ਵਾਇਰਲ ਹੋ ਰਿਹਾ ਵੀਡੀਓ ਇੱਕ ਮੌਕ ਡਰਿੱਲ ਦਾ ਹੈ।ਇਹ ਮੌਕ ਡਰਿੱਲ 12 ਮਾਰਚ 2020 ਨੂੰ ਬਰਨਾਲਾ ਦੇ ਤਪਾ ਮੰਡੀ ਪੈਂਦੇ ਪਿੰਡ ਘੁੰਨਸਾਂ ਵਿਚ ਕੋਰੋਨਾ ਵਾਇਰਸ ਨੂੰ ਲੈ ਕੇ ਕਰਵਾਈ ਗਈ ਸੀ। ਵੀਡੀਓ ਵਿਚ ਕੋਈ ਕੋਰੋਨਾ ਵਾਇਰਸ ਦਾ ਮਰੀਜ਼ ਨਹੀਂ ਹੈ।
ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਕੋਰੋਨਾ ਵਾਇਰਸ ਨੂੰ ਲੈ ਕੇ ਕਈ ਖਬਰਾਂ ਵਾਇਰਲ ਹੋਈ ਹਨ ਅਤੇ ਵਾਇਰਲ ਹੋ ਰਹੀਆਂ ਹਨ। ਇਸੇ ਵਿਚਕਾਰ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਕੁੱਝ ਲੋਕਾਂ ਨੂੰ ਇੱਕ ਬੰਦੇ ਨੂੰ ਐਮਬੂਲੈਂਸ ਵਿਚ ਲੈ ਜਾਂਦੇ ਹੋਏ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ ਦੇ ਬਰਨਾਲਾ ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਦੇ ਇੱਕ ਮਰਜ਼ੀ ਨੂੰ ਮੈਡੀਕਲ ਟੀਮ ਲੈ ਕੇ ਜਾ ਰਹੀ ਹੈ।
ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਵੀਡੀਓ ਇੱਕ ਮੌਕ ਡਰਿੱਲ ਦਾ ਹੈ। ਇਹ ਮੌਕ ਡਰਿੱਲ 12 ਮਾਰਚ 2020 ਨੂੰ ਬਰਨਾਲਾ ਦੇ ਤਪਾ ਮੰਡੀ ਪੈਂਦੇ ਪਿੰਡ ਘੁੰਨਸਾਂ ਵਿਚ ਕੋਰੋਨਾ ਵਾਇਰਸ ਨੂੰ ਲੈ ਕੇ ਕਰਵਾਈ ਗਈ ਸੀ। ਵੀਡੀਓ ਵਿਚ ਕੋਈ ਕੋਰੋਨਾ ਵਾਇਰਸ ਦਾ ਮਰੀਜ਼ ਨਹੀਂ ਹੈ।
ਫੇਸਬੁੱਕ ‘ਤੇ “ਪਿੰਡਾਂ ਵਾਲੀ ਜਨਤਾ Pind wali janta” ਨਾਂ ਦੇ ਪੇਜ ਨੇ ਇੱਕ ਵੀਡੀਓ ਅਪਲੋਡ ਕੀਤੀ ਜਿਸਦੇ ਨਾਲ ਡਿਸਕ੍ਰਿਪਸ਼ਨ ਲਿਖਿਆ: “ਬਰਨਾਲਾ ਜਿਲੇ ਚ ਮੈਡੀਕਲ ਟੀਮ ਕਰੋਨਾ ਵਾਇਰਸ ਦਾ ਮਰੀਜ ਘਰੋਂ ਚੁੱਕ ਕੇ ਲੈ ਕੇ ਜਾਂਦੀ ਹੋਈ.. ਸਾਰੇ ਆਪਣਾ ਫਰਜ ਸਮਝ ਕੇ ਸ਼ੇਅਰ ਕਰੋ only 1 #share for save Life🙏🙏🙏”
