ਵਿਸ਼ਵਾਸ ਨਿਊਜ਼ ਦੀ ਜਾਂਚ ਤੋਂ ਸਪੱਸ਼ਟ ਹੋਇਆ ਕਿ ਸੋਸ਼ਲ ਮੀਡੀਆ ਤੇ ਨਵਜੋਤ ਸਿੰਘ ਸਿੱਧੂ ਦੀ ਵਾਇਰਲ ਹੋ ਰਹੀ ਤਸਵੀਰ ਐਡੀਟਡ ਹੈ। ਅਸਲ ਤਸਵੀਰ ਵਿੱਚ ਨਵਜੋਤ ਸਿੰਘ ਸਿੱਧੂ ਨੇ ਹੱਥ ‘ਚ ਸ਼ਹੀਦ ਭਗਤ ਸਿੰਘ ਦੀ ਤਸਵੀਰ ਫੜੀ ਹੋਈ ਹੈ।
ਵਿਸ਼ਵਾਸ ਨਿਊਜ਼ (ਨਵੀਂ ਦਿੱਲੀ)। ਜਦੋਂ ਤੋਂ ਨਵਜੋਤ ਸਿੰਘ ਸਿੱਧੂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਬਣੇ ਹਨ, ਉਨ੍ਹਾਂ ਨੂੰ ਲੈ ਕੇ ਕੋਈ ਨਾ ਕੋਈ ਫਰਜ਼ੀ ਪੋਸਟ ਵਾਇਰਲ ਹੁੰਦੀ ਰਹਿੰਦੀ ਹੈ। ਅਜਿਹੀ ਹੀ ਇੱਕ ਪੋਸਟ ਉਨ੍ਹਾਂ ਨੂੰ ਲੈ ਕੇ ਸੋਸ਼ਲ ਮੀਡਿਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਪੋਸਟ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਹੱਥ ‘ਚ ਇੰਦਰਾ ਗਾਂਧੀ ਦੀ ਤਸਵੀਰ ਫੜ੍ਹੇ ਵੇਖਿਆ ਜਾ ਸਕਦਾ ਹੈ। ਸੋਸ਼ਲ ਮੀਡਿਆ ਯੂਜ਼ਰਸ ਵਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਅੰਮ੍ਰਿਤਸਰ ਦਰਬਾਰ ਸਾਹਿਬ ਜਾਂਦੇ ਸਮੇਂ ਨਵਜੋਤ ਸਿੰਘ ਸਿੱਧੂ ਨੇ ਇੰਦਰਾ ਗਾਂਧੀ ਦੀ ਤਸਵੀਰ ਫੜ੍ਹੀ ਸੀ। ਵਿਸ਼ਵਾਸ਼ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਝੂਠਾ ਨਿਕਲਿਆ। ਸਾਡੀ ਜਾਂਚ ਵਿੱਚ ਸਾਹਮਣੇ ਆਇਆ ਕਿ ਨਵਜੋਤ ਸਿੰਘ ਸਿੱਧੂ ਨੇ ਅੰਮ੍ਰਿਤਸਰ ਦਰਬਾਰ ਸਾਹਿਬ ਜਾਂਦੇ ਸਮੇਂ ਭਗਤ ਸਿੰਘ ਦੀ ਤਸਵੀਰ ਨੂੰ ਫੜ੍ਹਿਆ ਸੀ। ਹੁਣ ਉਸੇ ਤਸਵੀਰ ਨੂੰ ਐਡਿਟ ਕਰ ਫਰਜ਼ੀ ਦਾਅਵੇ ਨਾਲ ਸੋਸ਼ਲ ਮੀਡਿਆ ਤੇ ਵਾਇਰਲ ਕੀਤਾ ਜਾ ਰਿਹਾ ਹੈ।
ਕੀ ਹੋ ਰਿਹਾ ਹੈ ਵਾਇਰਲ
ਫੇਸਬੁੱਕ ਪੇਜ Defaulter ਜਨਤਾ ਨੇ 21 ਜੁਲਾਈ ਨੂੰ ਫੇਸਬੁੱਕ ਤੇ ਵਾਇਰਲ ਤਸਵੀਰ ਨੂੰ ਸ਼ੇਅਰ ਕੀਤਾ ਅਤੇ ਸ਼ੇਅਰ ਕਰਦੇ ਹੋਏ ਲਿਖਿਆ “ਸਿੱਧੂ ਸਾਬ ਸ਼੍ਰੀ ਦਰਬਾਰ ਸਾਹਿਬ ਕਿਹੜੇ ਮਾਣ ਨਾਲ ਅੱਜ ਸ਼੍ਰੀ ਦਰਬਾਰ ਸਾਹਿਬ ਢਾਹੁਣ ਵਾਲੀ ਪਾਪੀ ਇੰਦਰਾ ਦੀ ਤਸਵੀਰ ਉਸੇ ਦਰਬਾਰ ਸਾਹਿਬ ਮੱਥਾ ਟੇਕਣ ਜਾਂਦੇ ਲਹਿਰਾ ਕੇ ਕੀ ਸਾਬਿਤ ਕਰ ਰਹੇ ਹੋ ?
