ਵਿਸ਼ਵਾਸ ਨਿਊਜ ਨੇ ਜਾਂਚ ਵਿੱਚ ਪਾਇਆ ਕਿ ਰੋਜ਼ਾਨਾ ਸਪੋਕਸਮੈਨ ਦੇ ਹਵਾਲੇ ਤੋਂ ਵਾਇਰਲ ਪੋਸਟ ਐਡੀਟੇਡ ਹੈ। ਵਿਰਸਾ ਸਿੰਘ ਵਲਟੋਹਾ ਦੀ ਮੌਤ ਨੂੰ ਲੈ ਕੇ ਵਾਇਰਲ ਕੀਤਾ ਜਾ ਰਿਹਾ ਦਾਅਵਾ ਫਰਜੀ ਹੈ। ਵਿਰਸਾ ਸਿੰਘ ਵਲਟੋਹਾ ਸਹੀ ਸਲਾਮਤ ਹਨ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸ਼੍ਰੋਮਣੀ ਅਕਾਲੀ ਦਲ ਦੇ ਖਡੂਰ ਸਾਹਿਬ ਤੋਂ ਉਮੀਦਵਾਰ ਵਿਰਸਾ ਸਿੰਘ ਵਲਟੋਹਾ ਨਾਲ ਜੁੜੀ ਇੱਕ ਪੋਸਟ ਸੋਸ਼ਲ ਮੀਡਿਆ ‘ਤੇ ਵਾਇਰਲ ਹੋ ਰਹੀ ਹੈ। ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਵਿਰਸਾ ਸਿੰਘ ਵਲਟੋਹਾ ਦੀ ਸੜਕ ਹਾਦਸੇ ਵਿੱਚ ਮੌਤ ਹੋ ਚੁੱਕੀ ਹੈ। ਪੋਸਟ ‘ਚ ਰੋਜ਼ਾਨਾ ਸਪੋਕਸਮੈਨ ਦਾ ਲੋਗੋ ਲੱਗਿਆ ਹੋਇਆ ਹੈ।
ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਗਲਤ ਸਾਬਿਤ ਹੋਇਆ। ਵਿਰਸਾ ਸਿੰਘ ਵਲਟੋਹਾ ਦੇ ਨਿਧਨ ਦਾ ਦਾਅਵਾ ਫ਼ਰਜ਼ੀ ਹੈ। ਰੋਜ਼ਾਨਾ ਸਪੋਕਸਮੈਨ ਦੇ ਹਵਾਲੇ ਤੋਂ ਵਾਇਰਲ ਕੀਤੀ ਜਾ ਰਹੀ ਪੋਸਟ ਐਡੀਟੇਡ ਹੈ। ਲੋਕ ਗਲਤ ਪੋਸਟ ਸਾਂਝਾ ਕਰ ਅਫਵਾਹ ਫੈਲਾ ਰਹੇ ਹਨ।
ਫੇਸਬੁੱਕ ਯੂਜ਼ਰ “ਲਖਵਿੰਦਰ ਸਿੰਘ ਲੱਖੀ” ਨੇ (ਆਰਕਾਇਵ ਲਿੰਕ) 28 ਅਪ੍ਰੈਲ ਨੂੰ ਇਹ ਪੋਸਟ ਸ਼ੇਅਰ ਕੀਤੀ ਹੈ ਅਤੇ ਲਿਖਿਆ ਹੈ, “ਅਕਾਲੀ ਦਲ ਨੂੰ ਨਾ ਪੂਰਾ ਹੋਣ ਵਾਲਾ ਘਾਟਾ।”
ਪੋਸਟ ਦੇ ਉੱਤੇ ਲਿਖਿਆ ਹੋਇਆ ਹੈ: ਅਕਾਲੀ ਦਲ ਦੇ ਵੱਡੇ ਲੀਡਰ ਨਾਲ ਵਾਪਰਿਆ ਹਾਦਸਾ। ਟਰੱਕ ਨਾਲ ਕਾਰ ਦੀ ਸਾਹਮਣੀ ਤਕੱਰ ਚ ਹੋਈ ਮੌਕੇ ਤੇ ਮੌਤ। ਜਲੰਧਰ ਤੋਂ ਵਾਪਿਸ ਆਉਂਦੀਆਂ ਵਾਪਰਿਆ ਹਾਦਸਾ ਕੱਲ ਹੀ ਖਡੂਰ ਸਾਹਿਬ ਤੋਂ MP ਉਮੀਦਵਾਰ ਹੋਣ ਦਾ ਹੋਇਆ ਸੀ ਐਲਾਨ।
ਵਾਇਰਲ ਦਾਅਵੇ ਦੀ ਸੱਚਾਈ ਜਾਨਣ ਲਈ ਅਸੀਂ ਸਭ ਤੋਂ ਪਹਿਲਾ ਸੰਬੰਧਿਤ ਕੀਵਰਡ ਨਾਲ ਸਰਚ ਕੀਤਾ। ਸਾਨੂੰ ਦਾਅਵੇ ਦੀ ਪੁਸ਼ਟੀ ਕਰਦੀ ਕੋਈ ਵੀ ਭਰੋਸੇਯੋਗ ਮੀਡਿਆ ਰਿਪੋਰਟ ਨਹੀਂ ਮਿਲੀ।
ਜਾਂਚ ਵਿੱਚ ਅੱਗੇ ਅਸੀਂ ਵਿਰਸਾ ਸਿੰਘ ਵਲਟੋਹਾ ਦੇ ਸੋਸ਼ਲ ਮੀਡਿਆ ਹੈਂਡਲ ਨੂੰ ਸਰਚ ਕੀਤਾ। ਸਾਨੂੰ ਵਾਇਰਲ ਦਾਅਵੇ ਦਾ ਖੰਡਨ ਕਰਦੀ ਪੋਸਟ ਮਿਲੀ। 28 ਅਪ੍ਰੈਲ 2024 ਨੂੰ ਆਪਣੇ ਵੇਰੀਫਾਈਡ ਫੇਸਬੁੱਕ ਅਕਾਊਂਟ ਤੋਂ ਪੋਸਟ ਨੂੰ ਸਾਂਝਾ ਕਰਦੇ ਹੋਏ ਵਿਰਸਾ ਸਿੰਘ ਵਲਟੋਹਾ ਨੇ ਲਿਖਿਆ ਹੈ ਕਿ,“ਤੱਤਿਆਂ ਪਾਣੀ ਨਾਲ ਘਰ ਨਹੀਂ ਸੜਦੇ ਹੁੰਦੇ…….