ਵਾਇਰਲ ਪੋਸਟ ਦਾ ਆਰਕਾਇਵਡ ਲਿੰਕ।
ਪੜਤਾਲ ਨੂੰ ਸ਼ੁਰੂ ਕਰਦੇ ਹੋਏ ਅਸੀਂ ਸਬਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਦੇਖਿਆ। ਵੀਡੀਓ ਵਿਚ ਜੇ ਗੌਰ ਕੀਤਾ ਜਾਏ ਤਾਂ ਮੈਡੀਕਲ ਟੀਮ ਨੇ ਮਾਸਕ ਤਾਂ ਲਾਏ ਹੋਏ ਨੇ ਪਰ ਹੱਥਾਂ ਵਿਚ ਗਲਵਸ ਨਹੀਂ ਪਾਏ ਹੋਏ ਨੇ। ਇਸਤੋਂ ਇਲਾਵਾ ਇਸ ਪੋਸਟ ਵਿਚ ਕਈ ਲੋਕਾਂ ਨੇ ਕਮੈਂਟ ਵੀ ਕੀਤਾ ਹੈ ਕਿ ਇਹ ਵੀਡੀਓ ਇੱਕ ਮੌਕ ਡਰਿੱਲ ਦਾ ਹੈ, ਇਸਦੇ ਵਿਚ ਕੋਈ ਕੋਰੋਨਾ ਵਾਇਰਸ ਦਾ ਮਰਜ਼ੀ ਨਹੀਂ ਹੈ।
ਇਸ ਵੀਡੀਓ ਦੇ ਅੰਤ ਵਿਚ ਜਿਹੜੀ ਐਮਬੂਲੈਂਸ ਵਿਚ ਮਰੀਜ਼ ਨੂੰ ਲੈ ਕੇ ਜਾਇਆ ਜਾ ਰਿਹਾ ਹੈ ਉਸਦੇ ਦਰਵਾਜ਼ੇ ਉੱਤੇ ਸਿਵਲ ਹਸਪਤਾਲ ਤਪਾ ਲਿਖਿਆ ਹੋਇਆ ਹੈ। ਤੁਹਾਨੂੰ ਦੱਸ ਦਈਏ ਕਿ ਤਪਾ ਪੰਜਾਬ ਦੇ ਬਰਨਾਲਾ ਜ਼ਿਲ੍ਹੇ ਵਿਚ ਪੈਂਦਾ ਹੈ।
ਹੁਣ ਅਸੀਂ ਪੜਤਾਲ ਨੂੰ ਵਧਾਉਂਦੇ ਹੋਏ ਨਿਊਜ਼ ਸਰਚ ਦੇ ਜ਼ਰੀਏ ਇਹ ਲੱਭਣ ਦੀ ਕੋਸ਼ਿਸ਼ ਕੀਤੀ ਕਿ ਕੀ ਤਪਾ ਦੇ ਸਿਵਲ ਹਸਪਤਾਲ ਵਿਚ ਕੋਈ ਕੋਰੋਨਾ ਵਾਇਰਸ ਮਰੀਜ਼ ਭਰਤੀ ਹੋਇਆ ਹੈ ਜਾਂ ਨਹੀਂ। ਸਾਨੂੰ ਅਜਿਹੀ ਕੋਈ ਖਬਰ ਨਹੀਂ ਮਿਲੀ ਜਿਹੜੀ ਪੁਸ਼ਟੀ ਕਰਦੀ ਹੋਵੇ ਕਿ ਤਪਾ ਦੇ ਸਿਵਲ ਹਸਪਤਾਲ ਵਿਚ ਕੋਈ ਕੋਰੋਨਾ ਵਾਇਰਸ ਮਰੀਜ਼ ਭਰਤੀ ਹੋਇਆ ਹੈ।
ਇਸਤੋਂ ਅਲਾਵਾ ਸਾਨੂੰ ਆਪਣੀ ਸਰਚ ਦੌਰਾਨ ਜਗਬਾਣੀ ਦੀ 12 ਮਾਰਚ 2020 ਨੂੰ ਪ੍ਰਕਾਸ਼ਿਤ ਇੱਕ ਖਬਰ ਮਿਲੀ ਜਿਸਦੀ ਹੈਡਲਾਇਨ ਸੀ: ਕੋਰੋਨਾ ਵਾਇਰਸ ਨਾਲ ਨਜਿੱਠਣ ਦੀਆਂ ਤਿਆਰੀਆਂ ਦੇ ਸਬੰਧ ‘ਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੌਕ ਡਰਿੱਲ ਰਿਹਰਸਲ