ਸਿਰਫ ਕਾਂਗਰਸ ਪ੍ਰਧਾਨ ਹੀ ਬਣੇ ਹੋ ਕਿੰਨਾਂ ਹਾਲਾਤਾ ਚ ਕਿੰਨੇ ਤਰਲੇ ਮਿੰਨਤਾਂ ਨਾਲ ਬਣੇ ਇਹ ਸਾਰਾ ਜੱਗ ਜਾਣਦਾ ਹੈ ਪਰ ਤੁਹਾਡੀ ਆਕਾਂਵਾਂ ਨੂੰ ਖੁਸ਼ ਕਰਨ ਦੀ ਆਦਤ ਨਾਲ ਇਸ ਕਦਰ ਗਿਰ ਜਾਂਦੇਂ ਹੋ ਹਰ ਵਾਰ ।
ਲੱਖ ਲਾਹਨਤ ਹੈ ਬੇਸ਼ਰਮੀ ਦੀ।”
ਇਸ ਪੋਸਟ ਦੇ ਆਰਕਾਇਵਡ ਵਰਜਨ ਨੂੰ ਇੱਥੇ ਕਲਿੱਕ ਕਰ ਵੇਖਿਆ ਜਾ ਸਕਦਾ ਹੈ।
ਪੜਤਾਲ
ਪੜਤਾਲ ਦੀ ਸ਼ੁਰੂਆਤ ਅਸੀਂ ਨਿਊਜ਼ ਸਰਚ ਤੋਂ ਕੀਤੀ ਅਸੀਂ ਸਬੰਧਿਤ ਕੀਵਰਡ ਨਾਲ ਖਬਰਾਂ ਲੱਭਣੀਆਂ ਸ਼ੁਰੂ ਕੀਤੀ। ਸਾਨੂੰ indiatoday ਦੀ ਇਕ ਖ਼ਬਰ ਮਿਲੀ ਜਿਸਨੂੰ 20 ਜੁਲਾਈ 2021 ਨੂੰ ਪ੍ਰਕਾਸ਼ਿਤ ਕੀਤਾ ਗਿਆ ਸੀ। ਖ਼ਬਰ ਵਿੱਚ ਸਾਨੂੰ ਉਹ ਫੋਟੋ ਵੀ ਮਿਲੀ ਜਿਸ ਵਿੱਚ ਨਵਜੋਤ ਸਿੰਘ ਸਿੱਧੂ ਨੇ ਹੱਥਾਂ ਚ ਭਗਤ ਸਿੰਘ ਸੀ ਤਸਵੀਰ ਵੀ ਫੜੀ ਹੋਈ ਹੈ। ਖਬਰ ਨੂੰ ਇੱਥੇ ਪੜਿਆ ਜਾ ਸਕਦਾ ਹੈ।
ਅਸੀਂ ਆਪਣੀ ਪੜਤਾਲ ਨੂੰ ਅੱਗੇ ਵਧਾਇਆ ਤੇ ਵੇਖਿਆ ਕਿ ਇਸ ਪੋਸਟ ਤੇ ਮਨਿੰਦਰਜੀਤ ਸਿੰਘ ਮੋਗਰਾ ਨਾਮ ਦੇ ਇਕ ਯੂਜ਼ਰ ਨੇ ਕੰਮੈਂਟ ਕੀਤਾ ਹੈ ਅਤੇ ਇਸ ਨੂੰ ਫਰਜ਼ੀ ਦੱਸਿਆ ਹੈ। ਮਨਿੰਦਰਜੀਤ ਸਿੰਘ ਮੋਗਰਾ ਨੇ ਅਸਲ ਤਸਵੀਰ ਨੂੰ ਆਪਣੇ ਫੇਸਬੁੱਕ ਤੇ ਸ਼ੇਅਰ ਵੀ ਕੀਤਾ ਹੈ।
