ਇਹ ਵੀਡੀਓ ਹਾਲ ਦਾ ਨਹੀਂ ਪਿਛਲੇ ਸਾਲ ਸਤੰਬਰ ਦਾ ਹੈ। ਇਸ ਵੀਡੀਓ ਨੂੰ ਭੜਕਾਉਣ ਦੇ ਮਕਸਦ ਤੋਂ ਮੁੜ ਤੋਂ ਵਾਇਰਲ ਕੀਤਾ ਜਾ ਰਿਹਾ ਹੈ।
ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਰੋਜ਼ ਕੁੱਝ ਨਾ ਕੁੱਝ ਪੁਰਾਣਾ ਵਾਇਰਲ ਹੁੰਦਾ ਰਹਿੰਦਾ ਹੈ। ਇਸੇ ਤਰ੍ਹਾਂ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਕੁੱਝ ਨਿਹੰਗ ਸਿੰਘਾਂ ਨੂੰ ਇੱਕ ਬਸ ਉੱਤੇ ਹਮਲਾ ਕਰਦੇ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਨਿਹੰਗ ਸਿੰਘ ਧੱਕਾ ਕਰ ਰਹੇ ਹਨ। ਵਿਸ਼ਵਾਸ ਟੀਮ ਨੇ ਵੀਡੀਓ ਦੀ ਪੜਤਾਲ ਵਿਚ ਪਾਇਆ ਕਿ ਇਹ ਵੀਡੀਓ ਹਾਲ ਦਾ ਨਹੀਂ ਪਿਛਲੇ ਸਾਲ ਸਤੰਬਰ ਦਾ ਹੈ। ਇਸ ਵੀਡੀਓ ਨੂੰ ਭੜਕਾਉਣ ਦੇ ਮਕਸਦ ਤੋਂ ਮੁੜ ਤੋਂ ਵਾਇਰਲ ਕੀਤਾ ਜਾ ਰਿਹਾ ਹੈ।
“ਰਣਜੀਤ ਸਿੰਘ ਢੱਡਰੀਆਂ ਵਾਲੇ” ਨਾਂ ਦੇ ਪੇਜ ਨੇ ਇੱਕ ਵੀਡੀਓ ਨੂੰ ਅਪਲੋਡ ਕੀਤਾ ਜਿਸਦੇ ਵਿਚ ਕੁੱਝ ਨਿਹੰਗ ਸਿੰਘਾਂ ਨੂੰ ਇੱਕ ਬਸ ਉੱਤੇ ਹਮਲਾ ਕਰਦੇ ਵੇਖਿਆ ਜਾ ਸਕਦਾ ਹੈ। ਇਸ ਵੀਡੀਓ ਨੂੰ ਅਪਲੋਡ ਕਰਦੇ ਹੋਏ ਪੇਜ ਲਿਖਿਆ: “ਕਿਵੇਂ ਨੰਹਿਗਾ ਵਲੋਂ ਧੱਕਾ ਕੀਤਾ ਜਾ ਰਿਹਾ ਇਹ ਠੀਕ ਹੈ ਜਾ ਗਲਤ”
ਇਸ ਪੋਸਟ ਦਾ ਆਰਕਾਇਵਡ ਲਿੰਕ।
ਪੜਤਾਲ ਦੀ ਸ਼ੁਰੁਆਤ ਕਰਦੇ ਹੋਏ ਅਸੀਂ ਸਬਤੋਂ ਪਹਿਲਾਂ ਇਸ ਵੀਡੀਓ ਦੇ ਕੀਫ਼੍ਰੇਮਸ ਕੱਢੇ ਅਤੇ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ‘ਤੇ ਸਰਚ ਕੀਤਾ। ਸਾਨੂੰ ਸਰਚ ਦੇ ਨਤੀਜਿਆਂ ਤੋਂ ਵੀਡੀਓ ਦੀ ਸਚਾਈ ਪਤਾ ਲੱਗ ਗਈ। ਸਾਨੂੰ ਦੈਨਿਕ ਭਾਸਕਰ ਦੀ ਇੱਕ ਇਸ ਮਾਮਲੇ ਨੂੰ ਲੈ ਕੇ ਖਬਰ ਮਿਲੀ। ਇਹ ਖਬਰ 23 ਸਤੰਬਰ 2019 ਨੂੰ ਪ੍ਰਕਾਸ਼ਿਤ ਕੀਤੀ ਗਈ ਸੀ। ਇਸ ਖਬਰ ਵਿਚ ਇਸੇ ਵੀਡੀਓ ਦਾ ਇਸਤੇਮਾਲ ਕੀਤਾ ਗਿਆ ਸੀ ਅਤੇ ਖਬਰ ਦੀ ਹੈਡਲਾਈਨ ਸੀ: “घोड़े को साइड लगी तो निहंगों ने पीआरटीसी के बस चालक पर किया नुकीले हथियारों से हमला” ਪੰਜਾਬੀ ਅਨੁਵਾਦ: ਘੋੜੇ ਨੂੰ ਸਾਈਡ ਲੱਗੀ ਤਾਂ ਨਿਹੰਗਾਂ ਨੇ PRTC ਦੇ ਬਸ ਡਰਾਈਵਰ ‘ਤੇ ਕੀਤਾ ਤਿੱਖੇ ਹਥਿਆਰਾਂ ਨਾਲ ਹਮਲਾ
ਖਬਰ ਅਨੁਸਾਰ: “ਨਕੋਦਰ ਤੋਂ ਕਪੂਰਥਲਾ ਆ ਰਹੀ ਪੀਆਰਟੀਸੀ ਬੱਸ ਨੇ ਨਿਹੰਗਾਂ ਦੇ ਘੋੜੇ ਨੂੰ ਸੁੰਦਰ ਬ੍ਰਿਜ ਨੇੜੇ ਸੜਕ ‘ਤੇ ਜਾਂਦੇ ਹਲਕੀ ਟੱਕਰ ਮਾਰ ਦਿੱਤੀ। ਗੁੱਸੇ ‘ਚ ਆਏ ਨਿਹੰਗ ਸਿੰਘਾਂ ਨੇ ਬੱਸ ‘ਤੇ ਕਿਰਪਾਨਾਂ ਅਤੇ ਬਰਛਿਆਂ ਨਾਲ ਹਮਲਾ ਕਰ ਦਿੱਤਾ ਅਤੇ ਬੱਸ ਵਿਚ ਤੋੜਫੋੜ ਕੀਤੀ। ਪਹਿਲਾਂ ਨਿਹੰਗ ਸਿੰਘ ਡਰਾਈਵਰ ਨਾਲ ਧੱਕਾਮੁੱਕੀ ਕਰਦੇ ਰਹੇ, ਫਿਰ ਕਿਰਪਾਨਾਂ ਨਾਲ ਹਮਲਾ ਕਰ ਦਿੱਤਾ। ਨਿਹੰਗ ਸਿੰਘਾਂ ਦੇ ਵੱਧ ਰਹੇ ਹਮਲੇ ਨੂੰ ਵੇਖਦਿਆਂ ਡਰਾਈਵਰ ਨੇ ਆਪਣੀ ਜਾਨ ਬਚਾਈ। ਉਸਨੇ ਹੀ ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਸੀ।”
ਮਤਲਬ ਇਹ ਗੱਲ ਸਾਫ ਹੋਈ ਕਿ ਇਹ ਵੀਡੀਓ ਹਾਲ ਦਾ ਨਹੀਂ ਪੁਰਾਣਾ ਹੈ। ਅਸੀਂ ਇਸ ਖਬਰ ਨੂੰ ਲੈ ਕੇ ਥੋੜੀ ਹੋਰ ਤਫਤੀਸ਼ ਕੀਤੀ। ਸਾਨੂੰ ਇਸ ਮਾਮਲੇ ਨੂੰ ਲੈ ਕੇ ਦੈਨਿਕ ਜਾਗਰਣ ਦੀ 24 ਸਤੰਬਰ 2019 ਨੂੰ ਪ੍ਰਕਾਸ਼ਿਤ ਇੱਕ ਖਬਰ ਮਿਲੀ ਜਿਸਦੀ ਹੈਡਲਈਨ ਸੀ: “पीआरटीसी बस में तोड़फोड़ करने वालों तक नहीं पहुंची पुलिस” ਪੰਜਾਬੀ ਅਨੁਵਾਦ: ਪੀਆਰਟੀਸੀ ਬਸ ਵਿਚ ਤੋੜਫੋੜ ਕਰਨ ਵਾਲਿਆਂ ਤਕ ਨਹੀਂ ਪੁੱਜੀ ਪੁਲਿਸ