ਇਸ ਖਬਰ ਅਨੁਸਾਰ: ਵੀਰਵਾਰ 12 ਮਾਰਚ 2020 ਨੂੰ ਕੋਰੋਨਾ ਵਾਇਰਸ ਦੇ ਮਧਨਜ਼ਰ ਇੱਕ ਮੌਕ ਡਰਿੱਲ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਤੇ ਸਿਹਤ ਵਿਭਾਗ ਵੱਲੋਂ ਬਰਨਾਲਾ ਜ਼ਿਲ੍ਹਾ ਵਿਚ ਕਰਵਾਈ ਗਈ। SDM ਅਨਮੋਲ ਸਿੰਘ ਧਾਲੀਵਾਲ ਅਤੇ SPD ਰੁਪਿੰਦਰ ਭਾਰਦਵਾਜ ਇਸ ਮੌਕੇ ‘ਤੇ ਮੌਜੂਦ ਰਹੇ। ਇਸ ਖਬਰ ਤੋਂ ਇਹ ਗੱਲ ਸਾਫ ਹੋਈ ਕਿ ਕੋਰੋਨਾ ਵਾਇਰਸ ਨੂੰ ਲੈ ਕੇ ਬਰਨਾਲਾ ਜ਼ਿਲ੍ਹਾ ਵਿਚ ਮੌਕ ਡਰਿੱਲ ਕਰਵਾਈ ਗਈ ਸੀ। ਇਸਲਈ ਹੁਣ ਅਸੀਂ ਇਹ ਜਾਣਨਾ ਚਾਹਿਆ ਕਿ ਕੀ ਇਹ ਵਾਇਰਲ ਵੀਡੀਓ ਬਰਨਾਲਾ ਵਿਚ ਹੋਈ ਕਿਸੇ ਮੌਕ ਡਰਿੱਲ ਦਾ ਹੈ।
ਅਸੀਂ ਇਸ ਵੀਡੀਓ ਨੂੰ ਲੈ ਕੇ ਸਾਡੇ ਪੰਜਾਬੀ ਜਾਗਰਣ ਦੇ ਬਰਨਾਲਾ ਜ਼ਿਲ੍ਹਾ ਇੰਚਾਰਜ ਰਿਪੋਰਟਰ ਯਾਦਵਿੰਦਰ ਸਿੰਘ ਭੁੱਲਰ ਨਾਲ ਗੱਲ ਕੀਤੀ। ਯਾਦਵਿੰਦਰ ਨੇ ਵੀਡੀਓ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ, “ਇਹ ਵੀਡੀਓ ਇੱਕ ਮੌਕ ਡਰਿੱਲ ਦਾ ਹੈ। ਇਹ ਮੌਕ ਡਰਿੱਲ ਪਿੰਡ ਘੁੰਨਸਾਂ ਡਿਸਪੈਂਸਰੀ ਵਿਖੇ ਕਰੋਨਾ ਵਾਇਰਸ ਸਬੰਧੀ ਵੀਰਵਾਰ 12 ਮਾਰਚ 2020 ਨੂੰ ਕਰਵਾਈ ਗਈ ਸੀ। ਜ਼ਿਲ੍ਹਾ ਪ੍ਰਸ਼ਾਸਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਿਵਲ ਸਰਜਨ ਬਰਨਾਲਾ ਦੀ ਅਗਵਾਈ ਹੇਠ ਸੀਨੀਅਰ ਮੈਡੀਕਲ ਅਫ਼ਸਰ ਡਾ. ਜਸਵੀਰ ਸਿੰਘ ਔਲਖ ਵੱਲੋਂ ਸਮੂਹ ਸਟਾਫ਼ ਸਮੇਤ ਨਜ਼ਦੀਕੀ ਪਿੰਡ ਘੁੰਨਸਾਂ ਡਿਸਪੈਂਸਰੀ ਵਿਖੇ ਕਰੋਨਾ ਵਾਇਰਸ ਸਬੰਧੀ ਇਹ ਮੋਕ ਡਰਿੱਲ ਕਰਵਾਈ ਗਈ ਸੀ।”
ਯਾਦਵਿੰਦਰ ਨੇ ਸਾਡੇ ਨਾਲ ਇਸ ਮੌਕ ਡਰਿੱਲ ਦੀਆਂ ਕੁੱਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਜਿਸਦੇ ਵਿਚ ਇਸੇ ਮਰੀਜ਼ ਨੂੰ ਅਤੇ ਇਸੇ ਐਮਬੂਲੈਂਸ ਨੂੰ ਵੇਖਿਆ ਜਾ ਸਕਦਾ ਹੈ। ਤਸਵੀਰਾਂ ਦਾ ਸਕ੍ਰੀਨਸ਼ੋਟ ਹੇਠਾਂ:
