: “The “Nawab of Ferrukhabad” banished from India for life because of his crimes during the Mutiny, now residing at Mecca. Ought to have been hanged”
ਡਿਸਕ੍ਰਿਪਸ਼ਨ ਅਨੁਸਾਰ: “ਫਰੂਖਾਬਾਦ ਦੇ ਨਵਾਬ” ਨੇ ਅੰਗਰੇਜਾਂ ਦੇ ਖਿਲਾਫ ਵਿਦ੍ਰੋਹ ਕੀਤਾ ਸੀ ਜਿਸਦੇ ਬਾਅਦ ਉਨ੍ਹਾਂ ਨੂੰ ਭਾਰਤ ਤੋਂ ਵੱਖ ਕਰ ਦਿੱਤਾ ਗਿਆ ਸੀ ਅਤੇ ਉਹ ਮੱਕਾ ਚਲੇ ਗਏ ਸੀ।
ਹੁਣ ਅਸੀਂ ਇਸ ਤਸਵੀਰ ਦੀ ਅਧਿਕਾਰਕ ਪੁਸ਼ਟੀ ਲੈਣ ਲਈ “Shaheed Bhagat Singh Centenary Foundation” ਦੇ ਚੇਅਰਮੈਨ ਅਤੇ ਸ਼ਹੀਦ ਭਗਤ ਸਿੰਘ ਦੀ ਛੋਟੀ ਭੈਣ ਅਮਰ ਕੌਰ ਦੇ ਸੁਪੁੱਤਰ ਪ੍ਰੋਫੈਸਰ ਜਗਮੋਹਨ ਸਿੰਘ ਨਾਲ ਸੰਪਰਕ ਕੀਤਾ। ਜਗਮੋਹਨ ਸਿੰਘ ਨੇ ਸਾਨੂੰ ਇਸ ਤਸਵੀਰ ਬਾਰੇ ਪੁਸ਼ਟੀ ਦਿੰਦੇ ਹੋਏ ਕਿਹਾ, “ਇਹ ਵਾਇਰਲ ਹੋ ਰਹੀ ਤਸਵੀਰ ਸ਼ਹੀਦ ਭਗਤ ਸਿੰਘ ਦੀ ਨਹੀਂ ਹੈ ਅਤੇ ਪਹਿਲਾਂ ਵੀ ਕਈ ਵਾਰ ਇਹ ਤਸਵੀਰ ਭਗਤ ਸਿੰਘ ਦੇ ਨਾਂ ਤੋਂ ਵਾਇਰਲ ਹੋ ਚੁੱਕੀ ਹੈ। ਅਸਲ ਵਿਚ, ਇਹ ਤਸਵੀਰ ਫਰੂਖਾਬਾਦ ਦੇ ਨਵਾਬ ਤਫਜ਼ੂਲ ਹੁਸੈਨ ਖਾਨ ਦੀ ਹੈ ਜਿਸ ਨੂੰ 1857 ਦੀ ਆਜ਼ਾਦੀ ਦੀ ਲੜਾਈ ਵਿਚ ਹਿੱਸਾ ਲੈਣ ਕਰਕੇ ਮੌਤ ਦੀ ਸਜ਼ਾ ਸੁਣਾਈ ਗਈ ਸੀ ਪਰ ਬਾਅਦ ਵਿਚ ਉਸ ਨੂੰ ਅਡਾਨ ਭੇਜ ਦਿੱਤਾ ਗਿਆ ਜਿਥੇ 19 ਮਈ 1882 ਨੂੰ ਮੱਕਾ ਵਿਖੇ ਉਸ ਦੀ ਮੌਤ ਹੋ ਗਈ।”
ਅੰਤ ਵਿਚ ਵਿਸ਼ਵਾਸ ਟੀਮ ਨੇ ਇਸ ਤਸਵੀਰ ਨੂੰ ਵਾਇਰਲ ਕਰਨ ਵਾਲੇ ਪੇਜ “ਖੇਤੀਬਾੜੀ ਮਹਿਕਮਾਂ” ਦੀ ਸੋਸ਼ਲ ਸਕੈਨਿੰਗ ਕਰਨ ਦਾ ਫੈਸਲਾ ਕੀਤਾ। ਅਸੀਂ ਪਾਇਆ ਕਿ ਇਹ ਪੇਜ ਪੰਜਾਬ ਨਾਲ ਜੁੜੀਆਂ ਅਤੇ ਖੇਤੀਬਾੜੀ ਨਾਲ ਜੁੜੀਆਂ ਖਬਰਾਂ ਨੂੰ ਪੋਸਟ ਕਰਦਾ ਹੈ ਅਤੇ ਇਸ ਪੇਜ ਨੂੰ 74,728 ਲੋਕ ਫਾਲੋ ਕਰਦੇ ਹਨ।
ਨਤੀਜਾ: ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਵਾਇਰਲ ਹੋ ਰਹੀ ਤਸਵੀਰ ਭਗਤ ਸਿੰਘ ਦੀ ਨਹੀਂ ਬਲਕਿ ਫਰੂਖਾਬਾਦ ਦੇ ਨਵਾਬ ਤਫਜ਼ੂਲ ਹੁਸੈਨ ਖਾਨ ਦੀ ਹੈ ਜਿਸ ਨੂੰ 1857 ਦੀ ਆਜ਼ਾਦੀ ਦੀ ਲੜਾਈ ਵਿਚ ਹਿੱਸਾ ਲੈਣ ਕਰਕੇ ਮੌਤ ਦੀ ਸਜ਼ਾ ਸੁਣਾਈ ਗਈ ਸੀ।
- Claim Review : ਭਗਤ ਸਿੰਘ ਦੀ ਅਸਲੀ ਫ਼ੋਟੋ
- Claimed By : FB Page-ਖੇਤੀਬਾੜੀ ਮਹਿਕਮਾਂ
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...