ਖਬਰ ਅਨੁਸਾਰ: “ਕਪੂਰਥਲਾ-ਨਕੋਦਰ ਰੋਡ ‘ਤੇ ਸਥਿਤ ਗੁਰੂਦੁਆਰਾ ਸ੍ਰੀ ਟਾਹਲੀ ਸਾਹਿਬ ਨੇੜੇ ਕਪੂਰਥਲਾ ਪੀਆਰਟੀਸੀ ਡਿਪੂ ਦੀ ਬੱਸ ‘ਤੇ ਕਿਰਪਾਨਾਂ ਅਤੇ ਬਰਛੀਆਂ ਨਾਲ ਹਮਲਾ ਕਰਨ ਦੇ ਦੋਸ਼ੀ ਪਾਏ ਨਿਹੰਗ ਅਜੇ ਵੀ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਸ਼ਨੀਵਾਰ ਨੂੰ ਉਕਤ ਘਟਨਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਅਣਪਛਾਤੇ ਨਿਹੰਗ ਸਿੰਘਾਂ ਖ਼ਿਲਾਫ਼ ਚੌਕੀ ਕਲਾਸੰਘੀਆ ਵਿਖੇ ਕੇਸ ਦਰਜ ਕੀਤਾ ਗਿਆ ਸੀ।”
ਇਸ ਵੀਡੀਓ ਨੂੰ ਲੈ ਕੇ ਸਾਡੀ ਗੱਲ ਪੰਜਾਬੀ ਜਾਗਰਣ ਦੇ ਕਪੂਰਥਲਾ ਇੰਚਾਰਜ ਰਿਪੋਰਟਰ ਸੁਖਪਾਲ ਸਿੰਘ ਹੁੰਦਲ ਨਾਲ ਹੋਈ। ਉਨ੍ਹਾਂ ਨੇ ਦੱਸਿਆ “ਇਹ ਜੋ ਵੀਡੀਓ ਸ਼ੇਅਰ ਕੀਤੀ ਜਾ ਰਹੀ ਹੈ ਜਿਸ ਵਿਚ ਨਿਹੰਗ ਸਿੰਘ ਕਪੂਰਥਲਾ ਡਿਪੂ ਦੀ ਪੀਆਰਟੀਸੀ ਬੱਸ ਦੀ ਭੰਨ ਤੋੜ ਕਰ ਰਹੇ ਹਨ ਇਹ ਵੀਡੀਓ ਕਰੀਬ 5-6 ਮਹੀਨੇ ਪੁਰਾਣੀ ਹੈ ਜੋ ਕਪੂਰਥਲਾ ਨਕੋਦਰ ਰੋਡ ‘ਤੇ ਪੈਂਦੇ ਗੁਰਦੁਆਰਾ ਟਾਹਲੀ ਸਾਹਿਬ ਨਜ਼ਦੀਕ ਦੀ ਹੈ। ਜਿਥੇ ਨਿਹੰਗ ਸਿੰਘਾਂ ਨੂੰ ਸਾਈਡ ਨਾ ਦੇਣ ਜਾਂ ਉਨ੍ਹਾਂ ਦੇ ਘੋੜੇ ਨੂੰ ਬੱਸ ਦੀ ਸਾਈਡ ਵੱਜਣ ਕਾਰਨ ਨਿਹੰਗ ਸਿੰਘਾਂ ਦੀ ਤਕਰਾਰਾਬਜ਼ੀ ਹੋਈ ਸੀ। ਇਸ ਲਈ ਆਮ ਲੋਕਾਂ ਨੂੰ ਅਪੀਲ ਹੈ ਕਿ ਇਸ ਵੀਡੀਓ ਨੂੰ ਹੁਣ ਦੇ ਸਮੇਂ ਮੁਤਾਬਕ ਨਾ ਦੇਖਿਆ ਜਾਵੇ ਅਤੇ ਅਫਵਾਹਾਂ ਤੋਂ ਬਚਿਆ ਜਾਵੇ।”
ਇਸ ਵੀਡੀਓ ਨੂੰ ਰਣਜੀਤ ਸਿੰਘ ਢੱਡਰੀਆਂ ਵਾਲੇ ਨਾਂ ਦੇ ਪੇਜ ਨੇ ਸ਼ੇਅਰ ਕੀਤਾ ਹੈ। ਇਸ ਪੇਜ ਦੀ ਸੋਸ਼ਲ ਸਕੈਨਿੰਗ ਕਰਨ ‘ਤੇ ਪਤਾ ਚਲਦਾ ਹੈ ਕਿ ਇਹ ਪੇਜ ਇੱਕ ਖਾਸ ਵਿਚਾਰਧਾਰਾ ਦਾ ਸਮਰਥਕ ਹੈ।
ਨਤੀਜਾ: ਇਹ ਵੀਡੀਓ ਹਾਲ ਦਾ ਨਹੀਂ ਪਿਛਲੇ ਸਾਲ ਸਤੰਬਰ ਦਾ ਹੈ। ਇਸ ਵੀਡੀਓ ਨੂੰ ਭੜਕਾਉਣ ਦੇ ਮਕਸਦ ਤੋਂ ਮੁੜ ਤੋਂ ਵਾਇਰਲ ਕੀਤਾ ਜਾ ਰਿਹਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।