ਸਾਡੀ ਜਾਂਚ ਵਿੱਚ ਇਹ ਸਪੱਸ਼ਟ ਹੋ ਗਿਆ ਕਿ ਵਾਇਰਲ ਪੋਸਟ ਵਿੱਚ ਵੇਖੀ ਗਈ ਮਮਤਾ ਬੈਨਰਜੀ ਦੀਆਂ ਦੋਵੇਂ ਤਸਵੀਰਾਂ ਵੱਖ-ਵੱਖ ਸਮੇਂ ਦੀਆਂ ਹਨ। ਇਹ ਫੋਟੋਆਂ 1 ਮਈ 2021 ਅਤੇ 2 ਮਈ 2021 ਦੀਆਂ ਨਹੀਂ ਹਨ।
ਵਿਸ਼ਵਾਸ ਨਿਊਜ਼ (ਨਵੀਂ ਦਿੱਲੀ)। ਪੱਛਮੀ ਬੰਗਾਲ ਵਿੱਚ ਚੋਣਾਂ ਭਾਵੇਂ ਖ਼ਤਮ ਹੋ ਗਈਆਂ ਹੋਣ, ਪਰ ਹੁਣ ਵੀ ਇਸ ਨਾਲ ਜੁੜੀਆਂ ਫਰਜ਼ੀ ਪੋਸਟਾਂ ਦੇ ਵਾਇਰਲ ਹੋਣ ਦਾ ਦੌਰ ਖਤਮ ਨਹੀਂ ਰਿਹਾ ਹੈ। ਹੁਣ ਰਾਜ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀਆਂ ਦੋ ਤਸਵੀਰਾਂ ਦਾ ਇੱਕ ਕੋਲਾਜ ਵਾਇਰਲ ਕਰਦੇ ਹੋਏ ਉਸ ਤੇ ਤੰਜ ਕਸਦੇ ਹੋਏ ਲਿਖਿਆ ਗਿਆ ਪੱਛਮੀ ਬੰਗਾਲ ਦਾ ਹੈਲਥ ਕੇਅਰ ਸਿਸਟਮ ਦੁਨੀਆ ਵਿੱਚ ਸਭ ਤੋਂ ਵਧੀਆ ਹੈ।
ਕੋਲਾਜ ਦੀ ਪਹਿਲੀ ਤਸਵੀਰ ਵਿੱਚ ਮਮਤਾ ਇੱਕ ਵ੍ਹੀਲ ਚੇਅਰ ਤੇ ਬੈਠੀ ਦਿੱਖ ਰਹੀ ਹੈ ਅਤੇ ਇਸਦੇ ਉਪਰ 1 ਮਈ 2021 ਲਿਖਿਆ ਹੋਇਆ ਹੈ, ਜਦੋਂ ਕਿ ਦੂਜੀ ਤਸਵੀਰ ਵਿੱਚ ਉਹ ਹੱਥ ਜੋੜ ਕੇ ਸੜਕ ਤੇ ਤੁਰਦਿਆਂ ਆਪਣੇ ਸਮਰਥਕਾਂ ਦਾ ਅਭਿਵਾਦਨ ਕਰਦੀ ਦਿੱਖ ਰਹੀ ਹੈ। ਤਸਵੀਰ ਦੇ ਉਪਰ 2 ਮਈ 2021 ਲਿਖਿਆ ਹੋਇਆ ਹੈ। ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਵਾਇਰਲ ਪੋਸਟ ਫਰਜ਼ੀ ਸਾਬਿਤ ਹੋਈ। ਪਹਿਲੀ ਤਸਵੀਰ ਮਾਰਚ ਦੀ ਹੈ, ਜਦਕਿ ਦੂਜੀ ਤਸਵੀਰ 2019 ਦੀ ਹੈ। ਹਾਲਾਂਕਿ ਜਦੋਂ ਮਮਤਾ ਬੈਨਰਜੀ ਨੇ 5 ਮਈ ਨੂੰ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ, ਉਦੋਂ ਤੱਕ ਉਨ੍ਹਾਂ ਦੀ ਲੱਤ ਦੀ ਸੱਟ ਠੀਕ ਹੋ ਗਈ ਸੀ ਅਤੇ ਉਹ ਤੁਰ ਕੇ ਸਹੁੰ ਚੁੱਕਣ ਲਈ ਆਈ ਸੀ।
ਕੀ ਹੈ ਵਾਇਰਲ ਪੋਸਟ ਵਿੱਚ ?
