ਵਿਸ਼ਵਾਸ ਟੀਮ ਨੇ ਜਦੋਂ ਵੀਡੀਓ ਦੀ ਪੜਤਾਲ ਕੀਤੀ ਤਾਂ ਪਾਇਆ ਕਿ ਇਹ ਵੀਡੀਓ ਹਾਲੀਆ ਨਹੀਂ ਬਲਕਿ ਪੁਰਾਣਾ ਹੈ। ਇਸ ਵੀਡੀਓ ਨੂੰ ਭੜਕਾਉਣ ਖਾਤਰ ਮੁੜ ਤੋਂ ਵਾਇਰਲ ਕੀਤਾ ਜਾ ਰਿਹਾ ਹੈ।
ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਧਾਰਮਿਕ ਮੱਤਭੇਦਾਂ ਨੂੰ ਲੈ ਕੇ ਕਈ ਦਾਅਵੇ ਵਾਇਰਲ ਹੁੰਦੇ ਰਹਿੰਦੇ ਹਨ। ਇੱਕ ਅਜਿਹਾ ਹੀ ਪੁਰਾਣਾ ਵੀਡੀਓ ਫਰਜੀ ਦਾਅਵੇ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ ਵਿਚ ਕੁਝ ਲੋਕ ਇੱਕ ਸਿੱਖ ਨਾਲ ਕੁੱਟਮਾਰ ਕਰਦੇ ਨਜ਼ਰ ਆ ਰਹੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਮਾਨਸਾ ਵਿਚ ਇੱਕ ਨਾਲ ਕੁੱਟਮਾਰ ਕੀਤੀ ਗਈ ਅਤੇ ਕੁੱਟਮਾਰ ਕਰਨ ਵਾਲੇ ਲੋਕ RSS ਨਾਲ ਸਬੰਧਿਤ ਹਨ।
ਵਿਸ਼ਵਾਸ ਟੀਮ ਨੇ ਜਦੋਂ ਵੀਡੀਓ ਦੀ ਪੜਤਾਲ ਕੀਤੀ ਤਾਂ ਪਾਇਆ ਕਿ ਇਹ ਵੀਡੀਓ ਹਾਲੀਆ ਨਹੀਂ ਬਲਕਿ ਪੁਰਾਣਾ ਹੈ। ਇਸ ਵੀਡੀਓ ਨੂੰ ਭੜਕਾਉਣ ਖਾਤਰ ਮੁੜ ਤੋਂ ਵਾਇਰਲ ਕੀਤਾ ਜਾ ਰਿਹਾ ਹੈ।
ਫੇਸਬੁੱਕ ਯੂਜ਼ਰ ‘ਖਾਲਸਾ ਬਣੋਂ’ ਨੇ ਇੱਕ ਵਾਚ ਪਾਰਟੀ ਕਰਦੇ ਹੋਏ ਵੀਡੀਓ ਨੂੰ ਸ਼ੇਅਰ ਕੀਤਾ ਜਿਸਦੇ ਵਿਚ ਕੁਝ ਲੋਕ ਇੱਕ ਸਿੱਖ ਨਾਲ ਕੁੱਟਮਾਰ ਕਰ ਰਹੇ ਹਨ। ਵੀਡੀਓ ਨਾਲ ਡਿਸਕ੍ਰਿਪਸ਼ਨ ਲਿਖਿਆ: “Rss ਨੇ ਕੀਤੀ ਸਿੱਖ ਦੀ ਮਾਰ ਕੁੱਟ।..ਕੋਈ ਮਾਨਸੇ to ਹੈ ਇਥੇ”
ਵਾਇਰਲ ਪੋਸਟ ਦਾ ਆਰਕਾਇਵਡ ਲਿੰਕ।
