ਵਿਸ਼ਵਾਸ ਨਿਊਜ਼ ਦੀ ਜਾਂਚ ਤੋਂ ਸਪਸ਼ਟ ਹੋਇਆ ਕਿ ਵਾਇਰਲ ਹੋ ਰਿਹਾ ਵੀਡੀਓ ਗੁੰਮਰਾਹਕੁੰਨ ਹੈ। ਵਾਇਰਲ ਵੀਡੀਓ ਹਾਲੀਆ ਨਹੀਂ ਸਗੋਂ ਪੰਜ ਸਾਲ ਪੁਰਾਣਾ ਹੈ ਜਦੋਂ ਇੱਕ ਪ੍ਰੋਗਰਾਮ ਦੌਰਾਨ ਕਾਂਗਰਸ ਆਗੂ ਸੁਖਜਿੰਦਰ ਰੰਧਾਵਾ ਨੇ ਇੱਕ ਸਮਰਥਕ ਨੂੰ ਥੱਪੜ ਜੜਿਆ ਸੀ।
ਵਿਸ਼ਵਾਸ ਨਿਊਜ਼ (ਨਵੀਂ ਦਿੱਲੀ)। ਨਵਜੋਤ ਸਿੰਘ ਸਿੱਧੂ ਜਦੋਂ ਤੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਬਣੇ ਹਨ, ਉਨ੍ਹਾਂ ਨੂੰ ਲੈ ਕੇ ਕੋਈ ਨਾ ਕੋਈ ਫਰਜ਼ੀ ਪੋਸਟ ਵਾਇਰਲ ਹੁੰਦੀ ਰਹਿੰਦੀ ਹੈ। ਅਜਿਹੀ ਹੀ ਇੱਕ ਪੋਸਟ ਸੋਸ਼ਲ ਮੀਡਿਆ ਵਿੱਚ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵਾਇਰਲ ਪੋਸਟ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਿੱਧੂ ਦੀ ਤਾਜਪੋਸ਼ੀ ਦੌਰਾਨ ਕਾਂਗਰਸ ਲੀਡਰ ਆਪਸ ‘ਚ ਭਿੜ ਗਏ। ਹੋਰ ਯੂਜ਼ਰਸ ਵੀ ਇਸ ਨੂੰ ਸੱਚ ਮੰਨਦਿਆਂ ਵੱਧ ਤੋਂ ਵੱਧ ਸ਼ੇਅਰ ਕਰ ਰਹੇ ਹਨ।
ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਗੁੰਮਰਾਹਕੁੰਨ ਨਿਕਲਿਆ। ਗ਼ਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਇਹ ਵੀਡੀਓ ਹਾਲੀਆ ਨਹੀਂ ਸਗੋਂ ਪੰਜ ਸਾਲ ਪੁਰਾਣਾ ਹੈ, ਜਦੋਂ ਕਾਂਗਰਸ ਆਗੂ ਸੁਖਜਿੰਦਰ ਰੰਧਾਵਾ ਨੇ ਇੱਕ ਸਮਾਰੋਹ ਦੌਰਾਨ ਸਮਰਥਕ ਨੂੰ ਥੱਪੜ ਮਾਰਿਆ ਸੀ। ਉਸੇ ਪੁਰਾਣੇ ਵੀਡੀਓ ਨੂੰ ਹੁਣ ਵਾਇਰਲ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।
ਕੀ ਹੋ ਰਿਹਾ ਹੈ ਵਾਇਰਲ
ਫੇਸਬੁੱਕ ਪੇਜ “ਅਸੀਂ ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ ਭਗਵੰਤ ਮਾਨ Manjeet Varnala ” ਨੇ ਇਸ ਵੀਡੀਓ ਨੂੰ 23 ਜੁਲਾਈ 2021 ਨੂੰ ਆਪਣੇ ਪੇਜ ਤੇ ਸ਼ੇਅਰ ਕੀਤਾ ਹੈ ਅਤੇ ਲਿਖਿਆ ਹੈ” ਸਿੱਧੂ ਦੇ ਪ੍ਰਧਾਨ ਬਣਨ ਦੀ ਖੁਸ਼ੀ ਮਨਾਉਂਦੇ ਹੋਏ ਕਾਂਗਰਸੀਏ”