ਫੇਸਬੁੱਕ ਯੂਜ਼ਰ Avinash Singh ਨੇ ਇਹ ਤਸਵੀਰ ਸਾਂਝੀ ਕਰਦੇ ਹੋਏ ਅੰਗਰੇਜ਼ੀ ਵਿੱਚ ਕੈਪਸ਼ਨ ਲਿਖਿਆ, ਜਿਸਦਾ ਪੰਜਾਬੀ ਅਨੁਵਾਦ ਹੈ: ਭਾਰਤ ਦੇ ਪੱਛਮੀ ਬੰਗਾਲ ਵਿੱਚ ਵਿਸ਼ਵ ਦਾ ਬੈਸਟ ਪਬਲਿਕ ਹੈਲਥ ਕੇਅਰ ਸਿਸਟਮ ਹੈ।
ਇਸ ਪੋਸਟ ਦਾ ਆਰਕਾਇਵਡ ਲਿੰਕ ਇੱਥੇ ਵੇਖਿਆ ਜਾ ਸਕਦਾ ਹੈ।
ਪੜਤਾਲ
ਵਿਸ਼ਵਾਸ ਨਿਊਜ਼ ਨੇ ਪੜਤਾਲ ਲਈ ਸਭ ਤੋਂ ਪਹਿਲਾਂ ਕੋਲਾਜ ਦੀ ਪਹਿਲੀ ਤਸਵੀਰ , ਜਿਸ ਵਿੱਚ ਮਮਤਾ ਬੈਨਰਜੀ ਵ੍ਹੀਲ ਚੇਅਰ ਤੇ ਬੈਠੀ ਹੈ, ਇਸਨੂੰ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਨਾਲ ਲੱਭਿਆ। ਸਾਨੂੰ ਇਹ ਤਸਵੀਰ ਕੁਝ ਮੀਡੀਆ ਰਿਪੋਰਟਾਂ ਵਿੱਚ ਮਿਲੀ।14 ਮਾਰਚ ਨੂੰ ਪ੍ਰਕਾਸ਼ਿਤ ਹੋਈ ਇਨ੍ਹਾਂ ਮੀਡੀਆ ਰਿਪੋਰਟਾਂ ਦੇ ਅਨੁਸਾਰ, ਇਹ ਤਸਵੀਰ ਉਸ ਸਮੇਂ ਦੀ ਹੈ ਜਦੋਂ ਬੈਨਰਜੀ 10 ਮਾਰਚ ਨੂੰ ਜ਼ਖਮੀ ਹੋਈ ਸੀ ਅਤੇ ਦੋ ਦਿਨਾਂ ਤੱਕ ਹਸਪਤਾਲ ਵਿੱਚ ਰਹਿਣ ਤੋਂ ਬਾਅਦ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ ਸੀ। ਇਸ ਦੇ ਨਾਲ ਹੀ 14 ਮਾਰਚ ਨੂੰ ਬੈਨਰਜੀ ਨੇ ਨੰਦੀਗ੍ਰਾਮ ਦਿਵਸ ਦੇ ਮੌਕੇ ਤੇ ਵ੍ਹੀਲ ਚੇਅਰ ਤੇ ਰੋਡ ਸ਼ੋਅ ਕੀਤਾ ਸੀ। ਫੋਟੋਗ੍ਰਾਫਰ ਸਲਿਲ ਬੇਰਾ ਨੂੰ ਇਸ ਫੋਟੋ ਦਾ ਸਿਹਰਾ ਦਿੱਤਾ ਗਿਆ ਸੀ।
ਇਸ ਤੋਂ ਬਾਅਦ ਵਾਰੀ ਸੀ ਕੋਲਾਜ ਦੀ ਦੂਜੀ ਫੋਟੋ ਦੀ। ਅਸੀਂ ਇਸਨੂੰ ਵੀ ਗੂਗਲ ਰਿਵਰਸ ਇਮੇਜ ਸਰਚ ਦੀ ਸਹਾਇਤਾ ਨਾਲ ਲੱਭਿਆ ਤਾਂ ਸਾਨੂੰ ਕੁਝ ਮੀਡੀਆ ਰਿਪੋਰਟਾਂ ਵਿੱਚ ਇਹ ਤਸਵੀਰ ਮਿਲੀ। 20 ਮਈ ਨੂੰ ਪਬਲਿਸ਼ ਹੋਏ ਇਸ ਲੇਖ ਵਿੱਚ ਤਸਵੀਰ ਦੇ ਨਾਲ ਕੈਪਸ਼ਨ ਵਿੱਚ ਲਿਖੇ ਅੰਗਰੇਜ਼ੀ ਟੈਕਸਟ ਦਾ ਪੰਜਾਬੀ ਅਨੁਵਾਦ ਹੈ: 16 ਮਈ 2019 ਨੂੰ ਕੋਲਕਾਤਾ ਵਿੱਚ ਲੋਕ ਸਭਾ ਚੋਣਾਂ ਦੇ ਸੱਤਵੇਂ ਅਤੇ ਅੰਤਮ ਪੜਾਅ ਤੋਂ ਪਹਿਲਾਂ ਚੋਣ ਪ੍ਰਚਾਰ ਦੇ ਆਖ਼ਰੀ ਦਿਨ ਇਲੈਕਸ਼ਨ ਰੈਲੀ ਵਿੱਚ ਸਮਰਥਕਾਂ ਦਾ ਅਭਿਵਾਦਨ ਕਰਦੀ ਬੰਗਾਲ ਦੀ ਮੁੱਖ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ। ਇਸਦੇ ਨਾਲ ਹੀ ਫੋਟੋ ਦਾ ਸਿਹਰਾ ਪੀਟੀਆਈ ਦੇ ਫੋਟੋਗ੍ਰਾਫਰ ਸਵਪਨ ਮਹਾਪਾਤਰਾ ਨੂੰ ਦਿੱਤਾ ਗਿਆ ਸੀ।