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਬਤੋਂ ਪਹਿਲਾਂ ਵਾਇਰਲ ਵੀਡੀਓ ਨੂੰ ਧਿਆਨ ਨਾਲ ਵੇਖਿਆ। ਵੀਡੀਓ ਵਿਚ ਇਹ ਘਟਨਾ ਮਾਨਸਾ ਦੇ ਰੇਲਵੇ ਸਟੇਸ਼ਨ ਦੇ ਨਜ਼ਦੀਕ ਦੀ ਦੱਸੀ ਜਾ ਰਹੀ ਹੈ ਅਤੇ ਵੀਡੀਓ ਵਿਚ ਜਿਹੜੇ ਵਿਅਕਤੀ ਨੂੰ ਕੁੱਟਿਆ ਗਿਆ ਹੈ ਉਹ ਵੀ ਇਸ ਮਾਮਲੇ ਬਾਰੇ ਜਾਣਕਾਰੀ ਦੇ ਰਿਹਾ ਹੈ। ਵੀਡੀਓ ਵਿਚ ਵਿਅਕਤੀ ਦੱਸ ਰਿਹਾ ਹੈ ਕਿ ਜਿਨ੍ਹਾਂ ਨੇ ਉਸਨੂੰ ਕੁੱਟਿਆ ਹੈ ਉਹ RSS ਨਾਲ ਜੁੜੇ ਹੋਏ ਹਨ। ਵੀਡੀਓ ਵਿਚ ਉਹ ਦੱਸ ਰਿਹਾ ਹੈ ਕਿ ਟੈਕਸੀ ਗੱਡੀ ਨੂੰ ਖੜਾ ਕਰਨ ਕਰਕੇ ਲੜਾਈ ਦੀ ਸ਼ੁਰੂਆਤ ਹੋਈ ਸੀ ਅਤੇ ਓਥੇ ਨਜ਼ਦੀਕ ਪੈਂਦੇ ਮੰਦਿਰ ਚੋਂ ਲੋਕਾਂ ਨੇ ਆਕੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।
ਹੁਣ ਅਸੀਂ ਕੀਵਰਡ ਸਰਚ ਨਾਲ ਇਸ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਸਾਨੂੰ ਇਸ ਮਾਮਲੇ ਨੂੰ ਲੈ ਕੇ ਕਈ ਖਬਰਾਂ ਮਿਲੀਆਂ। PTC ਪੰਜਾਬੀ ਦੀ ਇਸ ਮਾਮਲੇ ਨੂੰ ਲੈ ਕੇ 24 ਫਰਵਰੀ 2020 ਨੂੰ ਛਪੀ ਖਬਰ ਦੀ ਹੇਡਲਾਈਨ ਸੀ: ਮਾਨਸਾ ਵਿਖੇ ਕੁੱਝ ਲੋਕਾਂ ਵੱਲੋਂ ਗ੍ਰੰਥੀ ਸਿੰਘ ਦੀ ਕੁੱਟਮਾਰ, ਉਤਾਰੀ ਦਸਤਾਰ, ਕੇਸਾਂ ਦੀ ਕੀਤੀ ਬੇਅਦਬੀ
ਇਸ ਖਬਰ ਅਨੁਸਾਰ: ਮਾਨਸਾ ਦੇ ਗੁਰਦੁਆਰਾ ਨਿਹੰਗ ਸਿੰਘ ਛਾਉਣੀ ਵਿਖੇ ਕੁੱਝ ਲੋਕਾਂ ਵੱਲੋਂ ਗ੍ਰੰਥੀ ਸਿੰਘ ਦੀ ਕੁੱਟਮਾਰ ਕਰਨ, ਉਸ ਦੀ ਦਸਤਾਰ ਉਤਾਰਨ ਅਤੇ ਕੇਸਾਂ ਦੀ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖ਼ਤ ਨੋਟਿਸ ਲਿਆ ਹੈ। ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਨਾਲ ਦੁਰਵਿਹਾਰ ਕਰਨਾ ਅਤੇ ਧਾਰਮਿਕ ਕਕਾਰਾਂ ਦੀ ਬੇਅਦਬੀ ਕਰਨੀ ਮੰਦਭਾਗੀ ਗੱਲ ਹੈ। ਇਸ ਦੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਪੰਜਾਬ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਕੋਲੋਂ ਕੁੱਟਮਾਰ ਕਰਨ ਵਾਲੇ ਲੋਕਾਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਇਸ ਖਬਰ ਵਿਚ ਵਾਇਰਲ ਵੀਡੀਓ ਦੇ ਕੀਫ਼੍ਰੇਮਸ ਸੀ ਜਿਸਦੇ ਨਾਲ ਸਾਫ ਹੋ ਗਿਆ ਕਿ ਵੀਡੀਓ ਪੁਰਾਣਾ ਹੈ ਹਾਲੀਆ ਨਹੀਂ। ਹੁਣ ਅਸੀਂ ਇਸ ਮਾਮਲੇ ਨੂੰ ਲੈ ਕੇ ਸਿੱਧਾ ਕਰਮ ਸਿੰਘ ਨਾਲ ਗੱਲ ਕੀਤੀ ਜਿਨ੍ਹਾਂ ਨਾਲ ਇਹ ਮਾੜਾ ਭਾਣਾ ਵਾਪਰਿਆ ਸੀ। ਕਰਮ ਸਿੰਘ ਨੇ ਸਾਨੂੰ ਦੱਸਿਆ, “ਇਸ ਮਾਮਲੇ ਨੂੰ ਲੈ ਕੇ ਕੋਰਟ ਵਿਚ ਕੇਸ ਚਲ ਰਿਹਾ ਹੈ ਅਤੇ ਮੈਂਨੂੰ ਉਮੀਦ ਹੈ ਕਿ ਜਿੱਤ ਸਚਾਈ ਦੀ ਹੀ ਹੋਵੇਗੀ। ਮੈਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਵੀਡੀਓ ਨੂੰ ਲੈ ਕੇ ਇਹ ਹੀ ਕਹਿਣਾ ਚਾਹੁੰਦਾ ਹਾਂ ਕਿ ਕਿਰਪਾ ਕਰਕੇ ਇਹ ਭੜਕਾਊ ਚੀਜ਼ਾਂ ਨਾ ਕੀਤੀਆਂ ਜਾਣ, ਅਸੀਂ ਸੱਚ ਦੀ ਲੜਾਈ ਲੜਨੀ ਹੈ।” ਜਦੋਂ ਅਸੀਂ RSS ਦੇ ਸ਼ਾਮਲ ਹੋਣ ਵਾਲੀ ਗੱਲ ਕਰਮ ਸਿੰਘ ਤੋਂ ਪੁੱਛੀ ਤਾਂ ਉਨ੍ਹਾਂ ਨੇ ਕਿਹਾ, “ਮੈਂ ਇਹ ਗੱਲ ਨਹੀਂ ਕਹਿ ਸਕਦਾ ਕਿ ਸਾਰੇ ਹੀ RSS ਦੇ ਲੋਕ ਸਨ, ਪਰ ਕੁਝ ਲੋਕ ਜ਼ਰੂਰ RSS ਨਾਲ ਸਬੰਧ ਰੱਖਦੇ ਹਨ। ਹਾਲ ਫਿਲਹਾਲ ਮਾਹੌਲ ਬਿਲਕੁਲ ਠੀਕ ਹੈ ਕੋਈ ਵੀ ਮਾਮਲਾ ਇਥੇ ਖਰਾਬ ਨਹੀਂ ਹੈ।“