ਸਾਨੂੰ ਆਪਣੀ ਪੜਤਾਲ ਵਿਚ ਇਸ ਮੌਕ ਡਰਿੱਲ ਨੂੰ ਲੈ ਕੇ ਪੰਜਾਬ ਕੇਸਰੀ ਅਤੇ ਅਜੀਤ ਜਲੰਧਰ ਦੇ ਅਖਬਾਰ ਦੀਆਂ ਕਲਿੱਪ ਮਿਲੀਆਂ ਜਿਸਨੂੰ ਤੁਸੀਂ ਹੇਠਾਂ ਵੇਖ ਸਕਦੇ ਹੋ।
ਅਜੀਤ ਅਤੇ ਪੰਜਾਬ ਕੇਸਰੀ ਦੀ ਅਖਬਾਰ ਕਲਿੱਪ ਵਿਚ ਪ੍ਰਕਾਸ਼ਿਤ ਖਬਰ ਅਨੁਸਾਰ ਵੀਰਵਾਰ 12 ਮਾਰਚ 2020 ਨੂੰ ਬਰਨਾਲਾ ਦੇ ਤਪਾ ਮੰਡੀ ਪੈਂਦੇ ਪਿੰਡ ਘੁੰਨਸਾਂ ਵਿਚ ਕੋਰੋਨਾ ਵਾਇਰਸ ਨੂੰ ਲੈ ਕੇ ਇੱਕ ਮੌਕ ਡਰਿੱਲ ਹੋਈ ਸੀ। ਜੇ ਅਸੀਂ ਅਖਬਾਰਾਂ ਵਿਚ ਇਸਤੇਮਾਲ ਤਸਵੀਰਾਂ ਨੂੰ ਵੇਖੀਏ ਤਾਂ ਜਿਹੜਾ ਮਰੀਜ਼ ਵਾਇਰਲ ਵੀਡੀਓ ਵਿਚ ਦਿੱਸ ਰਿਹਾ ਹੈ ਓਹੀ ਇਨ੍ਹਾਂ ਤਸਵੀਰਾਂ ਵਿਚ ਵੀ ਦਿੱਸ ਰਿਹਾ ਹੈ।
ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਕਈ ਲੋਕ ਵਾਇਰਲ ਕਰ ਰਹੇ ਹਨ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ “ਪਿੰਡਾਂ ਵਾਲੀ ਜਨਤਾ Pind wali janta” ਨਾਂ ਦਾ ਫੇਸਬੁੱਕ ਪੇਜ ਹੈ। ਇਸ ਪੇਜ ਦੀ ਸੋਸ਼ਲ ਸਕੈਨਿੰਗ ‘ਤੇ ਅਸੀਂ ਪਾਇਆ ਕਿ ਇਸ ਪੇਜ ਨੂੰ 298,286 ਲੋਕ ਫਾਲੋ ਕਰਦੇ ਹਨ ਅਤੇ ਇਹ ਪੇਜ ਪੰਜਾਬ ਨਾਲ ਜੁੜੀਆਂ ਖਬਰਾਂ ਨੂੰ ਵੱਧ ਸ਼ੇਅਰ ਕਰਦਾ ਹੈ। ਇਹ ਪੇਜ ਅਗਸਤ 2015 ਵਿਚ ਬਣਾਇਆ ਗਿਆ ਸੀ।
ਨਤੀਜਾ: ਵਾਇਰਲ ਹੋ ਰਿਹਾ ਵੀਡੀਓ ਇੱਕ ਮੌਕ ਡਰਿੱਲ ਦਾ ਹੈ।ਇਹ ਮੌਕ ਡਰਿੱਲ 12 ਮਾਰਚ 2020 ਨੂੰ ਬਰਨਾਲਾ ਦੇ ਤਪਾ ਮੰਡੀ ਪੈਂਦੇ ਪਿੰਡ ਘੁੰਨਸਾਂ ਵਿਚ ਕੋਰੋਨਾ ਵਾਇਰਸ ਨੂੰ ਲੈ ਕੇ ਕਰਵਾਈ ਗਈ ਸੀ। ਵੀਡੀਓ ਵਿਚ ਕੋਈ ਕੋਰੋਨਾ ਵਾਇਰਸ ਦਾ ਮਰੀਜ਼ ਨਹੀਂ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।