ਅਜਿਹੀ ਮਾੜੀ ਹਰਕਤ ਓਹੀ ਕਰ ਸਕਦਾ ਆ ਜਿਸਦੀ ਗੰਦੀ ਤੇ ਘਟੀਆ ਸੋਚ ਹੋਵੇ……….
ਯਾਰ ! ਚੋਣਾਂ ਲੜੋ। ਮੌਹਰਿਓ ਚੀਕਾਂ ਕਿਉਂ ਮਾਰੀ ਜਾਂਦੇ ਹੋ…… ????”
ਅਸੀਂ ਰੋਜ਼ਾਨਾ ਸਪੋਕਸਮੈਨ ਦੇ ਸੋਸ਼ਲ ਮੀਡਿਆ ਹੈਂਡਲ ਨੂੰ ਵੀ ਚੈੱਕ ਕੀਤਾ। ਸਾਨੂੰ 28 ਅਪ੍ਰੈਲ 2024 ਨੂੰ ਵਾਇਰਲ ਦਾਅਵੇ ਦਾ ਖੰਡਨ ਕਰਦੀ ਪੋਸਟ ਮਿਲੀ। ਪੋਸਟ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਗਿਆ ਹੈ,”ਸਾਵਧਾਨ! ਰੋਜ਼ਾਨਾ ਸਪੋਕਸਮੈਨ ਦੇ ਨਾਂ ’ਤੇ ਫੈਲਾਈ ਜਾ ਰਹੀ ਹੈ ਫ਼ਰਜ਼ੀ ਪੋਸਟ”
ਵਾਇਰਲ ਪੋਸਟ ਨੂੰ ਲੈ ਕੇ ਅਸੀਂ ਰੋਜ਼ਾਨਾ ਸਪੋਕਸਮੈਨ ਦੇ ਫਲੋਰ ਹੈਡ ਸਤਨਾਮ ਸਿੰਘ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਵਾਇਰਲ ਪੋਸਟ ਨੂੰ ਫ਼ਰਜ਼ੀ ਦੱਸਿਆ ਹੈ। ਉਨ੍ਹਾਂ ਨੇ ਦੱਸਿਆ ਕਿ ਲੋਕ ਰੋਜ਼ਾਨਾ ਸਪੋਕਸਮੈਨ ਦੀ ਪੋਸਟ ਨੂੰ ਐਡਿਟ ਕਰ ਗਲਤ ਦਾਅਵੇ ਨਾਲ ਸਾਂਝਾ ਕਰ ਰਹੇ ਹਨ।
ਅੰਤ ਵਿੱਚ ਅਸੀਂ ਫ਼ਰਜ਼ੀ ਪੋਸਟ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ‘ਲਖਵਿੰਦਰ ਸਿੰਘ ਲੱਖੀ’ ਦੀ ਜਾਂਚ ਕੀਤੀ । ਜਾਂਚ ਵਿੱਚ ਪਤਾ ਲੱਗਿਆ ਕਿ ਯੂਜ਼ਰ ਨੂੰ ਫੇਸਬੁੱਕ ‘ਤੇ 11 ਹਜ਼ਾਰ ਲੋਕ ਫੋਲੋ ਕਰਦੇ ਹਨ।
ਨਤੀਜਾ: ਵਿਸ਼ਵਾਸ ਨਿਊਜ ਨੇ ਜਾਂਚ ਵਿੱਚ ਪਾਇਆ ਕਿ ਰੋਜ਼ਾਨਾ ਸਪੋਕਸਮੈਨ ਦੇ ਹਵਾਲੇ ਤੋਂ ਵਾਇਰਲ ਪੋਸਟ ਐਡੀਟੇਡ ਹੈ। ਵਿਰਸਾ ਸਿੰਘ ਵਲਟੋਹਾ ਦੀ ਮੌਤ ਨੂੰ ਲੈ ਕੇ ਵਾਇਰਲ ਕੀਤਾ ਜਾ ਰਿਹਾ ਦਾਅਵਾ ਫਰਜੀ ਹੈ। ਵਿਰਸਾ ਸਿੰਘ ਵਲਟੋਹਾ ਸਹੀ ਸਲਾਮਤ ਹਨ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।