ਅਸੀਂ ਇਸ ਮਾਮਲੇ ਨੂੰ ਲੈ ਕੇ ਸਾਡੇ ਪੰਜਾਬੀ ਜਾਗਰਣ ਦੇ ਮਾਨਸਾ ਜਿਲ੍ਹਾ ਇੰਚਾਰਜ ਕੁਲਜੀਤ ਸਿੰਘ ਸਿੱਧੂ ਨਾਲ ਵੀ ਗੱਲ ਕੀਤੀ। ਕੁਲਜੀਤ ਨੇ ਸਾਨੂੰ ਦੱਸਿਆ, “ਇਹ ਵਾਇਰਲ ਹੋ ਰਿਹਾ ਵੀਡੀਓ ਪੁਰਾਣਾ ਹੈ ਜਦੋਂ ਫਰਵਰੀ ਵਿਚ ਮਾਨਸਾ ਦੇ ਰੇਲਵੇ ਸਟੇਸ਼ਨ ‘ਤੇ ਇੱਕ ਨਿਹੰਗ ਸਿੰਘ ਡਰਾਇਵਰ ਦਾ ਦੂਜੇ ਡਰਾਇਵਰ ਗੱਗੀ ਨਾਲ ਗੱਡੀ ਪਾਰਕ ਕਰਨ ਨੂੰ ਲੈ ਕੇ ਝਗੜਾ ਹੋ ਗਿਆ ਸੀ। ਇੰਨ੍ਹੇ ਵਿੱਚ ਉਪਰੋਕਤ ਦੋਨੇ ਵਿਅਕਤੀ ਗਾਲੀ ਗਲੋਚ ‘ਤੇ ਉਤਰ ਆਏ ਤਾਂ ਜਦੋਂ ਇਹ ਵਿਅਕਤੀ ਹੱਥੋ ਪਾਈ ਹੋਏ ਤਾਂ ਗੱਗੀ ਵੱਲੋਂ ਮੰਦਰ ਦੇ ਪ੍ਰਬੰਧਕਾਂ ਨੂੰ ਵੀ ਆਪਣੇ ਨਾਲ ਰਲਾ ਕੇ ਕਰਮ ਸਿੰਘ ਦੀ ਕੁੱਟਮਾਰ ਕੀਤੀ ਗਈ। ਇਸ ਮਾਮਲੇ ਨੂੰ ਲੈ ਕੇ ਪੁਲਿਸ ਨੇ ਕਰਮ ਸਿੰਘ ਦੇ ਬਿਆਨਾਂ ‘ਤੇ ਕਾਰਵਾਈ ਕਰਦਿਆਂ ਗੱਗੀ ਸਿੰਘ, ਲਾਲੀ ਪ੍ਰਧਾਨ, ਭਾਟੀਆ, ਗਿਆਨ, ਕਾਲਾ, ਗੁਰਪ੍ਰੀਤ, ਸੁਰੇਸ਼ ਅਤੇ ਨਿੰਬੂ ‘ਤੇ ਮਾਮਲਾ ਦਰਜ ਕਰ ਕੇ ਗ੍ਰਿਫਤਾਰ ਕਰ ਲਿਆ ਸੀ ਅਤੇ ਬਠਿੰਡਾ ਰੇਲਵੇ ਚੌਂਕੀ ਵਿਖੇ ਭੇਜ ਦਿੱਤਾ ਗਿਆ ਸੀ।”
ਇਸ ਮਾਮਲੇ ਵਿਚ ਦਰਜ ਹੋਈ FIR ਦੀਆਂ ਕਾਪੀਆਂ ਨੂੰ ਹੇਠਾਂ ਵੇਖਿਆ ਜਾ ਸਕਦਾ ਹੈ:
ਇਸ ਵੀਡੀਓ ਨੂੰ ਖਾਲਸਾ ਬਣੋਂ ਨਾ ਦੇ ਫੇਸਬੁੱਕ ਯੂਜ਼ਰ ਨੇ ਸ਼ੇਅਰ ਕੀਤਾ ਹੈ। ਇਸ ਯੂਜ਼ਰ ਦੀ ਸੋਸ਼ਲ ਸਕੈਨਿੰਗ ਕਰਨ ‘ਤੇ ਅਸੀਂ ਪਾਇਆ ਕਿ ਇਹ ਪੰਜਾਬ ਨਾਲ ਜੁੜੇ ਪੋਸਟ ਵੱਧ ਸ਼ੇਅਰ ਕਰਦਾ ਹੈ।
ਨਤੀਜਾ: ਵਿਸ਼ਵਾਸ ਟੀਮ ਨੇ ਜਦੋਂ ਵੀਡੀਓ ਦੀ ਪੜਤਾਲ ਕੀਤੀ ਤਾਂ ਪਾਇਆ ਕਿ ਇਹ ਵੀਡੀਓ ਹਾਲੀਆ ਨਹੀਂ ਬਲਕਿ ਪੁਰਾਣਾ ਹੈ। ਇਸ ਵੀਡੀਓ ਨੂੰ ਭੜਕਾਉਣ ਖਾਤਰ ਮੁੜ ਤੋਂ ਵਾਇਰਲ ਕੀਤਾ ਜਾ ਰਿਹਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।