ਆਪਣੀ ਪੜਤਾਲ ਨੂੰ ਹੋਰ ਅੱਗੇ ਵਧਾਉਂਦੇ ਹੋਏ ਵਿਸ਼ਵਾਸ ਨਿਊਜ਼ ਨੇ ਸਿੱਧਾ ਨਵਜੋਤ ਸਿੰਘ ਸਿੱਧੂ ਦੇ ਸੋਸ਼ਲ ਮੀਡਿਆ ਵੱਲ ਰੁੱਖ ਕੀਤਾ। ਸਭ ਤੋਂ ਪਹਿਲਾਂ ਅਸੀਂ ਨਵਜੋਤ ਸਿੰਘ ਸਿੱਧੂ ਦੇ ਅਧਿਕਾਰਿਕ ਫੇਸਬੁੱਕ ਨੂੰ ਖੰਗਾਲਿਆ, ਸਰਚ ਦੌਰਾਨ ਸਾਨੂੰ ਨਵਜੋਤ ਸਿੰਘ ਸਿੱਧੂ ਦੇ ਫੇਸਬੁੱਕ ਪੇਜ ਤੇ ਉਨ੍ਹਾਂ ਦੀ ਅੰਮ੍ਰਿਤਸਰ ਰੋਡ ਸ਼ੋ ਦੀਆਂ ਕਈ ਵੀਡੀਓ ਮਿਲੀਆਂ। ਇੱਥੇ ਸਾਨੂੰ ਇੱਕ ਲਾਈਵ ਵੀਡੀਓ ਵੀ ਮਿਲੀ ਇਸੇ ਵੀਡੀਓ ਦੇ 16 ਮਿੰਟ 25 ਸਕਿੰਟ ਤੇ ਤੁਸੀਂ ਅਸਲ ਤਸਵੀਰ ਦੇਖ ਸਕਦੇ ਹੋ। ਅਸਲ ਤਸਵੀਰ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੇ ਹੱਥ ‘ਚ ਸ਼ਹੀਦ ਭਗਤ ਸਿੰਘ ਦੀ ਤਸਵੀਰ ਹੈ ਨਾ ਕਿ ਸਾਬਕਾ ਪ੍ਰਧਾਨ ਮੰਤਰੀ ਇੰਦਰ ਗਾਂਧੀ ਦੀ। ਗੌਰਤਲਬ ਹੈ ਕਿ ਇਹ ਤਸਵੀਰ ਸਿੱਧੂ ਨੂੰ ਉਨ੍ਹਾਂ ਦੇ ਸਮਰਥਕਾਂ ਵੱਲੋਂ ਸਨਮਾਨ ਵਜੋਂ ਭੇਟ ਕੀਤੀ ਗਈ ਸੀ।
ਫੇਰ ਅਸੀਂ ਨਵਜੋਤ ਸਿੰਘ ਸਿੱਧੂ ਦੇ ਟਵਿੱਟਰ ਹੈਂਡਲ ਨੂੰ ਵੀ ਸਰਚ ਕੀਤਾ। ਸਾਨੂੰ ਨਵਜੋਤ ਸਿੰਘ ਸਿੱਧੂ ਦੁਆਰਾ ਆਪਣੇ ਅਧਿਕਾਰਕ ਟਵਿੱਟਰ ਅਕਾਉਂਟ ਤੇ ਅਪਲੋਡ ਕੀਤਾ ਇੱਕ ਵੀਡੀਓ ਮਿਲਿਆ। ਇਸ ਵੀਡੀਓ ਦੇ ਵਿੱਚ ਵੀ ਨਵਜੋਤ ਸਿੰਘ ਸਿੱਧੂ ਨੇ ਹੱਥ ਵਿੱਚ ਭਗਤ ਸਿੰਘ ਦੀ ਤਸਵੀਰ ਫੜੀ ਹੋਈ ਹੈ।
ਆਪਣੇ ਨਤੀਜੇ ਦੀ ਵੱਧ ਪੁਸ਼ਟੀ ਕਰਨ ਲਈ ਅਸੀਂ ਇਸ ਤਸਵੀਰ ਨੂੰ ਸਾਡੇ ਸਹਿਯੋਗੀ ਦੈਨਿਕ ਜਾਗਰਣ ਦੇ ਅੰਮ੍ਰਿਤਸਰ ਰਿਪੋਰਟਰ ਵਿਪਿਨ ਰਾਣਾ ਨਾਲ ਸ਼ੇਅਰ ਕੀਤੀ। ਉਨ੍ਹਾਂ ਨੇ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਨਵਜੋਤ ਸਿੰਘ ਸਿੱਧੂ ਨੇ ਹੱਥ ਚ ਇੰਦਰ ਗਾਂਧੀ ਦੀ ਨਹੀਂ ਸਗੋਂ ਭਗਤ ਸਿੰਘ ਦੀ ਤਸਵੀਰ ਫੜੀ ਹੋਈ ਸੀ। ਇਹ ਤਸਵੀਰ ਉਨ੍ਹਾਂ ਨੂੰ ਜਦੋਂ ਉਹ ਰੋਡ ਸ਼ੋ ਲਈ ਅੰਮ੍ਰਿਤਸਰ ਆਏ ਸਨ ਤਾਂ ਕਿਸੇ ਐਨ.ਜੀ.ਓ ਵਲੋਂ ਭੇਂਟ ਕੀਤੀ ਗਈ ਸੀ। ਇਹ ਖ਼ਬਰ ਪੂਰੀ ਤਰ੍ਹਾਂ ਫਰਜ਼ੀ ਹੈ।
ਵਾਇਰਲ ਤਸਵੀਰਾਂ ਅਤੇ ਅਸਲ ਤਸਵੀਰਾਂ ਦੇ ਕੋਲਾਜ ਨੂੰ ਹੇਠਾਂ ਵੇਖਿਆ ਜਾ ਸਕਦਾ ਹੈ।
ਜਾਂਚ ਦੇ ਅੰਤਿਮ ਪੜਾਵ ਵਿੱਚ ਅਸੀਂ ਵਾਇਰਲ ਦਾਅਵੇ ਨੂੰ ਸ਼ੇਅਰ ਕਰਨ ਵਾਲੇ ਫੇਸਬੁੱਕ ਪੇਜ ”Defaulter ਜਨਤਾ” ਦੀ ਸੋਸ਼ਲ ਸਕੈਨਿੰਗ ਕੀਤੀ । ਸੋਸ਼ਲ ਸਕੈਨਿੰਗ ਤੋਂ ਪਤਾ ਲੱਗਿਆ ਕਿ ਇਸ ਪੇਜ ਨੂੰ 38,522 ਲੋਕ ਫੋਲੋ ਕਰਦੇ ਹਨ ਅਤੇ 31,607 ਲੋਕ ਇਸ ਪੇਜ ਨੂੰ ਲਾਇਕ ਕਰਦੇ ਹੈ। ਇਸ ਫੇਸਬੁੱਕ ਪੇਜ ਨੂੰ 13 ਮਈ 2015 ਨੂੰ ਬਣਾਇਆ ਗਿਆ ਸੀ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਤੋਂ ਸਪੱਸ਼ਟ ਹੋਇਆ ਕਿ ਸੋਸ਼ਲ ਮੀਡੀਆ ਤੇ ਨਵਜੋਤ ਸਿੰਘ ਸਿੱਧੂ ਦੀ ਵਾਇਰਲ ਹੋ ਰਹੀ ਤਸਵੀਰ ਐਡੀਟਡ ਹੈ। ਅਸਲ ਤਸਵੀਰ ਵਿੱਚ ਨਵਜੋਤ ਸਿੰਘ ਸਿੱਧੂ ਨੇ ਹੱਥ ‘ਚ ਸ਼ਹੀਦ ਭਗਤ ਸਿੰਘ ਦੀ ਤਸਵੀਰ ਫੜੀ ਹੋਈ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।