ਇਸ ਲਈ ਇਹ ਸਪੱਸ਼ਟ ਹੈ ਕਿ ਦੋਵੇਂ ਫੋਟੋਆਂ 1 ਅਤੇ 2 ਮਈ 2021 ਦੀਆਂ ਨਹੀਂ ਹਨ।
ਵਧੇਰੇ ਜਾਣਕਾਰੀ ਲਈ ਅਸੀਂ ਕੋਲਕਾਤਾ ਬਯੂਰੋ ਚੀਫ ਜੇ ਕੇ ਵਾਜਪੇਯੀ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਕਿਹਾ ਕਿ ਦੋਵੇਂ ਤਸਵੀਰਾਂ ਪੁਰਾਣੀਆਂ ਹਨ। 1ਅਤੇ 2 ਮਈ ਨੂੰ ਚੌਣਾਂ ਖਤਮ ਹੋ ਗਈਆਂ ਸਨ , ਇਸ ਲਈ ਮਮਤਾ ਆਪਣੇ ਘਰ ਹੀ ਸੀ। 2 ਮਈ ਨੂੰ ਬੰਗਾਲ ਵੋਟਾਂ ਦਾ ਨਤੀਜਾ ਸੀ।
ਤੁਹਾਨੂੰ ਦੱਸ ਦੇਈਏ ਕਿ 5 ਮਈ 2021 ਨੂੰ ਮਮਤਾ ਬੈਨਰਜੀ ਤੀਜੀ ਵਾਰ ਮੁੱਖ ਮੰਤਰੀ ਬਣੀ। ਉਸ ਸਮੇਂ ਤੱਕ ਉਨ੍ਹਾਂ ਦੇ ਲੱਤ ਦੀ ਸੱਟ ਠੀਕ ਹੋ ਗਈ ਸੀ।ਇਹ ਸੱਟ ਉਨ੍ਹਾਂ ਨੂੰ ਮਾਰਚ ਵਿੱਚ ਲੱਗੀ ਸੀ। ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਮਮਤਾ ਆਪ ਤੁਰ ਕੇ ਸਹੁੰ ਚੁੱਕਣ ਆਈ ਸੀ।
ਹੁਣ ਵਾਰੀ ਸੀ ਫੇਸਬੁੱਕ ਤੇ ਇਸ ਪੋਸਟ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ Avinash Singh ਦੇ ਪ੍ਰੋਫਾਈਲ ਨੂੰ ਸਕੈਨ ਕਰਨ ਦੀ। ਪ੍ਰੋਫਾਈਲ ਨੂੰ ਸਕੈਨ ਕਰਨ ਤੋਂ ਬਾਅਦ ਅਸੀਂ ਪਾਇਆ ਕਿ ਯੂਜ਼ਰ ਉੱਤਰ ਪ੍ਰਦੇਸ਼ ਦੇ ਵਾਰਾਣਸੀ ਦਾ ਰਹਿਣ ਵਾਲਾ ਹੈ। ਯੂਜ਼ਰ ਫੇਸਬੁੱਕ ਤੇ ਬਹੁਤ ਐਕਟਿਵ ਹੈ ਅਤੇ ਖ਼ਬਰ ਲਿਖਣ ਦੇ ਸਮੇਂ ਤੱਕ 873 ਆਦਮੀ ਉਸ ਦੀ ਫਰੈਂਡ ਲਿਸਟ ਵਿੱਚ ਜੁੜ ਚੁੱਕੇ ਸਨ।
ਨਤੀਜਾ: ਸਾਡੀ ਜਾਂਚ ਵਿੱਚ ਇਹ ਸਪੱਸ਼ਟ ਹੋ ਗਿਆ ਕਿ ਵਾਇਰਲ ਪੋਸਟ ਵਿੱਚ ਵੇਖੀ ਗਈ ਮਮਤਾ ਬੈਨਰਜੀ ਦੀਆਂ ਦੋਵੇਂ ਤਸਵੀਰਾਂ ਵੱਖ-ਵੱਖ ਸਮੇਂ ਦੀਆਂ ਹਨ। ਇਹ ਫੋਟੋਆਂ 1 ਮਈ 2021 ਅਤੇ 2 ਮਈ 2021 ਦੀਆਂ ਨਹੀਂ ਹਨ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।