ਪੋਸਟ ਦੇ ਆਰਕਾਇਵਡ ਲਿੰਕ ਨੂੰ ਇੱਥੇ ਵੇਖਿਆ ਜਾ ਸਕਦਾ ਹੈ।
ਕਈ ਹੋਰ ਯੂਜ਼ਰਸ ਨੇ ਵੀ ਇਸ ਵੀਡੀਓ ਨੂੰ ਮਿਲਦੇ – ਜੁਲਦੇ ਦਾਅਵਿਆਂ ਨਾਲ ਸ਼ੇਅਰ ਕੀਤਾ ਹੈ।
ਪੜਤਾਲ
ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਸੱਚਾਈ ਜਾਨਣ ਦੇ ਲਈ ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਸ਼ੁਰੂ ਕੀਤੀ । ਅਸੀਂ ਸਭ ਤੋਂ ਪਹਿਲਾਂ ਕੁਝ ਕੀ ਵਰਡ ਰਾਹੀਂ ਇਸ ਨਾਲ ਜੁੜੀ ਖਬਰ ਲੱਭਣੀਆਂ ਸ਼ੁਰੂ ਕੀਤੀਆ। ਕਿਉਂਕਿ ਨਵਜੋਤ ਸਿੰਘ ਸਿੱਧੂ ਹੁਣੇ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਬਣੇ ਹਨ ਅਤੇ ਉਨ੍ਹਾਂ ਦੀ ਤਾਜ਼ਪੋਸ਼ੀ ਤੇ ਜੇਕਰ ਅਜਿਹਾ ਕੁਝ ਵਾਪਰਿਆ ਹੋਵੇਗਾ ਤਾਂ ਉਹ ਜ਼ਰੂਰ ਖਬਰਾ ਵਿੱਚ ਹੋਣਾ ਸੀ, ਪਰ ਸਾਨੂੰ ਕੁੱਟਮਾਰ ਵਰਗੀ ਕੋਈ ਖਬਰ ਨਹੀਂ ਮਿਲੀ। ਨਾਲ ਹੀ ਅਸੀਂ ਵੇਖਿਆ ਕਿ ਵੀਡੀਓ ਵਿੱਚ ਕਿਸੇ ਨੇ ਵੀ ਮਾਸਕ ਨਹੀਂ ਪਾਇਆ ਹੈ ਜਦੋਂ ਕਿ ਅੱਜ ਕੋਰੋਨਾ ਕਾਲ ਵਿੱਚ ਮਾਸਕ ਪਹਿਨਣਾ ਜ਼ਰੂਰੀ ਹੈ। ਇਸ ਕਾਰਣ ਸਾਨੂੰ ਸ਼ੱਕ ਹੋਇਆ ਕਿ ਇਹ ਵੀਡੀਓ ਹਾਲੀਆ ਨਹੀਂ ਬਲਕਿ ਪੁਰਾਣਾ ਹੋਵੇਗਾ।
ਆਪਣੀ ਜਾਂਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਇਸ ਵੀਡੀਓ ਨੂੰ ਇੰਟਰਨੈੱਟ ‘ਤੇ ਖੋਜਣ ਲਈ InVID ਟੂਲ ਦੀ ਮਦਦ ਲਈ। ਇਸ ਟੂਲ ਦੇ ਰਾਹੀਂ ਅਸੀਂ ਵੀਡੀਓ ਦੇ ਕੀ ਫ਼੍ਰੇਮਸ ਕੱਢੇ ਅਤੇ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਟੂਲ ਤੇ ਅਪਲੋਡ ਕੀਤਾ। ਸਾਨੂੰ ਕਈ ਮੀਡਿਆ ਵੈਬਸਾਈਟਾਂ ਤੇ ਇਸ ਵੀਡੀਓ ਨਾਲ ਜੁੜੀ ਖਬਰਾਂ ਮਿਲੀਆਂ। ਸਾਨੂੰ The Tribune ਦੇ ਯੂਟਿਊਬ ਚੈਨਲ ਤੇ ਇਹ ਵੀਡੀਓ 8 ਜੂਨ 2016 ਨੂੰ ਅਪਲੋਡ ਮਿਲਿਆ। ਮਾਮਲੇ ਨੂੰ ਲੈ ਕੇ ਟ੍ਰਿਬਿਊਨ ਨੇ ਵੀਡੀਓ ਸ਼ੇਅਰ ਕਰਦਿਆਂ ਸਿਰਲੇਖ ਦਿੱਤਾ ਸੀ , “MLA Sukhjinder Randhawa slaps supporter on stage” ਪੂਰੀ ਵੀਡੀਓ ਨੂੰ ਇੱਥੇ ਵੇਖੋ।
ਹੋਰ ਸਰਚ ਕਰਨ ਤੇ ਸਾਨੂੰ ਇਹ ਵੀਡੀਓ Hamdard Media Group Canada ਦੇ ਯੂਟਿਊਬ ਚੈਨਲ ਤੇ 8 ਜੂਨ 2016 ਨੂੰ ਅਪਲੋਡ ਮਿਲਿਆ। ਅਪਲੋਡ ਵੀਡੀਓ ਨੂੰ ਸਿਰਲੇਖ ਦਿੱਤਾ ਗਿਆ ਸੀ ” Sukhjinder Singh Randhawa slapped Of Congress Sewa Dal Chief | ” ਸੁਖਜਿੰਦਰ ਸਿੰਘ ਰੰਧਾਵਾ ਨੇ ਸੇਵਾ ਦਲ ਦੇ ਚੀਫ ਨੂੰ ਜੜਿਆ ਥੱਪੜ” ਪੂਰੀ ਵੀਡੀਓ ਨੂੰ ਇੱਥੇ ਵੇਖਿਆ ਜਾ ਸਕਦਾ ਹੈ।
ਵੱਧ ਸਰਚ ਕਰਨ ਤੇ ਸਾਨੂੰ Hindustan Times ਦੀ ਵੈਬਸਾਈਟ ਤੇ 10 ਜੂਨ 2016 ਨੂੰ ਪ੍ਰਕਾਸ਼ਿਤ ਇਕ ਰਿਪੋਰਟ ਮਿਲੀ , ਪ੍ਰਕਾਸ਼ਿਤ ਰਿਪੋਰਟ ਵਿੱਚ ਅੰਗਰੇਜ਼ੀ ਸਿਰਲੇਖ”Congress MLA apologises to Sewa Dal chief for slap before Captain’s dharna” ਜਿਸਦਾ ਪੰਜਾਬੀ ਅਨੁਵਾਦ ਹੈ ਸੁਖਜਿੰਦਰ ਰੰਧਾਵਾ ਨੇ ਸਮਰਥਕ ਤੋਂ ਮੁਆਫੀ ਮੰਗ ਲਈ ਹੈ। ਇਹ ਖਬਰ ਤੁਸੀਂ ਇੱਥੇ ਪੜ੍ਹ ਸਕਦੇ ਹੋ।
ਜਾਂਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਕਾਂਗਰਸ ਦੇ ਪੰਜਾਬ ਸਪੋਕਸਪਰਸਨ ਰਾਜਕੁਮਾਰ ਵੇਰਕਾ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਇਹ ਵੀਡੀਓ ਹਾਲੀਆ ਨਹੀਂ ਹੈ। ਇਸ ਵੀਡੀਓ ਦਾ ਨਵਜੋਤ ਸਿੰਘ ਸਿੱਧੂ ਦੀ ਤਾਜ਼ਪੋਸ਼ੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਉਨ੍ਹਾਂ ਦੇ ਨਜ਼ਰਾਂ ਵਿੱਚ ਵੀ ਇਹ ਵੀਡੀਓ ਆਈ ਸੀ, ਵੀਡੀਓ ਨੂੰ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ। ਰਾਜਕੁਮਾਰ ਵੇਰਕਾ ਨੇ ਦੱਸਿਆ ਕਿ ਵੀਡੀਓ ਨਾਲ ਜੁੜੀ ਘਟਨਾ 5 ਸਾਲ ਪੁਰਾਣੀ ਹੈ ਜਦੋਂ ਸੁਖਜਿੰਦਰ ਸਿੰਘ ਰੰਧਾਵਾ ਨੇ ਇੱਕ ਸਮਰਥਕ ਨੂੰ ਥੱਪੜ ਮਾਰਿਆ ਸੀ।
ਮਾਮਲੇ ਵਿੱਚ ਹੋਰ ਪੁਸ਼ਟੀ ਲਈ ਅਸੀਂ ਇਸ ਵੀਡੀਓ ਨੂੰ ਸਾਡੇ ਸਹਿਯੋਗੀ ਦੈਨਿਕ ਜਾਗਰਣ ਦੇ ਰਿਪੋਰਟਰ ਕਮਲੇਸ਼ ਭੱਟ ਨਾਲ ਸ਼ੇਅਰ ਕੀਤਾ ਅਤੇ ਕਮਲੇਸ਼ ਭੱਟ ਨੇ ਸਾਨੂੰ ਦੱਸਿਆ ਕਿ ਇਹ ਵੀਡੀਓ ਪੂਰੀ ਤਰ੍ਹਾਂ ਗ਼ਲਤ ਹੈ। ਉਨ੍ਹਾਂ ਨੇ ਕਿਹਾ ਕਿ ਨਵਜੋਤ ਸਿੰਘ ਸਿੰਧੂ ਦੀ ਤਾਜ਼ਪੋਸ਼ੀ ਦੌਰਾਨ ਅਜਿਹੀ ਕੋਈ ਘਟਨਾ ਨਹੀਂ ਵਾਪਰੀ ਸੀ ਅਤੇ ਵੀਡੀਓ ਵਿੱਚ ਦਿੱਖ ਰਹੀ ਥਾਂ ਵੀ ਪੰਜਾਬ ਕਾਂਗਰਸ ਭਵਨ ਦੀ ਨਹੀਂ ਹੈ।
ਜਾਂਚ ਦੇ ਅੰਤਿਮ ਪੜਾਵ ਵਿੱਚ ਅਸੀਂ ਵਾਇਰਲ ਵੀਡੀਓ ਨੂੰ ਸ਼ੇਅਰ ਕਰਨ ਵਾਲੇ ਪੇਜ “ਅਸੀਂ ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ ਭਗਵੰਤ ਮਾਨ Manjeet Varnala ” ਦੀ ਸੋਸ਼ਲ ਸਕੈਨਿੰਗ ਕੀਤੀ। ਸਕੈਨਿੰਗ ਤੋਂ ਪਤਾ ਲੱਗਿਆ ਕਿ ਇਸ ਪੇਜ ਨੂੰ 28,701 ਲੋਕ ਫੋਲੋ ਕਰਦੇ ਹਨ ਅਤੇ ਇਸ ਪੇਜ਼ ਨੂੰ ਮਾਰਚ 17,2020 ਵਿੱਚ ਬਣਾਇਆ ਗਿਆ ਸੀ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਤੋਂ ਸਪਸ਼ਟ ਹੋਇਆ ਕਿ ਵਾਇਰਲ ਹੋ ਰਿਹਾ ਵੀਡੀਓ ਗੁੰਮਰਾਹਕੁੰਨ ਹੈ। ਵਾਇਰਲ ਵੀਡੀਓ ਹਾਲੀਆ ਨਹੀਂ ਸਗੋਂ ਪੰਜ ਸਾਲ ਪੁਰਾਣਾ ਹੈ ਜਦੋਂ ਇੱਕ ਪ੍ਰੋਗਰਾਮ ਦੌਰਾਨ ਕਾਂਗਰਸ ਆਗੂ ਸੁਖਜਿੰਦਰ ਰੰਧਾਵਾ ਨੇ ਇੱਕ ਸਮਰਥਕ ਨੂੰ ਥੱਪੜ ਜੜਿਆ ਸੀ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।